Skip to content
BibleKenya

Biblica® Open Punjabi Contemporary Version 2025

ਲੇਵਿਆਂ 7

ਦੋਸ਼ ਦੀ ਭੇਟ

“ ‘ਦੋਸ਼ ਦੀ ਭੇਟ ਲਈ ਜੋ ਅੱਤ ਪਵਿੱਤਰ ਹੈ, ਉਹ ਇਹ ਬਿਧੀਆਂ ਹਨ। ਦੋਸ਼ ਦੀ ਭੇਟ ਨੂੰ ਉਸੇ ਥਾਂ ਤੇ ਵੱਢਿਆ ਜਾਣਾ ਚਾਹੀਦਾ ਹੈ ਜਿੱਥੇ ਹੋਮ ਦੀ ਭੇਟ ਨੂੰ ਵੱਢਿਆ ਜਾਂਦਾ ਹੈ ਅਤੇ ਜਾਜਕ ਉਸਦਾ ਲਹੂ ਜਗਵੇਦੀ ਦੇ ਚੁਫੇਰੇ ਛਿੜਕਣ। ਇਸ ਦੀ ਸਾਰੀ ਚਰਬੀ ਚੜ੍ਹਾਈ ਜਾਵੇ, ਚਰਬੀ ਅਤੇ ਪੂਛ ਜਿਹੜੀ ਆਂਦਰਾਂ ਨੂੰ ਢੱਕਦੀ ਹੈ। ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ। ਜਾਜਕ ਉਹਨਾਂ ਨੂੰ ਜਗਵੇਦੀ ਉੱਤੇ ਇੱਕ ਭੋਜਨ ਦੀ ਭੇਟ ਵਜੋਂ ਸਾੜੇ, ਜੋ ਯਾਹਵੇਹ ਨੂੰ ਚੜ੍ਹਾਇਆ ਜਾਂਦਾ ਹੈ। ਇਹ ਦੋਸ਼ ਦੀ ਭੇਟ ਹੈ। ਜਾਜਕ ਦੇ ਪਰਿਵਾਰ ਦਾ ਕੋਈ ਵੀ ਮਰਦ ਇਸਨੂੰ ਖਾ ਸਕਦਾ ਹੈ, ਪਰ ਇਸਨੂੰ ਪਵਿੱਤਰ ਸਥਾਨ ਵਿੱਚ ਖਾਧਾ ਜਾ ਸਕਦਾ ਹੈ ਕਿਉਂ ਜੋ ਇਹ ਅੱਤ ਪਵਿੱਤਰ ਹੈ।

“ ‘ਜਿਵੇਂ ਪਾਪ ਬਲੀ ਦੀ ਭੇਟ ਹੈ, ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਹੈ, ਜਿਨ੍ਹਾ ਦੋਹਾਂ ਦੀ ਇੱਕ ਹੀ ਬਿਧੀ ਹੈ, ਉਹ ਜਾਜਕ ਦੇ ਹਨ ਜੋ ਉਹਨਾਂ ਨਾਲ ਪ੍ਰਾਸਚਿਤ ਕਰਦਾ ਹੈ। ਜਿਹੜਾ ਜਾਜਕ ਕਿਸੇ ਵੀ ਵਿਅਕਤੀ ਲਈ ਹੋਮ ਦੀ ਭੇਟ ਚੜ੍ਹਾਉਂਦਾ ਹੈ, ਉਹ ਉਸਦੀ ਖੱਲ ਆਪਣੇ ਲਈ ਰੱਖ ਸਕਦਾ ਹੈ। ਹਰ ਅਨਾਜ ਦੀ ਭੇਟ ਜੋ ਤੰਦੂਰ ਵਿੱਚ ਪਕਾਈ ਜਾਂਦੀ ਹੈ ਜਾਂ ਕੜਾਹੀ ਵਿੱਚ ਪਕਾਈ ਜਾਂਦੀ ਹੈ ਜਾਂ ਤਵੇ ਉੱਤੇ ਪਕਾਈ ਜਾਂਦੀ ਹੈ ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਉਸ ਨੂੰ ਚੜ੍ਹਾਵੇਗਾ। ਅਤੇ ਹਰ ਅਨਾਜ ਦੀ ਭੇਟ, ਭਾਵੇਂ ਜ਼ੈਤੂਨ ਦੇ ਤੇਲ ਵਿੱਚ ਮਿਲਾਈ ਹੋਈ ਹੋਵੇ ਜਾਂ ਸੁੱਕੀ, ਹਾਰੋਨ ਦੇ ਸਾਰੇ ਪੁੱਤਰਾਂ ਲਈ ਬਰਾਬਰ ਦੀ ਹੈ।

ਸੁੱਖ-ਸਾਂਦ ਦੀ ਭੇਟ

“ ‘ਜਿਹੜੀਆਂ ਸੁੱਖ-ਸਾਂਦ ਦੀਆਂ ਭੇਟਾਂ ਯਾਹਵੇਹ ਦੇ ਅੱਗੇ ਚੜ੍ਹਾਉਣੀਆਂ ਹਨ, ਉਨ੍ਹਾਂ ਦੀ ਬਿਵਸਥਾ ਇਹ ਹੈ:

“ ‘ਜੇ ਉਹ ਇਸ ਨੂੰ ਸ਼ੁਕਰਗੁਜ਼ਾਰੀ ਵਜੋਂ ਚੜ੍ਹਾਉਂਦੇ ਹਨ, ਤਾਂ ਇਸ ਧੰਨਵਾਦ ਦੀ ਭੇਟ ਦੇ ਨਾਲ ਉਹ ਬਿਨਾਂ ਖਮੀਰ ਦੇ ਬਣੀਆਂ ਮੋਟੀਆਂ ਰੋਟੀਆਂ ਅਤੇ ਇਸ ਵਿੱਚ ਜ਼ੈਤੂਨ ਦਾ ਤੇਲ ਮਿਲਾ ਕੇ, ਖਮੀਰ ਤੋਂ ਬਿਨਾਂ ਅਤੇ ਤੇਲ ਨਾਲ ਚੋਪੜੀਆਂ ਪਤਲੀਆਂ ਰੋਟੀਆਂ ਅਤੇ ਸਭ ਤੋਂ ਵਧੀਆ ਮੋਟੀਆਂ ਰੋਟੀਆਂ ਚੜ੍ਹਾਉਣ। ਆਟਾ ਚੰਗੀ ਤਰ੍ਹਾਂ ਗੁੰਨ੍ਹਿਆ ਹੋਵੇ ਅਤੇ ਤੇਲ ਨਾਲ ਮਿਲਾਇਆ ਹੋਵੇ। ਅਤੇ ਉਹ ਸੁੱਖ-ਸਾਂਦ ਦੀਆਂ ਭੇਟਾਂ ਵਿੱਚ ਧੰਨਵਾਦ ਦੀ ਬਲੀ ਨਾਲ ਖਮੀਰੀ ਰੋਟੀ ਵੀ ਚੜ੍ਹਾਵੇ। ਉਹਨਾਂ ਨੂੰ ਹਰ ਕਿਸਮ ਦਾ ਇੱਕ ਭੇਟ ਵਜੋਂ ਲਿਆਉਣਾ ਹੈ, ਯਾਹਵੇਹ ਲਈ ਇੱਕ ਯੋਗਦਾਨ; ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਸੁੱਖ-ਸਾਂਦ ਦੀਆਂ ਭੇਟਾਂ ਦੇ ਲਹੂ ਨੂੰ ਛਿੜਕੇ। ਧੰਨਵਾਦ ਵਜੋਂ ਚੜ੍ਹਾਈਆਂ ਗਈਆਂ ਸੁੱਖ-ਸਾਂਦ ਦੀਆਂ ਭੇਟਾਂ ਦਾ ਮਾਸ ਉਸ ਦਿਨ ਹੀ ਖਾਣਾ ਚਾਹੀਦਾ ਹੈ ਜਿਸ ਦਿਨ ਇਸਦੀ ਬਲੀ ਚੜ੍ਹਾਈ ਜਾਂਦੀ ਹੈ। ਉਸਨੂੰ ਸਵੇਰ ਤੱਕ ਕੁਝ ਵੀ ਨਹੀਂ ਬਚਾਉਣਾ ਚਾਹੀਦਾ।

“ ‘ਪਰ ਜੇਕਰ ਉਸ ਦੀ ਬਲੀ ਵਿੱਚੋਂ ਕੁਝ ਚੜ੍ਹਾਵਾ ਭਾਵੇਂ ਉਹ ਸੁੱਖਣਾ ਦਾ, ਜਾ ਖੁਸ਼ੀ ਦੀ ਭੇਟ ਦਾ ਹੋਵੇ, ਤਾਂ ਉਹ ਉਸੇ ਦਿਨ ਖਾਧਾ ਜਾਵੇ, ਜਿਸ ਦਿਨ ਉਹ ਆਪਣੀ ਬਲੀ ਚੜ੍ਹਾਉਂਦਾ ਹੈ, ਅਤੇ ਜੋ ਬਾਕੀ ਬਚ ਜਾਵੇ ਉਹ ਦੂਸਰੇ ਦਿਨ ਵੀ ਖਾਧਾ ਜਾਵੇ। ਬਲੀਦਾਨ ਦਾ ਜੋ ਵੀ ਮਾਸ ਤੀਜੇ ਦਿਨ ਤੱਕ ਬਚਿਆ ਹੈ, ਉਸਨੂੰ ਅੱਗ ਵਿੱਚ ਸਾੜ ਦਿੱਤਾ ਜਾਵੇ। ਜੇਕਰ ਸੁੱਖ-ਸਾਂਦ ਦੀ ਭੇਟ ਦਾ ਕੋਈ ਮਾਸ ਤੀਜੇ ਦਿਨ ਖਾਧਾ ਜਾਂਦਾ ਹੈ, ਤਾਂ ਉਸ ਨੂੰ ਭੇਟ ਕਰਨ ਵਾਲਾ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਨਾ ਚੜ੍ਹਾਉਣ ਵਾਲੇ ਦੇ ਲੇਖੇ ਵਿੱਚ ਗਿਣਿਆ ਜਾਵੇਗਾ। ਉਹ ਘਿਣਾਉਣਾ ਮੰਨਿਆ ਜਾਵੇਗਾ ਅਤੇ ਜਿਹੜਾ ਮਨੁੱਖ ਉਸਨੂੰ ਖਾਵੇਗਾ, ਉਹ ਆਪਣਾ ਦੋਸ਼ ਆਪ ਚੁੱਕੇਗਾ।

“ ‘ਉਹ ਮਾਸ ਜੋ ਰਸਮੀ ਤੌਰ ਤੇ ਕਿਸੇ ਵੀ ਅਸ਼ੁੱਧ ਚੀਜ਼ ਨੂੰ ਛੂੰਹਦਾ ਹੈ, ਨਹੀਂ ਖਾਣਾ ਚਾਹੀਦਾ। ਇਸ ਨੂੰ ਸਾੜ ਦਿੱਤਾ ਜਾਣਾ ਚਾਹੀਦਾ ਹੈ। ਸੁੱਖ-ਸਾਂਦ ਦੀਆਂ ਬਲੀਆਂ ਦੇ ਮਾਸ ਨੂੰ ਉਹ ਸਾਰੇ ਲੋਕ ਖਾਣ ਜੋ ਸ਼ੁੱਧ ਹੋਣ। ਪਰ ਜੇਕਰ ਕੋਈ ਅਸ਼ੁੱਧ ਹੈ, ਤਾਂ ਉਹ ਯਾਹਵੇਹ ਦੀ ਸੁੱਖ-ਸਾਂਦ ਦੀ ਭੇਟ ਦਾ ਮਾਸ ਖਾਵੇ, ਤਾਂ ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। ਜੋ ਕੋਈ ਵੀ ਕਿਸੇ ਅਸ਼ੁੱਧ ਚੀਜ਼ ਨੂੰ ਛੂੰਹਦਾ ਹੈ ਭਾਵੇਂ ਮਨੁੱਖੀ ਅਸ਼ੁੱਧਤਾ ਹੋਵੇ ਜਾਂ ਕੋਈ ਅਸ਼ੁੱਧ ਜਾਨਵਰ ਜਾਂ ਕੋਈ ਵੀ ਅਸ਼ੁੱਧ ਪ੍ਰਾਣੀ ਜੋ ਜ਼ਮੀਨ ਤੇ ਚੱਲਦੀ ਹੈ, ਅਤੇ ਫਿਰ ਯਾਹਵੇਹ ਨਾਲ ਸੰਬੰਧਿਤ ਸੁੱਖ-ਸਾਂਦ ਦੀ ਭੇਟ ਦੇ ਮਾਸ ਵਿੱਚੋਂ ਕੋਈ ਵੀ ਖਾਂਦਾ ਹੈ, ਉਸ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।’ ”

ਚਰਬੀ ਅਤੇ ਖੂਨ ਖਾਣਾ ਮਨਾ ਹੈ

ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਇਸਰਾਏਲੀਆਂ ਨੂੰ ਆਖ, ‘ਪਸ਼ੂਆਂ, ਭੇਡਾਂ ਜਾਂ ਬੱਕਰੀਆਂ ਦੀ ਚਰਬੀ ਵਿੱਚੋਂ ਕੋਈ ਵੀ ਨਾ ਖਾਓ। ਜੰਗਲੀ ਜਾਨਵਰਾਂ ਦੁਆਰਾ ਮਰੇ ਹੋਏ ਜਾਂ ਪਾੜੇ ਹੋਏ ਜਾਨਵਰ ਦੀ ਚਰਬੀ ਨੂੰ ਕਿਸੇ ਹੋਰ ਉਦੇਸ਼ ਲਈ ਵਰਤਿਆ ਜਾਵੇ, ਪਰ ਤੁਹਾਨੂੰ ਇਸ ਨੂੰ ਨਹੀਂ ਖਾਣਾ ਚਾਹੀਦਾ। ਜੇ ਕੋਈ ਕਿਸੇ ਜਾਨਵਰ ਦੀ ਚਰਬੀ ਨੂੰ ਖਾਵੇ ਜਿਹੜਾ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਇਆ ਗਿਆ ਹੋਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। ਅਤੇ ਤੁਸੀਂ ਜਿੱਥੇ ਵੀ ਰਹਿੰਦੇ ਹੋ, ਤੁਹਾਨੂੰ ਕਿਸੇ ਵੀ ਪੰਛੀ ਜਾਂ ਜਾਨਵਰ ਦਾ ਖੂਨ ਨਹੀਂ ਖਾਣਾ ਚਾਹੀਦਾ। ਜਿਹੜਾ ਵੀ ਖੂਨ ਖਾਂਦਾ ਹੈ, ਉਸ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।’ ”

ਜਾਜਕ ਦਾ ਹਿੱਸਾ

ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਇਸਰਾਏਲੀਆਂ ਨੂੰ ਆਖ, ‘ਕੋਈ ਵੀ ਜੋ ਦੂਜੇ ਯਾਹਵੇਹ ਦੇ ਅੱਗੇ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਵੇ ਉਹ ਆਪਣੀਆਂ ਉਸੇ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਯਾਹਵੇਹ ਦੇ ਅੱਗੇ ਲਿਆਵੇ। ਉਹ ਆਪਣੇ ਹੱਥ ਦੇ ਨਾਲ ਯਾਹਵੇਹ ਦੀਆਂ ਅੱਗ ਦੀਆਂ ਭੇਟਾਂ ਲਿਆਵੇ ਅਰਥਾਤ ਛਾਤੀ ਦੇ ਸਮੇਤ ਚਰਬੀ ਲਿਆਵੇ, ਤਾਂ ਜੋ ਛਾਤੀ ਯਾਹਵੇਹ ਦੇ ਅੱਗੇ ਹਿਲਾਉਣ ਦੀ ਭੇਟ ਕਰਕੇ ਹਿਲਾਈ ਜਾਵੇ। ਜਾਜਕ ਚਰਬੀ ਨੂੰ ਜਗਵੇਦੀ ਤੇ ਸਾੜੇਗਾ, ਪਰ ਛਾਤੀ ਹਾਰੋਨ ਅਤੇ ਉਸ ਦੇ ਪੁੱਤਰਾਂ ਦੀ ਹੈ। ਅਤੇ ਤੁਸੀਂ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਵਿੱਚ ਸੱਜੇ ਪੱਟ ਨੂੰ ਚੁੱਕਣ ਦੀ ਭੇਟ ਕਰਕੇ ਜਾਜਕ ਨੂੰ ਦੇਣਾ। ਹਾਰੋਨ ਪੁੱਤਰ ਜੋ ਸੁੱਖ-ਸਾਂਦ ਦੀਆਂ ਭੇਟਾਂ ਦਾ ਲਹੂ ਅਤੇ ਚਰਬੀ ਚੜ੍ਹਾਵੇ, ਸੱਜਾ ਪੱਟ ਉਸੇ ਦਾ ਹਿੱਸਾ ਹੋਵੇਗਾ। ਇਸਰਾਏਲੀਆਂ ਦੀ ਸੰਗਤੀ ਭੇਟਾਂ ਤੋਂ, ਮੈਂ ਉਹ ਛਾਤੀ ਜਿਹੜੀ ਲਹਿਰਾਈ ਜਾਂਦੀ ਹੈ ਅਤੇ ਉਹ ਪੱਟ ਜੋ ਪੇਸ਼ ਕੀਤਾ ਗਿਆ ਹੈ, ਲੈ ਲਿਆ ਹੈ ਅਤੇ ਉਹਨਾਂ ਨੂੰ ਹਾਰੋਨ ਜਾਜਕ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਇਸਰਾਏਲੀਆਂ ਤੋਂ ਸਦਾ ਲਈ ਹਿੱਸਾ ਲੈਣ ਲਈ ਦਿੱਤਾ ਹੈ।’ ”

ਇਹ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਯਾਹਵੇਹ ਨੂੰ ਅੱਗ ਦੁਆਰਾ ਚੜ੍ਹਾਈਆਂ ਗਈਆਂ ਭੇਟਾਂ ਦਾ ਹਿੱਸਾ ਹੈ। ਜਿਸ ਦਿਨ ਤੋਂ ਉਸਨੇ ਉਨ੍ਹਾਂ ਨੂੰ ਜਾਜਕ ਦੀ ਸੇਵਾ ਲਈ ਯਾਹਵੇਹ ਦੇ ਅੱਗੇ ਪੇਸ਼ ਕੀਤਾ। ਜਿਸ ਦਿਨ ਉਹਨਾਂ ਨੂੰ ਮਸਹ ਕੀਤਾ ਗਿਆ ਸੀ, ਉਸ ਦਿਨ ਪਰਮੇਸ਼ਵਰ ਨੇ ਹੁਕਮ ਦਿੱਤਾ ਸੀ ਕਿ ਇਸਰਾਏਲੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਹਨਾਂ ਦਾ ਇਹ ਹੱਕ ਠਹਿਰਾਇਆ ਗਿਆ।

ਹੋਮ ਬਲੀ ਦੀ ਭੇਟ, ਅਨਾਜ ਦੀ ਭੇਟ, ਪਾਪ ਬਲੀ, ਦੋਸ਼ ਬਲੀ ਦੀ ਭੇਟ, ਜਾਜਕਾਂ ਨੂੰ ਪਵਿੱਤਰ ਠਹਿਰਾਉਣ ਦੀ ਬਲੀ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਇਹ ਨਿਯਮ ਹਨ, ਜਦ ਯਾਹਵੇਹ ਨੇ ਸੀਨਾਈ ਪਰਬਤ ਦੇ ਉਜਾੜ ਵਿੱਚ ਮੋਸ਼ੇਹ ਨੂੰ ਹੁਕਮ ਦਿੱਤਾ ਕਿ ਇਸਰਾਏਲੀ ਯਾਹਵੇਹ ਲਈ ਕਿਹੜੀਆਂ-ਕਿਹੜੀਆਂ ਭੇਟਾਂ ਚੜ੍ਹਾਉਣ, ਤਦ ਉਸ ਨੇ ਉਨ੍ਹਾਂ ਨੂੰ ਇਹੋ ਬਿਵਸਥਾ ਦਿੱਤੀ ਸੀ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.