ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
1 ਰਾਜਾ 4
ਸੁਲੇਮਾਨ ਦੇ ਉੱਚ ਅਧਿਕਾਰੀ
ਇਸ ਤਰ੍ਹਾਂ ਸੁਲੇਮਾਨ ਪਾਤਸ਼ਾਹ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਹੋ ਗਿਆ। ਉਸ ਦੇ ਮੁੱਖ ਸਰਦਾਰ ਇਹ ਸਨ: ਸਾਦੋਕ ਜਾਜਕ ਦਾ ਪੁੱਤਰ ਅਜ਼ਰਯਾਹ ਜਾਜਕ ਸੀ, ਸ਼ੀਸ਼ਾ ਦੇ ਪੁੱਤਰ ਅਲੀਹੋਰਫ ਅਤੇ ਅਹੀਯਾਹ ਅਹੁਦੇਦਾਰ ਸਨ, ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਿਹਾਸ ਦਾ ਲਿਖਾਰੀ ਸੀ, ਯਹੋਯਾਦਾ ਦਾ ਪੁੱਤਰ ਬਨਾਯਾਹ ਸੈਨਾਪਤੀ ਸੀ, ਸਾਦੋਕ ਅਤੇ ਅਬਯਾਥਾਰ ਜਾਜਕ ਸਨ, ਨਾਥਾਨ ਦਾ ਪੁੱਤਰ ਅਜ਼ਰਯਾਹ ਭੰਡਾਰੀਆਂ ਦੇ ਉੱਤੇ ਸੀ ਅਤੇ ਨਾਥਾਨ ਦਾ ਪੁੱਤਰ ਜ਼ਾਬੂਦ ਜਾਜਕ ਸੀ ਅਤੇ ਉਹ ਪਾਤਸ਼ਾਹ ਦਾ ਮਿੱਤਰ ਸੀ, ਅਹੀਸ਼ਾਰ ਘਰਾਣੇ ਉੱਤੇ ਸੀ ਅਤੇ ਅਬਦਾ ਦਾ ਪੁੱਤਰ ਅਦੋਨੀਰਾਮ ਉਨ੍ਹਾਂ ਉੱਤੇ ਸੀ ਜਿੰਨ੍ਹਾਂ ਤੋਂ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ। ਸੁਲੇਮਾਨ ਨੇ ਸਾਰੇ ਇਸਰਾਏਲ ਉੱਤੇ ਬਾਰਾਂ ਭੰਡਾਰੀ ਠਹਿਰਾਏ ਜਿਹੜੇ ਪਾਤਸ਼ਾਹ ਅਤੇ ਉਸ ਦੇ ਘਰਾਣੇ ਲਈ ਰਸਤ ਲਿਆਉਣ। ਉਨ੍ਹਾਂ ਵਿੱਚੋਂ ਇੱਕ-ਇੱਕ ਜਣਾ ਸਾਲ ਵਿੱਚ ਇੱਕ ਮਹੀਨਾ ਰਸਤ ਲਿਆਉਂਦਾ ਸੀ। ਉਨ੍ਹਾਂ ਦੇ ਨਾਮ ਇਹ ਸਨ, ਬਨਹੂਰ ਇਫ਼ਰਾਈਮ ਦੇ ਪਰਬਤ ਵਿੱਚ; ਬਨ-ਦਕਰ ਮਾਕਸ, ਸਾਲਬੀਮ, ਬੈਤ ਸ਼ਮਸ਼ ਅਤੇ ਏਲੋਨ-ਬੈਤ-ਹਨਾਨ ਦੇ ਵਿੱਚ ਸੀ; ਬਨ-ਹਸਦ ਅਰੁਬੋਥ ਵਿੱਚ ਜਿਸ ਲਈ ਸੋਕੋਹ ਅਤੇ ਹੇਫ਼ਰ ਦਾ ਸਾਰਾ ਦੇਸ ਸੀ; ਅਬੀਨਾਦਾਬ ਦਾ ਪੁੱਤਰ ਜਿਸ ਦਾ ਦੋਰ ਦੇ ਸਾਰੇ ਰਾਜ ਵਿੱਚ ਅਧਿਕਾਰ ਸੀ ਉਸ ਦੀ ਪਤਨੀ ਸੁਲੇਮਾਨ ਦੀ ਧੀ ਟਾਫਥ ਸੀ; ਅਹੀਲੂਦ ਦਾ ਪੁੱਤਰ ਬਆਨਾ ਤਆਨਾਕ, ਮਗਿੱਦੋ ਅਤੇ ਸਾਰੇ ਬੈਤ ਸ਼ਾਨ ਵਿੱਚ ਜਿਹੜਾ ਸਾਰਥਾਨ ਦੇ ਨਾਲ ਸੀ ਅਤੇ ਯਿਜ਼ਰਏਲ ਦੀ ਨਿਵਾਨ ਵਿੱਚ ਸੀ ਬੈਤ ਸ਼ਾਨ ਤੋਂ ਅਬੇਲ - ਮਹੋਲਾਹ ਤੱਕ ਅਤੇ ਯਾਕਮਆਮ ਦੇ ਪਾਰ ਤੱਕ; ਬਨ ਗਬਰ ਰਾਮੋਥ ਗਿਲਆਦ ਵਿੱਚ ਅਤੇ ਮਨੱਸ਼ਹ ਦੇ ਪੁੱਤਰ ਯਾਈਰ ਦੇ ਪਿੰਡ ਜੋ ਗਿਲਆਦ ਵਿੱਚ ਸਨ ਉਹ ਦੇ ਸਨ ਅਤੇ ਅਰਗੋਬ ਦੇ ਹਿੱਸੇ ਨਾਲ ਜੋ ਬਾਸ਼ਾਨ ਵਿੱਚ ਸੀ ਅਰਥਾਤ ਸੱਠ ਵੱਡੇ ਅਤੇ ਸ਼ਹਿਰਪਨਾਹ ਵਾਲੇ ਪਿੱਤਲ ਦੇ ਅਰਲਾਂ ਵਾਲੇ ਸ਼ਹਿਰ ਉਸ ਦੇ ਸਨ; ਇੱਦੋ ਦਾ ਪੁੱਤਰ ਅਹੀਨਾਦਾਬ ਮਹਨਇਮ ਵਿੱਚ; ਅਹੀਮਅਸ ਨਫ਼ਤਾਲੀ ਵਿੱਚ ਅਤੇ ਉਸ ਨੇ ਸੁਲੇਮਾਨ ਦੀ ਧੀ ਬਾਸਮਥ ਨੂੰ ਵਿਆਹ ਲਿਆ; ਹੂਸ਼ਈ ਦਾ ਪੁੱਤਰ ਬਆਨਾ ਆਸ਼ੇਰ ਵਿੱਚ ਅਤੇ ਆਲੋਥ ਵਿੱਚ; ਪਾਰੂਆਹ ਦਾ ਪੁੱਤਰ ਯਹੋਸ਼ਾਫ਼ਾਤ ਯਿੱਸਾਕਾਰ ਵਿੱਚ; ਏਲਾ ਦਾ ਪੁੱਤਰ ਸ਼ਿਮਈ ਬਿਨਯਾਮੀਨ ਵਿੱਚ; ਊਰੀ ਦਾ ਪੁੱਤਰ ਗਬਰ ਗਿਲਆਦ ਦੇ ਦੇਸ ਵਿੱਚ ਜੋ ਅਮੋਰੀਆਂ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਦਾ ਦੇਸ ਸੀ, ਉਸ ਦੇਸ ਦਾ ਉਹ ਇਕੱਲਾ ਸ਼ਾਸਕ ਸੀ।
ਸੁਲੇਮਾਨ ਦਾ ਸਫ਼ਲ ਰਾਜ
ਯਹੂਦਾਹ ਅਤੇ ਇਸਰਾਏਲ ਉਸ ਰੇਤ ਦੇ ਢੇਰ ਵਾਂਗੂੰ ਬਹੁਤ ਸਾਰੇ ਸਨ ਜਿਹੜੀ ਸਮੁੰਦਰ ਦੇ ਕੰਢੇ ਉੱਤੇ ਹੈ ਅਤੇ ਉਹ ਖਾਂਦੇ-ਪੀਂਦੇ ਅਤੇ ਅਨੰਦ ਕਰਦੇ ਸਨ। ਸੁਲੇਮਾਨ ਸਾਰੀਆਂ ਪਾਤਸ਼ਾਹੀਆਂ ਉੱਤੇ ਰਾਜ ਕਰਦਾ ਸੀ, ਫ਼ਰਾਤ ਦਰਿਆ ਤੋਂ ਲੈ ਕੇ ਫ਼ਲਿਸਤੀਨ ਤੱਕ ਅਤੇ ਮਿਸਰ ਦੀ ਹੱਦ ਤੱਕ। ਉਹ ਉਸ ਨੂੰ ਨਜ਼ਰਾਨੇ ਦਿੰਦੇ ਸਨ ਅਤੇ ਸੁਲੇਮਾਨ ਦੇ ਜੀਵਨ ਦੇ ਸਾਰੇ ਦਿਨ ਉਸ ਦੀ ਸੇਵਾ ਕਰਦੇ ਰਹੇ। ਸੁਲੇਮਾਨ ਦੀ ਇੱਕ ਦਿਨ ਦੀ ਇਹ ਰਸਤ ਸੀ ਅਰਥਾਤ ਛੇ ਹਜ਼ਾਰ ਛੇ ਸੌ ਕਿੱਲੋ ਮੈਦਾ, ਤੇਰ੍ਹਾਂ ਹਜ਼ਾਰ ਦੋ ਸੌ ਕਿੱਲੋ ਆਟਾ, ਦਸ ਮੋਟੇ ਬਲ਼ਦ ਅਤੇ ਚਰਾਈ ਵਿੱਚੋਂ ਵੀਹ ਬਲ਼ਦ, ਇੱਕ ਸੌ ਭੇਡਾਂ ਅਤੇ ਉਨ੍ਹਾਂ ਤੋਂ ਵੱਧ ਚਿਕਾਰੇ, ਹਿਰਨ, ਪਾਹੜੇ ਅਤੇ ਮੋਟੇ-ਮੋਟੇ ਕੁੱਕੜ। ਕਿਉਂ ਜੋ ਉਹ ਦਰਿਆ ਦੇ ਇਸ ਪਾਸੇ ਤਿਫਸਹ ਤੋਂ ਲੈ ਕੇ ਅੱਜ਼ਾਹ ਤੱਕ ਉਨ੍ਹਾਂ ਸਾਰਿਆਂ ਰਾਜਿਆਂ ਉੱਤੇ ਜੋ ਦਰਿਆ ਦੇ ਇਸ ਪਾਸੇ ਸਨ ਰਾਜ ਕਰਦਾ ਸੀ ਅਤੇ ਉਨ੍ਹਾਂ ਸਾਰਿਆਂ ਨਾਲ ਜੋ ਉਸ ਦੇ ਆਲੇ-ਦੁਆਲੇ ਸਨ ਸੁਲਾਹ ਰੱਖਦਾ ਸੀ। ਯਹੂਦਾਹ ਅਤੇ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਆਪਣੀ ਹੰਜ਼ੀਰ ਦੇ ਹੇਠ, ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਸੁਲੇਮਾਨ ਦੇ ਸਾਰੇ ਦਿਨਾਂ ਵਿੱਚ ਸ਼ਾਂਤੀ ਨਾਲ ਬੈਠਦਾ ਸੀ। ਸੁਲੇਮਾਨ ਦੇ ਰੱਥਾਂ ਦੇ ਘੋੜਿਆਂ ਲਈ ਚਾਲ੍ਹੀ ਹਜ਼ਾਰ ਤਬੇਲੇ ਸਨ ਅਤੇ ਬਾਰਾਂ ਹਜ਼ਾਰ ਘੋੜ ਚੜ੍ਹੇ ਸਨ। ਇਹ ਰਜਵਾੜੇ ਆਪਣੀ ਵਾਰੀ ਉੱਤੇ ਇੱਕ ਮਹੀਨਾ ਭਰ ਸੁਲੇਮਾਨ ਪਾਤਸ਼ਾਹ ਲਈ ਅਤੇ ਉਨ੍ਹਾਂ ਸਭਨਾਂ ਲਈ ਜੋ ਸੁਲੇਮਾਨ ਪਾਤਸ਼ਾਹ ਦੇ ਲੰਗਰ ਵਿੱਚੋਂ ਖਾਂਦੇ, ਰਸਤ ਪਹੁੰਚਾਉਂਦੇ ਸਨ ਅਤੇ ਇਸ ਗੱਲ ਵਿੱਚ ਉਹ ਕਿਸੇ ਚੀਜ਼ ਦੀ ਕਮੀ ਨਹੀਂ ਰੱਖਦੇ ਸਨ। ਘੋੜਿਆਂ ਅਤੇ ਬਲ਼ਦਾਂ ਲਈ ਜੌਂ ਅਤੇ ਤੂੜੀ ਜਿੱਥੇ ਕਿਤੇ ਇਹ ਹੁੰਦੇ ਸਨ, ਓਥੋਂ ਇੱਕ-ਇੱਕ ਮਨੁੱਖ ਆਪਣੀ ਮਰਜਾਦਾ ਅਨੁਸਾਰ ਲਿਆਉਂਦਾ ਸੀ। ਪਰਮੇਸ਼ੁਰ ਨੇ ਸੁਲੇਮਾਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵੱਧ ਦਿੱਤੀ ਅਤੇ ਖੁੱਲ੍ਹਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਅਤੇ ਸੁਲੇਮਾਨ ਦੀ ਬੁੱਧੀ ਸਾਰੇ ਪੂਰਬੀਆਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧੀ ਨਾਲੋਂ ਬਹੁਤ ਵੱਧ ਸੀ। ਕਿਉਂ ਜੋ ਉਹ ਸਭਨਾਂ ਆਦਮੀਆਂ ਨਾਲੋਂ ਅਰਥਾਤ ਏਥਾਨ ਅਜ਼ਰਾਹੀ, ਹੇਮਾਨ, ਮਾਹੋਲ ਦੇ ਪੁੱਤਰ ਕਲਕੋਲ ਅਤੇ ਦਰਦਾ ਨਾਲੋਂ ਬੁੱਧਵਾਨ ਸੀ ਅਤੇ ਉਸ ਦਾ ਨਾਮ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿੱਚ ਮਸ਼ਹੂਰ ਸੀ। ਉਸ ਨੇ ਤਿੰਨ ਹਜ਼ਾਰ ਕਹਾਉਤਾਂ ਰਚੀਆਂ ਅਤੇ ਇੱਕ ਹਜ਼ਾਰ ਪੰਜ ਉਸ ਦੇ ਗੀਤ ਸਨ। ਉਹ ਰੁੱਖਾਂ ਉੱਤੇ ਵੀ ਬੋਲਿਆ ਦਿਆਰ ਤੋਂ ਲੈ ਕੇ ਜੋ ਲਬਾਨੋਨ ਵਿੱਚ ਹੈ ਉਸ ਜੂਫ਼ੇ ਤੱਕ ਜੋ ਕੰਧਾਂ ਉੱਤੇ ਉੱਗਦਾ ਹੈ ਅਤੇ ਉਹ ਪਸ਼ੂਆਂ ਉੱਤੇ ਅਤੇ ਪੰਛੀਆਂ ਅਤੇ ਘਿੱਸਰਨ ਵਾਲਿਆਂ ਅਤੇ ਮੱਛੀਆਂ ਉੱਤੇ ਬੋਲਿਆ। ਸਾਰੀਆਂ ਜਾਤੀਆਂ ਵਿੱਚੋਂ ਸਾਰੀ ਧਰਤੀ ਦੇ ਪਾਤਸ਼ਾਹਾਂ ਵੱਲੋਂ ਲੋਕ ਜਿਨ੍ਹਾਂ ਨੇ ਸੁਲੇਮਾਨ ਦੀ ਬੁੱਧੀ ਦੇ ਵਿਖੇ ਸੁਣਿਆ ਸੀ, ਉਸ ਦੀ ਬੁੱਧੀ ਸੁਣਨ ਲਈ ਆਉਂਦੇ ਸਨ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.