Skip to content
BibleKenya

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

ਯਿਰਮਿਯਾਹ 31

ਇਸਰਾਏਲੀਆਂ ਦੀ ਵਾਪਸੀ

ਉਸ ਸਮੇਂ, ਯਹੋਵਾਹ ਦਾ ਵਾਕ ਹੈ, ਮੈਂ ਇਸਰਾਏਲ ਦੇ ਸਾਰਿਆਂ ਘਰਾਣਿਆਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ। ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਉਹ ਲੋਕ ਜਿਹੜੇ ਤਲਵਾਰ ਤੋਂ ਬਚ ਰਹੇ, ਉਹ ਉਜਾੜ ਵਿੱਚ ਕਿਰਪਾ ਦੇ ਭਾਗੀ ਹੋਏ, ਹਾਂ, ਇਸਰਾਏਲ, ਜਦ ਅਰਾਮ ਲਈ ਗਿਆ। ਯਹੋਵਾਹ ਨੇ ਦੂਰੋਂ ਮੈਨੂੰ ਵਿਖਾਈ ਦਿੱਤੀ, ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ, ਇਸ ਲਈ ਮੈਂ ਦਯਾ ਨਾਲ ਤੈਨੂੰ ਖਿੱਚਿਆ ਹੈ। ਮੈਂ ਤੈਨੂੰ ਫਿਰ ਉਸਾਰਾਂਗਾ ਅਤੇ ਤੂੰ ਉਸਾਰੀ ਜਾਵੇਂਗੀ, ਹੇ ਇਸਰਾਏਲ ਦੀਏ ਕੁਆਰੀਏ, ਤੂੰ ਆਪਣੀਆਂ ਖੰਜ਼ਰੀਆਂ ਨਾਲ ਫੇਰ ਬਾਹਰ ਜਾਵੇਂਗੀ, ਅਤੇ ਹੱਸਣ ਵਾਲੀਆਂ ਦੇ ਨਾਚ ਵਿੱਚ ਬਾਹਰ ਨਿੱਕਲੇਂਗੀ ਤੂੰ ਫਿਰ ਅੰਗੂਰਾਂ ਦਾ ਬਾਗ਼, ਸਾਮਰਿਯਾ ਦੇ ਪਰਬਤ ਵਿੱਚ ਲਾਵੇਂਗੀ, ਲਾਉਣ ਵਾਲੇ ਲਾਉਣਗੇ, ਅਤੇ ਉਹਨਾਂ ਦੇ ਫਲਾਂ ਦਾ ਭੋਗ ਲਾਉਣਗੇ। ਇੱਕ ਦਿਨ ਆਵੇਗਾ ਕਿ ਇਫ਼ਰਾਈਮ ਦੇ ਪਰਬਤ ਉੱਤੇ ਰਾਖੇ ਪੁਕਾਰਨਗੇ, ਉੱਠੋ ਭਈ ਅਸੀਂ ਸੀਯੋਨ ਨੂੰ, ਯਹੋਵਾਹ ਆਪਣੇ ਪਰਮੇਸ਼ੁਰ ਕੋਲ ਜਾਈਏ!। ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਯਾਕੂਬ ਦੇ ਆਨੰਦ ਲਈ ਜੈਕਾਰਾ ਗਜਾਓ, ਅਤੇ ਕੌਮਾਂ ਦੇ ਮੁਖੀਏ ਲਈ ਲਲਕਾਰੋ! ਸੁਣਾਓ, ਉਸਤਤ ਕਰੋ ਅਤੇ ਆਖੋ, ਯਹੋਵਾਹ, ਆਪਣੀ ਪਰਜਾ ਨੂੰ, ਅਤੇ ਇਸਰਾਏਲ ਦੇ ਬਕੀਏ ਨੂੰ ਬਚਾ ਲੈ! ਵੇਖੋ, ਮੈਂ ਉੱਤਰ ਦੇ ਦੇਸ ਵੱਲੋਂ ਉਹਨਾਂ ਨੂੰ ਲਿਆਵਾਂਗਾ, ਮੈਂ ਉਹਨਾਂ ਨੂੰ ਧਰਤੀ ਦੇ ਦੂਰ ਦਿਆਂ ਹਿੱਸਿਆਂ ਤੋਂ ਇਕੱਠਾ ਕਰਾਂਗਾ, ਉਹਨਾਂ ਵਿੱਚ ਅੰਨ੍ਹੇ ਅਤੇ ਲੰਗੜੇ, ਗਰਭਵਤੀ ਔਰਤ ਅਤੇ ਜਣਨ ਦੀਆਂ ਪੀੜਾਂ ਵਾਲੀ ਇਕੱਠੀਆਂ, ਅਤੇ ਇੱਕ ਵੱਡੀ ਸਭਾ ਇੱਥੇ ਮੁੜੇਗੀ! ਉਹ ਰੋਂਦੇ ਹੋਏ ਆਉਣਗੇ, ਮੈਂ ਉਹਨਾਂ ਦੀ ਅਰਦਾਸਾਂ ਨਾਲ ਅਗਵਾਈ ਕਰਾਂਗਾ, ਮੈਂ ਪਾਣੀ ਦੀਆਂ ਨਦੀਆਂ ਉੱਤੇ ਉਹਨਾਂ ਨੂੰ ਲੈ ਜਾਂਵਾਂਗਾ, ਅਤੇ ਉਸ ਸਿੱਧੇ ਰਾਹ ਵਿੱਚ ਜਿੱਥੇ ਉਹ ਠੋਕਰ ਨਾ ਖਾਣ, ਕਿਉਂ ਜੋ ਮੈਂ ਇਸਰਾਏਲ ਦਾ ਪਿਤਾ ਹਾਂ, ਅਤੇ ਇਫ਼ਰਾਈਮ ਮੇਰਾ ਪਹਿਲੌਠਾ ਹੈ। ਹੇ ਕੌਮੋਂ ਯਹੋਵਾਹ ਦਾ ਬਚਨ ਸੁਣੋ, ਅਤੇ ਦੂਰ ਦੇ ਟਾਪੂਆਂ ਵਿੱਚ ਇਹ ਦੱਸੋ, ਅਤੇ ਆਖੋ, ਉਹ ਜਿਸ ਇਸਰਾਏਲ ਨੂੰ ਖੇਰੂੰ-ਖੇਰੂੰ ਕੀਤਾ ਉਹ ਨੂੰ ਇਕੱਠਾ ਕਰੇਗਾ, ਅਤੇ ਆਜੜੀ ਵਾਂਗੂੰ ਆਪਣੇ ਇੱਜੜ ਦੀ ਰਾਖੀ ਕਰੇਗਾ, ਕਿਉਂ ਜੋ ਯਹੋਵਾਹ ਨੇ ਯਾਕੂਬ ਦਾ ਨਿਸਤਾਰਾ ਕੀਤਾ ਹੈ, ਅਤੇ ਉਹ ਨੂੰ ਉਹ ਦੇ ਹੱਥੋਂ ਜਿਹੜਾ ਉਹ ਦੇ ਨਾਲੋਂ ਤਕੜਾ ਸੀ ਛੁਡਾਇਆ ਹੈ। ਉਹ ਆਉਣਗੇ ਅਤੇ ਸੀਯੋਨ ਦੀ ਚੋਟੀ ਉੱਤੇ ਜੈਕਾਰੇ ਗਜਾਉਣਗੇ, ਅਤੇ ਯਹੋਵਾਹ ਦੀ ਭਲਿਆਈ ਦੇ ਕਾਰਨ ਚਮਕਣਗੇ, ਅੰਨ, ਨਵੀਂ ਮੈਂ ਅਤੇ ਤੇਲ, ਇੱਜੜ ਦੇ ਬੱਚੇ ਅਤੇ ਗਾਈਆਂ ਬਲ਼ਦ ਦੇ ਕਾਰਨ, ਉਹਨਾਂ ਦੀ ਜਾਨ ਸਿੰਜੇ ਹੋਏ ਬਾਗ਼ ਵਾਂਗੂੰ ਹੋਵੇਗੀ, ਉਹ ਫਿਰ ਕਦੀ ਉਦਾਸ ਨਾ ਹੋਣਗੇ। ਉਸ ਵੇਲੇ ਕੁਆਰੀ ਨੱਚਣ ਨਾਲ, ਅਤੇ ਜੁਆਨ ਅਤੇ ਬੁੱਢੇ ਵੀ ਇਕੱਠੇ ਅਨੰਦ ਹੋਣਗੇ, ਮੈਂ ਉਹਨਾਂ ਦੇ ਸਿਆਪੇ ਨੂੰ ਖੁਸ਼ੀ ਵਿੱਚ ਪਲਟ ਦਿਆਂਗਾ, ਮੈਂ ਉਹਨਾਂ ਨੂੰ ਦਿਲਾਸਾ ਦਿਆਂਗਾ, ਮੈਂ ਉਹਨਾਂ ਦੇ ਗ਼ਮ ਦੇ ਥਾਂ ਉਹਨਾਂ ਨੂੰ ਅਨੰਦ ਕਰਾਂਗਾ। ਮੈਂ ਜਾਜਕਾਂ ਦੀ ਜਾਨ ਨੂੰ ਚਰਬੀ ਨਾਲ ਰਜਾਵਾਂਗਾ, ਮੇਰੀ ਪਰਜਾ ਮੇਰੀ ਭਲਿਆਈ ਨਾਲ ਨਿਹਾਲ ਹੋਵੇਗੀ, ਯਹੋਵਾਹ ਦਾ ਵਾਕ ਹੈ।

ਯਰੂਸ਼ਲਮ ਉੱਤੇ ਪਰਮੇਸ਼ੁਰ ਦੀ ਦਯਾ

ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ, ਰਾਖ਼ੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਅਤੇ ਤਸੱਲੀ ਨਹੀਂ ਚਾਹੁੰਦੀ, ਇਸ ਲਈ ਜੋ ਉਹ ਨਹੀਂ ਹਨ। ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਆਪਣੀ ਅਵਾਜ਼ ਨੂੰ ਰੋਣ ਤੋਂ ਮਨਾ ਕਰ ਅਤੇ ਆਪਣੀਆਂ ਅੱਖਾਂ ਨੂੰ ਅੰਝੂਆਂ ਤੋਂ ਕਿਉਂ ਜੋ ਤੇਰੇ ਕੰਮਾਂ ਦਾ ਤੈਨੂੰ ਵੱਟਾ ਮਿਲੇਗਾ ਯਹੋਵਾਹ ਦਾ ਵਾਕ ਹੈ, ਉਹ ਵੈਰੀਆਂ ਦੇ ਦੇਸ ਵਿੱਚੋਂ ਫਿਰ ਮੁੜਨਗੇ। ਤੇਰੇ ਭਵਿੱਖਤ ਸਮੇਂ ਲਈ ਆਸ ਹੈ, ਯਹੋਵਾਹ ਦਾ ਵਾਕ ਹੈ। ਤੇਰੇ ਬੱਚੇ ਆਪਣੀ ਹੱਦ ਵਿੱਚ ਫਿਰ ਮੁੜਨਗੇ। ਮੈਂ ਸੱਚ-ਮੁੱਚ ਇਫ਼ਰਾਈਮ ਨੂੰ ਬੁਸ-ਬੁਸ ਕਰਦਾ ਸੁਣਿਆ, ਤੂੰ ਮੈਨੂੰ ਤਾੜਿਆ ਅਤੇ ਮੈਂ ਤਾੜ ਝੱਲੀ, ਉਸ ਵੱਛੇ ਵਾਂਗੂੰ ਜਿਹੜਾ ਸਿਖਾਇਆ ਨਹੀਂ ਗਿਆ, ਮੈਨੂੰ ਮੋੜ ਤਾਂ ਮੈਂ ਮੁੜਾਂਗਾ, ਕਿਉਂ ਜੋ ਤੂੰ ਯਹੋਵਾਹ ਮੇਰਾ ਪਰਮੇਸ਼ੁਰ ਹੈ। ਮੇਰੇ ਮੁੜ ਆਉਣ ਦੇ ਪਿੱਛੋਂ ਮੈਂ ਪਛਤਾਇਆ, ਮੇਰੇ ਸਿਖਾਏ ਜਾਣ ਦੇ ਪਿੱਛੋਂ ਮੈਂ ਆਪਣੇ ਪੱਟ1 ਉੱਤੇ ਹੱਥ ਮਾਰਿਆ, ਮੈਨੂੰ ਨਮੋਸ਼ੀ ਆਈ ਅਤੇ ਮੈਂ ਹੱਕਾ-ਬੱਕਾ ਹੋ ਗਿਆ, ਕਿਉਂ ਜੋ ਮੈਂ ਆਪਣੀ ਜੁਆਨੀ ਦੀ ਬਦਨਾਮੀ ਚੁੱਕੀ। ਕੀ ਇਫ਼ਰਾਈਮ ਮੇਰਾ ਪਿਆਰਾ ਪੁੱਤਰ ਹੈ? ਕੀ ਉਹ ਲਾਡਲਾ ਬੱਚਾ ਹੈ? ਜਦ ਕਦੀ ਵੀ ਮੈਂ ਉਹ ਦੇ ਵਿਰੁੱਧ ਬੋਲਦਾ ਹਾਂ, ਤਦ ਵੀ ਮੈਂ ਹੁਣ ਤੱਕ ਉਹ ਨੂੰ ਚੇਤੇ ਰੱਖਦਾ ਹਾਂ, ਮੇਰਾ ਦਿਲ ਉਹ ਦੇ ਲਈ ਤਰਸਦਾ ਹੈ, ਮੈਂ ਸੱਚ-ਮੁੱਚ ਉਸ ਦੇ ਉੱਤੇ ਰਹਮ ਕਰਾਂਗਾ, ਯਹੋਵਾਹ ਦਾ ਵਾਕ ਹੈ। ਆਪਣੇ ਲਈ ਰਾਹ ਦੇ ਨਿਸ਼ਾਨ ਕਾਇਮ ਕਰ, ਅਤੇ ਆਪਣੇ ਲਈ ਮੁਨਾਰੇ ਬਣਾ, ਆਪਣਾ ਦਿਲ ਸ਼ਾਹੀ ਰਾਹ ਵੱਲ ਲਾ, ਹਾਂ, ਉਸ ਰਾਹ ਵੱਲ ਜਿਸ ਦੇ ਉੱਤੋਂ ਦੀ ਤੂੰ ਗਈ, ਹੇ ਇਸਰਾਏਲ ਦੀਏ ਕੁਆਰੀਏ, ਮੁੜ ਆ, ਤੂੰ ਆਪਣੇ ਇਹਨਾਂ ਸ਼ਹਿਰਾਂ ਵਿੱਚ ਮੁੜ ਆ! ਤੂੰ ਕਦ ਤੱਕ ਅਵਾਰਾ ਫਿਰੇਂਗੀ, ਹੇ ਫਿਰਤੂ ਧੀਏ? ਕਿਉਂ ਜੋ ਯਹੋਵਾਹ ਨੇ ਧਰਤੀ ਉੱਤੇ ਇੱਕ ਨਵੀਂ ਚੀਜ਼ ਉਤਪੰਨ ਕੀਤੀ ਹੈ, ਭਈ ਔਰਤ ਮਰਦ ਨੂੰ ਘੇਰ ਲਵੇਂਗੀ!।

ਆਉਣ ਵਾਲੀ ਖੁਸ਼ਹਾਲੀ ਅਤੇ ਨਵਾਂ ਨੇਮ

ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਇੱਕ ਵਾਰ ਫਿਰ ਉਹ ਇਹ ਗੱਲ ਯਹੂਦਾਹ ਦੇ ਦੇਸ ਅਤੇ ਉਹਨਾਂ ਦੇ ਸ਼ਹਿਰਾਂ ਵਿੱਚ ਆਖਣਗੇ, ਜਦ ਮੈਂ ਉਹਨਾਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਹੇ ਧਰਮ ਦੀ ਵੱਸੋਂ ਅਤੇ ਪਵਿੱਤਰ ਪਰਬਤ, ਯਹੋਵਾਹ ਤੈਨੂੰ ਬਰਕਤ ਦੇਵੇ! ਯਹੂਦਾਹ ਅਤੇ ਉਸ ਦੇ ਸਾਰੇ ਸ਼ਹਿਰ ਉਸ ਦੇ ਵਿੱਚ ਇਕੱਠੇ ਵੱਸਣਗੇ, ਹਾਲ੍ਹੀ ਅਤੇ ਉਹ ਜਿਹੜੇ ਇੱਜੜਾਂ ਨਾਲ ਫਿਰਦੇ ਹਨ ਕਿਉਂ ਜੋ ਮੈਂ ਥੱਕੇ ਹੋਏ ਦੀ ਜਾਨ ਨੂੰ ਤ੍ਰਿਪਤ ਕਰਾਂਗਾ ਅਤੇ ਹਰੇਕ ਉਦਾਸ ਜਾਨ ਨੂੰ ਰਜਾ ਦਿਆਂਗਾ ਇਸ ਉੱਤੇ ਮੈਂ ਜਾਗ ਉੱਠਿਆ ਅਤੇ ਵੇਖਿਆ ਅਤੇ ਮੇਰੀ ਨੀਂਦ ਮੇਰੇ ਲਈ ਮਿੱਠੀ ਸੀ। ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਵਿੱਚ ਅਤੇ ਯਹੂਦਾਹ ਦੇ ਘਰਾਣੇ ਵਿੱਚ ਆਦਮੀ ਦਾ ਬੀ ਅਤੇ ਡੰਗਰ ਦਾ ਬੀ ਬੀਜਾਂਗਾ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਵੇਂ ਮੈਂ ਉਹਨਾਂ ਦੀ ਤਾੜ ਵਿੱਚ ਬੈਠਾ ਭਈ ਮੈਂ ਉਹਨਾਂ ਨੂੰ ਪੁੱਟਾਂ ਅਤੇ ਢਾਹਵਾਂ, ਉਲਟਾਵਾਂ ਅਤੇ ਨਾਸ ਕਰਾਂ ਅਤੇ ਬੁਰਿਆਈ ਲਿਆਵਾਂ ਤਿਵੇਂ ਮੈਂ ਤਾੜ ਵਿੱਚ ਬੈਠਾਂਗਾ ਭਈ ਮੈਂ ਉਹਨਾਂ ਨੂੰ ਬਣਾਵਾਂ ਅਤੇ ਲਾਵਾਂ, ਯਹੋਵਾਹ ਦਾ ਵਾਕ ਹੈ ਉਹਨਾਂ ਦਿਨਾਂ ਵਿੱਚ ਉਹ ਨਾ ਆਖਣਗੇ, ਮਾਪਿਆਂ ਨੇ ਖੱਟੇ ਅੰਗੂਰ ਖਾਧੇ, ਅਤੇ ਬੱਚਿਆਂ ਦੇ ਦੰਦ ਖੱਟੇ ਹੋ ਗਏ। ਹਰੇਕ ਆਪਣੀ ਬਦੀ ਦੇ ਕਾਰਨ ਮਰੇਗਾ ਅਤੇ ਹਰੇਕ ਜਿਹੜਾ ਖੱਟੇ ਅੰਗੂਰ ਖਾਏਗਾ ਉਹ ਦੇ ਦੰਦ ਖੱਟੇ ਹੋ ਜਾਣਗੇ ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ ਉਸ ਨੇਮ ਵਾਂਗੂੰ ਨਹੀਂ ਜਿਹੜਾ ਉਹਨਾਂ ਦੇ ਪੁਰਖਿਆਂ ਨਾਲ ਬੰਨ੍ਹਿਆ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜ੍ਹਿਆ ਕਿ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ ਭਾਵੇਂ ਮੈਂ ਉਹਨਾਂ ਦਾ ਸੁਆਮੀ ਸੀ, ਯਹੋਵਾਹ ਦਾ ਵਾਕ ਹੈ ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਆਪਣੀ ਬਿਵਸਥਾ ਨੂੰ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ਉਹ ਫਿਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ ਭਈ ਯਹੋਵਾਹ ਨੂੰ ਜਾਣੋ ਕਿਉਂ ਜੋ ਉਹ ਸਾਰੀਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਮੈਨੂੰ ਜਾਣ ਲੈਣਗੇ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ। ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੋ ਦਿਨ ਦੇ ਚਾਨਣ ਲਈ ਸੂਰਜ ਦਿੰਦਾ, ਅਤੇ ਰਾਤ ਦੇ ਚਾਨਣ ਲਈ ਚੰਦ ਅਤੇ ਤਾਰਿਆਂ ਦੀ ਬਿਧੀ, ਜੋ ਸਮੁੰਦਰ ਨੂੰ ਐਉਂ ਉਛਾਲਦਾ ਹੈ, ਕਿ ਉਹ ਦੀਆਂ ਲਹਿਰਾਂ ਗੱਜਦੀਆਂ ਹਨ, ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ। ਜੇ ਇਹ ਬਿਧੀਆਂ ਮੇਰੇ ਅੱਗੋਂ ਹਟਾਈਆਂ ਜਾਣ, ਯਹੋਵਾਹ ਦਾ ਵਾਕ ਹੈ, ਤਾਂ ਇਸਰਾਏਲ ਦੀ ਨਸਲ ਵੀ ਜਾਂਦੀ ਰਹੇਗੀ, ਭਈ ਉਹ ਸਦਾ ਲਈ ਮੇਰੇ ਅੱਗੇ ਕੌਮ ਨਾ ਰਹੇ। ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੇ ਉੱਪਰੋਂ ਅਕਾਸ਼ ਮਿਣਿਆ ਜਾਵੇ, ਅਤੇ ਹੇਠਾਂ ਧਰਤੀ ਦੀਆਂ ਨੀਹਾਂ ਦੀ ਭਾਲ ਕੀਤੀ ਜਾਵੇ, ਤਦ ਮੈਂ ਵੀ ਇਸਰਾਏਲ ਦੀ ਸਾਰੀ ਨਸਲ ਨੂੰ ਉਹਨਾਂ ਦੇ ਸਾਰੇ ਕੰਮਾਂ ਦੇ ਕਾਰਨ ਰੱਦ ਦਿਆਂਗਾ, ਯਹੋਵਾਹ ਦਾ ਵਾਕ ਹੈ। ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਇਹ ਸ਼ਹਿਰ ਯਹੋਵਾਹ ਦੇ ਲਈ ਹਨਨੇਲ ਦੇ ਬੁਰਜ ਤੋਂ ਨੁੱਕਰ ਦੇ ਫਾਟਕ ਤੱਕ ਬਣਾਇਆ ਜਾਵੇਗਾ ਫੇਰ ਮਿਣਨ ਦੀ ਰੱਸੀ ਸਿੱਧੀ ਗਾਰੇਬ ਦੀ ਪਹਾੜੀ ਉੱਤੋਂ ਦੀ ਹੁੰਦੀ ਹੋਈ ਗੋਆਹ ਨੂੰ ਘੇਰ ਲਵੇਗੀ ਤਾਂ ਲੋਥਾਂ ਅਤੇ ਸੁਆਹ ਦੀ ਸਾਰੀ ਵਾਦੀ ਅਤੇ ਸਾਰੇ ਖੇਤ ਕਿਦਰੋਨ ਦੇ ਨਾਲੇ ਤੱਕ ਅਤੇ ਘੋੜੇ ਫਾਟਕ ਦੀ ਨੁੱਕਰ ਤੱਕ ਚੜ੍ਹਦੇ ਪਾਸੇ ਵੱਲ ਯਹੋਵਾਹ ਲਈ ਪਵਿੱਤਰ ਹੋਣਗੇ ਅਤੇ ਉਹ ਫਿਰ ਸਦਾ ਤੱਕ ਨਾ ਕਦੀ ਪੁੱਟਿਆ ਜਾਵੇਗਾ ਨਾ ਡੇਗਿਆ ਜਾਵੇਗਾ।

Source notes (1)
  1. Footnote ਛਾਤੀ

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.