Biblica® Open Punjabi Contemporary Version 2025
ਨਹਮਯਾਹ 6
ਪੁਨਰ ਨਿਰਮਾਣ ਦਾ ਹੋਰ ਵਿਰੋਧ
ਜਦੋਂ ਸਨਬੱਲਟ, ਤੋਬਿਆਹ, ਗੇਸ਼ਮ ਅਰਬੀ ਅਤੇ ਸਾਡੇ ਬਾਕੀ ਦੁਸ਼ਮਣਾਂ ਨੂੰ ਇਹ ਖ਼ਬਰ ਹੋਈ ਕਿ ਮੈਂ ਕੰਧ ਨੂੰ ਦੁਬਾਰਾ ਬਣਾਇਆ ਹੈ ਅਤੇ ਉਸ ਵਿੱਚ ਕੋਈ ਵਿੱਥ ਨਹੀਂ ਛੱਡੀ ਗਈ, ਹਾਲਾਂਕਿ ਮੈਂ ਉਸ ਸਮੇਂ ਤੱਕ ਦਰਵਾਜ਼ੇ ਨਹੀਂ ਲਗਾਏ ਸਨ, ਸਨਬੱਲਟ ਅਤੇ ਗੇਸ਼ਮ ਨੇ ਮੈਨੂੰ ਇਹ ਸੰਦੇਸ਼ ਭੇਜਿਆ, “ਆਓ, ਓਨੋ ਦੇ ਮੈਦਾਨ ਵਿੱਚ ਇੱਕ ਪਿੰਡ ਵਿੱਚ ਇਕੱਠੇ ਮਿਲੀਏ।”
ਪਰ ਉਹ ਮੈਨੂੰ ਨੁਕਸਾਨ ਪਹੁੰਚਣਾ ਚਾਹੁੰਦੇ ਸਨ, ਇਸ ਲਈ ਮੈਂ ਉਹਨਾਂ ਨੂੰ ਸੰਦੇਸ਼ਵਾਹਕਾਂ ਦੇ ਰਾਹੀਂ ਇਹ ਸੁਨੇਹਾ ਭੇਜਿਆ, “ਮੈਂ ਤਾਂ ਇੱਕ ਵੱਡਾ ਕੰਮ ਕਰ ਰਿਹਾ ਹਾਂ ਅਤੇ ਹੇਠਾਂ ਨਹੀਂ ਆ ਸਕਦਾ, ਮੇਰੇ ਤੁਹਾਡੇ ਕੋਲ ਹੇਠਾਂ ਆਉਣ ਦੇ ਕਾਰਨ ਇਹ ਕੰਮ ਕਿਉਂ ਰੋਕਿਆ ਜਾਵੇ?” ਚਾਰ ਵਾਰ ਉਹਨਾਂ ਨੇ ਮੈਨੂੰ ਉਹੀ ਸੰਦੇਸ਼ ਭੇਜਿਆ, ਅਤੇ ਹਰ ਵਾਰ ਮੈਂ ਉਹਨਾਂ ਨੂੰ ਉਹੀ ਜਵਾਬ ਦਿੱਤਾ।
ਫਿਰ ਪੰਜਵੀਂ ਵਾਰੀ ਸਨਬੱਲਟ ਨੇ ਆਪਣੇ ਸੇਵਕ ਦੇ ਹੱਥ ਖੁੱਲ੍ਹੀ ਚਿੱਠੀ ਦੇ ਕੇ ਉਸ ਨੂੰ ਮੇਰੇ ਕੋਲ ਭੇਜਿਆ: ਜਿਸ ਦੇ ਵਿੱਚ ਲਿਖਿਆ ਹੋਇਆ ਸੀ
“ਕੌਮਾਂ ਵਿੱਚ ਇਹ ਗੱਲ ਸੁਣੀ ਗਈ ਹੈ, ਅਤੇ ਗੇਸ਼ਮ ਵੀ ਇਹੋ ਕਹਿੰਦਾ ਹੈ ਕਿ ਤੂੰ ਅਤੇ ਯਹੂਦੀ ਵਿਦਰੋਹੀ ਹੋਣ ਦੀ ਯੋਜਨਾ ਬਣਾਉਂਦੇ ਹੋ ਅਤੇ ਇਸੇ ਕਾਰਨ ਹੀ ਤੂੰ ਉਸ ਕੰਧ ਨੂੰ ਬਣਾਉਂਦਾ ਹੈ ਅਤੇ ਇਨ੍ਹਾਂ ਗੱਲਾਂ ਦੇ ਅਨੁਸਾਰ ਤੂੰ ਉਹਨਾਂ ਦਾ ਰਾਜਾ ਬਣਨਾ ਚਾਹੁੰਦਾ ਹੈ ਅਤੇ ਯੇਰੂਸ਼ਲੇਮ ਵਿੱਚ ਤੁਹਾਡੇ ਬਾਰੇ ਇਹ ਘੋਸ਼ਣਾ ਕਰਨ ਲਈ ਨਬੀ ਵੀ ਨਿਯੁਕਤ ਕੀਤੇ ਹਨ, ‘ਯਹੂਦਾਹ ਵਿੱਚ ਇੱਕ ਰਾਜਾ ਹੈ!’ ਹੁਣ ਇਹ ਖ਼ਬਰ ਰਾਜੇ ਨੂੰ ਵਾਪਸ ਮਿਲ ਜਾਵੇਗੀ। ਇਸ ਲਈ ਹੁਣ ਆਓ, ਅਸੀਂ ਆਪਸ ਵਿੱਚ ਸਲਾਹ ਕਰੀਏ।”
ਜਿਵੇਂ ਤੂੰ ਕਿਹਾ ਹੈ: “ਉਹੋ ਜਿਹੀ ਤਾਂ ਕੋਈ ਵੀ ਗੱਲ ਨਹੀਂ ਹੈ ਕਿਉਂਕਿ ਇਸ ਸਭ ਤੇਰੀਆਂ ਹੀ ਮਨ-ਘੜਤ ਗੱਲਾਂ ਹਨ।”
ਉਹ ਸਾਰੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਇਹ ਸੋਚ ਕੇ, “ਉਹਨਾਂ ਦੇ ਹੱਥ ਕੰਮ ਲਈ ਬਹੁਤ ਕਮਜ਼ੋਰ ਹੋ ਜਾਣਗੇ, ਅਤੇ ਇਹ ਪੂਰਾ ਨਹੀਂ ਹੋਵੇਗਾ।”
ਪਰ ਮੈਂ ਪ੍ਰਾਰਥਨਾ ਕੀਤੀ, “ਹੁਣ ਮੇਰੇ ਹੱਥ ਮਜ਼ਬੂਤ ਕਰੋ।”
ਇੱਕ ਦਿਨ ਮੈਂ ਦਲਾਯਾਹ ਦੇ ਪੁੱਤਰ ਸ਼ਮਅਯਾਹ ਦੇ ਘਰ ਗਿਆ, ਜੋ ਮਹਿਤਾਬੇਲ ਦਾ ਪੁੱਤਰ ਸੀ, ਉਹ ਆਪਣੇ ਘਰ ਵਿੱਚ ਬੰਦ ਸੀ। ਉਸ ਨੇ ਕਿਹਾ, “ਆਓ ਅਸੀਂ ਪਰਮੇਸ਼ਵਰ ਦੇ ਘਰ ਦੇ ਅੰਦਰ ਮਿਲੀਏ, ਅਤੇ ਅਸੀਂ ਭਵਨ ਦੇ ਦਰਵਾਜ਼ੇ ਬੰਦ ਕਰ ਦੇਈਏ ਕਿਉਂਕਿ ਲੋਕ ਤੁਹਾਨੂੰ ਮਾਰਨ ਲਈ ਆ ਰਹੇ ਹਨ, ਰਾਤ ਨੂੰ ਉਹ ਤੁਹਾਨੂੰ ਮਾਰਨ ਲਈ ਆ ਰਹੇ ਹਨ।”
ਪਰ ਮੈਂ ਕਿਹਾ, “ਕੀ ਮੇਰੇ ਵਰਗੇ ਆਦਮੀ ਨੂੰ ਭੱਜਣਾ ਚਾਹੀਦਾ ਹੈ? ਜਾਂ ਮੇਰੇ ਵਰਗਾ ਆਪਣੀ ਜਾਨ ਬਚਾਉਣ ਲਈ ਮੰਦਰ ਵਿੱਚ ਜਾਏ? ਮੈਂ ਨਹੀਂ ਜਾਵਾਂਗਾ!” ਮੈਨੂੰ ਅਹਿਸਾਸ ਹੋਇਆ ਕਿ ਪਰਮੇਸ਼ਵਰ ਨੇ ਉਸਨੂੰ ਨਹੀਂ ਭੇਜਿਆ ਸੀ, ਪਰ ਉਸਨੇ ਮੇਰੇ ਵਿਰੁੱਧ ਭਵਿੱਖਬਾਣੀ ਕੀਤੀ ਸੀ ਕਿਉਂਕਿ ਤੋਬਿਆਹ ਅਤੇ ਸਨਬੱਲਟ ਨੇ ਉਸਨੂੰ ਭਾੜੇ ਤੇ ਰੱਖਿਆ ਸੀ। ਉਹਨਾਂ ਨੇ ਉਸ ਨੂੰ ਇਸ ਲਈ ਭਾੜੇ ਤੇ ਰੱਖਿਆ ਤਾਂ ਜੋ ਮੈਂ ਡਰ ਜਾਵਾਂ ਅਤੇ ਅਜਿਹਾ ਕੰਮ ਕਰਕੇ ਪਾਪੀ ਬਣ ਬੈਠਾ, ਜਿਸ ਨਾਲ ਉਹ ਮੇਰੀ ਬਦਨਾਮੀ ਕਰਨ ਅਤੇ ਇਹ ਮੇਰੀ ਨਿੰਦਿਆ ਦਾ ਕਾਰਨ ਹੋਵੇ।
ਹੇ ਮੇਰੇ ਪਰਮੇਸ਼ਵਰ, ਤੋਬਿਆਹ ਅਤੇ ਸਨਬੱਲਟ ਨੂੰ ਉਹਨਾਂ ਦੇ ਇਹਨਾਂ ਕੰਮਾਂ ਅਨੁਸਾਰ ਅਤੇ ਨੋਆਦਯਾਹ ਨਬੀਆਂ ਅਤੇ ਬਾਕੀ ਸਾਰੇ ਨਬੀਆਂ ਨੂੰ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਸਨ, ਯਾਦ ਰੱਖ। ਇਸ ਤਰ੍ਹਾਂ ਅਲੂਲ ਮਹੀਨੇ ਦੀ ਪੱਚੀ ਤਾਰੀਖ਼ ਨੂੰ ਅਰਥਾਤ ਬਵੰਜਾ ਦਿਨਾਂ ਵਿੱਚ ਕੰਧ ਬਣ ਕੇ ਪੂਰੀ ਹੋ ਗਈ।
ਮੁਕੰਮਲ ਹੋਈ ਕੰਧ ਦਾ ਵਿਰੋਧ
ਜਦੋਂ ਸਾਡੇ ਸਾਰੇ ਦੁਸ਼ਮਣਾਂ ਨੇ ਇਸ ਬਾਰੇ ਸੁਣਿਆ, ਤਾਂ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਡਰ ਗਈਆਂ ਅਤੇ ਆਪਣਾ ਆਤਮ-ਵਿਸ਼ਵਾਸ ਗੁਆ ਲਿਆਂ, ਕਿਉਂਕਿ ਉਹਨਾਂ ਨੇ ਜਾਣ ਲਿਆ ਕਿ ਇਹ ਕੰਮ ਸਾਡੇ ਪਰਮੇਸ਼ਵਰ ਦੀ ਮਦਦ ਨਾਲ ਹੋਇਆ ਹੈ।
ਨਾਲੇ, ਉਹਨਾਂ ਦਿਨਾਂ ਵਿੱਚ ਯਹੂਦਾਹ ਦੇ ਪਤਵੰਤੇ ਤੋਬਿਆਹ ਨੂੰ ਬਹੁਤ ਸਾਰੀਆਂ ਚਿੱਠੀਆਂ ਭੇਜ ਰਹੇ ਸਨ, ਅਤੇ ਟੋਬੀਯਾਹ ਵੱਲੋਂ ਉਹਨਾਂ ਕੋਲ ਗਈਆਂ। ਕਿਉਂ ਜੋ ਯਹੂਦਾਹ ਵਿੱਚ ਬਹੁਤਿਆਂ ਨੇ ਉਹ ਦੀ ਸਹੁੰ ਖਾਧੀ ਸੀ ਕਿਉਂ ਜੋ ਉਹ ਅਰਾਹ ਦੇ ਪੁੱਤਰ ਸ਼ਕਨਯਾਹ ਦਾ ਜਵਾਈ ਸੀ ਅਤੇ ਉਹ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਦੀ ਧੀ ਨਾਲ ਵਿਆਹ ਕੀਤਾ ਸੀ। ਇਸ ਤੋਂ ਇਲਾਵਾ, ਉਹ ਮੈਨੂੰ ਉਸ ਦੇ ਚੰਗੇ ਕੰਮਾਂ ਦੀ ਸੂਚਨਾ ਵੀ ਦਿੰਦੇ ਸੀ ਅਤੇ ਫਿਰ ਉਸ ਨੂੰ ਦੱਸਦੇ ਰਹੇ ਕਿ ਮੈਂ ਕੀ ਕਿਹਾ ਹੈ ਅਤੇ ਤੋਬਿਆਹ ਨੇ ਮੈਨੂੰ ਡਰਾਉਣ ਲਈ ਚਿੱਠੀਆਂ ਭੇਜੀਆਂ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.