Biblica® Open Punjabi Contemporary Version 2025
ਗਿਣਤੀ 24
ਹੁਣ ਜਦੋਂ ਬਿਲਆਮ ਨੇ ਵੇਖਿਆ ਕਿ ਇਸਰਾਏਲ ਨੂੰ ਅਸੀਸ ਦੇ ਕੇ ਯਾਹਵੇਹ ਨੂੰ ਚੰਗਾ ਲੱਗਦਾ ਹੈ, ਤਾਂ ਉਸਨੇ ਹੋਰ ਸਮਿਆਂ ਵਾਂਗ ਭਵਿੱਖਬਾਣੀ ਨਾ ਕੀਤੀ, ਸਗੋਂ ਆਪਣਾ ਮੂੰਹ ਉਜਾੜ ਵੱਲ ਮੋੜ ਲਿਆ। ਜਦੋਂ ਬਿਲਆਮ ਨੇ ਬਾਹਰ ਨਿਗਾਹ ਮਾਰ ਕੇ ਇਸਰਾਏਲ ਨੂੰ ਗੋਤ ਅਨੁਸਾਰ ਡੇਰੇ ਲਾਏ ਹੋਏ ਵੇਖਿਆ ਤਾਂ ਪਰਮੇਸ਼ਵਰ ਦਾ ਆਤਮਾ ਉਸ ਉੱਤੇ ਆਇਆ। ਅਤੇ ਉਸਨੇ ਆਪਣਾ ਸੰਦੇਸ਼ ਸੁਣਾਇਆ:
“ਬਓਰ ਦੇ ਪੁੱਤਰ ਬਿਲਆਮ ਦੀ ਭਵਿੱਖਬਾਣੀ,
ਉਸ ਦੀ ਭਵਿੱਖਬਾਣੀ ਜਿਸ ਦੀ ਅੱਖ ਸਾਫ਼ ਵੇਖਦੀ ਹੈ,
ਪਰਮੇਸ਼ਵਰ ਦੇ ਬਚਨਾਂ ਨੂੰ ਸੁਣਨ ਵਾਲੇ ਦੀ ਭਵਿੱਖਬਾਣੀ,
ਜੋ ਸਰਵਸ਼ਕਤੀਮਾਨ ਤੋਂ ਇੱਕ ਦਰਸ਼ਨ ਵੇਖਦਾ ਹੈ,
ਜਿਹੜਾ ਖੁੱਲ੍ਹੀਆਂ ਅੱਖਾਂ ਨਾਲ ਵੇਖਦਾ ਅਤੇ ਡਿੱਗ ਪੈਦਾ ਹੈ।
“ਹੇ ਯਾਕੋਬ, ਤੇਰੇ ਤੰਬੂ ਕਿੰਨੇ ਸੋਹਣੇ ਹਨ,
ਹੇ ਇਸਰਾਏਲ, ਤੇਰਾ ਵਾਸ ਵੀ!
“ਉਹ ਘਾਟੀ ਦੇ ਵਾਂਗੂੰ ਫੈਲੇ ਹੋਏ ਹਨ,
ਦਰਿਆ ਦੇ ਕੰਢੇ ਦੇ ਬਾਗਾਂ ਵਾਂਗ ਹਨ,
ਯਾਹਵੇਹ ਦੁਆਰਾ ਲਾਇਆ ਗਿਆ ਅਗਰ ਦੇ ਰੁੱਖ ਵਾਂਗੂੰ,
ਪਾਣੀਆਂ ਦੇ ਕੰਡੇ ਤੇ ਦਿਆਰ ਵਾਂਗ।
ਉਹਨਾਂ ਦੀਆਂ ਬਾਲਟੀਆਂ ਵਿੱਚੋਂ ਪਾਣੀ ਵਹਿ ਜਾਵੇਗਾ।
ਉਹਨਾਂ ਦਾ ਬੀਜ ਭਰਪੂਰ ਪਾਣੀਆਂ ਵਿੱਚ ਹੋਵੇਗਾ।
“ਉਹਨਾਂ ਦਾ ਰਾਜਾ ਅਗਾਗ ਨਾਲੋਂ ਵੱਡਾ ਹੋਵੇਗਾ।
ਉਹਨਾਂ ਦਾ ਰਾਜ ਉੱਚਾ ਕੀਤਾ ਜਾਵੇਗਾ।
“ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ।
ਉਹਨਾਂ ਕੋਲ ਜੰਗਲੀ ਬਲਦ ਦੀ ਤਾਕਤ ਹੈ।
ਉਹ ਆਪਣੇ ਦੁਸ਼ਮਣ ਕੌਮਾਂ ਨੂੰ ਖਾ ਜਾਂਦੇ ਹਨ
ਅਤੇ ਉਹਨਾਂ ਦੀਆਂ ਹੱਡੀਆਂ ਨੂੰ ਤੋੜ ਦਿੰਦੇ ਹਨ।
ਉਹ ਆਪਣੇ ਤੀਰਾਂ ਨਾਲ ਉਹਨਾਂ ਨੂੰ ਵਿੰਨ੍ਹ ਦੇਣਗੇ।
ਉਹ ਸ਼ੇਰ ਵਾਂਗੂੰ ਝੁਕਦੇ ਅਤੇ ਲੇਟਦੇ ਹਨ,
ਸ਼ੇਰਨੀ ਵਾਂਗ, ਕੌਣ ਉਹਨਾਂ ਨੂੰ ਜਗਾਉਣ ਦੀ ਹਿੰਮਤ ਕਰਦਾ ਹੈ?
“ਜਿਹੜੇ ਤੈਨੂੰ ਮੁਬਾਰਕ ਆਖਣ ਉਹ ਮੁਬਾਰਕ ਹੋਣ
ਅਤੇ ਜਿਹੜੇ ਤੈਨੂੰ ਸਰਾਪ ਦੇਣ ਉਹ ਸਰਾਪਤ ਹੋਣ!”
ਤਦ ਬਾਲਾਕ ਦਾ ਕ੍ਰੋਧ ਬਿਲਆਮ ਉੱਤੇ ਭੜਕ ਉੱਠਿਆ। ਉਸਨੇ ਆਪਣੇ ਹੱਥ ਉੱਤੇ ਹੱਥ ਮਾਰ ਕੇ ਬਿਲਆਮ ਨੂੰ ਕਿਹਾ, “ਮੈਂ ਤੈਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ, ਪਰ ਤੂੰ ਉਹਨਾਂ ਨੂੰ ਤਿੰਨ ਵਾਰ ਬਰਕਤਾਂ ਤੇ ਬਰਕਤਾਂ ਦਿੱਤੀਆਂ ਹਨ। ਹੁਣ ਆਪਣੇ ਘਰ ਚਲਾ ਜਾ! ਮੈਂ ਕਿਹਾ ਸੀ ਕਿ ਮੈਂ ਤੁਹਾਨੂੰ ਬਹੁਤ ਵਧੀਆ ਇਨਾਮ ਦੇਵਾਂਗਾ, ਪਰ ਯਾਹਵੇਹ ਨੇ ਤੈਨੂੰ ਇਨਾਮ ਲੈਣ ਤੋਂ ਰੋਕਿਆ ਹੈ।”
ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਕੀ ਮੈਂ ਉਹਨਾਂ ਸੰਦੇਸ਼ਵਾਹਕਾਂ ਨੂੰ ਨਹੀਂ ਦੱਸਿਆ ਜਿਨ੍ਹਾਂ ਨੂੰ ਤੂੰ ਮੇਰੇ ਕੋਲ ਭੇਜਿਆ ਸੀ, ‘ਭਾਵੇਂ ਬਾਲਾਕ ਆਪਣੇ ਮਹਿਲ ਵਿੱਚ ਸਾਰਾ ਸੋਨਾ ਅਤੇ ਚਾਂਦੀ ਮੈਨੂੰ ਦੇ ਦੇਵੇ, ਮੈ ਯਾਹਵੇਹ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ ਕਿ ਆਪਣੇ ਹੀ ਮਨ ਤੋਂ ਭਲਾ ਜਾ ਬੁਰਾ ਕਰਾ? ਜਿਹੜਾ ਵਾਕ ਯਾਹਵੇਹ ਕਹੇ ਉਹੀ ਬੋਲਾਂਗਾ।’ ਹੁਣ ਮੈਂ ਆਪਣੇ ਲੋਕਾਂ ਕੋਲ ਵਾਪਸ ਜਾ ਰਿਹਾ ਹਾਂ, ਪਰ ਹਾਂ, ਮੈਂ ਤੁਹਾਨੂੰ ਚੇਤਾਵਨੀ ਦੇਵਾਂ ਕਿ ਇਹ ਲੋਕ ਆਉਣ ਵਾਲੇ ਦਿਨਾਂ ਵਿੱਚ ਤੇਰੇ ਲੋਕਾਂ ਨਾਲ ਕੀ ਕਰਨਗੇ।”
ਬਿਲਆਮ ਦਾ ਚੌਥਾ ਸੰਦੇਸ਼
ਤਦ ਉਸਨੇ ਆਪਣਾ ਸੰਦੇਸ਼ ਸੁਣਾਇਆ:
“ਬਓਰ ਦੇ ਪੁੱਤਰ ਬਿਲਆਮ ਦੀ ਭਵਿੱਖਬਾਣੀ,
ਉਸ ਦੀ ਭਵਿੱਖਬਾਣੀ ਜਿਸਦੀ ਅੱਖ ਸਾਫ਼ ਵੇਖਦੀ ਹੈ,
ਉਸ ਵਿਅਕਤੀ ਦੀ ਭਵਿੱਖਬਾਣੀ ਜੋ ਸੁਣਦਾ ਹੈ। ਪਰਮੇਸ਼ਵਰ ਦੇ ਬਚਨ,
ਜਿਸ ਨੂੰ ਅੱਤ ਮਹਾਨ ਤੋਂ ਗਿਆਨ ਹੈ,
ਜੋ ਸਰਵਸ਼ਕਤੀਮਾਨ ਤੋਂ ਦਰਸ਼ਨ ਵੇਖਦਾ ਹੈ,
ਜੋ ਮੱਥਾ ਟੇਕਦਾ ਹੈ ਅਤੇ ਜਿਸ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ:
“ਮੈਂ ਉਸਨੂੰ ਵੇਖਦਾ ਹਾਂ, ਪਰ ਹੁਣ ਨਹੀਂ;
ਮੈਂ ਉਸ ਨੂੰ ਤੱਕਦਾ ਹਾਂ, ਪਰ ਨੇੜਿਓ ਨਹੀਂ।
ਯਾਕੋਬ ਵਿੱਚੋਂ ਇੱਕ ਤਾਰਾ ਨਿੱਕਲੇਗਾ।
ਅਤੇ ਇਸਰਾਏਲ ਤੋਂ ਇੱਕ ਰਾਜ ਉੱਠੇਗਾ।
ਉਹ ਮੋਆਬ ਦੇ ਮੱਥੇ ਨੂੰ ਚੂਰ-ਚੂਰ ਕਰ ਦੇਵੇਗਾ,
ਸ਼ੈਥ ਦੇ ਸਾਰੇ ਲੋਕਾਂ ਦੀਆਂ ਖੋਪੜੀਆਂ ਭੰਨ ਸੁੱਟੇਗਾ।
ਅਦੋਮ ਨੂੰ ਜਿੱਤ ਲਿਆ ਜਾਵੇਗਾ,
ਉਸ ਦੇ ਦੁਸ਼ਮਣ ਸੇਈਰ ਨੂੰ ਜਿੱਤ ਲਿਆ ਜਾਵੇਗਾ,
ਪਰ ਇਸਰਾਏਲ ਮਜ਼ਬੂਤ ਹੋਵੇਗਾ।
ਇੱਕ ਹਾਕਮ ਯਾਕੋਬ ਵਿੱਚੋਂ ਬਾਹਰ ਆਵੇਗਾ ਅਤੇ ਸ਼ਹਿਰ ਦੇ ਬਚੇ ਹੋਏ ਲੋਕਾਂ ਨੂੰ ਤਬਾਹ ਕਰ ਦੇਵੇਗਾ।”
ਬਿਲਆਮ ਦਾ ਪੰਜਵਾਂ ਸੰਦੇਸ਼
ਤਦ ਬਿਲਆਮ ਨੇ ਅਮਾਲੇਕ ਨੂੰ ਵੇਖਿਆ ਅਤੇ ਆਪਣਾ ਸੰਦੇਸ਼ ਸੁਣਾਇਆ:
“ਅਮਾਲੇਕ ਕੌਮਾਂ ਵਿੱਚ ਸਭ ਤੋਂ ਪਹਿਲਾਂ ਸੀ,
ਪਰ ਉਸ ਦਾ ਅੰਤ ਪੂਰੀ ਤਰ੍ਹਾਂ ਨਸ਼ਟ ਹੀ ਹੋਣਾ ਹੈ।”
ਬਿਲਆਮ ਦਾ ਛੇਵਾਂ ਸੰਦੇਸ਼
ਤਦ ਉਸ ਨੇ ਕੇਨੀਆਂ ਨੂੰ ਵੇਖਿਆ ਅਤੇ ਆਪਣਾ ਸੰਦੇਸ਼ ਸੁਣਾਇਆ:
“ਤੇਰਾ ਰਹਿਣ ਦਾ ਸਥਾਨ ਸੁਰੱਖਿਅਤ ਹੈ,
ਤੇਰਾ ਆਲ੍ਹਣਾ ਇੱਕ ਚੱਟਾਨ ਵਿੱਚ ਹੈ,
ਫਿਰ ਵੀ ਕੇਨੀਆਂ ਦਾ ਨਾਸ਼ ਹੋ ਜਾਵੇਗਾ
ਜਦੋਂ ਤੱਕ ਅੱਸ਼ੂਰ ਤੈਨੂੰ ਬੰਦੀ ਨਾ ਬਣਾ ਲੈਣ।”
ਬਿਲਆਮ ਦਾ ਸੱਤਵਾਂ ਸੰਦੇਸ਼
ਤਦ ਉਸ ਨੇ ਆਪਣਾ ਸੰਦੇਸ਼ ਸੁਣਾਇਆ:
“ਹਾਏ! ਪਰਮੇਸ਼ਵਰ ਦੀ ਕਿਰਪਾ ਤੋਂ ਬਿਨ੍ਹਾਂ ਕੌਣ ਜੀ ਸਕਦਾ ਹੈ?
ਬੇੜੇ ਕਿੱਤੀਮ ਦੇ ਕੰਢਿਆਂ ਤੋਂ ਆਉਣਗੇ,
ਉਹ ਅੱਸ਼ੂਰ ਅਤੇ ਏਬਰ ਨੂੰ ਆਪਣੇ ਅਧੀਨ ਕਰ ਲੈਣਗੇ,
ਪਰ ਉਹ ਵੀ ਤਬਾਹ ਹੋ ਜਾਣਗੇ।”
ਤਦ ਬਿਲਆਮ ਉੱਠਿਆ ਅਤੇ ਘਰ ਮੁੜਿਆ ਅਤੇ ਬਾਲਾਕ ਆਪਣੇ ਰਾਹ ਤੁਰ ਪਿਆ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.