ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਯਹੋਸ਼ੁ 1
ਯਹੋਸ਼ੁਆ ਨੂੰ ਪਰਮੇਸ਼ੁਰ ਦੀ ਆਗਿਆ
ਯਹੋਵਾਹ ਦੇ ਦਾਸ ਮੂਸਾ ਦੇ ਮਰਨ ਤੋਂ ਬਾਅਦ, ਯਹੋਵਾਹ ਨੇ ਮੂਸਾ ਦੇ ਸੇਵਕ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਖਿਆ, ਮੇਰਾ ਦਾਸ ਮੂਸਾ ਮਰ ਗਿਆ ਹੈ। ਹੁਣ ਤੂੰ ਉੱਠ ਅਤੇ ਇਹਨਾਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਇਸ ਯਰਦਨ ਨਦੀ ਦੇ ਪਾਰ ਲੰਘ, ਉਸ ਦੇਸ ਨੂੰ ਜਾ ਜਿਹੜਾ ਮੈਂ ਉਹਨਾਂ ਨੂੰ ਅਰਥਾਤ ਇਸਰਾਏਲੀਆਂ ਨੂੰ ਦਿੰਦਾ ਹਾਂ। ਹਰੇਕ ਜਗ੍ਹਾ ਜਿੱਥੇ ਤੇਰਾ ਪੈਰ ਰੱਖਿਆ ਜਾਵੇ ਉਹ ਸਭ ਮੈਂ ਤੁਹਾਨੂੰ ਦੇਵਾਂਗਾ ਜਿਵੇਂ ਮੈਂ ਮੂਸਾ ਨਾਲ ਬਚਨ ਕੀਤਾ ਸੀ। ਉਜਾੜ ਅਤੇ ਉਸ ਲਬਾਨੋਨ ਤੋਂ ਲੈ ਕੇ ਵੱਡੀ ਨਦੀ ਤੱਕ ਜੋ ਫ਼ਰਾਤ ਦੀ ਨਦੀ ਹੈ, ਹਿੱਤੀਆਂ ਦਾ ਸਾਰਾ ਦੇਸ, ਸੂਰਜ ਦੇ ਡੁੱਬਣ ਦੇ ਪਾਸੇ ਵੱਡੇ ਸਮੁੰਦਰ ਤੱਕ ਤੁਹਾਡੀ ਹੱਦ ਹੋਵੇਗੀ। ਤੇਰੀ ਸਾਰੀ ਜਿੰਦਗੀ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਹੀਂ ਠਹਿਰ ਸਕੇਗਾ। ਜਿਵੇਂ ਮੈਂ ਮੂਸਾ ਦੇ ਨਾਲ ਰਿਹਾ ਉਸੇ ਤਰ੍ਹਾਂ ਹੀ ਤੇਰੇ ਨਾਲ ਵੀ ਰਹਾਂਗਾ, ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ। ਤਕੜਾ ਹੋ ਅਤੇ ਹੌਂਸਲਾ ਰੱਖ ਕਿਉਂ ਜੋ ਜਿਸ ਦੇਸ ਨੂੰ ਦੇਣ ਦਾ ਵਾਅਦਾ ਮੈਂ ਤੇਰੇ ਪੁਰਖਿਆਂ ਨਾਲ ਕੀਤਾ ਸੀ, ਤੇਰੇ ਕਾਰਨ ਇਹ ਲੋਕ ਉਸ ਦੇਸ ਦੇ ਅਧਿਕਾਰੀ ਹੋਣਗੇ। ਤੂੰ ਤਕੜਾ ਹੋ ਅਤੇ ਵੱਡਾ ਹੌਂਸਲਾ ਰੱਖ, ਮੇਰੇ ਦਾਸ ਮੂਸਾ ਨੇ ਜੋ ਬਿਵਸਥਾ ਤੈਨੂੰ ਦਿੱਤੀ ਸਾਵਧਾਨੀ ਨਾਲ ਉਸ ਦੀ ਪਾਲਣਾ ਕਰ, ਉਸ ਤੋਂ ਸੱਜੇ ਜਾਂ ਖੱਬੇ ਨਾ ਮੁੜੀਂ ਤਾਂ ਜੋ ਜਿੱਥੇ ਤੂੰ ਜਾਵੇਂ ਤੂੰ ਸਫ਼ਲ ਹੋਵੇਂਗਾ। ਇਹ ਬਿਵਸਥਾ ਦੀ ਪੋਥੀ ਤੇਰੇ ਮਨ ਤੋਂ ਕਦੇ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਇਸ ਉੱਤੇ ਧਿਆਨ ਕਰ ਤਾਂ ਜੋ ਉਸ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ, ਤੂੰ ਚੱਲੇਂ ਅਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸਫ਼ਲ ਬਣਾਵੇਂਗਾ, ਅਤੇ ਤੂੰ ਪ੍ਰਭਾਵਸ਼ਾਲੀ ਹੋਵੇਂਗਾ। ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਤਕੜਾ ਹੋ ਅਤੇ ਹੌਂਸਲਾ ਰੱਖ, ਨਾ ਕੰਬ ਅਤੇ ਨਾ ਘਬਰਾ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਅੰਗ-ਸੰਗ ਹੈ।
ਯਹੋਸ਼ੁਆ ਲੋਕਾਂ ਨੂੰ ਹੁਕਮ ਦਿੰਦਾ ਹੈ
ਯਹੋਸ਼ੁਆ ਨੇ ਲੋਕਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ, ਡੇਰਿਆਂ ਦੇ ਵਿੱਚੋਂ ਦੀ ਲੰਘੋ ਅਤੇ ਲੋਕਾਂ ਨੂੰ ਇਹ ਹੁਕਮ ਦਿਓ ਕਿ ਤੁਸੀਂ ਆਪਣੇ ਲਈ ਭੋਜਨ ਤਿਆਰ ਕਰੋ, ਕਿਉਂ ਜੋ ਤਿੰਨ ਦਿਨ ਤੋਂ ਬਾਅਦ ਤੁਸੀਂ ਇਸ ਯਰਦਨ ਦੇ ਪਾਰ ਲੰਘੋਗੇ ਤਾਂ ਜੋ ਉਸ ਦੇਸ ਉੱਤੇ ਕਬਜ਼ਾ ਕਰੋ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅਧਿਕਾਰ ਵਿੱਚ ਕਰਨ ਵਾਲਾ ਹੈ।
ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਯਹੋਸ਼ੁਆ ਨੇ ਆਖਿਆ, ਯਹੋਵਾਹ ਦੇ ਦਾਸ ਮੂਸਾ ਦੀ ਗੱਲ ਯਾਦ ਰੱਖੋ ਜਿਸ ਦਾ ਤੁਹਾਨੂੰ ਹੁਕਮ ਦਿੱਤਾ ਸੀ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਆਰਾਮ ਵੀ ਅਤੇ ਇਹ ਦੇਸ ਵੀ ਦੇਵੇਗਾ। ਤੁਹਾਡੀਆਂ ਔਰਤਾਂ, ਤੁਹਾਡੇ ਬੱਚੇ ਅਤੇ ਤੁਹਾਡੇ ਡੰਗਰ ਇਸ ਧਰਤੀ ਵਿੱਚ ਵੱਸਣਗੇ, ਜਿਹੜੀ ਯਰਦਨ1 ਦੇ ਪਾਰ ਮੂਸਾ ਨੇ ਤੁਹਾਨੂੰ ਦਿੱਤੀ ਹੈ ਪਰ ਤੁਸੀਂ ਸਾਰੇ ਜਿੰਨ੍ਹੇ ਸੂਰਬੀਰ ਹੋ ਸ਼ਸਤਰ ਬੰਨ੍ਹ ਕੇ ਆਪਣਿਆਂ ਭਰਾਵਾਂ ਦੇ ਅੱਗੇ ਪਾਰ ਲੰਘੋ ਅਤੇ ਉਹਨਾਂ ਦੀ ਸਹਾਇਤਾ ਕਰੋ। ਜਦ ਤੱਕ ਯਹੋਵਾਹ ਤੁਹਾਡੇ ਭਰਾਵਾਂ ਨੂੰ ਸੁੱਖ ਨਾ ਦੇਵੇ ਜਿਵੇਂ ਉਸ ਨੇ ਤੁਹਾਨੂੰ ਦਿੱਤਾ ਹੈ ਅਤੇ ਉਹ ਵੀ ਉਸ ਦੇਸ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਦੇਣ ਵਾਲਾ ਹੈ ਕਬਜ਼ਾ ਨਾ ਕਰ ਲੈਣ ਤਦ ਤੁਸੀਂ ਇਸ ਦੇਸ ਵੱਲ ਜਿਹੜਾ ਤੁਹਾਡੀ ਵਿਰਾਸਤ ਹੈ ਮੁੜ ਆਇਓ, ਜਿਹੜਾ ਯਹੋਵਾਹ ਦੇ ਦਾਸ ਮੂਸਾ ਨੇ ਤੁਹਾਨੂੰ ਯਰਦਨ ਦੇ ਪਾਰ ਸੂਰਜ ਦੇ ਚੜ੍ਹਦੇ ਪਾਸੇ ਵੱਲ ਦਿੱਤਾ ਸੀ ਅਤੇ ਤੁਸੀਂ ਉਸ ਉੱਤੇ ਕਬਜ਼ਾ ਕਰ ਲਿਓ। ਉਹਨਾਂ ਨੇ ਯਹੋਸ਼ੁਆ ਨੂੰ ਉੱਤਰ ਦਿੱਤਾ ਕਿ ਜਿਵੇਂ ਤੂੰ ਸਾਨੂੰ ਆਗਿਆ ਦਿੱਤੀ ਉਸੇ ਤਰ੍ਹਾਂ ਹੀ ਕਰਾਂਗੇ ਅਤੇ ਜਿੱਥੇ ਤੂੰ ਸਾਨੂੰ ਭੇਜੇਗਾ ਅਸੀਂ ਉੱਥੇ ਹੀ ਜਾਂਵਾਂਗੇ। ਜਿਵੇਂ ਅਸੀਂ ਮੂਸਾ ਦੀਆਂ ਸਾਰੀਆਂ ਗੱਲਾਂ ਮੰਨੀਆਂ ਉਸੇ ਤਰ੍ਹਾਂ ਹੀ ਅਸੀਂ ਤੇਰੀਆਂ ਗੱਲਾਂ ਨੂੰ ਵੀ ਮੰਨਾਂਗੇ। ਜਿਵੇਂ ਯਹੋਵਾਹ ਤੇਰਾ ਪਰਮੇਸ਼ੁਰ ਮੂਸਾ ਦੇ ਅੰਗ-ਸੰਗ ਸੀ ਉਸੇ ਤਰ੍ਹਾਂ ਤੇਰੇ ਅੰਗ-ਸੰਗ ਵੀ ਰਹੇ, ਜੇ ਕੋਈ ਮਨੁੱਖ ਤੇਰੀ ਗੱਲ ਦਾ ਵਿਰੋਧ ਕਰੇ ਅਤੇ ਤੇਰੀਆਂ ਸਾਰੀਆਂ ਗੱਲਾਂ ਵਿੱਚੋਂ ਕਿਸੇ ਇੱਕ ਗੱਲ ਨੂੰ ਨਾ ਸੁਣੇ ਜਿਸ ਦੀ ਤੂੰ ਉਸ ਨੂੰ ਆਗਿਆ ਦੇਵੇਂ ਉਹ ਮਾਰਿਆ ਜਾਵੇ। ਤੂੰ ਨਿਰਾ ਤਕੜਾ ਹੋ ਅਤੇ ਹੌਂਸਲਾ ਰੱਖ।
Source notes (1)
- Footnote ਯਰਦਨ ਦੇ ਪੂਰਬ ਵੱਲ
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.