Skip to content
BibleKenya

Biblica® Open Punjabi Contemporary Version 2025

1 ਸ਼ਮੂਏਲ 23

ਦਾਵੀਦ ਨੇ ਕਲਾਹ ਨਗਰ ਨੂੰ ਬਚਾਇਆ

ਜਦੋਂ ਦਾਵੀਦ ਨੂੰ ਕਿਹਾ ਗਿਆ, “ਵੇਖੋ, ਫ਼ਲਿਸਤੀ ਕੇਲਾਹ ਦੇ ਵਿਰੁੱਧ ਲੜ ਰਹੇ ਹਨ ਅਤੇ ਫ਼ਸਲਾਂ ਨੂੰ ਲੁੱਟਦੇ ਹਨ।” ਤਦ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, “ਕੀ ਮੈਂ ਜਾ ਕੇ ਇਨ੍ਹਾਂ ਫ਼ਲਿਸਤੀਆਂ ਉੱਤੇ ਹਮਲਾ ਕਰਾਂ?”

ਯਾਹਵੇਹ ਨੇ ਉਸਨੂੰ ਉੱਤਰ ਦਿੱਤਾ, “ਜਾ, ਫ਼ਲਿਸਤੀਆਂ ਉੱਤੇ ਹਮਲਾ ਕਰ ਅਤੇ ਕੇਲਾਹ ਨਗਰ ਨੂੰ ਬਚਾ।”

ਪਰ ਦਾਵੀਦ ਦੇ ਲੋਕਾਂ ਨੇ ਉਸ ਨੂੰ ਆਖਿਆ, “ਅਸੀਂ ਇੱਥੇ ਯਹੂਦਾਹ ਦੇ ਵਿੱਚ ਡਰ ਦੇ ਮਾਰੇ ਰਹਿ ਰਹੇ ਹਾਂ। ਫਿਰ ਜੇ ਅਸੀਂ ਜਾ ਕੇ ਕੇਲਾਹ ਵਿੱਚ ਫ਼ਲਿਸਤੀਆਂ ਦੀ ਫੌਜ ਦਾ ਸਾਹਮਣਾ ਕਰੀਏ ਤਾਂ ਕੀ ਵੱਧ ਡਰ ਦਾ ਸਾਹਮਣਾ ਨਹੀਂ ਕਰਨਗੇ!”

ਇੱਕ ਵਾਰ ਫਿਰ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, ਅਤੇ ਯਾਹਵੇਹ ਨੇ ਉਸਨੂੰ ਉੱਤਰ ਦਿੱਤਾ, “ਕੇਲਾਹ ਨੂੰ ਜਾ, ਕਿਉਂਕਿ ਮੈਂ ਫ਼ਲਿਸਤੀਆਂ ਨੂੰ ਤੇਰੇ ਹੱਥ ਵਿੱਚ ਕਰ ਦੇਵਾਂਗਾ।” ਤਾਂ ਦਾਵੀਦ ਅਤੇ ਉਸ ਦੇ ਆਦਮੀ ਕੇਲਾਹ ਨੂੰ ਗਏ ਅਤੇ ਫ਼ਲਿਸਤੀਆਂ ਨਾਲ ਲੜੇ ਅਤੇ ਉਹਨਾਂ ਦੇ ਪਸ਼ੂਆਂ ਨੂੰ ਲੈ ਆਏ। ਉਸਨੇ ਫ਼ਲਿਸਤੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਕੇਲਾਹ ਦੇ ਲੋਕਾਂ ਨੂੰ ਬਚਾਇਆ। (ਹੁਣ ਅਹੀਮਲੇਕ ਦਾ ਪੁੱਤਰ ਅਬੀਯਾਥਰ ਏਫ਼ੋਦ ਆਪਣੇ ਨਾਲ ਲਿਆਇਆ ਸੀ ਜਦੋਂ ਉਹ ਕੇਲਾਹ ਵਿੱਚ ਭੱਜ ਕੇ ਦਾਵੀਦ ਕੋਲ ਆਇਆ ਸੀ।)

ਸ਼ਾਊਲ ਨੇ ਦਾਵੀਦ ਦਾ ਪਿੱਛਾ ਕੀਤਾ

ਸ਼ਾਊਲ ਨੂੰ ਦੱਸਿਆ ਗਿਆ ਕਿ ਦਾਵੀਦ ਕੇਲਾਹ ਨੂੰ ਗਿਆ ਹੈ ਅਤੇ ਉਸ ਨੇ ਕਿਹਾ, “ਪਰਮੇਸ਼ਵਰ ਨੇ ਉਸਨੂੰ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਹੈ, ਕਿਉਂਕਿ ਉਹ ਅਜਿਹੇ ਸ਼ਹਿਰ ਵਿੱਚ ਹੈ ਜਿਸਦੇ ਬੂਹੇ ਅਤੇ ਚਾਰ ਦੀਵਾਰੀ ਉੱਚੀ ਹੈ ਉਹ ਉਸ ਵਿੱਚ ਦਾਖਲ ਹੋ ਕੇ ਫਸ ਗਿਆ ਹੈ।” ਅਤੇ ਸ਼ਾਊਲ ਨੇ ਆਪਣੀਆਂ ਸਾਰੀਆਂ ਫ਼ੌਜਾਂ ਨੂੰ ਲੜਾਈ ਲਈ ਬੁਲਾਇਆ ਤਾਂ ਜੋ ਉਹ ਦਾਵੀਦ ਅਤੇ ਉਸ ਦੇ ਬੰਦਿਆਂ ਨੂੰ ਘੇਰਨ ਲਈ ਕੇਲਾਹ ਨੂੰ ਜਾਣ।

ਜਦੋਂ ਦਾਵੀਦ ਨੂੰ ਪਤਾ ਲੱਗਾ ਕਿ ਸ਼ਾਊਲ ਉਸ ਦੇ ਵਿਰੁੱਧ ਸਾਜ਼ਿਸ਼ ਬਣਾ ਰਿਹਾ ਹੈ ਤਾਂ ਉਸ ਨੇ ਅਬੀਯਾਥਰ ਜਾਜਕ ਨੂੰ ਕਿਹਾ, “ਏਫ਼ੋਦ ਲਿਆਓ।” ਦਾਵੀਦ ਨੇ ਆਖਿਆ, “ਹੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ਤੇਰੇ ਦਾਸ ਨੇ ਨਿਸ਼ਚਿਤ ਤੌਰ ਤੇ ਸੁਣਿਆ ਹੈ ਕਿ ਸ਼ਾਊਲ ਕੇਲਾਹ ਵਿੱਚ ਆਉਣ ਅਤੇ ਮੇਰੇ ਕਾਰਨ ਨਗਰ ਨੂੰ ਤਬਾਹ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੀ ਕੇਲਾਹ ਦੇ ਵਾਸੀ ਮੈਨੂੰ ਉਹ ਦੇ ਹਵਾਲੇ ਕਰ ਦੇਣਗੇ? ਕੀ ਸ਼ਾਊਲ ਹੇਠਾਂ ਆਵੇਗਾ, ਜਿਵੇਂ ਤੇਰੇ ਸੇਵਕ ਨੇ ਸੁਣਿਆ ਹੈ? ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ, ਆਪਣੇ ਸੇਵਕ ਨੂੰ ਦੱਸ।”

ਅਤੇ ਯਾਹਵੇਹ ਨੇ ਕਿਹਾ, “ਉਹ ਆਵੇਗਾ।”

ਦਾਵੀਦ ਨੇ ਫੇਰ ਪੁੱਛਿਆ, ਕੀ ਕੇਲਾਹ ਦੇ ਵਾਸੀ ਮੈਨੂੰ ਅਤੇ ਮੇਰੇ ਆਦਮੀਆਂ ਨੂੰ ਸ਼ਾਊਲ ਦੇ ਹਵਾਲੇ ਕਰ ਦੇਣਗੇ?

ਅਤੇ ਯਾਹਵੇਹ ਨੇ ਕਿਹਾ, “ਉਹ ਕਰਨਗੇ।”

ਤਾਂ ਦਾਵੀਦ ਅਤੇ ਉਸ ਦੇ ਆਦਮੀਆਂ ਦੀ ਗਿਣਤੀ ਛੇ ਸੌ ਦੇ ਕਰੀਬ ਸਨ, ਕੇਲਾਹ ਛੱਡ ਕੇ ਜਿੱਥੇ ਕਿਤੇ ਉਹਨਾਂ ਰਾਹ ਲੱਭਾ ਉੱਧਰ ਹੀ ਤੁਰ ਪਏ। ਜਦੋਂ ਸ਼ਾਊਲ ਨੂੰ ਦੱਸਿਆ ਗਿਆ ਕਿ ਦਾਵੀਦ ਕੇਲਾਹ ਤੋਂ ਨਿੱਕਲ ਗਿਆ ਹੈ, ਤਾਂ ਉਹ ਉੱਥੇ ਨਹੀਂ ਗਿਆ।

ਦਾਵੀਦ ਜੰਗਲ ਦੇ ਵਿੱਚ ਪੱਕਿਆਂ ਥਾਵਾਂ ਵਿੱਚ ਰਹਿਣ ਲੱਗਾ ਅਤੇ ਪਹਾੜੀ ਦੇਸ ਦੇ ਜ਼ੀਫ਼ ਵਿੱਚ ਜਾ ਟਿਕਿਆਂ। ਦਿਨੋਂ ਦਿਨ ਸ਼ਾਊਲ ਉਸਦੀ ਭਾਲ ਵਿੱਚ ਲੱਗਾ ਰਿਹਾ, ਪਰ ਪਰਮੇਸ਼ਵਰ ਨੇ ਦਾਵੀਦ ਨੂੰ ਉਸ ਦੇ ਹੱਥਾਂ ਵਿੱਚ ਨਾ ਦਿੱਤਾ।

ਜਦੋਂ ਦਾਵੀਦ ਜ਼ੀਫ਼ ਦੇ ਜੰਗਲ ਵਿੱਚ ਹੋਰੇਸ਼ ਵਿੱਚ ਸੀ ਤਾਂ ਉਸਨੂੰ ਪਤਾ ਲੱਗਾ ਕਿ ਸ਼ਾਊਲ ਉਸਦੀ ਜਾਨ ਲੈਣ ਲਈ ਬਾਹਰ ਆਇਆ ਹੈ। ਅਤੇ ਸ਼ਾਊਲ ਦਾ ਪੁੱਤਰ ਯੋਨਾਥਾਨ ਹੋਰੇਸ਼ ਵਿੱਚ ਦਾਵੀਦ ਕੋਲ ਗਿਆ ਅਤੇ ਪਰਮੇਸ਼ਵਰ ਵਿੱਚ ਉਸ ਨੂੰ ਤਸੱਲੀ ਦਿੱਤੀ। ਉਸ ਨੇ ਆਖਿਆ, ਨਾ ਡਰ। “ਮੇਰੇ ਪਿਤਾ ਸ਼ਾਊਲ ਦਾ ਹੱਥ ਤੇਰੇ ਕੋਲ ਨਹੀਂ ਪਹੁੰਚੇਗਾ। ਤੂੰ ਇਸਰਾਏਲ ਦਾ ਰਾਜਾ ਹੋਵੇਂਗਾ ਅਤੇ ਤੇਰੇ ਤੋਂ ਬਾਅਦ ਮੇਰਾ ਦੂਸਰਾ ਦਰਜਾ ਹੋਵੇਗਾ। ਇੱਥੋਂ ਤੱਕ ਕਿ ਮੇਰਾ ਪਿਤਾ ਸ਼ਾਊਲ ਵੀ ਇਹ ਜਾਣਦਾ ਹੈ।” ਉਹਨਾਂ ਦੋਹਾਂ ਨੇ ਯਾਹਵੇਹ ਦੇ ਅੱਗੇ ਇੱਕ ਨੇਮ ਬੰਨ੍ਹਿਆ। ਫਿਰ ਯੋਨਾਥਾਨ ਘਰ ਚਲਾ ਗਿਆ ਪਰ ਦਾਵੀਦ ਹੋਰੇਸ਼ ਦੇ ਜੰਗਲ ਵਿੱਚ ਹੀ ਰਿਹਾ।

ਜ਼ੀਫ਼ੀ ਗਿਬਆਹ ਵਿੱਚ ਸ਼ਾਊਲ ਕੋਲ ਗਏ ਅਤੇ ਬੋਲੇ, “ਕੀ ਦਾਵੀਦ ਯਸ਼ੀਮੋਨ ਦੇ ਦੱਖਣ ਵਿੱਚ ਹਕੀਲਾਹ ਦੀ ਪਹਾੜੀ ਉੱਤੇ ਹੋਰੇਸ਼ ਦੇ ਗੜ੍ਹਾਂ ਵਿੱਚ ਸਾਡੇ ਵਿਚਕਾਰ ਛੁਪਿਆ ਹੋਇਆ ਨਹੀਂ ਹੈ? ਹੁਣ ਮਹਾਰਾਜ, ਜਦੋਂ ਵੀ ਤੁਹਾਨੂੰ ਚੰਗਾ ਲੱਗੇ ਤਾਂ ਹੇਠਾਂ ਆ ਜਾਓ ਅਤੇ ਅਸੀਂ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਣ ਲਈ ਜ਼ਿੰਮੇਵਾਰ ਹੋਵਾਂਗੇ।”

ਸ਼ਾਊਲ ਨੇ ਉੱਤਰ ਦਿੱਤਾ, “ਯਾਹਵੇਹ ਤੁਹਾਨੂੰ ਮੇਰੇ ਲਈ ਚਿੰਤਾ ਕਰਨ ਲਈ ਅਸੀਸ ਦੇਵੇ। ਜਾਓ ਅਤੇ ਹੋਰ ਜਾਣਕਾਰੀ ਪ੍ਰਾਪਤ ਕਰੋ। ਪਤਾ ਕਰੋ ਕਿ ਦਾਵੀਦ ਆਮ ਤੌਰ ਉੱਤੇ ਕਿੱਥੇ ਜਾਂਦਾ ਹੈ ਅਤੇ ਉਸ ਨੂੰ ਉੱਥੇ ਕਿਸ ਨੇ ਦੇਖਿਆ ਹੈ। ਉਹ ਮੈਨੂੰ ਦੱਸਦੇ ਹਨ ਕਿ ਉਹ ਬਹੁਤ ਚਤਰਾਈ ਨਾਲ ਚੱਲਦਾ ਹੈ। ਉਹਨਾਂ ਸਾਰੀਆਂ ਲੁਕਣ ਵਾਲੀਆਂ ਥਾਵਾਂ ਬਾਰੇ ਪਤਾ ਲਗਾਓ ਜੋ ਉਹ ਵਰਤਦਾ ਹੈ ਅਤੇ ਨਿਸ਼ਚਿਤ ਜਾਣਕਾਰੀ ਨਾਲ ਮੇਰੇ ਕੋਲ ਵਾਪਸ ਆਓ। ਫਿਰ ਮੈਂ ਤੁਹਾਡੇ ਨਾਲ ਜਾਵਾਂਗਾ; ਜੇਕਰ ਉਹ ਇਲਾਕੇ ਵਿੱਚ ਹੈ, ਤਾਂ ਮੈਂ ਉਸਨੂੰ ਯਹੂਦਾਹ ਦੇ ਸਾਰੇ ਗੋਤਾਂ ਵਿੱਚ ਲੱਭ ਲਵਾਂਗਾ।”

ਸੋ ਉਹ ਚੱਲੇ ਅਤੇ ਸ਼ਾਊਲ ਦੇ ਅੱਗੇ ਜ਼ੀਫ਼ ਨੂੰ ਗਏ। ਉਸ ਸਮੇਂ ਦਾਵੀਦ ਅਤੇ ਉਸਦੇ ਆਦਮੀ ਯਸ਼ੀਮੋਨ ਦੇ ਦੱਖਣ ਵੱਲ ਅਰਾਬਾਹ ਵਿੱਚ ਮਾਓਨ ਦੇ ਮਾਰੂਥਲ ਵਿੱਚ ਸਨ। ਸ਼ਾਊਲ ਅਤੇ ਉਹ ਦੇ ਬੰਦਿਆਂ ਨੇ ਉਸਨੂੰ ਲੱਭਣਾ ਸ਼ੁਰੂ ਕੀਤਾ ਅਤੇ ਦਾਵੀਦ ਨੂੰ ਇਸ ਦੀ ਖ਼ਬਰ ਹੋਈ ਤਾਂ ਉਹ ਚੱਟਾਨ ਉੱਤੋਂ ਉੱਤਰਿਆ ਅਤੇ ਮਾਓਨ ਦੇ ਉਜਾੜ ਵਿੱਚ ਠਹਿਰਿਆ। ਜਦੋਂ ਸ਼ਾਊਲ ਨੇ ਇਹ ਸੁਣਿਆ, ਤਾਂ ਉਹ ਦਾਵੀਦ ਦਾ ਪਿੱਛਾ ਕਰਨ ਲਈ ਮਾਓਨ ਦੇ ਉਜਾੜ ਵਿੱਚ ਚਲਾ ਗਿਆ।

ਸ਼ਾਊਲ ਪਹਾੜ ਦੇ ਇੱਕ ਪਾਸੇ ਵੱਲ ਜਾ ਰਿਹਾ ਸੀ ਅਤੇ ਦਾਵੀਦ ਅਤੇ ਉਸ ਦੇ ਆਦਮੀ ਦੂਜੇ ਪਾਸੇ ਵੱਲ ਅਤੇ ਦਾਵੀਦ ਨੇ ਸ਼ਾਊਲ ਦੇ ਡਰ ਨਾਲ ਨਿੱਕਲਣ ਵਿੱਚ ਵੱਡੀ ਛੇਤੀ ਕੀਤੀ। ਜਦੋਂ ਸ਼ਾਊਲ ਅਤੇ ਉਸ ਦੀਆਂ ਫ਼ੌਜਾਂ ਦਾਵੀਦ ਅਤੇ ਉਸ ਦੇ ਆਦਮੀਆਂ ਨੂੰ ਫੜਨ ਲਈ ਉਹਨਾਂ ਨੂੰ ਘੇਰ ਲਿਆ ਸੀ, ਇੱਕ ਸੰਦੇਸ਼ਵਾਹਕ ਸ਼ਾਊਲ ਕੋਲ ਆਇਆ ਅਤੇ ਆਖਿਆ, “ਜਲਦੀ ਨਾਲ ਆ ਜਾਓ! ਫ਼ਲਿਸਤੀਆਂ ਨੇ ਦੇਸ਼ ਉੱਤੇ ਹਮਲਾ ਕਰ ਦਿੱਤਾ ਹੈ।” ਤਦ ਸ਼ਾਊਲ ਨੇ ਦਾਵੀਦ ਦਾ ਪਿੱਛਾ ਛੱਡ ਦਿੱਤਾ ਅਤੇ ਫ਼ਲਿਸਤੀਆਂ ਦੇ ਵਿਰੁੱਧ ਹੋ ਤੁਰਿਆ। ਇਸ ਲਈ ਉਹਨਾਂ ਨੇ ਉਸ ਥਾਂ ਦਾ ਨਾਮ “ਰਿਹਾਈ ਦੀ ਚੱਟਾਨ” ਰੱਖਿਆ। ਅਤੇ ਦਾਵੀਦ ਉੱਥੋਂ ਨਿੱਕਲ ਕੇ ਏਨ ਗੇਦੀ ਦੇ ਗੜ੍ਹਾਂ ਵਿੱਚ ਰਹਿਣ ਲੱਗਾ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.