Biblica® Open Punjabi Contemporary Version 2025
ਮੱਤੀਯਾਹ 2
ਪੂਰਬ ਦੇਸ਼ਾਂ ਵਲੋਂ ਜੋਤਸ਼ੀਆਂ ਦਾ ਆਗਮਨ
ਯਿਸ਼ੂ ਦਾ ਜਨਮ, ਰਾਜਾ ਹੇਰੋਦੇਸ ਦੇ ਰਾਜ ਯਹੂਦਿਯਾ ਪ੍ਰਦੇਸ਼ ਦੇ ਬੇਥਲੇਹੇਮ ਨਗਰ ਵਿੱਚ ਹੋਇਆ, ਤਾਂ ਦੇਖੋ ਪੂਰਬ ਦੇਸ਼ਾ ਵਲੋਂ ਜੋਤਸ਼ੀ ਯੇਰੂਸ਼ਲੇਮ ਨਗਰ ਵਿੱਚ ਆਏ। ਅਤੇ ਪੁੱਛ-ਗਿੱਛ ਕਰਨ ਲੱਗੇ, “ਉਹ ਯਹੂਦਿਯਾ ਦਾ ਰਾਜਾ ਕਿੱਥੇ ਹੈ, ਜਿਸਦਾ ਜਨਮ ਹੋਇਆ ਹੈ? ਕਿਉਂਕਿ ਪੂਰਬ ਦੇਸ਼ਾਂ ਵਿੱਚ ਅਸੀਂ ਉਸ ਦਾ ਤਾਰਾ ਵੇਖਿਆ ਹੈ ਅਤੇ ਅਸੀਂ ਉਸ ਦੀ ਅਰਾਧਨਾ ਕਰਨ ਲਈ ਇੱਥੇ ਆਏ ਹਾਂ।”
ਇਹ ਸੁਣ ਕੇ ਰਾਜਾ ਹੇਰੋਦੇਸ ਅਤੇ ਉਸਦੇ ਨਾਲ ਸਾਰੇ ਯੇਰੂਸ਼ਲੇਮ ਨਿਵਾਸੀ ਵੀ ਘਬਰਾ ਗਏ। ਰਾਜਾ ਹੇਰੋਦੇਸ ਨੇ ਮੁੱਖ ਜਾਜਕਾਂ ਅਤੇ ਸ਼ਾਸਤਰੀਆਂ ਨੂੰ ਇਕੱਠੇ ਕਰਕੇ ਉਹਨਾਂ ਤੋਂ ਪੁੱਛ-ਗਿੱਛ ਕੀਤੀ ਕਿ ਉਹ ਕਿਹੜਾ ਸਥਾਨ ਹੈ ਜਿੱਥੇ ਮਸੀਹ ਦੇ ਜਨਮ ਲੈਣ ਦਾ ਸੰਕੇਤ ਹੈ? ਉਹਨਾਂ ਨੇ ਜਵਾਬ ਦਿੱਤਾ, “ਯਹੂਦਿਯਾ ਦੇ ਪ੍ਰਦੇਸ਼ ਬੇਥਲੇਹੇਮ ਨਗਰ ਵਿੱਚ, ਕਿਉਂਕਿ ਇਹ ਨਬੀਆਂ ਦੁਆਰਾ ਲਿਖਿਆ ਹੋਇਆ ਹੈ:
“ ‘ਪਰ ਤੂੰ, ਯਹੂਦਾਹ ਦੇ ਦੇਸ਼ ਬੇਥਲੇਹੇਮ ਨਗਰ,
ਯਹੂਦਿਯਾ ਦੇ ਹਾਕਮਾਂ ਵਿੱਚੋਂ ਕਿਸੇ ਨਾਲੋਂ ਵੀ ਛੋਟਾ ਨਹੀਂ ਹੈ;
ਕਿਉਂਕਿ ਤੇਰੇ ਵਿੱਚੋਂ ਹੀ ਇੱਕ ਹਾਕਮ ਨਿੱਕਲੇਗਾ,
ਜੋ ਮੇਰੀ ਪਰਜਾ ਇਸਰਾਏਲ ਦਾ ਚਰਵਾਹਾ ਹੋਵੇਗਾ।’1”
ਇਸ ਲਈ ਰਾਜਾ ਹੇਰੋਦੇਸ ਨੇ ਜੋਤਸ਼ੀਆਂ ਨੂੰ ਗੁਪਤ ਵਿੱਚ ਬੁਲਾ ਕੇ ਉਹਨਾਂ ਕੋਲੋਂ ਤਾਰੇ ਦੇ ਵਿਖਾਈ ਦੇਣ ਦੇ ਸਹੀ ਸਮੇਂ ਦੀ ਜਾਣਕਾਰੀ ਲਈ। ਰਾਜੇ ਨੇ ਉਹਨਾਂ ਨੂੰ ਬੇਥਲੇਹੇਮ ਭੇਜਦੇ ਹੋਏ ਆਖਿਆ, “ਜਾਓ ਅਤੇ ਧਿਆਨ ਨਾਲ ਉਸ ਬੱਚੇ ਦੀ ਖ਼ੋਜ ਕਰੋ ਅਤੇ ਜਿਵੇਂ ਹੀ ਉਹ ਤੁਹਾਨੂੰ ਮਿਲੇ ਮੈਨੂੰ ਉਸ ਦੀ ਖ਼ਬਰ ਦਿਓ, ਤਾਂ ਜੋ ਮੈਂ ਵੀ ਜਾ ਕੇ ਉਸਦੀ ਮਹਿਮਾ ਕਰਾਂ।”
ਰਾਜੇ ਦੀ ਗੱਲ ਸੁਣਦੇ ਹੀ ਉਹਨਾਂ ਨੇ ਆਪਣੀ ਯਾਤਰਾ ਅਰੰਭ ਕੀਤੀ। ਅਤੇ ਉਹਨਾਂ ਨੂੰ ਫਿਰ ਉਹ ਹੀ ਤਾਰਾ ਵਿਖਾਈ ਦਿੱਤਾ, ਜੋ ਉਹਨਾਂ ਨੇ ਪੂਰਬ ਦੇਸ਼ਾਂ ਵਿੱਚ ਵੇਖਿਆ ਸੀ। ਉਸ ਤਾਰੇ ਨੂੰ ਵੇਖਦੇ ਹੀ ਉਹ ਬੜੇ ਅਨੰਦ ਨਾਲ ਭਰ ਗਏ। ਘਰ ਵਿੱਚ ਪਰਵੇਸ਼ ਕਰਦੇ ਉਨ੍ਹਾਂ ਨੇ ਉਸ ਬਾਲਕ ਨੂੰ ਉਸਦੀ ਮਾਤਾ ਮਰਿਯਮ ਦੇ ਨਾਲ ਵੇਖਿਆ ਅਤੇ ਝੁਕ ਕੇ ਉਸ ਬਾਲਕ ਦੀ ਅਰਾਧਨਾ ਕੀਤੀ। ਅਤੇ ਫਿਰ ਉਹਨਾਂ ਨੇ ਆਪਣੇ ਕੀਮਤੀ ਉਪਹਾਰ ਸੋਨਾ, ਲੋਬਾਣ ਅਤੇ ਗੰਧਰਸ ਉਸ ਨੂੰ ਭੇਂਟ ਕੀਤੇ। ਤਦ ਉਹਨਾਂ ਨੂੰ ਸੁਪਨੇ ਵਿੱਚ ਪਰਮੇਸ਼ਵਰ ਦੁਆਰਾ ਇਹ ਖ਼ਬਰ ਮਿਲੀ ਕਿ ਉਹ ਰਾਜਾ ਹੇਰੋਦੇਸ ਦੇ ਕੋਲ ਵਾਪਸ ਨਾ ਜਾਣ। ਇਸ ਲਈ ਉਹ ਹੋਰ ਰਸਤੇ ਵਲੋਂ ਆਪਣੇ ਦੇਸ਼ ਨੂੰ ਮੁੜ ਜਾਣ।
ਮਿਸਰ ਦੇਸ਼ ਨੂੰ ਜਾਣਾ
ਜਦ ਉਹ ਚਲੇ ਗਏ ਤਾਂ ਵੇਖੋ ਪ੍ਰਭੂ ਦੇ ਇੱਕ ਸਵਰਗਦੂਤ ਨੇ ਯੋਸੇਫ਼ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਗਿਆ ਦਿੱਤੀ, “ਉੱਠ, ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਨੂੰ ਭੱਜ ਜਾ ਅਤੇ ਉਸ ਸਮੇਂ ਤੱਕ ਉੱਥੇ ਹੀ ਠਹਿਰੇ ਰਹਿਣਾ ਜਦੋਂ ਤੱਕ ਮੈਂ ਤੈਨੂੰ ਆਗਿਆ ਨਾ ਦੇਵਾਂ ਕਿਉਂਕਿ ਹੇਰੋਦੇਸ ਇਸ ਬਾਲਕ ਨੂੰ ਮਾਰਨ ਲਈ ਖੋਜੇਗਾ।”
ਇਸ ਲਈ ਯੋਸੇਫ਼ ਉੱਠਿਆ, ਜਦੋਂ ਰਾਤ ਹੀ ਸੀ, ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਨੂੰ ਚਲਾ ਗਿਆ। ਉਹ ਉੱਥੇ ਹੀ ਹੇਰੋਦੇਸ ਦੀ ਮੌਤ ਤੱਕ ਠਹਿਰੇ ਰਹੇ ਕਿ ਪ੍ਰਭੂ ਦਾ ਇਹ ਵਚਨ ਪੂਰਾ ਹੋਵੇ, ਜਿਹੜਾ ਉਸ ਨੇ ਨਬੀਆਂ ਦੇ ਦੁਆਰਾ ਕਿਹਾ ਸੀ: “ਮਿਸਰ ਦੇਸ਼ ਵਿੱਚੋਂ ਮੈਂ ਆਪਣੇ ਪੁੱਤਰ ਨੂੰ ਬੁਲਾਇਆ।”2
ਇਹ ਪਤਾ ਲੱਗਣ ਤੇ ਕਿ ਜੋਤਸ਼ੀ ਉਸ ਨੂੰ ਮੂਰਖ ਬਣਾ ਗਏ, ਹੇਰੋਦੇਸ ਬਹੁਤ ਹੀ ਗੁੱਸੇ ਵਿੱਚ ਆ ਗਿਆ। ਜੋਤਸ਼ੀਆਂ ਵਲੋਂ ਮਿਲੀ ਸੂਚਨਾ ਦੇ ਅਧਾਰ ਤੇ ਉਸ ਨੇ ਬੇਥਲੇਹੇਮ ਨਗਰ ਅਤੇ ਉਸਦੇ ਨਜ਼ਦੀਕੀ ਖੇਤਰ ਵਿੱਚੋਂ ਦੋ ਸਾਲ ਅਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਦਾ ਕਤਲ ਕਰਵਾਉਣ ਲਈ ਹੁਕਮ ਦੇ ਦਿੱਤਾ। ਤਦ ਉਹ ਵਚਨ ਜਿਹੜਾ ਯੇਰਮਿਯਾਹ ਨਬੀ ਨੇ ਆਖਿਆ ਸੀ ਪੂਰਾ ਹੋਇਆ:
“ਰਾਮਾਹ ਨਗਰ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ,
ਰੋਣਾ ਅਤੇ ਵੱਡਾ ਵਿਰਲਾਪ!
ਰਾਖ਼ੇਲ ਆਪਣੇ ਬੱਚਿਆਂ ਲਈ ਰੋਂਦੀ ਹੈ।
ਸਬਰ ਉਸ ਨੂੰ ਸਵੀਕਾਰ ਨਹੀਂ
ਕਿਉਂਕਿ ਹੁਣ ਉਹ ਨਹੀਂ ਹਨ।”3
ਮਿਸਰ ਦੇਸ਼ ਤੋਂ ਨਾਜ਼ਰੇਥ ਨੂੰ ਪਰਤਣਾ
ਜਦੋਂ ਹੇਰੋਦੇਸ ਦੀ ਮੌਤ ਹੋਈ, ਤਾਂ ਮਿਸਰ ਵਿੱਚ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਯੋਸੇਫ਼ ਨੂੰ ਕਿਹਾ, “ਉੱਠ! ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਇਸਰਾਏਲ ਦੇਸ਼ ਨੂੰ ਚਲਾ ਜਾ ਕਿਉਂਕਿ ਜੋ ਬਾਲਕ ਦੀ ਜਾਨ ਦੇ ਵੈਰੀ ਸਨ, ਉਹ ਮਰ ਗਏ ਹਨ।”
ਇਸ ਲਈ ਯੋਸੇਫ਼ ਉੱਠਿਆ, ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਇਸਰਾਏਲ ਦੇਸ਼ ਵਿੱਚ ਆ ਗਿਆ। ਪਰ ਜਦ ਇਹ ਸੁਣਿਆ ਜੋ ਅਰਕਿਲਾਊਸ ਯਹੂਦਿਯਾ ਵਿੱਚ ਆਪਣੇ ਪਿਤਾ ਹੇਰੋਦੇਸ ਦੇ ਥਾਂ ਰਾਜ ਕਰਦਾ ਹੈ ਤਾਂ ਯੋਸੇਫ਼ ਉੱਥੇ ਜਾਣ ਤੋਂ ਡਰਿਆ, ਤਦ ਸੁਪਨੇ ਵਿੱਚ ਦਰਸ਼ਨ ਪਾ ਕੇ ਗਲੀਲ ਦੇ ਇਲਾਕੇ ਵਿੱਚ ਚੱਲਿਆ ਗਿਆ, ਅਤੇ ਨਾਜ਼ਰੇਥ ਨਗਰ ਵਿੱਚ ਜਾ ਕੇ ਰਹਿਣ ਲੱਗ ਪਿਆ ਤਾਂ ਜੋ ਜਿਹੜਾ ਵਚਨ ਨਬੀਆਂ ਦੇ ਜ਼ਬਾਨੀ ਆਖਿਆ ਗਿਆ ਸੀ ਪੂਰਾ ਹੋਵੇ ਕੇ ਉਹ ਨਾਸਰੀ ਅਖਵਾਵੇਗਾ।
Source notes (3)
- Footnote ਮੀਕਾ 5:2,4
- Footnote ਹੋਸ਼ੇ 11:1
- Footnote ਯਿਰ 31:15
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.