Skip to content
BibleKenya

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

2 ਰਾਜਾ 24

ਉਹ ਦੇ ਦਿਨੀਂ ਬਾਬਲ ਦਾ ਰਾਜਾ ਨਬੂਕਦਨੱਸਰ ਚੜ੍ਹ ਆਇਆ ਅਤੇ ਯਹੋਯਾਕੀਮ ਤਿੰਨ ਸਾਲ ਉਹ ਦਾ ਦਾਸ ਬਣਿਆ ਰਿਹਾ ਤਦ ਉਹ ਫਿਰ ਕੇ ਉਸ ਤੋਂ ਬਾਗੀ ਹੋ ਗਿਆ ਅਤੇ ਯਹੋਵਾਹ ਨੇ ਉਹ ਦੇ ਵਿਰੁੱਧ ਕਸਦੀਆਂ ਦੇ ਜੱਥੇ ਅਤੇ ਅਰਾਮ ਦੇ ਜੱਥੇ ਮੋਆਬ ਦੇ ਜੱਥੇ ਅਤੇ ਅੰਮੋਨੀਆਂ ਦੇ ਜੱਥੇ ਭੇਜੇ ਅਤੇ ਉਸ ਨੇ ਯਹੂਦਾਹ ਦੇ ਵਿਰੁੱਧ ਉਨ੍ਹਾਂ ਨੂੰ ਭੇਜਿਆ ਤਾਂ ਜੋ ਯਹੋਵਾਹ ਦੇ ਉਸ ਬਚਨ ਦੇ ਅਨੁਸਾਰ ਜੋ ਉਸ ਨੇ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਬੋਲਿਆ ਸੀ ਉਹ ਨੂੰ ਨਾਸ ਕਰੇ। ਸੱਚ-ਮੁੱਚ ਯਹੋਵਾਹ ਦੇ ਹੁਕਮ ਕਰਕੇ ਹੀ ਇਹ ਯਹੂਦਾਹ ਨਾਲ ਹੋਇਆ ਤਾਂ ਜੋ ਮਨੱਸ਼ਹ ਦੇ ਪਾਪਾਂ ਕਰਕੇ ਉਹ ਦੀਆਂ ਸਾਰੀਆਂ ਕਰਨੀਆਂ ਅਨੁਸਾਰ ਉਹਨਾਂ ਨੂੰ ਆਪਣੇ ਅੱਗਿਓਂ ਪਰੇ ਹਟਾ ਦੇਵੇ। ਨਾਲੇ ਉਨ੍ਹਾਂ ਬੇਦੋਸ਼ਿਆਂ ਦੇ ਲਹੂ ਦੇ ਕਾਰਨ ਵੀ ਜੋ ਉਹ ਨੇ ਬਹਾਇਆ ਸੀ ਕਿਉਂ ਜੋ ਉਹ ਨੇ ਬੇਦੋਸ਼ਿਆਂ ਦੇ ਲਹੂ ਨਾਲ ਯਰੂਸ਼ਲਮ ਨੂੰ ਭਰ ਛੱਡਿਆ ਸੀ ਅਤੇ ਯਹੋਵਾਹ ਮਾਫ਼ ਕਰਨਾ ਨਹੀਂ ਸੀ ਚਾਹੁੰਦਾ। ਅਤੇ ਯਹੋਯਾਕੀਮ ਦੀਆਂ ਬਾਕੀ ਗੱਲਾਂ ਅਤੇ ਸਭ ਕੁਝ ਜੋ ਉਹ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ? ਸੋ ਯਹੋਯਾਕੀਮ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਹ ਦਾ ਪੁੱਤਰ ਯਹੋਯਾਕੀਨ ਉਹ ਦੇ ਥਾਂ ਰਾਜ ਕਰਨ ਲੱਗਾ। ਅਤੇ ਮਿਸਰ ਦਾ ਰਾਜਾ ਫੇਰ ਕਦੀ ਆਪਣੇ ਦੇਸੋਂ ਬਾਹਰ ਨਾ ਨਿੱਕਲਿਆ ਕਿਉਂ ਜੋ ਬਾਬਲ ਦੇ ਰਾਜਾ ਨੇ ਮਿਸਰ ਦੇ ਨਾਲੇ ਤੋਂ ਲੈ ਕੇ ਫ਼ਰਾਤ ਦੇ ਦਰਿਆ ਤੱਕ ਸਭ ਕੁਝ ਜੋ ਮਿਸਰ ਦੇ ਰਾਜਾ ਦਾ ਸੀ ਲੈ ਲਿਆ।

ਯਹੂਦਾਹ ਦਾ ਰਾਜਾ ਯਹੋਯਾਕੀਨ

2 ਇਤ 36:9, 10

ਜਦ ਯਹੋਯਾਕੀਨ ਰਾਜ ਕਰਨ ਲੱਗਾ ਤਾਂ ਉਹ ਅਠਾਰਾਂ ਵਰਿਹਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਤਿੰਨ ਮਹੀਨੇ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਨਹੁਸ਼ਤਾ ਸੀ ਜੋ ਯਰੂਸ਼ਲਮ ਦੇ ਅਲਨਾਥਾਨ ਦੀ ਧੀ ਸੀ। ਅਤੇ ਜਿਵੇਂ ਉਸ ਦੇ ਪੁਰਖਿਆਂ ਨੇ ਸੱਭੋ ਕੁਝ ਕੀਤਾ ਓਵੇਂ ਉਸ ਨੇ ਵੀ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ। ਉਸ ਵੇਲੇ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਸੇਵਕਾਂ ਨੇ ਯਰੂਸ਼ਲਮ ਦੇ ਉੱਤੇ ਚੜ੍ਹਾਈ ਕੀਤੀ ਅਤੇ ਸ਼ਹਿਰ ਘੇਰਿਆ ਗਿਆ। ਅਤੇ ਬਾਬਲ ਦਾ ਰਾਜਾ ਨਬੂਕਦਨੱਸਰ ਸ਼ਹਿਰ ਤੇ ਚੜ੍ਹ ਆਇਆ ਜਦ ਕਿ ਉਹ ਦੇ ਚਾਕਰ ਉਸ ਨੂੰ ਘੇਰ ਰਹੇ ਸਨ। ਤਦ ਯਹੂਦਾਹ ਦਾ ਰਾਜਾ ਯਹੋਯਾਕੀਨ ਆਪਣੀ ਮਾਤਾ, ਆਪਣੇ ਚਾਕਰਾਂ, ਆਪਣੇ ਸਰਦਾਰਾਂ ਅਤੇ ਆਪਣੇ ਦਰਬਾਰੀਆਂ ਸਣੇ ਨਿੱਕਲ ਕੇ ਬਾਬਲ ਦੇ ਰਾਜਾ ਕੋਲ ਆਇਆ ਅਤੇ ਬਾਬਲ ਦੇ ਰਾਜਾ ਨੇ ਆਪਣੇ ਰਾਜ ਦੇ ਅੱਠਵੇਂ ਸਾਲ ਉਹ ਨੂੰ ਫੜ ਲਿਆ। ਤਾਂ ਉਹ ਯਹੋਵਾਹ ਦੇ ਭਵਨ ਦਾ ਸਾਰਾ ਖਜ਼ਾਨਾ ਉੱਥੋਂ ਲੈ ਗਿਆ ਅਤੇ ਸੋਨੇ ਦੇ ਸੱਭੋ ਭਾਂਡੇ ਜੋ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਯਹੋਵਾਹ ਦੀ ਹੈਕਲ ਵਿੱਚ ਬਣਾਏ ਸਨ ਉਸ ਨੇ ਕੱਟ ਕੇ ਯਹੋਵਾਹ ਦੇ ਕਹੇ ਅਨੁਸਾਰ ਟੁੱਕੜੇ-ਟੁੱਕੜੇ ਕਰ ਦਿੱਤੇ। ਅਤੇ ਉਹ ਸਾਰੇ ਯਰੂਸ਼ਲਮ ਨੂੰ, ਸਾਰਿਆਂ ਸਰਦਾਰਾਂ, ਸਾਰਿਆਂ ਬਲਵੰਤ ਯੋਧਿਆਂ ਨੂੰ ਅਰਥਾਤ ਦਸ ਹਜ਼ਾਰ ਬੰਦੀ ਨਾਲੇ ਸਾਰੇ ਕਾਰੀਗਰਾਂ ਅਤੇ ਲੁਹਾਰਾਂ ਨੂੰ ਗ਼ੁਲਾਮ ਕਰ ਕੇ ਲੈ ਗਿਆ ਅਤੇ ਦੇਸ ਦੇ ਅਤੀ ਕੰਗਾਲਾਂ ਤੋਂ ਬਿਨ੍ਹਾਂ ਹੋਰ ਕੋਈ ਬਾਕੀ ਨਾ ਰਿਹਾ। ਨਾਲੇ ਉਹ ਯਹੋਯਾਕੀਨ ਨੂੰ ਗ਼ੁਲਾਮ ਕਰ ਕੇ ਬਾਬਲ ਨੂੰ ਲੈ ਗਿਆ ਅਤੇ ਰਾਜਾ ਦੀ ਮਾਤਾ, ਰਾਜਾ ਦੀਆਂ ਰਾਣੀਆਂ, ਉਹ ਦੇ ਦਰਬਾਰੀਆਂ ਅਤੇ ਦੇਸ ਦੇ ਮਹਾਂਪੁਰਸ਼ਾਂ ਨੂੰ ਗ਼ੁਲਾਮ ਕਰ ਕੇ ਯਰੂਸ਼ਲਮ ਤੋਂ ਬਾਬਲ ਨੂੰ ਲੈ ਗਿਆ। ਅਤੇ ਸਾਰੇ ਸੂਰਬੀਰਾਂ ਨੂੰ ਜੋ ਸੱਤ ਹਜ਼ਾਰ ਸਨ, ਕਾਰੀਗਰਾਂ, ਲੁਹਾਰਾਂ ਨੂੰ ਜੋ ਇੱਕ ਹਜ਼ਾਰ ਸਨ ਅਤੇ ਸਾਰੇ ਗੁਣੀ ਯੋਧੇ ਸਨ ਉਨ੍ਹਾਂ ਨੂੰ ਬਾਬਲ ਦਾ ਰਾਜਾ ਗ਼ੁਲਾਮ ਕਰ ਕੇ ਬਾਬਲ ਵਿੱਚ ਲੈ ਆਇਆ। ਅਤੇ ਬਾਬਲ ਦੇ ਰਾਜਾ ਨੇ ਉਹ ਦੇ ਚਾਚੇ ਮੱਤਨਯਾਹ ਨੂੰ ਉਸ ਦੇ ਥਾਂ ਰਾਜਾ ਬਣਾਇਆ ਅਤੇ ਉਸ ਦਾ ਨਾਮ ਬਦਲ ਕੇ ਸਿਦਕੀਯਾਹ ਰੱਖ ਦਿੱਤਾ।

ਯਹੂਦਾਹ ਦਾ ਰਾਜਾ ਸਿਦਕੀਯਾਹ

2 ਇਤ 36:11, 12; ਯਿਰਮਿਯਾਹ 52:1-3

ਜਦ ਸਿਦਕੀਯਾਹ ਰਾਜ ਕਰਨ ਲੱਗਾ ਤਾਂ ਇੱਕੀਆਂ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਗਿਆਰ੍ਹਾਂ ਸਾਲ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਹਮੂਟਲ ਸੀ ਜੋ ਲਿਬਨਾਹ ਦੇ ਯਿਰਮਿਯਾਹ ਦੀ ਧੀ ਸੀ। ਅਤੇ ਸਭ ਕੁਝ ਜੋ ਯਹੋਯਾਕੀਮ ਨੇ ਕੀਤਾ ਸੀ ਉਸੇ ਦੇ ਅਨੁਸਾਰ ਉਸ ਨੇ ਵੀ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ। ਕਿਉਂ ਜੋ ਯਹੋਵਾਹ ਦੇ ਕ੍ਰੋਧ ਕਰ ਕੇ ਜੋ ਯਰੂਸ਼ਲਮ ਅਤੇ ਯਹੂਦਾਹ ਦੇ ਉੱਤੇ ਸੀ ਇਹ ਹੋਇਆ ਕਿ ਅੰਤ ਨੂੰ ਉਸ ਨੇ ਉਨ੍ਹਾਂ ਨੂੰ ਆਪਣੇ ਸਾਹਮਣਿਓਂ ਕੱਢ ਦਿੱਤਾ ਅਤੇ ਸਿਦਕੀਯਾਹ ਬਾਬਲ ਦੇ ਰਾਜਾ ਤੋਂ ਬੇਮੁੱਖ ਹੋ ਗਿਆ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.