Biblica® Open Punjabi Contemporary Version 2025
ਲੇਵਿਆਂ 21
ਜਾਜਕਾਂ ਲਈ ਨਿਯਮ
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਦੇ ਪੁੱਤਰਾਂ ਨਾਲ ਗੱਲ ਕਰ, ਜੋ ਜਾਜਕ ਹਨ ਅਤੇ ਉਹਨਾਂ ਨੂੰ ਆਖ, ‘ਕੋਈ ਵੀ ਜਾਜਕ ਆਪਣੇ ਲੋਕਾਂ ਵਿੱਚੋਂ ਕਿਸੇ ਵੀ ਮਰੇ ਹੋਵੇ ਦੇ ਲਈ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ, ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਛੱਡ ਕੇ, ਜਿਵੇਂ ਕਿ ਉਸਦੀ ਮਾਂ ਜਾਂ ਪਿਤਾ, ਉਸਦਾ ਪੁੱਤਰ ਜਾਂ ਧੀ, ਉਸਦਾ ਭਰਾ ਜਾਂ ਇੱਕ ਅਣਵਿਆਹੀ ਭੈਣ ਜੋ ਉਸ ਉੱਤੇ ਨਿਰਭਰ ਹੈ ਕਿਉਂਕਿ ਉਸਦਾ ਕੋਈ ਪਤੀ ਨਹੀਂ ਹੈ ਉਸਦੇ ਲਈ ਉਹ ਆਪਣੇ ਆਪ ਨੂੰ ਅਸ਼ੁੱਧ ਕਰ ਸਕਦਾ ਹੈ। ਉਸ ਨੂੰ ਆਪਣੇ ਆਪ ਨੂੰ ਵਿਆਹ ਕਰਕੇ ਆਪਣੇ ਆਪ ਨੂੰ ਉਹਨਾਂ ਲੋਕਾਂ ਲਈ ਅਸ਼ੁੱਧ ਨਹੀਂ ਬਣਾਉਣਾ ਚਾਹੀਦਾ, ਜਿਸ ਨਾਲ ਉਹ ਆਪਣੇ ਆਪ ਨੂੰ ਪਲੀਤ ਕਰੇ।
“ ‘ਜਾਜਕ ਆਪਣੇ ਸਿਰ ਨਾ ਮੁੰਨਵਾਉਣ, ਨਾ ਹੀ ਆਪਣੀਆਂ ਦਾੜ੍ਹੀਆਂ ਦੇ ਕਿਨਾਰੇ ਕੱਟਣ ਅਤੇ ਨਾ ਹੀ ਆਪਣੇ ਸਰੀਰ ਨੂੰ ਚੀਰੇ ਲਗਵਾਉਣ। ਉਹਨਾਂ ਨੂੰ ਆਪਣੇ ਪਰਮੇਸ਼ਵਰ ਲਈ ਪਵਿੱਤਰ ਹੋਣਾ ਚਾਹੀਦਾ ਹੈ ਅਤੇ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਅਪਵਿੱਤਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਉਂਦੇ ਹਨ, ਇਸ ਲਈ ਉਹ ਪਵਿੱਤਰ ਰਹਿਣ।
“ ‘ਉਹ ਕਿਸੇ ਵੇਸਵਾ ਜਾ ਭ੍ਰਿਸ਼ਟ ਔਰਤਾਂ ਨਾਲ ਵਿਆਹ ਨਾ ਕਰਨ, ਨਾ ਆਪਣੇ ਪਤੀ ਵੱਲੋ ਤਿਆਗੀ ਹੋਈ ਕਿਸੇ ਇਸਤਰੀ ਨੂੰ ਵਿਆਹੁਣ, ਕਿਉਂ ਜੋ ਉਹ ਆਪਣੇ ਪਰਮੇਸ਼ਵਰ ਲਈ ਪਵਿੱਤਰ ਹਨ। ਉਹਨਾਂ ਨੂੰ ਪਵਿੱਤਰ ਸਮਝੋ, ਕਿਉਂਕਿ ਉਹ ਤੁਹਾਡੇ ਪਰਮੇਸ਼ਵਰ ਦਾ ਭੋਜਨ ਚੜ੍ਹਾਉਂਦੇ ਹਨ। ਉਹਨਾਂ ਨੂੰ ਪਵਿੱਤਰ ਸਮਝੋ, ਕਿਉਂਕਿ ਮੈਂ ਯਾਹਵੇਹ ਪਵਿੱਤਰ ਹਾਂ ਜੋ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।
“ ‘ਜੇ ਕਿਸੇ ਜਾਜਕ ਦੀ ਧੀ ਵੇਸਵਾ ਬਣ ਕੇ ਆਪਣੇ ਆਪ ਨੂੰ ਭ੍ਰਿਸ਼ਟ ਕਰਦੀ ਹੈ ਤਾਂ ਉਹ ਆਪਣੇ ਪਿਤਾ ਦੀ ਬਦਨਾਮੀ ਕਰਦੀ ਹੈ, ਉਸਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
“ ‘ਪ੍ਰਧਾਨ ਜਾਜਕ, ਆਪਣੇ ਭਰਾਵਾਂ ਵਿੱਚੋਂ ਇੱਕ ਜਿਸ ਦੇ ਸਿਰ ਉੱਤੇ ਮਸਹ ਦਾ ਤੇਲ ਪਾਇਆ ਗਿਆ ਹੈ ਅਤੇ ਜੋ ਪਵਿੱਤਰ ਬਸਤਰ ਪਾਉਣ ਲਈ ਥਾਪਿਆ ਗਿਆ ਹੈ, ਉਹ ਆਪਣਾ ਸਿਰ ਨੰਗਾ ਨਾ ਕਰੇ ਅਤੇ ਨਾ ਹੀ ਆਪਣੇ ਬਸਤਰ ਪਾੜੇ। ਉਹ ਕਿਸੇ ਅਜਿਹੀ ਜਗ੍ਹਾ ਵਿੱਚ ਨਾ ਜਾਵੇ ਜਿੱਥੇ ਇੱਕ ਲਾਸ਼ ਹੋਵੇ। ਉਹ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ, ਇੱਥੋਂ ਤੱਕ ਕਿ ਉਸਦੇ ਪਿਤਾ ਜਾਂ ਮਾਤਾ ਲਈ ਵੀ, ਨਾ ਆਪਣੇ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਨੂੰ ਛੱਡੇ ਅਤੇ ਨਾ ਹੀ ਉਸ ਨੂੰ ਅਪਵਿੱਤਰ ਕਰੇ, ਕਿਉਂਕਿ ਪਰਮੇਸ਼ਵਰ ਦੇ ਮਸਹ ਕੀਤੇ ਹੋਵੇ ਤੇਲ ਦਾ ਮੁਕਟ ਉਸ ਦੇ ਸਿਰ ਉੱਤੇ ਹੈ। ਮੈਂ ਯਾਹਵੇਹ ਹਾਂ।
“ ‘ਉਹ ਕੁਆਰੀ ਔਰਤ ਨਾਲ ਹੀ ਵਿਆਹ ਕਰਵਾਏ। ਉਹ ਕਿਸੇ ਵਿਧਵਾ, ਤਲਾਕਸ਼ੁਦਾ ਔਰਤ ਜਾਂ ਵੇਸਵਾ ਔਰਤ ਨਾਲ ਵਿਆਹ ਨਾ ਕਰੇ, ਸਗੋਂ ਉਹ ਆਪਣੇ ਲੋਕਾਂ ਵਿੱਚੋਂ ਸਿਰਫ ਇੱਕ ਕੁਆਰੀ ਨਾਲ ਵਿਆਹ ਕਰੇ, ਤਾਂ ਜੋ ਉਹ ਆਪਣੇ ਲੋਕਾਂ ਵਿੱਚ ਆਪਣੇ ਵੰਸ਼ ਨੂੰ ਭ੍ਰਿਸ਼ਟ ਨਾ ਕਰੇ। ਮੈਂ ਯਾਹਵੇਹ ਹਾਂ, ਜੋ ਉਸਨੂੰ ਪਵਿੱਤਰ ਬਣਾਉਂਦਾ ਹੈ।’ ”
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਨੂੰ ਆਖ: ‘ਆਉਣ ਵਾਲੀਆਂ ਪੀੜ੍ਹੀਆਂ ਤੱਕ ਤੇਰੇ ਉੱਤਰਾਧਿਕਾਰੀਆਂ ਵਿੱਚੋਂ ਕੋਈ ਵੀ ਜਿਸ ਵਿੱਚ ਨੁਕਸ ਹੈ, ਆਪਣੇ ਪਰਮੇਸ਼ਵਰ ਨੂੰ ਭੋਜਨ ਚੜ੍ਹਾਉਣ ਲਈ ਨੇੜੇ ਨਾ ਆਵੇ। ਕੋਈ ਵੀ ਆਦਮੀ ਜਿਸ ਵਿੱਚ ਕੋਈ ਨੁਕਸ ਹੈ ਨੇੜੇ ਨਾ ਆਵੇ: ਕੋਈ ਵੀ ਆਦਮੀ ਜੋ ਅੰਨ੍ਹਾ ਜਾਂ ਲੰਗੜਾ, ਵਿਗਾੜਿਆ ਜਾਂ ਅਸਧਾਰਨ ਹੈ; ਕੋਈ ਵੀ ਆਦਮੀ ਜਿਸਦਾ ਪੈਰ ਜਾਂ ਹੱਥ ਨਾ ਹੋਵੇ, ਜਾਂ ਕੁੱਬਾ ਜਾਂ ਬੌਣਾ ਹੈ, ਜਾਂ ਜਿਸਦੀ ਅੱਖ ਵਿੱਚ ਕੋਈ ਨੁਕਸ ਹੈ, ਜਾਂ ਜਿਸਦੇ ਅੰਡਕੋਸ਼ ਵਿੱਚ ਜ਼ਖਮ ਜਾਂ ਵਗਣ ਵਾਲੇ ਜ਼ਖਮ ਹਨ। ਹਾਰੋਨ ਜਾਜਕ ਦੇ ਉੱਤਰਾਧਿਕਾਰੀ ਜਿਸ ਵਿੱਚ ਕੋਈ ਨੁਕਸ ਹੈ, ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਉਣ ਲਈ ਨੇੜੇ ਨਾ ਆਵੇ। ਉਸ ਵਿੱਚ ਇੱਕ ਦੋਸ਼ ਹੈ, ਉਸਨੂੰ ਆਪਣੇ ਪਰਮੇਸ਼ਵਰ ਨੂੰ ਭੋਜਨ ਭੇਟ ਕਰਨ ਲਈ ਨੇੜੇ ਨਹੀਂ ਆਉਣਾ ਚਾਹੀਦਾ। ਉਹ ਆਪਣੇ ਪਰਮੇਸ਼ਵਰ ਦੀ ਅੱਤ ਪਵਿੱਤਰ ਅਤੇ ਪਵਿੱਤਰ ਰੋਟੀ ਵਿੱਚੋਂ ਖਾਵੇ, ਪਰ ਉਹ ਪਰਦੇ ਦੇ ਅੰਦਰ ਨਾ ਜਾਵੇ ਅਤੇ ਨਾ ਹੀ ਜਗਵੇਦੀ ਦੇ ਨਜ਼ਦੀਕ ਜਾਵੇ ਕਿਉਂ ਜੋ ਉਸ ਵਿੱਚ ਦੋਸ਼ ਹੈ, ਅਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਮੇਰੇ ਪਵਿੱਤਰ ਸਥਾਨ ਨੂੰ ਅਪਵਿੱਤਰ ਕਰੇ। ਮੈਂ ਯਾਹਵੇਹ ਹਾਂ, ਜੋ ਉਹਨਾਂ ਨੂੰ ਪਵਿੱਤਰ ਬਣਾਉਂਦਾ ਹੈ।’ ”
ਇਸ ਲਈ ਮੋਸ਼ੇਹ ਨੇ ਇਹ ਗੱਲ ਹਾਰੋਨ ਅਤੇ ਉਸਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦੱਸੀ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.