Biblica® Open Punjabi Contemporary Version 2025
ਲੂਕਸ 22
ਯਹੂਦਾਹ ਦਾ ਯਿਸ਼ੂ ਨੂੰ ਧੋਖਾ ਦੇਣ ਲਈ ਸਹਿਮਤ ਹੋਣਾ
ਹੁਣ ਪਤੀਰੀ ਰੋਟੀ ਦਾ ਤਿਉਹਾਰ ਨੇੜੇ ਆ ਰਿਹਾ ਸੀ, ਜਿਸ ਨੂੰ ਪਸਾਹ ਦਾ ਤਿਉਹਾਰ ਕਿਹਾ ਜਾਂਦਾ ਹੈ। ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾਂ ਨੇ ਯਿਸ਼ੂ ਨੂੰ ਮਾਰਨ ਲਈ ਕਿਸੇ ਤਰੀਕੇ ਦੀ ਭਾਲ ਕਰਨ ਵਿੱਚ ਲੱਗੇ, ਪਰ ਉਹ ਲੋਕਾਂ ਤੋਂ ਡਰਦੇ ਸਨ। ਫਿਰ ਸ਼ੈਤਾਨ ਇਸਕਾਰਿਯੋਤ ਵਾਸੀ ਯਹੂਦਾਹ ਵਿੱਚ ਦਾਖਲ ਹੋਇਆ ਜੋ ਕਿ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ। ਅਤੇ ਯਹੂਦਾਹ ਮੁੱਖ ਜਾਜਕਾਂ ਅਤੇ ਹੈਕਲ ਦੇ ਅਧਿਕਾਰੀਆਂ ਕੋਲ ਗਿਆ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਉਹ ਯਿਸ਼ੂ ਨੂੰ ਕਿਵੇਂ ਧੋਖਾ ਦੇ ਸਕਦਾ ਹੈ। ਉਹ ਖੁਸ਼ ਹੋਏ ਅਤੇ ਉਸ ਨੂੰ ਪੈਸੇ ਦੇਣ ਲਈ ਸਹਿਮਤ ਹੋ ਗਏ। ਯਹੂਦਾਹ ਉਹਨਾਂ ਨਾਲ ਸਹਿਮਤ ਹੋਇਆ ਅਤੇ ਯਹੂਦਾ ਯਿਸ਼ੂ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ ਜਦੋਂ ਆਲੇ-ਦੁਆਲੇ ਕੋਈ ਭੀੜ ਨਾ ਹੋਵੇ।
ਆਖਰੀ ਰਾਤ ਦਾ ਖਾਣਾ
ਫਿਰ ਪਤੀਰੀ ਰੋਟੀ ਦੇ ਤਿਉਹਾਰ ਦਾ ਦਿਨ ਆਇਆ, ਜਦੋਂ ਪਸਾਹ ਦੇ ਮੇਮਣੇ ਦੀ ਬਲੀ ਦਿੱਤੀ ਜਾਂਦੀ ਹੈ। ਯਿਸ਼ੂ ਨੇ ਪਤਰਸ ਅਤੇ ਯੋਹਨ ਨੂੰ ਇਹ ਕਹਿ ਕੇ ਭੇਜਿਆ, “ਜਾਓ ਅਤੇ ਸਾਡੇ ਲਈ ਪਸਾਹ ਦੇ ਭੋਜਨ ਦੀ ਤਿਆਰੀਆਂ ਕਰੋ।”
ਉਹਨਾਂ ਨੇ ਪੁੱਛਿਆ, “ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਇਸ ਦੀ ਤਿਆਰੀ ਕਰੀਏ?”
ਯਿਸ਼ੂ ਨੇ ਜਵਾਬ ਦਿੱਤਾ, “ਜਿਵੇਂ ਹੀ ਤੁਸੀਂ ਸ਼ਹਿਰ ਵਿੱਚ ਦਾਖਲ ਹੋਵੋਗੇ, ਤਾਂ ਇੱਕ ਆਦਮੀ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਸ ਦਾ ਪਿੱਛਾ ਕਰਦੇ ਤੁਸੀਂ ਉਸ ਘਰ ਨੂੰ ਜਾਣਾ ਜਿਸ ਵਿੱਚ ਉਹ ਦਾਖਲ ਹੁੰਦਾ ਹੈ, ਅਤੇ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਜੀ ਪੁੱਛਦੇ ਹਨ, ਉਹ ਕਮਰਾ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਭੋਜਨ ਖਾਵਾਂਗਾ?’ ਉਹ ਤੁਹਾਨੂੰ ਉੱਪਰ ਇੱਕ ਵੱਡਾ ਕਮਰਾ ਸਜਾਇਆ ਹੋਇਆ ਦਿਖਾਏਗਾ। ਉੱਥੇ ਜਾ ਕੇ ਤੁਸੀਂ ਤਿਆਰੀ ਕਰੋ।”
ਉਹ ਚਲੇ ਗਏ ਅਤੇ ਉਹਨਾਂ ਨੂੰ ਸਭ ਕੁਝ ਉਸੇ ਤਰ੍ਹਾਂ ਮਿਲਿਆ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਕਿਹਾ ਸੀ। ਇਸ ਲਈ ਉਹਨਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ।
ਜਦੋਂ ਸਮਾਂ ਆਇਆ, ਯਿਸ਼ੂ ਅਤੇ ਉਸ ਦੇ ਰਸੂਲ ਮੇਜ਼ ਤੇ ਬੈਠ ਗਏ। ਅਤੇ ਯਿਸ਼ੂ ਨੇ ਰਸੂਲਾਂ ਨੂੰ ਕਿਹਾ, “ਮੇਰੀ ਬੜੀ ਇੱਛਾ ਸੀ ਕਿ ਮੈਂ ਦੁੱਖ ਭੋਗਣ ਤੋਂ ਪਹਿਲਾਂ ਤੁਹਾਡੇ ਨਾਲ ਇਹ ਪਸਾਹ ਦਾ ਭੋਜਨ ਖਾਵਾਂ। ਮੈਂ ਤੁਹਾਨੂੰ ਦੱਸਦਾ ਹਾਂ, ਜਦੋਂ ਤੱਕ ਇਹ ਪਰਮੇਸ਼ਵਰ ਦੇ ਰਾਜ ਵਿੱਚ ਸੰਪੂਰਣ ਨਹੀਂ ਹੁੰਦਾ ਤਦ ਤੱਕ ਮੈਂ ਇਸ ਨੂੰ ਦੁਬਾਰਾ ਨਹੀਂ ਖਾਵਾਂਗਾ।”
ਪਿਆਲਾ ਲੈਣ ਤੋਂ ਬਾਅਦ, ਉਹਨਾਂ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਕਿਹਾ, “ਇਸ ਨੂੰ ਲਓ ਅਤੇ ਆਪਸ ਵਿੱਚ ਵੰਡ ਲਵੋ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੱਕ ਪਰਮੇਸ਼ਵਰ ਦਾ ਰਾਜ ਨਹੀਂ ਆਉਂਦਾ ਤੱਦ ਤੀਕ ਮੈਂ ਇਸ ਦਾਖ ਦੇ ਰਸ ਵਿੱਚੋਂ ਕਦੇ ਨਹੀਂ ਪੀਵਾਂਗਾ।”
ਅਤੇ ਯਿਸ਼ੂ ਨੇ ਰੋਟੀ ਲਈ, ਪਰਮੇਸ਼ਵਰ ਦਾ ਧੰਨਵਾਦ ਕਰ ਕੇ ਤੋੜੀ ਅਤੇ ਉਹਨਾਂ ਨੂੰ ਦੇ ਕੇ ਕਿਹਾ, “ਇਹ ਮੇਰਾ ਸਰੀਰ ਹੈ, ਜੋ ਤੁਹਾਡੇ ਬਦਲੇ ਦਿੱਤਾ ਗਿਆ ਹੈ; ਇਹ ਮੇਰੀ ਯਾਦਗੀਰੀ ਲਈ ਕਰਿਆ ਕਰੋ।”
ਇਸੇ ਤਰ੍ਹਾਂ, ਰਾਤ ਦੇ ਭੋਜਨ ਤੋਂ ਬਾਅਦ, ਯਿਸ਼ੂ ਨੇ ਪਿਆਲਾ ਲਿਆ ਅਤੇ ਕਿਹਾ, “ਇਹ ਪਿਆਲਾ ਮੇਰੇ ਲਹੂ ਵਿੱਚ ਨਵੀਂ ਵਾਚਾ ਹੈ, ਜਿਹੜਾ ਕਿ ਤੁਹਾਡੇ ਲਈ ਵਹਾਇਆ ਜਾਂਦਾ ਹੈ। ਪਰ ਉਸ ਦਾ ਹੱਥ ਜਿਹੜਾ ਮੈਨੂੰ ਧੋਖਾ ਦੇਵੇਗਾ, ਮੇਰੇ ਨਾਲ ਹੀ ਮੇਜ਼ ਤੇ ਹੈ। ਮਨੁੱਖ ਦਾ ਪੁੱਤਰ ਉਵੇਂ ਹੀ ਮਰੇਗਾ ਜਿਵੇਂ ਇਸ ਦਾ ਹੁਕਮ ਦਿੱਤਾ ਗਿਆ ਹੈ। ਪਰ ਲਾਹਨਤ ਹੈ ਉਸ ਮਨੁੱਖ ਤੇ ਜਿਹੜਾ ਉਸ ਨੂੰ ਧੋਖਾ ਦੇਵੇਗਾ!” ਉਹਨਾਂ ਨੇ ਆਪਸ ਵਿੱਚ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਵਿੱਚੋਂ ਕੌਣ ਹੈ ਜੋ ਇਸ ਤਰ੍ਹਾਂ ਕਰੇਂਗਾ।
ਉਹਨਾਂ ਵਿਚਕਾਰ ਇਹ ਵਿਵਾਦ ਵੀ ਪੈਦਾ ਹੋਇਆ ਕਿ ਉਹਨਾਂ ਵਿੱਚੋਂ ਸਭ ਤੋਂ ਵੱਡਾ ਕੌਣ ਹੈ। ਯਿਸ਼ੂ ਨੇ ਉਹਨਾਂ ਨੂੰ ਆਖਿਆ, “ਗ਼ੈਰ-ਯਹੂਦੀਆਂ ਦੇ ਰਾਜੇ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ। ਅਤੇ ਜੋ ਉਹਨਾਂ ਉੱਤੇ ਅਧਿਕਾਰ ਜਮਾਉਂਦੇ ਉਹ ਆਪਣੇ ਆਪ ਨੂੰ ਲਾਭਦਾਇਕ ਕਹਿੰਦੇ ਹਨ। ਪਰ ਤੁਸੀਂ ਉਸ ਵਰਗੇ ਨਾ ਹੋਵੋ। ਇਸ ਦੀ ਬਜਾਏ, ਜੋ ਕੋਈ ਤੁਹਾਡੇ ਵਿੱਚੋਂ ਸਾਰਿਆਂ ਨਾਲੋਂ ਵੱਡਾ ਹੈ ਉਹ ਛੋਟੇ ਵਾਂਗ ਬਣ ਜਾਵੇ, ਅਤੇ ਜਿਹੜਾ ਰਾਜ ਕਰਦਾ ਹੈ ਉਹੋ ਇੱਕ ਸੇਵਕ ਜਿਹਾ ਬਣੇ। ਕੌਣ ਵੱਡਾ ਹੈ, ਉਹ ਜਿਹੜਾ ਮੇਜ਼ ਤੇ ਬੈਠਾ ਹੈ ਜਾਂ ਜਿਹੜਾ ਸੇਵਾ ਕਰਦਾ ਹੈ? ਕੀ ਉਹ ਨਹੀਂ ਜੋ ਮੇਜ਼ ਤੇ ਬੈਠਾ ਹੈ? ਪਰ ਮੈਂ ਤੁਹਾਡੇ ਵਿੱਚ ਇੱਕ ਸੇਵਕ ਦੀ ਤਰ੍ਹਾਂ ਹਾਂ। ਤੁਸੀਂ ਉਹ ਲੋਕ ਹੋ ਜੋ ਮੇਰੇ ਔਖੇ ਵੇਲੇ ਵਿੱਚ ਮੇਰੇ ਨਾਲ ਖੜ੍ਹੇ ਹੋ। ਅਤੇ ਮੈਂ ਤੁਹਾਨੂੰ ਇੱਕ ਰਾਜ ਦਿੰਦਾ ਹਾਂ, ਜਿਵੇਂ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੇ ਮੇਜ਼ ਤੇ ਬੈਠ ਕੇ ਖਾ ਸਕੋ ਅਤੇ ਸਿੰਘਾਸਣਾਂ ਤੇ ਬਿਰਾਜਮਾਨ ਹੋ ਕੇ ਇਸਰਾਏਲ ਦੇ ਬਾਰ੍ਹਾਂ ਗੋਤਾਂ ਦਾ ਨਿਆਂ ਕਰੋ।
“ਸ਼ਿਮਓਨ, ਸ਼ਿਮਓਨ, ਸ਼ੈਤਾਨ ਨੇ ਤੁਹਾਨੂੰ ਸਾਰਿਆਂ ਨੂੰ ਕਣਕ ਦੀ ਤਰ੍ਹਾਂ ਅਲੱਗ ਕਰਨ ਦੀ ਆਗਿਆ ਲੈ ਲਈ ਹੈ। ਸ਼ਿਮਓਨ, ਮੈਂ ਤੇਰੇ ਲਈ ਪ੍ਰਾਰਥਨਾ ਕੀਤੀ ਹੈ ਤਾਂ ਜੋ ਤੇਰਾ ਵਿਸ਼ਵਾਸ ਬਣਿਆ ਰਹੇ। ਅਤੇ ਜਦੋਂ ਤੂੰ ਵਾਪਸ ਮੁੜੇ ਤਾਂ ਆਪਣੇ ਭਰਾਵਾਂ ਨੂੰ ਵਿਸ਼ਵਾਸ ਵਿੱਚ ਤਕੜਾ ਕਰੀਂ।”
ਪਰ ਪਤਰਸ ਨੇ ਯਿਸ਼ੂ ਨੂੰ ਉੱਤਰ ਦਿੱਤਾ, “ਪ੍ਰਭੂ, ਮੈਂ ਤੁਹਾਡੇ ਨਾਲ ਕੈਦ ਅਤੇ ਮੌਤ ਤੱਕ ਵੀ ਜਾਣ ਲਈ ਤਿਆਰ ਹਾਂ।”
ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੈਨੂੰ ਦੱਸਦਾ ਹਾਂ, ਪਤਰਸ, ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ਕਿ ਮੈਂ ਉਸ ਨੂੰ ਨਹੀਂ ਜਾਣਦਾ।”
ਤਦ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਜਦੋਂ ਮੈਂ ਤੁਹਾਨੂੰ ਬਿਨ੍ਹਾਂ ਪੈਸੇ, ਬਿਨ੍ਹਾਂ ਝੋਲੇ ਅਤੇ ਬਿਨ੍ਹਾਂ ਜੁੱਤੀਆਂ ਦੇ ਭੇਜਿਆਂ ਸੀ, ਕੀ ਤੁਹਾਨੂੰ ਕਿਸੇ ਚੀਜ਼ ਦੀ ਘਾਟ ਸੀ?”
ਉਹਨਾਂ ਨੇ ਉੱਤਰ ਦਿੱਤਾ, “ਕਿਸੇ ਚੀਜ਼ ਦੀ ਨਹੀਂ।”
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪਰ ਹੁਣ ਜੇ ਤੁਹਾਡੇ ਕੋਲ ਬਟੂਆ ਹੈ ਤਾਂ ਇਸ ਨੂੰ ਲੈ ਲਵੋ ਅਤੇ ਝੋਲਾ ਵੀ ਲਵੋ ਅਤੇ ਜੇ ਤੁਹਾਡੇ ਕੋਲ ਤਲਵਾਰ ਨਹੀਂ ਹੈ, ਤਾਂ ਆਪਣੇ ਕੱਪੜੇ ਵੇਚ ਕੇ ਇੱਕ ਤਲਵਾਰ ਖਰੀਦੋ। ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ ਹੈ: ‘ਅਤੇ ਉਹ ਅਪਰਾਧੀਆਂ1 ਨਾਲ ਗਿਣਿਆ ਗਿਆ,’ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਮੇਰੇ ਵਿੱਚ ਪੂਰਾ ਹੋਣਾ ਜ਼ਰੂਰੀ ਹੈ। ਹਾਂ, ਮੇਰੇ ਬਾਰੇ ਜੋ ਲਿਖਿਆ ਗਿਆ ਹੈ ਉਹ ਇਸ ਦੀ ਪੂਰਤੀ ਉੱਤੇ ਪਹੁੰਚ ਰਿਹਾ ਹੈ।”
ਚੇਲਿਆਂ ਨੇ ਕਿਹਾ, “ਵੇਖੋ, ਪ੍ਰਭੂ ਜੀ ਇੱਥੇ ਦੋ ਤਲਵਾਰਾਂ ਹਨ।”
ਉਸ ਨੇ ਜਵਾਬ ਦਿੱਤਾ, “ਇਹ ਕਾਫ਼ੀ ਹੈ।”
ਜ਼ੈਤੂਨ ਦੇ ਪਹਾੜ ਉੱਤੇ ਯਿਸ਼ੂ ਪ੍ਰਾਰਥਨਾ ਕਰਦੇ ਹਨ
ਯਿਸ਼ੂ ਹਮੇਸ਼ਾ ਦੀ ਤਰ੍ਹਾਂ ਜ਼ੈਤੂਨ ਦੇ ਪਹਾੜ ਨੂੰ ਗਏ ਅਤੇ ਉਸ ਦੇ ਚੇਲੇ ਉਹ ਦੇ ਮਗਰ ਹੋ ਤੁਰੇ। ਉਸ ਜਗ੍ਹਾ ਤੇ ਪਹੁੰਚ ਕੇ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਓ।” ਤਦ ਯਿਸ਼ੂ ਚੇਲਿਆਂ ਤੋਂ ਥੋੜ੍ਹੀ ਦੂਰੀ ਲਗਭਗ ਤੀਹ ਫੁੱਟ ਤੇ ਗਏ ਅਤੇ ਉਸ ਨੇ ਗੋਡੇ ਟੇਕ ਕੇ ਇਹ ਪ੍ਰਾਰਥਨਾ ਕੀਤੀ: “ਹੇ ਪਿਤਾ ਜੀ, ਜੇ ਤੁਸੀਂ ਚਾਹੋ ਤਾਂ ਇਹ ਪਿਆਲਾ ਮੇਰੇ ਤੋਂ ਟਲ ਜਾਵੇ। ਮੇਰੀ ਮਰਜ਼ੀ ਨਹੀਂ, ਪਰ ਤੁਹਾਡੀ ਮਰਜ਼ੀ ਪੂਰੀ ਹੋਵੇ।” ਸਵਰਗ ਤੋਂ ਇੱਕ ਦੂਤ ਨੇ ਆ ਕੇ ਉਸ ਨੂੰ ਸਹਾਰਾ ਦਿੱਤਾ। ਅਤੇ ਉਹ ਮਹਾਂ ਕਸ਼ਟ ਵਿੱਚ ਪੈ ਕੇ ਤਨ-ਮਨ ਨਾਲ ਪ੍ਰਾਰਥਨਾ ਕਰਨ ਲੱਗਾ ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗ ਧਰਤੀ ਤੇ ਡਿੱਗ ਰਿਹਾ ਸੀ।
ਜਦੋਂ ਉਹ ਪ੍ਰਾਰਥਨਾ ਕਰਕੇ ਉੱਠੇ ਅਤੇ ਆਪਣੇ ਚੇਲਿਆਂ ਕੋਲ ਗਏ ਤਾਂ ਉਹਨਾਂ ਨੇ ਚੇਲਿਆਂ ਨੂੰ ਉਦਾਸ, ਥੱਕਿਆ ਅਤੇ ਸੁੱਤਿਆ ਪਾਇਆ। ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਕਿਉਂ ਸੌ ਰਹੇ ਹੋ? ਉੱਠੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ।”
ਯਿਸ਼ੂ ਨੂੰ ਗ੍ਰਿਫ਼ਤਾਰ ਕੀਤਾ ਜਾਣਾ
ਜਦੋਂ ਯਿਸ਼ੂ ਅਜੇ ਬੋਲ ਹੀ ਰਿਹਾ ਸੀ, ਤਾਂ ਇੱਕ ਵੱਡੀ ਭੀੜ ਉੱਥੇ ਆ ਗਈ ਅਤੇ ਉਹ ਆਦਮੀ ਜਿਸ ਨੂੰ ਯਹੂਦਾਹ ਕਿਹਾ ਜਾਂਦਾ ਸੀ, ਜੋ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ ਅਤੇ ਉਹ ਉਹਨਾਂ ਦੀ ਅਗਵਾਈ ਕਰ ਰਿਹਾ ਸੀ। ਉਹ ਯਿਸ਼ੂ ਨੂੰ ਚੁੰਮਣ ਲਈ ਅੱਗੇ ਵਧਿਆ, ਪਰ ਯਿਸ਼ੂ ਨੇ ਉਸ ਨੂੰ ਪੁੱਛਿਆ, “ਯਹੂਦਾਹ, ਕੀ ਤੂੰ ਮਨੁੱਖ ਦੇ ਪੁੱਤਰ ਨੂੰ ਚੁੰਮਕੇ ਧੋਖਾ ਦੇ ਰਿਹਾ ਹੈ?”
ਜਦੋਂ ਯਿਸ਼ੂ ਦੇ ਚੇਲਿਆਂ ਨੇ ਵੇਖਿਆ ਕਿ ਇਹ ਕੀ ਹੋਣ ਵਾਲਾ ਹੈ ਤਾਂ ਉਹਨਾਂ ਨੇ ਕਿਹਾ, “ਪ੍ਰਭੂ ਜੀ, ਕੀ ਅਸੀਂ ਆਪਣੀਆਂ ਤਲਵਾਰਾਂ ਨਾਲ ਹਮਲਾ ਕਰੀਏ?” ਉਹਨਾਂ ਵਿੱਚੋਂ ਇੱਕ ਨੇ ਮਹਾਂ ਜਾਜਕ ਦੇ ਨੌਕਰ ਤੇ ਹਮਲਾ ਕੀਤਾ ਅਤੇ ਉਸ ਦਾ ਸੱਜਾ ਕੰਨ ਵੱਢ ਸੁੱਟਿਆ।
ਪਰ ਯਿਸ਼ੂ ਨੇ ਉੱਤਰ ਦਿੱਤਾ, “ਇਸ ਤੋਂ ਵੱਧ ਹੋਰ ਨਹੀਂ!” ਅਤੇ ਉਸ ਨੇ ਉਸ ਮਨੁੱਖ ਦੇ ਕੰਨ ਨੂੰ ਛੂਹਿਆ ਅਤੇ ਉਸ ਨੂੰ ਚੰਗਾ ਕਰ ਦਿੱਤਾ।
ਤਦ ਯਿਸ਼ੂ ਨੇ ਮੁੱਖ ਜਾਜਕਾਂ, ਹੈਕਲ ਦੇ ਅਧਿਕਾਰੀਆਂ ਅਤੇ ਬਜ਼ੁਰਗਾਂ ਨੂੰ ਕਿਹਾ, ਜਿਹੜੇ ਉਸ ਨੂੰ ਫੜ੍ਹਨ ਲਈ ਆਏ ਸਨ, “ਕੀ ਮੈਂ ਇੱਕ ਰਾਜ ਦਰੋਹੀ ਹਾਂ ਜੋ ਤੁਸੀਂ ਤਲਵਾਰਾਂ ਅਤੇ ਡਾਂਗਾ ਲੈ ਕੇ ਮੈਨੂੰ ਫੜ੍ਹਨ ਆਏ ਹੋ? ਹਰ ਦਿਨ ਮੈਂ ਹੈਕਲ ਦੇ ਵਿਹੜੇ ਵਿੱਚ ਤੁਹਾਡੇ ਨਾਲ ਹੁੰਦਾ ਸੀ, ਅਤੇ ਤੁਸੀਂ ਮੇਰੇ ਉੱਤੇ ਹੱਥ ਨਹੀਂ ਪਾਇਆ। ਪਰ ਇਹ ਤੁਹਾਡਾ ਸਮਾਂ ਹੈ, ਜਦੋਂ ਹਨੇਰਾ ਰਾਜ ਕਰਦਾ ਹੈ।”
ਪਤਰਸ ਦਾ ਇਨਕਾਰ
ਤਾਂ ਉਹਨਾਂ ਨੇ ਯਿਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਹ ਨੂੰ ਫੜ੍ਹ ਕੇ ਮਹਾਂ ਜਾਜਕ ਦੇ ਘਰ ਲੈ ਗਏ। ਪਤਰਸ ਥੋੜ੍ਹੀ ਦੂਰੀ ਤੇ ਉਹਨਾਂ ਦੇ ਮਗਰ ਤੁਰਿਆ। ਕੁਝ ਪਹਿਰੇਦਾਰ ਵਿਹੜੇ ਦੇ ਵਿੱਚ ਅੱਗ ਸੇਕਣ ਲਈ ਬੈਠੇ ਸਨ ਅਤੇ ਪਤਰਸ ਵੀ ਉਹਨਾਂ ਨਾਲ ਬੈਠ ਗਿਆ। ਇੱਕ ਨੌਕਰਾਂਣੀ ਨੇ ਪਤਰਸ ਨੂੰ ਅੱਗ ਦੀ ਰੌਸ਼ਨੀ ਵਿੱਚ ਉੱਥੇ ਬੈਠਾ ਵੇਖਿਆ। ਉਸ ਨੇ ਉਸ ਵੱਲ ਧਿਆਨ ਨਾਲ ਵੇਖਿਆ ਅਤੇ ਕਿਹਾ, “ਇਹ ਆਦਮੀ ਉਸ ਦੇ ਨਾਲ ਸੀ।”
ਪਰ ਪਤਰਸ ਨੇ ਇਸ ਤੋਂ ਇਨਕਾਰ ਕੀਤਾ ਅਤੇ ਕਿਹਾ, “ਹੇ ਔਰਤ, ਮੈਂ ਉਸ ਨੂੰ ਨਹੀਂ ਜਾਣਦਾ।”
ਥੋੜ੍ਹੀ ਦੇਰ ਬਾਅਦ ਕਿਸੇ ਹੋਰ ਨੇ ਉਸ ਨੂੰ ਵੇਖਿਆ ਅਤੇ ਕਿਹਾ, “ਤੂੰ ਵੀ ਉਹਨਾਂ ਵਿੱਚੋਂ ਇੱਕ ਹੈ।”
ਪਤਰਸ ਨੇ ਜਵਾਬ ਦਿੱਤਾ, “ਹੇ ਆਦਮੀ, ਮੈਂ ਨਹੀਂ।”
ਤਕਰੀਬਨ ਇੱਕ ਘੰਟੇ ਬਾਅਦ ਇੱਕ ਹੋਰ ਆਦਮੀ ਨੇ ਜ਼ੋਰ ਦੇ ਕੇ ਕਿਹਾ, “ਯਕੀਨਨ ਇਹ ਆਦਮੀ ਉਹਨਾਂ ਵਿੱਚੋਂ ਇੱਕ ਹੈ, ਕਿਉਂਕਿ ਇਹ ਵੀ ਗਲੀਲੀ ਵਾਸੀ ਹੈ।”
ਪਤਰਸ ਨੇ ਉੱਤਰ ਦਿੱਤਾ, “ਆਦਮੀ, ਮੈਂ ਨਹੀਂ ਜਾਣਦਾ ਤੂੰ ਕਿਸ ਬਾਰੇ ਗੱਲ ਕਰ ਰਿਹਾ ਹੈ!” ਜਿਵੇਂ ਉਹ ਬੋਲ ਰਿਹਾ ਸੀ, ਕੁੱਕੜ ਨੇ ਬਾਂਗ ਦਿੱਤੀ। ਉਸੇ ਵੇਲੇ ਪ੍ਰਭੂ ਮੁੜੇ ਅਤੇ ਸਿੱਧਾ ਪਤਰਸ ਵੱਲ ਵੇਖਿਆ। ਤਦ ਪਤਰਸ ਨੂੰ ਯਾਦ ਆਇਆ ਕਿ ਪ੍ਰਭੂ ਨੇ ਉਸਨੂੰ ਕੀ ਕਿਹਾ ਸੀ: “ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।” ਅਤੇ ਪਤਰਸ ਬਾਹਰ ਜਾ ਕੇ ਬੁਰੀ ਤਰ੍ਹਾਂ ਰੋਇਆ।
ਪਹਿਰੇਦਾਰਾ ਦੁਆਰਾ ਯਿਸ਼ੂ ਦਾ ਮਖੌਲ ਉਡਾਇਆ ਜਾਣਾ
ਉਹ ਆਦਮੀ ਜੋ ਯਿਸ਼ੂ ਦੀ ਰਾਖੀ ਕਰ ਰਹੇ ਸਨ, ਉਹਨਾਂ ਨੇ ਯਿਸ਼ੂ ਦਾ ਮਜ਼ਾਕ ਉਡਾਉਣਾ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਯਿਸ਼ੂ ਦੀਆਂ ਅੱਖਾਂ ਤੇ ਕੱਪੜਾ ਬੰਨ੍ਹ ਦਿੱਤਾ ਅਤੇ ਉਸ ਨੂੰ ਪੁੱਛਣਾ ਸ਼ੁਰੂ ਕੀਤਾ, “ਭਵਿੱਖਬਾਣੀ ਕਰ ਕੇ ਦੱਸ ਕਿ, ਤੈਨੂੰ ਕਿਸ ਨੇ ਮਾਰਿਆ?” ਅਤੇ ਉਹਨਾਂ ਨੇ ਯਿਸ਼ੂ ਦੀ ਨਿੰਦਿਆ ਕੀਤੀ ਅਤੇ ਉਹ ਨੂੰ ਅਨੇਕਾਂ ਹੋਰ ਵੀ ਅਪਮਾਨਜਨਕ ਗੱਲਾਂ ਆਖੀਆਂ।
ਯਿਸ਼ੂ ਪਿਲਾਤੁਸ ਅਤੇ ਹੇਰੋਦੇਸ ਅੱਗੇ
ਸਵੇਰ ਵੇਲੇ ਬਜ਼ੁਰਗ, ਮੁੱਖ ਜਾਜਕਾਂ ਅਤੇ ਸ਼ਾਸਤਰੀ ਨੇ ਇਕੱਠੇ ਹੋਏ ਇੱਕ ਸਭਾ ਬੁਲਾਈ ਅਤੇ ਯਿਸ਼ੂ ਨੂੰ ਮਹਾਂ ਸਭਾ ਵਿੱਚ ਲੈ ਗਏ। ਉਹਨਾਂ ਨੇ ਕਿਹਾ, “ਜੇ ਤੂੰ ਮਸੀਹ ਹੈ, ਤਾਂ ਸਾਨੂੰ ਦੱਸ।”
ਯਿਸ਼ੂ ਨੇ ਉੱਤਰ ਦਿੱਤਾ, “ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੋਗੇ, ਅਤੇ ਜੇ ਮੈਂ ਤੁਹਾਨੂੰ ਪੁੱਛਦਾ, ਤੁਸੀਂ ਜਵਾਬ ਨਹੀਂ ਦਿੰਦੇ। ਪਰ ਹੁਣ ਇਸ ਤੋਂ ਬਾਅਦ, ਮਨੁੱਖ ਦਾ ਪੁੱਤਰ ਸਰਵਸ਼ਕਤੀਮਾਨ ਪਰਮੇਸ਼ਵਰ ਦੇ ਸੱਜੇ ਹੱਥ ਬੈਠੇਗਾ।”
ਉਹਨਾਂ ਸਾਰਿਆਂ ਨੇ ਪੁੱਛਿਆ, “ਕੀ ਤੂੰ ਫਿਰ ਪਰਮੇਸ਼ਵਰ ਦਾ ਪੁੱਤਰ ਹੈ?”
ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਕਹਿੰਦੇ ਹੋ ਕਿ ਮੈਂ ਹਾਂ।”
ਤਦ ਉਹਨਾਂ ਨੇ ਕਿਹਾ, “ਹੁਣ ਸਾਨੂੰ ਹੋਰ ਗਵਾਹ ਦੀ ਕੀ ਲੋੜ ਹੈ? ਅਸੀਂ ਇਹ ਉਸਦੇ ਆਪਣੇ ਮੂੰਹ ਵਿੱਚੋਂ ਸੁਣ ਲਿਆ ਹੈ।”
Source notes (1)
- Footnote ਯਸ਼ਾ 53:12
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.