Biblica® Open Punjabi Contemporary Version 2025
ਨਹਮਯਾਹ 11
ਯੇਰੂਸ਼ਲੇਮ ਦੇ ਨਵੇਂ ਨਿਵਾਸੀ
ਹੁਣ ਲੋਕਾਂ ਦੇ ਆਗੂ ਯੇਰੂਸ਼ਲੇਮ ਵਿੱਚ ਵੱਸ ਗਏ। ਬਾਕੀ ਦੇ ਲੋਕਾਂ ਨੇ ਉਹਨਾਂ ਵਿੱਚੋਂ ਹਰ ਦਸ ਵਿੱਚੋਂ ਇੱਕ ਨੂੰ ਪਵਿੱਤਰ ਸ਼ਹਿਰ ਯੇਰੂਸ਼ਲੇਮ ਵਿੱਚ ਰਹਿਣ ਲਈ ਗੁਣੇ ਪਾਏ, ਜਦੋਂ ਕਿ ਬਾਕੀ ਦੇ ਨੌਂ ਨੇ ਆਪੋ-ਆਪਣੇ ਨਗਰਾਂ ਵਿੱਚ ਰਹਿਣਾ ਸੀ। ਲੋਕਾਂ ਨੇ ਉਹਨਾਂ ਸਾਰਿਆਂ ਦੀ ਤਾਰੀਫ਼ ਕੀਤੀ ਜਿਨ੍ਹਾਂ ਨੇ ਖੁਸ਼ੀ ਨਾਲ ਯੇਰੂਸ਼ਲੇਮ ਵਿੱਚ ਵੱਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ।
ਇਹ ਉਸ ਸੂਬੇ ਦੇ ਆਗੂ ਹਨ ਜੋ ਯੇਰੂਸ਼ਲੇਮ ਵਿੱਚ ਵੱਸ ਗਏ ਸਨ (ਹੁਣ ਕੁਝ ਇਸਰਾਏਲੀ, ਜਾਜਕ, ਲੇਵੀ, ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੇ ਉੱਤਰਾਧਿਕਾਰੀ ਯਹੂਦਾਹ ਦੇ ਕਸਬਿਆਂ ਵਿੱਚ ਰਹਿੰਦੇ ਸਨ, ਹਰ ਇੱਕ ਵੱਖੋ-ਵੱਖਰੇ ਕਸਬਿਆਂ ਵਿੱਚ ਆਪਣੀ-ਆਪਣੀ ਜਾਇਦਾਦ ਉੱਤੇ ਰਹਿੰਦਾ ਸੀ। ਜਦੋਂ ਕਿ ਯਹੂਦਾਹ ਅਤੇ ਬਿਨਯਾਮੀਨ ਦੋਹਾਂ ਦੇ ਹੋਰ ਲੋਕ ਯੇਰੂਸ਼ਲੇਮ ਵਿੱਚ ਰਹਿੰਦੇ ਸਨ):
ਯਹੂਦਾਹ ਦੇ ਘਰਾਣੇ ਵਿੱਚੋਂ:
ਅਥਾਯਾਹ ਉਜ਼ੀਯਾਹ ਦਾ ਪੁੱਤਰ, ਜ਼ਕਰਯਾਹ ਦਾ ਪੁੱਤਰ, ਅਮਰਯਾਹ ਦਾ ਪੁੱਤਰ, ਸ਼ਫਾਟਯਾਹ ਦਾ ਪੁੱਤਰ, ਜੋ ਮਹਲਲੇਲ ਦਾ ਪੁੱਤਰ ਸੀ। ਪੇਰੇਜ਼ ਦਾ ਇੱਕ ਵੰਸ਼ਜ;
ਅਤੇ ਮਾਸੇਯਾਹ ਜੋ ਬਾਰੂਕ ਦਾ ਪੁੱਤਰ, ਉਹ ਕਾਲ-ਹੋਜ਼ਾ ਦਾ ਪੁੱਤਰ, ਉਹ ਹਜ਼ਯਾਹ ਦਾ ਪੁੱਤਰ, ਉਹ ਅਦਾਯਾਹ ਦਾ ਪੁੱਤਰ, ਉਹ ਯੋਯਾਰੀਬ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਜੋ ਸ਼ੇਲਾਹ ਦੇ ਵੰਸ਼ ਵਿੱਚੋਂ ਸੀ।
ਪੇਰੇਜ਼ ਦੇ ਉੱਤਰਾਧਿਕਾਰੀ ਜੋ ਯੇਰੂਸ਼ਲੇਮ ਵਿੱਚ ਰਹਿੰਦੇ ਸਨ, ਕੁੱਲ ਚਾਰ ਸੋ ਅਠਾਹਟ ਆਦਮੀ ਸਨ।
ਬਿਨਯਾਮੀਨ ਦੇ ਉੱਤਰਾਧਿਕਾਰੀਆਂ ਵਿੱਚੋਂ:
ਸੱਲੂ ਜੋ ਮਸ਼ੁੱਲਾਮ ਦਾ ਪੁੱਤਰ, ਉਹ ਯੋਏਦ ਦਾ ਪੁੱਤਰ, ਉਹ ਪਦਾਯਾਹ ਦਾ ਪੁੱਤਰ, ਉਹ ਕੋਲਾਯਾਹ ਦਾ ਪੁੱਤਰ, ਉਹ ਮਾਸੇਯਾਹ ਦਾ ਪੁੱਤਰ, ਉਹ ਈਥੀਏਲ ਦਾ ਪੁੱਤਰ, ਉਹ ਯਸ਼ਯਾਹ ਦਾ ਪੁੱਤਰ ਸੀ। ਉਸ ਦੇ ਬਾਅਦ ਗੱਬੀ ਅਤੇ ਸੱਲਾਈ ਜਿਨ੍ਹਾਂ ਦੇ ਨਾਲ ਨੌਂ ਸੌ ਅਠਾਈ ਆਦਮੀ ਸਨ।
ਜ਼ਿਕਰੀ ਦਾ ਪੁੱਤਰ ਯੋਏਲ ਉਹਨਾਂ ਦਾ ਮੁੱਖ ਅਫ਼ਸਰ ਸੀ ਅਤੇ ਹਸਨੁਆਹ ਦਾ ਪੁੱਤਰ ਯਹੂਦਾਹ ਸ਼ਹਿਰ ਦੇ ਨਵੇਂ ਚੌਂਕ ਉੱਤੇ ਸੀ।
ਜਾਜਕਾਂ ਵਿੱਚੋਂ:
ਯੋਯਾਰੀਬ ਦਾ ਪੁੱਤਰ ਯਦਾਯਾਹ ਅਤੇ ਯਾਕੀਨ;
ਸਰਾਯਾਹ ਜੋ ਹਿਲਕੀਯਾਹ ਦਾ ਪੁੱਤਰ, ਉਹ ਮਸ਼ੁੱਲਾਮ ਦਾ ਪੁੱਤਰ, ਉਹ ਸਾਦੋਕ ਦਾ ਪੁੱਤਰ, ਉਹ ਮਰਾਯੋਥ ਦਾ ਪੁੱਤਰ, ਉਹ ਅਹੀਟੂਬ ਦਾ ਪੁੱਤਰ, ਜੋ ਪਰਮੇਸ਼ਵਰ ਦੇ ਭਵਨ ਦਾ ਅਧਿਕਾਰੀ ਸੀ। ਅਤੇ ਉਹਨਾਂ ਦੇ ਭਰਾ ਜਿਹੜੇ ਭਵਨ ਦਾ ਕੰਮ ਕਰਦੇ ਸਨ, ਅੱਠ ਸੌ ਬਾਈ ਸਨ;
ਅਤੇ ਅਦਾਯਾਹ ਜੋ ਯਰੋਹਾਮ ਦਾ ਪੁੱਤਰ, ਉਹ ਪਲਲਯਾਹ ਦਾ ਪੁੱਤਰ, ਉਹ ਅਮਸੀ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਉਹ ਪਸ਼ਹੂਰ ਦਾ ਪੁੱਤਰ ਅਤੇ ਉਹ ਮਲਕੀਯਾਹ ਦਾ ਪੁੱਤਰ ਸੀ, ਉਸ ਦੇ ਭਰਾ ਜੋ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਦੋ ਸੌ ਬਤਾਲੀ ਪੁਰਖ ਸਨ;
ਅਤੇ ਅਮਸ਼ਸਈ ਜੋ ਅਜ਼ਰਏਲ ਦਾ ਪੁੱਤਰ, ਉਹ ਅਹਜ਼ਈ ਦਾ ਪੁੱਤਰ, ਉਹ ਮਸ਼ੀਲੇਮੋਥ ਦਾ ਪੁੱਤਰ ਅਤੇ ਉਹ ਇਮੇਰ ਦਾ ਪੁੱਤਰ ਸੀ, ਇਨ੍ਹਾਂ ਦੇ ਇੱਕ ਸੌ ਅਠਾਈ ਸੂਰਬੀਰ ਭਰਾ ਸਨ।
ਅਤੇ ਹੱਗਦੋਲੀਮ ਦਾ ਪੁੱਤਰ ਜ਼ਬਦੀਏਲ ਇਨ੍ਹਾਂ ਦਾ ਪ੍ਰਧਾਨ ਸੀ।
ਲੇਵੀਆਂ ਵਿੱਚੋਂ:
ਸ਼ਮਅਯਾਹ ਜੋ ਹਸ਼ੂਬ ਦਾ ਪੁੱਤਰ, ਉਹ ਅਜ਼ਰੀਕਾਮ ਦਾ ਪੁੱਤਰ, ਉਹ ਹਸ਼ਬਯਾਹ ਦਾ ਪੁੱਤਰ, ਉਹ ਬੁੰਨੀ ਦਾ ਪੁੱਤਰ ਸੀ।
ਸ਼ਬਥਈ ਅਤੇ ਯੋਜ਼ਾਬਾਦ, ਲੇਵੀਆਂ ਦੇ ਦੋ ਮੁਖੀ, ਜੋ ਪਰਮੇਸ਼ਵਰ ਦੇ ਭਵਨ ਦੇ ਬਾਹਰੀ ਕੰਮ ਉੱਤੇ ਨਿਯੁਕਤ ਸਨ;
ਮੱਤਨਯਾਹ ਜੋ ਮੀਕਾ ਦਾ ਪੁੱਤਰ, ਉਹ ਜ਼ਬਦੀ ਦਾ ਪੁੱਤਰ, ਉਹ ਆਸਾਫ਼ ਦਾ ਪੁੱਤਰ ਸੀ ਜਿਹੜਾ ਪ੍ਰਾਰਥਨਾ ਅਤੇ ਧੰਨਵਾਦ ਕਰਨ ਵਾਲਿਆਂ ਦਾ ਪ੍ਰਧਾਨ ਸੀ;
ਅਤੇ ਬਕਬੁਕਯਾਹ ਆਪਣੇ ਭਰਾਵਾਂ ਵਿੱਚੋਂ ਦੂਸਰੇ ਦਰਜੇ ਤੇ ਸੀ;
ਅਤੇ ਅਬਦਾ ਜੋ ਸ਼ਮੂਆਹ ਦਾ ਪੁੱਤਰ, ਉਹ ਗਾਲਾਲ ਦਾ ਪੁੱਤਰ, ਉਹ ਯਦੂਥੂਨ ਦਾ ਪੁੱਤਰ ਸੀ।
ਪਵਿੱਤਰ ਸ਼ਹਿਰ ਵਿੱਚ ਲੇਵੀਆਂ ਦੀ ਕੁੱਲ ਗਿਣਤੀ ਦੋ ਸੌ ਚੁਰਾਸੀ ਸੀ।
ਦਰਬਾਨ:
ਅੱਕੂਬ, ਤਲਮੋਨ ਅਤੇ ਉਹਨਾਂ ਦੇ ਸਾਥੀ, ਜੋ ਦਰਵਾਜ਼ਿਆਂ ਤੇ ਪਹਿਰਾ ਦਿੰਦੇ ਇੱਕ ਸੌ ਬਹੱਤਰ ਆਦਮੀ ਸਨ।
ਬਾਕੀ ਇਸਰਾਏਲੀ ਜਾਜਕ ਅਤੇ ਲੇਵੀ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਆਪੋ-ਆਪਣੇ ਹਿੱਸੇ ਵਿੱਚ ਰਹਿੰਦੇ ਸਨ।
ਭਵਨ ਦੇ ਸੇਵਕ ਓਫੇਲ ਦੀ ਪਹਾੜੀ ਉੱਤੇ ਰਹਿੰਦੇ ਸਨ ਅਤੇ ਜ਼ੀਹਾ ਅਤੇ ਗਿਸ਼ਪਾ ਉਹਨਾਂ ਦੇ ਮੁਖੀ ਸਨ।
ਯੇਰੂਸ਼ਲੇਮ ਵਿੱਚ ਲੇਵੀਆਂ ਦਾ ਮੁੱਖ ਅਧਿਕਾਰੀ ਬਾਨੀ ਦਾ ਪੁੱਤਰ ਉਜ਼ੀ ਸੀ, ਉਹ ਹਸ਼ਬਯਾਹ ਦਾ ਪੁੱਤਰ ਸੀ, ਉਹ ਮੱਤਨਯਾਹ ਦਾ ਪੁੱਤਰ ਸੀ ਅਤੇ ਉਹ ਮੀਕਾ ਦਾ ਪੁੱਤਰ ਸੀ। ਉਜ਼ੀ ਆਸਾਫ਼ ਦੇ ਵੰਸ਼ ਵਿੱਚੋਂ ਇੱਕ ਸੀ, ਜੋ ਪਰਮੇਸ਼ਵਰ ਦੇ ਘਰ ਦੀ ਸੇਵਾ ਲਈ ਜ਼ਿੰਮੇਵਾਰ ਸੰਗੀਤਕਾਰ ਸਨ। ਸੰਗੀਤਕਾਰ ਰਾਜੇ ਦੇ ਹੁਕਮਾਂ ਦੇ ਅਧੀਨ ਸਨ, ਜੋ ਉਹਨਾਂ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਅਨੁਸਾਰ ਪ੍ਰਬੰਧ ਕਰਦੇ ਸਨ।
ਪਥਹਯਾਹ ਜੋ ਮਸ਼ੇਜ਼ਬੇਲ ਦਾ ਪੁੱਤਰ ਜਿਹੜਾ ਯਹੂਦਾਹ ਦੇ ਪੁੱਤਰ ਜ਼ੇਰਾਹ ਦੇ ਵੰਸ਼ ਵਿੱਚੋਂ ਸੀ, ਉਹ ਪਰਜਾ ਦੇ ਸਾਰੇ ਕੰਮ ਲਈ ਰਾਜਾ ਦੇ ਹੱਥ ਵਰਗਾ ਸੀ।
ਜਿੱਥੋਂ ਤੱਕ ਉਹਨਾਂ ਦੇ ਖੇਤਾਂ ਵਾਲੇ ਪਿੰਡਾਂ ਦੀ ਗੱਲ ਹੈ, ਯਹੂਦਾਹ ਦੇ ਕੁਝ ਲੋਕ ਕਿਰਯਥ ਅਰਬਾ ਅਤੇ ਉਸ ਦੇ ਆਲੇ-ਦੁਆਲੇ ਦੀਆਂ ਬਸਤੀਆਂ, ਦੀਬੋਨ ਅਤੇ ਉਸ ਦੇ ਆਲੇ-ਦੁਆਲੇ, ਯਕਬਜ਼ੇਲ ਅਤੇ ਉਸ ਦੇ ਪਿੰਡਾਂ ਵਿੱਚ ਰਹਿੰਦੇ ਸਨ। ਯੇਸ਼ੂਆ ਵਿੱਚ, ਮੋਲਾਦਾਹ ਵਿੱਚ, ਬੈਥ-ਪਲੇਟ ਵਿੱਚ, ਹਾਸੋਰ-ਸ਼ੂਆਲ ਅਤੇ ਬੇਰਸ਼ੇਬਾ ਉਸ ਦੀਆਂ ਬਸਤੀਆਂ ਵਿੱਚ, ਸਿਕਲਗ ਵਿੱਚ, ਮਕੋਨਾਹ ਅਤੇ ਉਸ ਦੀਆਂ ਬਸਤੀਆਂ ਵਿੱਚ, ਏਨ-ਰਿੰਮੋਨ ਵਿੱਚ, ਜ਼ੋਰਾਹ ਵਿੱਚ, ਯਰਮੂਥ ਵਿੱਚ, ਜ਼ਾਨੋਆਹ, ਅਦੁੱਲਾਮ ਅਤੇ ਉਹਨਾਂ ਦੇ ਪਿੰਡਾਂ ਵਿੱਚ ਅਤੇ ਲਾਕੀਸ਼ ਅਤੇ ਉਸ ਦੇ ਖੇਤਾਂ ਵਿੱਚ, ਅਜ਼ੇਕਾਹ ਅਤੇ ਉਸ ਦੀਆਂ ਬਸਤੀਆਂ ਵਿੱਚ, ਉਹ ਬੇਰਸ਼ੇਬਾ ਤੋਂ ਲੈ ਕੇ ਬੇਨ-ਹਿੰਨੋਮ ਦੀ ਵਾਦੀ ਤੱਕ ਡੇਰਿਆਂ ਵਿੱਚ ਰਹਿੰਦੇ ਸਨ।
ਗੇਬਾ ਤੋਂ ਬਿਨਯਾਮੀਨੀਆਂ ਦੇ ਉੱਤਰਾਧਿਕਾਰੀ ਮਿਕਮਾਸ਼, ਅੱਯਾਹ, ਬੈਤਏਲ ਅਤੇ ਉਸ ਦੀਆਂ ਬਸਤੀਆਂ ਵਿੱਚ, ਅਨਾਥੋਥ, ਨੋਬ ਅਤੇ ਹਨਾਨਿਯਾਹ ਵਿੱਚ, ਹਾਜ਼ੋਰ, ਰਾਮਾਹ ਅਤੇ ਗਿੱਤਾਯਮ ਵਿੱਚ, ਹਦੀਦ, ਸਬੋਈਮ, ਨਬੱਲਾਟ, ਲੋਦ, ਓਨੋ ਅਤੇ ਕਾਰੀਗਰਾਂ ਦੀ ਘਾਟੀ ਤੱਕ ਰਹਿੰਦੇ ਸਨ।
ਯਹੂਦਾਹ ਦੇ ਲੇਵੀਆਂ ਦੇ ਕੁਝ ਦਲ ਬਿਨਯਾਮੀਨ ਦੇ ਸੂਬਿਆਂ ਵਿੱਚ ਵੱਸ ਗਏ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.