Biblica® Open Punjabi Contemporary Version 2025
1 ਸ਼ਮੂਏਲ 24
ਦਾਵੀਦ ਨੇ ਸ਼ਾਊਲ ਦੀ ਜਾਨ ਬਚਾਈ
ਜਦੋਂ ਸ਼ਾਊਲ ਫ਼ਲਿਸਤੀਆਂ ਦਾ ਪਿੱਛਾ ਕਰਨ ਤੋਂ ਵਾਪਸ ਆਇਆ, ਤਾਂ ਲੋਕਾਂ ਉਸਨੂੰ ਦੱਸਿਆ, “ਦਾਵੀਦ ਏਨ ਗੇਦੀ ਦੇ ਉਜਾੜ ਵਿੱਚ ਹੈ।” ਤਾਂ ਸ਼ਾਊਲ ਨੇ ਸਾਰੇ ਇਸਰਾਏਲ ਵਿੱਚੋਂ ਤਿੰਨ ਹਜ਼ਾਰ ਚੁਣਵੇਂ ਜੁਆਨਾਂ ਨੂੰ ਕੱਢ ਕੇ ਦਾਵੀਦ ਅਤੇ ਉਸ ਦੇ ਬੰਦਿਆਂ ਨੂੰ ਜੰਗਲੀ ਬੱਕਰੀਆਂ ਦੀ ਚਟਾਨਾਂ ਦੇ ਕੋਲ ਲੱਭਣ ਭੇਜਿਆ।
ਉਹ ਰਾਹ ਵਿੱਚ ਭੇਡਾਂ ਦੇ ਵਾੜਿਆਂ ਕੋਲ ਆਇਆ। ਉੱਥੇ ਇੱਕ ਗੁਫ਼ਾ ਸੀ ਅਤੇ ਸ਼ਾਊਲ ਆਪਣੇ ਆਪ ਨੂੰ ਰਾਹਤ ਦੇਣ ਲਈ ਅੰਦਰ ਗਿਆ। ਉਸ ਵੇਲੇ ਦਾਵੀਦ ਆਪਣਿਆਂ ਮਨੁੱਖਾਂ ਸਮੇਤ ਉਸੇ ਗੁਫ਼ਾ ਦੀਆਂ ਨੁੱਕਰਾਂ ਵਿੱਚ ਬੈਠਾ ਹੋਇਆ ਸੀ। ਦਾਵੀਦ ਦੇ ਆਦਮੀਆਂ ਨੇ ਉਸਨੂੰ ਆਖਿਆ, “ਇਹ ਉਹ ਦਿਨ ਹੈ ਜਿਸ ਬਾਰੇ ਯਾਹਵੇਹ ਨੇ ਤੁਹਾਨੂੰ ਕਿਹਾ ਸੀ, ‘ਮੈਂ ਤੇਰੇ ਦੁਸ਼ਮਣ ਨੂੰ ਤੇਰੇ ਹੱਥਾਂ ਵਿੱਚ ਦੇ ਦਿਆਂਗਾ ਤਾਂ ਜੋ ਤੂੰ ਜਿਵੇਂ ਚਾਹੇ ਉਸ ਨਾਲ ਪੇਸ਼ ਆਵੇ।’ ” ਤਦ ਦਾਵੀਦ ਚੁੱਪ-ਚਾਪ ਉੱਠ ਕੇ ਸ਼ਾਊਲ ਦੀ ਚੱਦਰ ਦਾ ਪੱਲਾ ਕੱਟ ਲਿਆਇਆ।
ਇਸ ਦੇ ਪਿੱਛੋਂ ਅਜਿਹਾ ਹੋਇਆ ਜੋ ਦਾਵੀਦ ਬੇਚੈਨ ਹੋ ਗਿਆ ਇਸ ਲਈ ਕਿ ਉਸ ਨੇ ਉਸ ਦੀ ਚੱਦਰ ਦਾ ਪੱਲਾ ਕੱਟਿਆ ਸੀ। ਉਸ ਨੇ ਆਪਣੇ ਆਦਮੀਆਂ ਨੂੰ ਕਿਹਾ, “ਯਾਹਵੇਹ ਨੇ ਮਨ੍ਹਾ ਕੀਤਾ ਹੈ ਕਿ ਮੈਂ ਆਪਣੇ ਮਾਲਕ, ਯਾਹਵੇਹ ਦੇ ਮਸਹ ਕੀਤੇ ਹੋਏ, ਨਾਲ ਅਜਿਹਾ ਕੁਝ ਕਰਾਂ ਜੋ ਉਸ ਦੇ ਵਿਰੁੱਧ ਆਪਣਾ ਹੱਥ ਚਲਾਵਾਂ। ਕਿਉਂਕਿ ਉਹ ਪਰਮੇਸ਼ਵਰ ਦਾ ਮਸਹ ਕੀਤਾ ਹੋਇਆ ਹੈ।” ਇਨ੍ਹਾਂ ਗੱਲਾਂ ਨਾਲ ਦਾਵੀਦ ਨੇ ਆਪਣੇ ਬੰਦਿਆਂ ਨੂੰ ਸਖ਼ਤੀ ਨਾਲ ਝਿੜਕਿਆ ਅਤੇ ਉਹਨਾਂ ਨੂੰ ਸ਼ਾਊਲ ਉੱਤੇ ਹਮਲਾ ਕਰਨ ਦੀ ਆਗਿਆ ਨਾ ਦਿੱਤੀ ਅਤੇ ਸ਼ਾਊਲ ਗੁਫ਼ਾ ਵਿੱਚੋਂ ਨਿੱਕਲ ਕੇ ਆਪਣੇ ਰਾਹ ਤੁਰ ਪਿਆ।
ਤਦ ਦਾਵੀਦ ਨੇ ਗੁਫਾ ਤੋਂ ਬਾਹਰ ਜਾ ਕੇ ਸ਼ਾਊਲ ਨੂੰ ਪੁਕਾਰਿਆ, ਹੇ ਮੇਰੇ ਮਹਾਰਾਜ ਪਾਤਸ਼ਾਹ! ਜਦੋਂ ਸ਼ਾਊਲ ਨੇ ਆਪਣੇ ਪਿੱਛੇ ਦੇਖਿਆ, ਤਾਂ ਦਾਵੀਦ ਨੇ ਮੱਥਾ ਟੇਕਿਆ ਅਤੇ ਆਪਣਾ ਮੂੰਹ ਧਰਤੀ ਉੱਤੇ ਝੁਕਾਇਆ। ਉਸ ਨੇ ਸ਼ਾਊਲ ਨੂੰ ਆਖਿਆ, “ਤੂੰ ਉਹਨਾਂ ਆਦਮੀਆਂ ਦੀਆਂ ਗੱਲਾਂ ਉੱਤੇ ਕਿਉਂ ਮਨ ਲਾਉਂਦਾ ਹੈ, ਜਿਹੜੇ ਆਖਦੇ ਹਨ ‘ਦਾਵੀਦ ਤੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ’? ਅੱਜ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਕਿਵੇਂ ਯਾਹਵੇਹ ਨੇ ਤੈਨੂੰ ਗੁਫਾ ਵਿੱਚ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਸੀ। ਕਈਆਂ ਨੇ ਮੈਨੂੰ ਤੈਨੂੰ ਮਾਰਨ ਲਈ ਕਿਹਾ, ਪਰ ਮੈਂ ਤੈਨੂੰ ਬਚਾਇਆ ਅਤੇ ਮੈਂ ਕਿਹਾ, ‘ਮੈਂ ਆਪਣੇ ਮਾਲਕ ਉੱਤੇ ਹੱਥ ਨਹੀਂ ਚੁੱਕਾਂਗਾ, ਕਿਉਂਕਿ ਉਹ ਯਾਹਵੇਹ ਦਾ ਮਸਹ ਕੀਤਾ ਹੋਇਆ ਹੈ।’ ਹੇ ਮੇਰੇ ਪਿਤਾ, ਵੇਖ ਮੇਰੇ ਹੱਥ ਵਿੱਚ ਤੇਰੇ ਆਪਣੇ ਚੋਲੇ ਦੇ ਇਸ ਟੁਕੜੇ ਨੂੰ ਵੇਖ! ਮੈਂ ਤੇਰੇ ਚੋਲੇ ਦਾ ਕੋਨਾ ਵੱਢ ਦਿੱਤਾ ਪਰ ਤੈਨੂੰ ਮਾਰਿਆ ਨਹੀਂ। ਦੇਖ ਕਿ ਮੇਰੇ ਹੱਥ ਵਿੱਚ ਅਜਿਹਾ ਕੁਝ ਨਹੀਂ ਹੈ ਜੋ ਇਹ ਦਰਸਾਉਂਦਾ ਹੈ ਕਿ ਮੈਂ ਗਲਤ ਕੰਮ ਜਾਂ ਬਗਾਵਤ ਦਾ ਦੋਸ਼ੀ ਹਾਂ। ਮੈਂ ਤੁਹਾਡੇ ਨਾਲ ਕੋਈ ਬੁਰਾ ਨਹੀਂ ਕੀਤਾ, ਪਰ ਤੁਸੀਂ ਮੇਰੀ ਜਾਨ ਲੈਣ ਲਈ ਮੈਨੂੰ ਸ਼ਿਕਾਰ ਬਣਾ ਰਹੇ ਹੋ। ਯਾਹਵੇਹ ਮੇਰੇ ਅਤੇ ਤੇਰੇ ਵਿਚਕਾਰ ਨਿਆਂ ਕਰੇ ਅਤੇ ਯਾਹਵੇਹ ਤੇਰੇ ਕੋਲੋ ਬਦਲਾ ਲਵੇ ਜੋ ਤੂੰ ਮੇਰੇ ਨਾਲ ਕੀਤੇ ਹਨ, ਪਰ ਮੇਰਾ ਹੱਥ ਤੇਰੇ ਵਿਰੁੱਧ ਨਹੀਂ ਚੱਲੇਗਾ। ਜਿਵੇਂ ਪੁਰਾਣੀ ਕਹਾਵਤ ਹੈ, ‘ਬੁਰਿਆਂ ਤੋਂ ਬੁਰਿਆਈ ਹੀ ਹੁੰਦੀ ਹੈ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ।’
“ਇਸਰਾਏਲ ਦਾ ਰਾਜਾ ਕਿਸ ਦੇ ਮਗਰ ਨਿੱਕਲਿਆ ਹੈ? ਕਿਸ ਦਾ ਪਿੱਛਾ ਕਰਨ ਲਈ ਆਇਆ ਹੈ? ਇੱਕ ਮਰੇ ਹੋਏ ਕੁੱਤੇ ਦਾ? ਜਾ ਇੱਕ ਪਿੱਸੂ ਦਾ? ਯਾਹਵੇਹ ਸਾਡਾ ਨਿਆਂਕਾਰ ਹੋਵੇ ਅਤੇ ਸਾਡੇ ਵਿਚਕਾਰ ਫੈਸਲਾ ਕਰੇ। ਉਹ ਮੇਰੇ ਝਗੜੇ ਨੂੰ ਨਬੇੜੇ ਅਤੇ ਇਸ ਨੂੰ ਬਰਕਰਾਰ ਰੱਖੇ; ਕੀ ਉਹ ਮੈਨੂੰ ਤੁਹਾਡੇ ਤੋਂ ਛੁਡਾ ਕੇ ਮੈਨੂੰ ਸਹੀ ਠਹਿਰਾ ਸਕਦਾ ਹੈ।”
ਜਦੋਂ ਦਾਵੀਦ ਨੇ ਇਹ ਗੱਲਾਂ ਆਖ ਦਿੱਤੀਆਂ ਤਾਂ ਸ਼ਾਊਲ ਬੋਲਿਆ, ਹੇ ਮੇਰੇ ਪੁੱਤਰ ਦਾਵੀਦ, ਕੀ ਇਹ ਤੇਰੀ ਆਵਾਜ਼ ਹੈ? ਅਤੇ ਸ਼ਾਊਲ ਉੱਚੀ-ਉੱਚੀ ਰੋਇਆ। ਉਸ ਨੇ ਦਾਵੀਦ ਨੂੰ ਕਿਹਾ, “ਤੂੰ ਮੇਰੇ ਨਾਲੋਂ ਵੱਧ ਧਰਮੀ ਹੈ। ਤੂੰ ਮੇਰੇ ਨਾਲ ਭਲਿਆਈ ਕੀਤੀ ਹੈ, ਪਰ ਮੈਂ ਤੇਰੇ ਨਾਲ ਬੁਰਿਆਈ ਕੀਤੀ। ਤੁਸੀਂ ਹੁਣੇ ਹੀ ਮੈਨੂੰ ਦੱਸਿਆ ਹੈ ਕਿ ਤੂੰ ਮੇਰੇ ਨਾਲ ਭਲਿਆਈ ਕੀਤੀ; ਯਾਹਵੇਹ ਨੇ ਮੈਨੂੰ ਤੇਰੇ ਹੱਥਾਂ ਵਿੱਚ ਕਰ ਦਿੱਤਾ ਸੀ, ਪਰ ਤੂੰ ਮੈਨੂੰ ਨਾ ਮਾਰਿਆ। ਜਦੋਂ ਕੋਈ ਮਨੁੱਖ ਆਪਣੇ ਦੁਸ਼ਮਣ ਨੂੰ ਲੱਭ ਲੈਂਦਾ ਹੈ, ਤਾਂ ਕੀ ਉਹ ਉਸ ਨੂੰ ਬਿਨਾਂ ਕਿਸੇ ਨੁਕਸਾਨ ਦੇ ਵਾਪਸ ਜਾਣ ਦਿੰਦਾ ਹੈ? ਤੂੰ ਅੱਜ ਮੇਰੇ ਨਾਲ ਜਿਸ ਤਰ੍ਹਾਂ ਦੀ ਭਲਿਆਈ ਕੀਤੀ ਹੈ, ਯਾਹਵੇਹ ਤੈਨੂੰ ਚੰਗਾ ਫਲ ਦੇਵੇ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਜ਼ਰੂਰ ਰਾਜਾ ਹੋਵੇਂਗਾ ਅਤੇ ਇਸਰਾਏਲ ਦਾ ਰਾਜ ਤੇਰੇ ਹੱਥਾਂ ਵਿੱਚ ਹੋਵੇਗਾ। ਹੁਣ ਤੂੰ ਮੇਰੇ ਨਾਲ ਯਾਹਵੇਹ ਦੀ ਸਹੁੰ ਖਾ ਕੇ ਇਸ ਤਰ੍ਹਾਂ ਆਖ ਜੋ ਮੇਰੇ ਤੇਰੇ ਪਿੱਛੋਂ ਮੇਰੀ ਸੰਤਾਨ ਦਾ ਨਾਸ਼ ਨਹੀਂ ਕਰਾਂਗਾ ਅਤੇ ਮੇਰੇ ਪਿਤਾ ਦੇ ਪਰਿਵਾਰ ਵਿੱਚੋਂ ਮੇਰੇ ਨਾਮ ਨੂੰ ਨਹੀਂ ਮਿਟਾਵੇਗਾਂ।”
ਸੋ ਦਾਵੀਦ ਨੇ ਸ਼ਾਊਲ ਨਾਲ ਸਹੁੰ ਖਾਧੀ ਅਤੇ ਸ਼ਾਊਲ ਘਰ ਨੂੰ ਚਲਾ ਗਿਆ ਪਰ ਦਾਵੀਦ ਅਤੇ ਉਸਦੇ ਆਦਮੀ ਗੜ੍ਹ ਵਿੱਚ ਜਾ ਬੈਠੇ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.