Biblica® Open Punjabi Contemporary Version 2025
1 ਸ਼ਮੂਏਲ 22
ਦਾਵੀਦ ਅਦੁੱਲਾਮ ਅਤੇ ਮਿਸਫ਼ਾਹ ਵਿੱਚ
ਦਾਵੀਦ ਗਾਥ ਛੱਡ ਕੇ ਅਦੁੱਲਾਮ ਦੀ ਗੁਫ਼ਾ ਵਿੱਚ ਭੱਜ ਗਿਆ। ਜਦੋਂ ਉਸ ਦੇ ਭਰਾਵਾਂ ਅਤੇ ਉਸ ਦੇ ਪਿਤਾ ਦੇ ਘਰ ਵਾਲਿਆਂ ਨੇ ਇਸ ਬਾਰੇ ਸੁਣਿਆ, ਤਾਂ ਉਹ ਹੇਠਾਂ ਉਸ ਕੋਲ ਗਏ। ਉਹ ਸਾਰੇ ਜਿਹੜੇ ਬਿਪਤਾ ਵਿੱਚ ਸਨ ਜਾਂ ਕਰਜ਼ੇ ਵਿੱਚ ਸਨ ਜਾਂ ਮੁਸ਼ਕਿਲ ਵਿੱਚ ਸਨ ਉਹ ਦੇ ਦੁਆਲੇ ਇਕੱਠੇ ਹੋਏ ਅਤੇ ਉਹ ਉਹਨਾਂ ਦਾ ਪ੍ਰਧਾਨ ਬਣ ਗਿਆ। ਤਕਰੀਬਨ ਚਾਰ ਸੌ ਆਦਮੀ ਉਸਦੇ ਨਾਲ ਸਨ।
ਉੱਥੋਂ ਦਾਵੀਦ ਮੋਆਬ ਵਿੱਚ ਮਿਸਫ਼ਾਹ ਨੂੰ ਗਿਆ ਅਤੇ ਮੋਆਬ ਦੇ ਰਾਜੇ ਨੂੰ ਆਖਿਆ, “ਕੀ ਤੁਸੀਂ ਮੇਰੇ ਮਾਤਾ-ਪਿਤਾ ਨੂੰ ਆਗਿਆ ਦਿਉ ਜੋ ਉਹ ਤੇਰੇ ਕੋਲ ਆ ਕੇ ਰਹਿਣ, ਜਦੋਂ ਤੱਕ ਮੈਂ ਇਹ ਨਾ ਜਾਣ ਲਵਾਂ ਕਿ ਪਰਮੇਸ਼ਵਰ ਮੇਰੇ ਲਈ ਕੀ ਕਰੇਗਾ?” ਸੋ ਉਸ ਨੇ ਉਹਨਾਂ ਨੂੰ ਮੋਆਬ ਦੇ ਰਾਜੇ ਕੋਲ ਛੱਡ ਦਿੱਤਾ ਜਦ ਤੱਕ ਦਾਵੀਦ ਗੜ੍ਹ ਵਿੱਚ ਸੀ ਉਹ ਉਸ ਦੇ ਨਾਲ ਰਹੇ।
ਪਰ ਗਾਦ ਨਬੀ ਨੇ ਦਾਵੀਦ ਨੂੰ ਆਖਿਆ, “ਗੜ੍ਹ ਵਿੱਚ ਨਾ ਠਹਿਰ। ਯਹੂਦਾਹ ਦੇ ਦੇਸ਼ ਵਿੱਚ ਜਾਓ।” ਇਸ ਲਈ ਦਾਵੀਦ ਉੱਥੋਂ ਹਾਰਥ ਦੇ ਜੰਗਲ ਵਿੱਚ ਚਲਾ ਗਿਆ।
ਸ਼ਾਊਲ ਨੇ ਨੋਬ ਦੇ ਜਾਜਕਾਂ ਨੂੰ ਮਾਰ ਦਿੱਤਾ
ਹੁਣ ਸ਼ਾਊਲ ਨੇ ਸੁਣਿਆ ਕਿ ਦਾਵੀਦ ਅਤੇ ਉਸਦੇ ਆਦਮੀਆਂ ਦਾ ਪਤਾ ਲੱਗ ਗਿਆ ਹੈ ਅਤੇ ਸ਼ਾਊਲ ਹੱਥ ਵਿੱਚ ਬਰਛੀ, ਗਿਬਆਹ ਦੀ ਪਹਾੜੀ ਉੱਤੇ ਝਾਊ ਦੇ ਰੁੱਖ ਦੇ ਹੇਠਾਂ ਬੈਠਾ ਹੋਇਆ ਸੀ ਅਤੇ ਉਸਦੇ ਸਾਰੇ ਸੇਵਕ ਉਸਦੇ ਕੋਲ ਖੜ੍ਹੇ ਸਨ। ਸ਼ਾਊਲ ਨੇ ਉਹਨਾਂ ਨੂੰ ਆਖਿਆ, “ਸੁਣੋ, ਬਿਨਯਾਮੀਨ ਦੇ ਲੋਕੋ! ਕੀ ਯੱਸੀ ਦਾ ਪੁੱਤਰ ਤੁਹਾਡੇ ਵਿੱਚੋਂ ਹਰੇਕ ਨੂੰ ਖੇਤ ਅਤੇ ਅੰਗੂਰੀ ਬਾਗ ਦੇਵੇਗਾ? ਕੀ ਉਹ ਤੁਹਾਨੂੰ ਸਾਰਿਆਂ ਨੂੰ ਹਜ਼ਾਰਾਂ ਦਾ ਸੈਨਾਪਤੀ ਅਤੇ ਸੈਂਕੜੇ ਦਾ ਸੈਨਾਪਤੀ ਬਣਾਵੇਗਾ? ਜੋ ਤੁਸੀਂ ਸਾਰਿਆਂ ਨੇ ਮੇਰੇ ਵਿਰੋਧੀ ਬਣਨ ਦਾ ਮਨ ਬਣਿਆ ਹੈ? ਅਜਿਹਾ ਹੋਰ ਕੋਈ ਨਹੀਂ ਜੋ ਮੈਨੂੰ ਦੱਸੇ ਕਿ ਮੇਰੇ ਪੁੱਤਰ ਨੇ ਯੱਸੀ ਦੇ ਪੁੱਤਰ ਨਾਲ ਨੇਮ ਕੀਤਾ। ਤੁਹਾਡੇ ਵਿੱਚੋਂ ਕੋਈ ਵੀ ਮੇਰੀ ਚਿੰਤਾ ਨਹੀਂ ਕਰਦਾ ਜਾਂ ਮੈਨੂੰ ਇਹ ਨਹੀਂ ਦੱਸਦਾ ਕਿ ਮੇਰੇ ਪੁੱਤਰ ਨੇ ਮੇਰੇ ਸੇਵਕ ਨੂੰ ਮੇਰੀ ਉਡੀਕ ਕਰਨ ਲਈ ਉਕਸਾਇਆ ਹੈ, ਜਿਵੇਂ ਕਿ ਉਹ ਅੱਜ ਕਰਦਾ ਹੈ।”
ਪਰ ਦੋਏਗ ਅਦੋਮੀ ਨੇ ਜਿਹੜਾ ਸ਼ਾਊਲ ਦੇ ਅਧਿਕਾਰੀਆਂ ਨਾਲ ਖੜ੍ਹਾ ਸੀ ਆਖਿਆ, “ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਅਹੀਟੂਬ ਦੇ ਪੁੱਤਰ ਅਹੀਮਲੇਕ ਕੋਲ ਆਉਂਦਾ ਵੇਖਿਆ। ਅਹੀਮਲੇਕ ਨੇ ਉਸ ਦੇ ਲਈ ਯਾਹਵੇਹ ਤੋਂ ਪੁੱਛਿਆ, ਉਸਨੇ ਉਸਨੂੰ ਭੋਜਨ ਅਤੇ ਗੋਲਿਅਥ ਫ਼ਲਿਸਤੀ ਦੀ ਤਲਵਾਰ ਵੀ ਦਿੱਤੀ।”
ਤਦ ਰਾਜੇ ਨੇ ਅਹੀਟੂਬ ਦੇ ਪੁੱਤਰ ਅਹੀਮਲੇਕ ਜਾਜਕ ਨੂੰ ਅਤੇ ਉਸ ਦੇ ਘਰਾਣੇ ਦੇ ਸਾਰੇ ਮਨੁੱਖਾਂ ਨੂੰ ਜਿਹੜੇ ਨੋਬ ਵਿੱਚ ਜਾਜਕ ਸਨ, ਸੱਦਿਆ ਅਤੇ ਉਹ ਸਾਰੇ ਪਾਤਸ਼ਾਹ ਕੋਲ ਆਏ। ਸ਼ਾਊਲ ਨੇ ਆਖਿਆ, ਅਹੀਟੂਬ ਦੇ ਪੁੱਤਰ ਹੁਣ ਸੁਣ!
ਉਸਨੇ ਜਵਾਬ ਦਿੱਤਾ, “ਹੇ ਮੇਰੇ ਮਾਲਕ ਮੈਂ ਹਾਜ਼ਰ ਹਾਂ।”
ਸ਼ਾਊਲ ਨੇ ਉਹ ਨੂੰ ਆਖਿਆ, “ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਸਾਜਿਸ਼ ਕੀਤੀ, ਤੂੰ ਜੋ ਉਸ ਨੂੰ ਰੋਟੀ ਅਤੇ ਤਲਵਾਰ ਦਿੱਤੀ ਅਤੇ ਯਾਹਵੇਹ ਕੋਲੋਂ ਪੁੱਛਿਆ ਭਈ ਉਹ ਮੇਰੇ ਵਿਰੁੱਧ ਉੱਠੇ ਅਤੇ ਘਾਤ ਲਾ ਕੇ ਬੈਠੇ ਜਿਵੇਂ ਉਹ ਅੱਜ ਕਰਦਾ ਹੈ?”
ਅਹੀਮਲੇਕ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਤੇਰੇ ਸਾਰੇ ਸੇਵਕਾਂ ਵਿੱਚੋਂ ਰਾਜੇ ਦੇ ਜਵਾਈ ਦਾਵੀਦ ਵਰਗਾ ਵਫ਼ਾਦਾਰ ਕੌਣ ਹੈ ਜੋ ਤੇਰੇ ਅੰਗ-ਰੱਖਿਅਕਾਂ ਦਾ ਸਰਦਾਰ ਅਤੇ ਤੇਰੇ ਘਰਾਣੇ ਵਿੱਚ ਬਹੁਤ ਇੱਜ਼ਤ ਵਾਲਾ ਹੈ? ਕੀ ਉਸ ਦਿਨ ਮੈਂ ਪਹਿਲੀ ਵਾਰ ਪਰਮੇਸ਼ਵਰ ਤੋਂ ਉਹ ਦੇ ਲਈ ਪੁੱਛਿਆ? ਬਿਲਕੁੱਲ ਨਹੀਂ! ਰਾਜਾ ਤੁਹਾਡੇ ਸੇਵਕ ਜਾਂ ਆਪਣੇ ਪਿਤਾ ਦੇ ਪਰਿਵਾਰ ਵਿੱਚੋਂ ਕਿਸੇ ਉੱਤੇ ਦੋਸ਼ ਨਾ ਲਾਵੇ ਕਿਉਂਕਿ ਤੁਹਾਡਾ ਸੇਵਕ ਇਸ ਸਾਰੇ ਮਾਮਲੇ ਬਾਰੇ ਕੁਝ ਵੀ ਨਹੀਂ ਜਾਣਦਾ।”
ਪਰ ਪਾਤਸ਼ਾਹ ਨੇ ਆਖਿਆ, “ਅਹੀਮਲੇਕ, ਤੂੰ ਅਤੇ ਤੇਰਾ ਸਾਰਾ ਪਰਿਵਾਰ ਜ਼ਰੂਰ ਮਰ ਜਾਵੇਂਗਾ।”
ਤਦ ਰਾਜੇ ਨੇ ਆਪਣੇ ਪਾਸੇ ਦੇ ਖੜ੍ਹੇ ਸਿਪਾਹੀਆਂ ਨੂੰ ਹੁਕਮ ਦਿੱਤਾ, “ਮੁੜੋ ਅਤੇ ਯਾਹਵੇਹ ਦੇ ਜਾਜਕਾਂ ਨੂੰ ਮਾਰ ਦਿਓ ਕਿਉਂਕਿ ਇਹ ਵੀ ਦਾਵੀਦ ਨਾਲ ਮਿਲੇ ਹੋਏ ਹਨ। ਉਹ ਜਾਣਦੇ ਸਨ ਕਿ ਉਹ ਭੱਜ ਰਿਹਾ ਹੈ, ਪਰ ਉਹਨਾਂ ਨੇ ਮੈਨੂੰ ਨਹੀਂ ਦੱਸਿਆ।”
ਪਰ ਰਾਜੇ ਦੇ ਅਧਿਕਾਰੀ ਯਾਹਵੇਹ ਦੇ ਸੇਵਕਾਂ ਨੂੰ ਮਾਰਨ ਲਈ ਹੱਥ ਚੁੱਕਣ ਲਈ ਵੀ ਤਿਆਰ ਨਹੀਂ ਸਨ।
ਤਦ ਰਾਜੇ ਨੇ ਦੋਏਗ ਨੂੰ ਹੁਕਮ ਦਿੱਤਾ, “ਤੂੰ ਮੁੜ ਕੇ ਜਾਜਕਾਂ ਨੂੰ ਮਾਰ ਸੁੱਟ।” ਇਸ ਲਈ ਅਦੋਮੀ ਦੋਏਗ ਨੇ ਮੁੜ ਕੇ ਉਹਨਾਂ ਨੂੰ ਮਾਰ ਦਿੱਤਾ। ਉਸੇ ਦਿਨ ਉਸ ਨੇ ਕਤਾਨ ਦੇ ਏਫ਼ੋਦ ਪਹਿਨੇ ਹੋਏ ਅੱਸੀ ਆਦਮੀਆਂ ਨੂੰ ਮਾਰ ਦਿੱਤਾ। ਉਸ ਨੇ ਜਾਜਕਾਂ ਦੇ ਸ਼ਹਿਰ ਨੋਬ ਨੂੰ ਵੀ ਤਲਵਾਰ ਨਾਲ ਵੱਢ ਦਿੱਤਾ ਉਸ ਦੇ ਆਦਮੀਆਂ ਅਤੇ ਔਰਤਾਂ, ਬਾਲਕਾਂ ਅਤੇ ਦੁੱਧ ਚੁੰਘਦੇ ਬੱਚਿਆ ਅਤੇ ਬਲਦਾਂ, ਗਧੇ ਅਤੇ ਭੇਡਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ।
ਪਰ ਅਹੀਟੂਬ ਦੇ ਪੁੱਤਰ ਅਹੀਮਲੇਕ ਦਾ ਇੱਕ ਪੁੱਤਰ, ਜਿਸ ਦਾ ਨਾਮ ਅਬੀਯਾਥਰ ਸੀ, ਬਚ ਨਿਕਲਿਆ ਅਤੇ ਦਾਵੀਦ ਦੇ ਨਾਲ ਰਲਣ ਨੂੰ ਭੱਜ ਗਿਆ। ਅਬੀਯਾਥਰ ਨੇ ਦਾਵੀਦ ਨੂੰ ਖ਼ਬਰ ਦਿੱਤੀ ਕਿ ਸ਼ਾਊਲ ਨੇ ਯਾਹਵੇਹ ਦੇ ਜਾਜਕਾਂ ਨੂੰ ਮਾਰ ਦਿੱਤਾ। ਦਾਵੀਦ ਨੇ ਅਬੀਯਾਥਰ ਨੂੰ ਆਖਿਆ, ਮੈਂ ਤਾਂ ਉਸੇ ਦਿਨ ਜਾਣ ਗਿਆ ਸੀ ਜਦ ਅਦੋਮੀ ਦੋਏਗ ਉੱਥੇ ਸੀ ਕਿ ਇਹ ਜ਼ਰੂਰ ਸ਼ਾਊਲ ਨੂੰ ਖ਼ਬਰ ਦੇਵੇਗਾ। ਤੇਰੇ ਸਾਰੇ ਪਰਿਵਾਰ ਦੇ ਮਾਰੇ ਜਾਣ ਦਾ ਕਾਰਨ ਮੈਂ ਹੀ ਹਾਂ। ਸੋ ਤੂੰ ਮੇਰੇ ਨਾਲ ਰਹਿ ਅਤੇ ਡਰ ਨਾ ਜਿਹੜਾ ਤੇਰੀ ਜਾਨ ਨੂੰ ਭਾਲਦਾ ਹੈ ਸੋ ਮੇਰੀ ਨੂੰ ਵੀ ਭਾਲਦਾ ਹੈ ਪਰ ਤੂੰ ਮੇਰੀ ਸੁਰੱਖਿਆ ਵਿੱਚ ਰਹੇਗਾ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.