Biblica® Open Punjabi Contemporary Version 2025
ਲੇਵਿਆਂ 6
ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਜੇ ਕੋਈ ਮਨੁੱਖ ਯਾਹਵੇਹ ਦੇ ਵਿਰੁੱਧ ਪਾਪ ਕਰਕੇ ਦੋਸ਼ੀ ਠਹਿਰੇ ਅਤੇ ਆਪਣੇ ਗੁਆਂਢੀ ਨਾਲ ਗਿਰਵੀ ਰੱਖੀ ਹੋਈ ਵਸਤੂ, ਲੈਣ ਦੇਣ ਅਤੇ ਠੱਗੀ ਦੇ ਮਾਮਲੇ ਵਿੱਚ ਉਸ ਨਾਲ ਧੋਖਾ ਕਰੇ ਜਾਂ ਉਸ ਨੂੰ ਲੁੱਟੇ, ਜਾਂ ਗੁੰਮ ਹੋਈ ਚੀਜ਼ ਉਸਨੂੰ ਲੱਭੇ, ਅਤੇ ਇਸ ਬਾਰੇ ਝੂਠ ਬੋਲੇ, ਜਾਂ ਉਹ ਕਿਸੇ ਅਜਿਹੇ ਪਾਪ ਬਾਰੇ ਝੂਠੀ ਸਹੁੰ ਖਾਵੇ ਜੋ ਲੋਕ ਕਰ ਸਕਦੇ ਹਨ, ਜਦੋਂ ਉਹ ਇਹਨਾਂ ਵਿੱਚੋਂ ਕਿਸੇ ਵੀ ਤਰੀਕੇ ਦਾ ਪਾਪ ਕਰਨ, ਅਤੇ ਆਪਣੇ ਗੁਨਾਹ ਦਾ ਅਹਿਸਾਸ ਕਰਦੇ ਹਨ, ਤਾਂ ਉਹ ਉਸ ਚੀਜ਼ਾਂ ਨੂੰ ਵਾਪਸ ਕਰ ਦੇਣ, ਜੋ ਉਹਨਾਂ ਨੇ ਚੋਰੀ ਕੀਤੀ ਹੋਵੇ ਜਾਂ ਜ਼ਬਰਦਸਤੀ ਰੱਖ ਲਈ ਹੋਵੇ, ਜਾਂ ਉਹਨਾਂ ਨੂੰ ਜੋ ਸੌਂਪਿਆ ਗਿਆ ਸੀ, ਜਾਂ ਉਹਨਾਂ ਨੂੰ ਉਹ ਚੀਜ਼ ਮਿਲ ਗਈ ਜੋ ਉਹਨਾਂ ਨੇ ਗੁਆ ਦਿੱਤੀ ਸੀ, ਜਾਂ ਕੋਈ ਵੀ ਵਸਤੂ ਹੋਵੇ ਜਿਸ ਬਾਰੇ ਉਹਨਾਂ ਨੇ ਝੂਠੀ ਸਹੁੰ ਚੱਕੀ ਹੋਵੇ, ਤਾਂ ਜਿਸ ਦਿਨ ਉਸ ਨੂੰ ਇਹ ਖ਼ਬਰ ਹੋਵੇ ਕਿ ਉਹ ਦੋਸ਼ੀ ਹੈ ਤਾਂ ਉਹ ਉਸਨੂੰ ਉਸੇ ਤਰ੍ਹਾਂ ਹੀ ਸਗੋਂ ਉਸ ਦੇ ਨਾਲ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਦੇ ਸੁਆਮੀ ਨੂੰ ਮੋੜ ਦੇਵੇ। ਅਤੇ ਉਹ ਯਾਹਵੇਹ ਦੇ ਅੱਗੇ ਆਪਣੀ ਦੋਸ਼ ਬਲੀ ਦੀ ਭੇਟ ਲਈ ਇੱਜੜ ਵਿੱਚੋਂ ਦੋਸ਼ ਰਹਿਤ ਇੱਕ ਭੇਡੂ ਜਾਜਕ ਦੇ ਕੋਲ ਲਿਆਵੇ, ਉਸ ਦਾ ਮੁੱਲ ਓਨਾ ਹੀ ਹੋਵੇ ਜਿਨ੍ਹਾਂ ਜਾਜਕ ਠਹਿਰਾਵੇ। ਇਸ ਤਰ੍ਹਾਂ ਜਾਜਕ ਉਹਨਾਂ ਲਈ ਯਾਹਵੇਹ ਦੇ ਸਾਹਮਣੇ ਪ੍ਰਾਸਚਿਤ ਕਰੇਗਾ ਅਤੇ ਉਹਨਾਂ ਨੂੰ ਉਹਨਾਂ ਪਾਪਾਂ ਲਈ ਮਾਫ਼ ਕੀਤਾ ਜਾਵੇਗਾ ਜਿਸ ਦੇ ਕਾਰਨ ਉਹ ਦੋਸ਼ੀ ਠਹਿਰਾਏ ਗਏ ਸੀ।”
ਬਲਦੀ ਭੇਟ
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਇਹ ਹੁਕਮ ਦੇ ਕਿ ਹੋਮ ਦੀ ਭੇਟ ਲਈ ਇਹ ਬਿਧੀਆਂ ਹਨ: ਹੋਮ ਦੀ ਭੇਟ ਜਗਵੇਦੀ ਉੱਤੇ ਸਾਰੀ ਰਾਤ, ਸਵੇਰ ਤੱਕ ਰੱਖੀ ਜਾਵੇ ਅਤੇ ਜਗਵੇਦੀ ਉੱਤੇ ਅੱਗ ਬਲਦੀ ਰਹਿਣੀ ਚਾਹੀਦੀ ਹੈ। ਫਿਰ ਜਾਜਕ ਆਪਣੇ ਸੂਤੀ ਕੱਪੜੇ ਪਾਵੇ, ਆਪਣੇ ਸਰੀਰ ਤੇ ਸੁੱਤੀ ਕੱਪੜੇ ਦਾ ਕੱਛਾ ਪਾਵੇ ਅਤੇ ਹੋਮ ਦੀ ਭੇਟ ਦੀ ਰਾਖ ਨੂੰ ਜਗਵੇਦੀ ਉੱਤੇ ਲਾਹ ਕੇ ਜਗਵੇਦੀ ਦੇ ਕੋਲ ਰੱਖ ਦੇਵੇ। ਫਿਰ ਉਹ ਇਨ੍ਹਾਂ ਕੱਪੜਿਆਂ ਨੂੰ ਲਾਹ ਕੇ ਹੋਰ ਕੱਪੜੇ ਪਾ ਲਵੇ ਅਤੇ ਸੁਆਹ ਨੂੰ ਡੇਰੇ ਤੋਂ ਬਾਹਰ ਅਜਿਹੀ ਜਗ੍ਹਾ ਲੈ ਜਾਵੇ ਜੋ ਰਸਮੀ ਤੌਰ ਤੇ ਸਾਫ਼ ਹੋਵੇ। ਜਗਵੇਦੀ ਉੱਤੇ ਅੱਗ ਬਲਦੀ ਰਹੇ; ਉਹ ਕਦੇ ਨਾ ਬੁਝਾਈ ਜਾਵੇ। ਜਾਜਕ ਹਰ ਰੋਜ਼ ਉਸ ਉੱਤੇ ਲੱਕੜਾਂ ਬਾਲਣ ਅਤੇ ਹੋਮ ਦੀ ਭੇਟ ਸੁਧਾਰ ਕੇ ਰੱਖਣ ਅਤੇ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਨੂੰ ਸਾੜਨ। ਅੱਗ ਜਗਵੇਦੀ ਉੱਤੇ ਲਗਾਤਾਰ ਬਲਦੀ ਰਹੇ, ਉਹ ਕਦੇ ਵੀ ਬੁਝਾਈ ਨਾ ਜਾਵੇ।
ਅਨਾਜ ਦੀ ਭੇਟ
“ ‘ਅਨਾਜ ਦੀ ਭੇਟ ਲਈ ਇਹ ਨਿਯਮ ਹਨ ਕਿ ਹਾਰੋਨ ਦੇ ਪੁੱਤਰ ਇਸ ਨੂੰ ਜਗਵੇਦੀ ਦੇ ਸਾਹਮਣੇ ਯਾਹਵੇਹ ਦੇ ਅੱਗੇ ਲਿਆਣ। ਜਾਜਕ ਇੱਕ ਮੁੱਠੀ ਭਰ ਵਧੀਆ ਆਟਾ ਅਤੇ ਥੋੜ੍ਹਾ ਜਿਹਾ ਜ਼ੈਤੂਨ ਦਾ ਤੇਲ ਲਵੇ, ਅਤੇ ਅਨਾਜ ਦੀ ਭੇਟ ਦੇ ਸਾਰੇ ਧੂਪਾਂ ਦੇ ਨਾਲ, ਅਤੇ ਯਾਦਗਾਰੀ ਹਿੱਸੇ ਨੂੰ ਜਗਵੇਦੀ ਉੱਤੇ ਇੱਕ ਸੁਗੰਧ ਵਜੋਂ ਸਾੜ ਦੇਣਾ ਚਾਹੀਦਾ ਹੈ ਜੋ ਯਾਹਵੇਹ ਨੂੰ ਪ੍ਰਸੰਨ ਕਰਦਾ ਹੈ। ਜੋ ਬਚ ਜਾਵੇ ਹਾਰੋਨ ਅਤੇ ਉਸਦੇ ਪੁੱਤਰ ਇਸ ਦਾ ਬਾਕੀ ਹਿੱਸਾ ਖਾਣਗੇ, ਪਰ ਇਸਨੂੰ ਪਵਿੱਤਰ ਸਥਾਨ ਵਿੱਚ ਖਮੀਰ ਤੋਂ ਬਿਨਾਂ ਖਾਧਾ ਜਾਵੇ। ਉਹ ਇਸਨੂੰ ਮੰਡਲੀ ਵਾਲੇ ਤੰਬੂ ਦੇ ਵਿਹੜੇ ਵਿੱਚ ਖਾਣ। ਇਸ ਨੂੰ ਖਮੀਰ ਨਾਲ ਪਕਾਇਆ ਨਾ ਜਾਵੇ, ਮੈਂ ਇਹ ਉਹਨਾਂ ਦੇ ਹਿੱਸੇ ਵਜੋਂ ਮੈਨੂੰ ਭੇਟ ਕੀਤੇ ਭੋਜਨ ਦੇ ਰੂਪ ਵਿੱਚ ਦਿੱਤਾ ਹੈ। ਪਾਪ ਦੀ ਭੇਟ1 ਅਤੇ ਦੋਸ਼ ਦੀ ਭੇਟ ਵਾਂਗ, ਇਹ ਅੱਤ ਪਵਿੱਤਰ ਹੈ। ਹਾਰੋਨ ਦਾ ਕੋਈ ਵੀ ਪੁਰਖ ਇਸਨੂੰ ਖਾ ਸਕਦਾ ਹੈ। ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਲਈ ਇਹ ਯਾਹਵੇਹ ਨੂੰ ਭੇਂਟ ਕੀਤੇ ਭੋਜਨ ਦੀਆਂ ਭੇਟਾਂ ਦਾ ਉਸਦਾ ਸਦੀਵੀ ਹਿੱਸਾ ਹੈ। ਜੋ ਵੀ ਉਹਨਾਂ ਨੂੰ ਛੂਹ ਲਵੇਗਾ ਉਹ ਪਵਿੱਤਰ ਹੋ ਜਾਵੇਗਾ।’ ”
ਯਾਹਵੇਹ ਨੇ ਮੋਸ਼ੇਹ ਨੂੰ ਵੀ ਕਿਹਾ, “ਇਹ ਉਹ ਭੇਟ ਹੈ ਜੋ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਯਾਹਵੇਹ ਦੇ ਅੱਗੇ ਮਸਹ ਕੀਤੇ ਜਾਣ ਵਾਲੇ ਦਿਨ ਲਿਆਉਣਾ ਹੈ, ਇੱਕ ਆਮ ਅਨਾਜ ਦੀ ਭੇਟ ਵਜੋਂ ਉੱਤਮ ਆਟੇ ਦਾ ਦਸਵਾਂ ਹਿੱਸਾ, ਅੱਧਾ ਸਵੇਰੇ ਅਤੇ ਅੱਧਾ ਸ਼ਾਮ ਨੂੰ। ਉਸ ਤਵੇ ਉੱਤੇ ਤੇਲ ਦੇ ਨਾਲ ਬਣਾਇਆ ਜਾਵੇ ਅਤੇ ਜਦੋਂ ਪੱਕ ਜਾਵੇ ਤਾਂ ਤੂੰ ਉਸ ਨੂੰ ਅੰਦਰ ਲੈ ਆਵੀਂ ਅਤੇ ਮੈਦੇ ਦੀ ਭੇਟ ਦੇ ਇਸ ਪਕਾਏ ਹੋਏ ਟੁੱਕੜੇ ਨੂੰ ਤੂੰ ਯਾਹਵੇਹ ਦੇ ਅੱਗੇ ਸੁਗੰਧਤਾ ਲਈ ਚੜ੍ਹਾਵੀ। ਹਾਰੋਨ ਦੇ ਪੁੱਤਰਾਂ ਵਿੱਚੋਂ ਜਿਸ ਨੂੰ ਵੀ ਜਾਜਕ ਹੋਣ ਲਈ ਮਸਹ ਕੀਤਾ ਜਾਵੇ ਉਹ ਉਸ ਭੇਟ ਨੂੰ ਚੜ੍ਹਾਵੇ। ਇਹ ਯਾਹਵੇਹ ਦੇ ਅੱਗੇ ਇੱਕ ਸਦਾ ਦੀ ਬਿਧੀ ਹੈ ਇਹ ਸਾਰੀ ਭੇਟ ਸਾੜੀ ਜਾਵੇ। ਜਾਜਕ ਦੀ ਹਰੇਕ ਅਨਾਜ ਦੀ ਭੇਟ ਨੂੰ ਪੂਰੀ ਤਰ੍ਹਾਂ ਸਾੜ ਦਿੱਤਾ ਜਾਵੇ, ਇਹ ਖਾਧੀਆਂ ਨਾ ਜਾਣ।”
ਪਾਪ ਦੀ ਭੇਟ
ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਆਖ, ‘ਪਾਪ ਦੀ ਭੇਟ ਲਈ ਇਹ ਨਿਯਮ ਹਨ: ਪਾਪ ਦੀ ਭੇਟ ਨੂੰ ਯਾਹਵੇਹ ਦੇ ਸਾਹਮਣੇ ਉਸ ਥਾਂ ਉੱਤੇ ਵੱਢਿਆਂ ਜਾਵੇ ਜਿੱਥੇ ਹੋਮ ਦੀ ਭੇਟ ਚੜ੍ਹਾਈ ਜਾਂਦੀ ਹੈ, ਇਹ ਸਭ ਤੋਂ ਪਵਿੱਤਰ ਹੈ। ਜਿਹੜਾ ਜਾਜਕ ਇਸਨੂੰ ਚੜ੍ਹਾਵੇ ਉਸਨੂੰ ਖਾਵੇ ਅਤੇ ਇਸਨੂੰ ਪਵਿੱਤਰ ਸਥਾਨ ਦੀ ਮੰਡਲੀ ਵਾਲੇ ਤੰਬੂ ਦੇ ਵਿਹੜੇ ਵਿੱਚ ਖਾਧਾ ਜਾਣਾ ਚਾਹੀਦਾ ਹੈ। ਜਿਹੜਾ ਵੀ ਉਸ ਦੇ ਮਾਸ ਨੂੰ ਛੂਹੇਗਾ ਉਹ ਪਵਿੱਤਰ ਹੋ ਜਾਵੇਗਾ। ਜੇਕਰ ਉਸਦਾ ਖੂਨ ਕਿਸੇ ਕੱਪੜੇ ਤੇ ਲੱਗ ਜਾਵੇ, ਤਾਂ ਇਸਨੂੰ ਪਵਿੱਤਰ ਸਥਾਨ ਤੇ ਧੋਣਾ ਚਾਹੀਦਾ ਹੈ। ਜਿਸ ਮਿੱਟੀ ਦੇ ਘੜੇ ਵਿੱਚ ਮੀਟ ਪਕਾਇਆ ਜਾਂਦਾ ਹੈ, ਉਸ ਨੂੰ ਤੋੜਿਆ ਜਾਵੇ; ਪਰ ਜੇਕਰ ਇਸਨੂੰ ਪਿੱਤਲ ਦੇ ਘੜੇ ਵਿੱਚ ਪਕਾਇਆ ਜਾਵੇ, ਤਾਂ ਘੜੇ ਨੂੰ ਰਗੜ ਕੇ ਪਾਣੀ ਨਾਲ ਧੋਣਾ ਚਾਹੀਦਾ ਹੈ। ਜਾਜਕਾਂ ਦੇ ਪਰਿਵਾਰ ਦਾ ਕੋਈ ਵੀ ਮਰਦ ਇਸਨੂੰ ਖਾ ਸਕਦਾ ਹੈ। ਇਹ ਸਭ ਤੋਂ ਪਵਿੱਤਰ ਹੈ। ਪਰ ਕੋਈ ਵੀ ਪਾਪ ਬਲੀ ਜਿਸ ਦਾ ਲਹੂ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਮੰਡਲੀ ਦੇ ਤੰਬੂ ਵਿੱਚ ਲਿਆਂਦਾ ਜਾਂਦਾ ਹੈ, ਉਸਨੂੰ ਨਾ ਖਾਧਾ ਜਾਵੇ ਪਰੰਤੂ ਸਾੜ ਦਿੱਤਾ ਜਾਵੇ।
Source notes (1)
- Footnote ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.