Biblica® Open Punjabi Contemporary Version 2025
ਲੇਵਿਆਂ 20
ਪਾਪਾਂ ਦੀ ਸਜ਼ਾ
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖ, ‘ਕੋਈ ਵੀ ਇਸਰਾਏਲੀ ਜਾਂ ਇਸਰਾਏਲ ਵਿੱਚ ਰਹਿਣ ਵਾਲਾ ਕੋਈ ਵੀ ਪਰਦੇਸੀ ਜਿਹੜਾ ਮੋਲੋਕ ਦੇਵਤੇ ਨੂੰ ਆਪਣੇ ਬੱਚਿਆਂ ਵਿੱਚੋਂ ਕਿਸੇ ਦੀ ਬਲੀ ਦਿੰਦਾ ਹੈ, ਉਸਨੂੰ ਮਾਰਿਆ ਜਾਵੇ ਅਤੇ ਦੇਸ਼ ਦੇ ਲੋਕ ਉਸਨੂੰ ਪੱਥਰਾਂ ਨਾਲ ਮਾਰ ਸੁੱਟਣ। ਮੈਂ ਉਸ ਮਨੁੱਖ ਦਾ ਵਿਰੋਧੀ ਬਣਾਗਾ ਅਤੇ ਉਸ ਨੂੰ ਉਸ ਦੇ ਲੋਕਾਂ ਵਿੱਚ ਨਾਸ ਕਰਾਂਗਾ ਕਿਉਂ ਜੋ ਉਸ ਨੇ ਮੇਰੇ ਪਵਿੱਤਰ ਸਥਾਨ ਨੂੰ ਅਸ਼ੁੱਧ ਕਰਨ ਅਤੇ ਮੇਰੇ ਪਵਿੱਤਰ ਨਾਮ ਨੂੰ ਬਦਨਾਮ ਕਰਨ ਲਈ ਆਪਣੇ ਵੰਸ਼ ਵਿੱਚੋਂ ਕਿਸੇ ਨੂੰ ਪਰਾਏ ਦੇਵਤੇ ਮੋਲੋਕ ਦੇ ਅੱਗੇ ਚੜ੍ਹਾਇਆ ਹੈ। ਜੇ ਉਸ ਦੇਸ਼ ਦੇ ਲੋਕ ਉਸ ਮਨੁੱਖ ਵੱਲੋਂ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ ਜਦੋਂ ਉਹ ਮੋਲੋਕ ਦੇਵਤੇ ਨੂੰ ਆਪਣੇ ਬੱਚਿਆਂ ਵਿੱਚੋਂ ਇੱਕ ਦੀ ਬਲੀ ਚੜ੍ਹਾਉਂਦਾ ਹੈ ਅਤੇ ਜੇ ਉਸਨੂੰ ਨਾ ਮਾਰਨ, ਮੈਂ ਆਪ ਉਸ ਤੋਂ ਅਤੇ ਉਸ ਦੇ ਪਰਿਵਾਰ ਤੋਂ ਆਪਣਾ ਮੂੰਹ ਫੇਰ ਲਵਾਂਗਾ ਅਤੇ ਉਹਨਾਂ ਨੂੰ ਉਹਨਾਂ ਦੇ ਲੋਕਾਂ ਵਿੱਚੋਂ ਉਹਨਾਂ ਸਾਰਿਆਂ ਤੋਂ ਅੱਡ ਕਰ ਦਿਆਂਗਾ ਜਿਨ੍ਹਾਂ ਨੇ ਉਸ ਦੇ ਪਿੱਛੇ ਲੱਗ ਕੇ ਜੋ ਮੋਲੋਕ ਨਾਲ ਵਿਭਚਾਰ ਕੀਤਾ ਉਨ੍ਹਾਂ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ।
“ ‘ਮੈਂ ਆਪਣਾ ਮੂੰਹ ਹਰ ਉਸ ਵਿਅਕਤੀ ਦੇ ਵਿਰੁੱਧ ਰੱਖਾਂਗਾ ਜੋ ਜਾਦੂਗਰੀਆਂ ਵੱਲ ਮੁੜਦੇ ਹਨ ਅਤੇ ਉਹਨਾਂ ਦਾ ਅਨੁਸਰਣ ਕਰ ਕੇ ਆਪਣੇ ਆਪ ਨੂੰ ਵਿਭਚਾਰੀ ਬਣਾਉਂਦੇ ਹਨ, ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ।
“ ‘ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਪਵਿੱਤਰ ਬਣੋ, ਕਿਉਂਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ। ਮੇਰੇ ਹੁਕਮਾਂ ਨੂੰ ਮੰਨੋ ਅਤੇ ਉਹਨਾਂ ਦੀ ਪਾਲਣਾ ਕਰੋ; ਮੈਂ ਯਾਹਵੇਹ ਹਾਂ, ਜੋ ਤੁਹਾਨੂੰ ਪਵਿੱਤਰ ਬਣਾਉਂਦਾ ਹੈ।
“ ‘ਕੋਈ ਵੀ ਵਿਅਕਤੀ ਜੋ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦਿੰਦਾ ਹੈ ਉਹ ਮਾਰਿਆ ਜਾਵੇ ਕਿਉਂਕਿ ਉਹਨਾਂ ਨੇ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦਿੱਤਾ ਹੈ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।
“ ‘ਜੇ ਕੋਈ ਆਦਮੀ ਕਿਸੇ ਹੋਰ ਆਦਮੀ ਦੀ ਪਤਨੀ ਨਾਲ ਵਿਭਚਾਰ ਕਰਦਾ ਹੈ ਤਾਂ ਉਹ ਵਿਅਕਤੀ ਜਿਸ ਨੇ ਆਪਣੇ ਗੁਆਂਢੀ ਦੀ ਪਤਨੀ ਨਾਲ ਵਿਭਚਾਰ ਕੀਤਾ ਅਤੇ ਉਹ ਇਸਤਰੀ ਦੋਹਾਂ ਨੂੰ ਮਾਰਿਆ ਜਾਵੇ।
“ ‘ਜੇ ਕੋਈ ਆਦਮੀ ਆਪਣੇ ਪਿਤਾ ਦੀ ਪਤਨੀ ਨਾਲ ਜਿਨਸੀ ਸੰਬੰਧ ਰੱਖਦਾ ਹੈ, ਤਾਂ ਉਸਨੇ ਆਪਣੇ ਪਿਤਾ ਦਾ ਅਪਮਾਨ ਕੀਤਾ ਹੈ। ਆਦਮੀ ਅਤੇ ਔਰਤ ਦੋਹਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।
“ ‘ਜੇ ਕੋਈ ਆਦਮੀ ਆਪਣੀ ਨੂੰਹ ਨਾਲ ਜਿਨਸੀ ਸੰਬੰਧ ਬਣਾਉਂਦਾ ਹੈ, ਤਾਂ ਦੋਹਾਂ ਨੂੰ ਮਾਰਿਆ ਜਾਵੇ। ਕਿਉਂ ਜੋ ਉਨ੍ਹਾਂ ਗਲਤ ਕੀਤਾ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।
“ ‘ਜੇ ਕੋਈ ਆਦਮੀ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਰੱਖਦਾ ਹੈ ਜਿਵੇਂ ਇੱਕ ਔਰਤ ਨਾਲ ਕਰਦਾ ਹੈ, ਤਾਂ ਉਹਨਾਂ ਦੋਹਾਂ ਨੇ ਉਹ ਕੰਮ ਕੀਤਾ ਹੈ ਜੋ ਘਿਣਾਉਣਾ ਹੈ। ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।
“ ‘ਜੇ ਕੋਈ ਆਦਮੀ ਇੱਕ ਔਰਤ ਅਤੇ ਉਸਦੀ ਮਾਂ ਦੋਵਾਂ ਨਾਲ ਵਿਆਹ ਕਰਦਾ ਹੈ, ਤਾਂ ਇਹ ਬੁਰਾ ਹੈ। ਉਹ ਮਨੁੱਖ ਅਤੇ ਦੋਵੇਂ ਇਸਤਰੀਆਂ ਅੱਗ ਵਿੱਚ ਸਾੜ ਦਿੱਤੇ ਜਾਣ, ਤਾਂ ਜੋ ਤੁਹਾਡੇ ਵਿੱਚ ਕੋਈ ਦੁਸ਼ਟਤਾ ਨਾ ਹੋਵੇ।
“ ‘ਜੇ ਕੋਈ ਆਦਮੀ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਰੱਖਦਾ ਹੈ, ਤਾਂ ਉਹ ਮਾਰਿਆ ਜਾਵੇ ਅਤੇ ਤੁਸੀਂ ਜਾਨਵਰ ਨੂੰ ਮਾਰ ਦੇਣਾ।
“ ‘ਜੇ ਕੋਈ ਔਰਤ ਕਿਸੇ ਜਾਨਵਰ ਨਾਲ ਸਰੀਰਕ ਸੰਬੰਧ ਬਣਾਉਣ ਲਈ ਪਹੁੰਚਦੀ ਹੈ, ਤਾਂ ਔਰਤ ਅਤੇ ਜਾਨਵਰ ਦੋਵਾਂ ਨੂੰ ਮਾਰ ਦਿਓ। ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।
“ ‘ਜੇ ਕੋਈ ਆਦਮੀ ਆਪਣੀ ਭੈਣ ਨਾਲ ਵਿਆਹ ਕਰਦਾ ਹੈ, ਜੋ ਉਸਦੇ ਪਿਤਾ ਜਾਂ ਉਸਦੀ ਮਾਂ ਦੀ ਧੀ ਹੈ, ਅਤੇ ਉਹ ਜਿਨਸੀ ਸੰਬੰਧ ਰੱਖਦੇ ਹਨ, ਤਾਂ ਇਹ ਸ਼ਰਮਨਾਕ ਹੈ। ਉਹਨਾਂ ਨੂੰ ਜਨਤਕ ਤੌਰ ਤੇ ਆਪਣੇ ਲੋਕਾਂ ਤੋਂ ਦੂਰ ਕੀਤੇ ਜਾਵੇ। ਉਸ ਨੇ ਆਪਣੀ ਭੈਣ ਦੀ ਬੇਇੱਜ਼ਤੀ ਕੀਤੀ ਹੈ ਅਤੇ ਇਸ ਲਈ ਉਸ ਦਾ ਦੋਸ਼ ਉਸ ਦੇ ਜੁੰਮੇ ਹੋਵੇ।
“ ‘ਜੇਕਰ ਕੋਈ ਮਨੁੱਖ ਕਿਸੇ ਇਸਤਰੀ ਨਾਲ ਉਸ ਦੀ ਮਾਹਵਾਰੀ ਦੇ ਸਮੇਂ ਸੰਗ ਕਰੇ ਅਤੇ ਉਸ ਦਾ ਨੰਗੇਜ਼ ਉਘਾੜੇ ਤਾਂ ਇਸ ਲਈ ਕਿ ਉਸ ਨੇ ਉਹ ਦਾ ਸੁੰਬ ਖੋਲ੍ਹਿਆ ਅਤੇ ਉਹ ਨੇ ਵੀ ਆਪਣੇ ਲਹੂ ਦਾ ਸੁੰਬ ਖੁਲ੍ਹਵਾਇਆ, ਉਹ ਦੋਵੇਂ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ।
“ ‘ਆਪਣੀ ਮਾਂ ਜਾਂ ਆਪਣੇ ਪਿਤਾ ਦੀ ਭੈਣ ਨਾਲ ਜਿਨਸੀ ਸੰਬੰਧ ਨਾ ਰੱਖ, ਕਿਉਂਕਿ ਇਹ ਕਿਸੇ ਨਜ਼ਦੀਕੀ ਰਿਸ਼ਤੇਦਾਰ ਦਾ ਅਪਮਾਨ ਕਰੇਗਾ, ਤੁਸੀਂ ਦੋਵੇਂ ਜ਼ਿੰਮੇਵਾਰ ਹੋਵੋਗੇ।
“ ‘ਜੇ ਕੋਈ ਆਦਮੀ ਆਪਣੀ ਚਾਚੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਉਸਨੇ ਆਪਣੇ ਚਾਚੇ ਦਾ ਅਪਮਾਨ ਕੀਤਾ ਹੈ। ਉਹ ਜ਼ਿੰਮੇਵਾਰ ਹੋਣਗੇ, ਉਹ ਬੇ-ਔਲਾਦ ਹੀ ਮਰ ਜਾਣਗੇ।
“ ‘ਜੇ ਕੋਈ ਆਦਮੀ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਦਾ ਹੈ, ਤਾਂ ਇਹ ਅਸ਼ੁੱਧਤਾ ਦਾ ਕੰਮ ਹੈ ਉਸਨੇ ਆਪਣੇ ਭਰਾ ਨੂੰ ਬੇਇੱਜ਼ਤ ਕੀਤਾ ਹੈ ਇਸ ਲਈ ਉਹ ਬੇ-ਔਲਾਦ ਹੋਣਗੇ।
“ ‘ਮੇਰੇ ਸਾਰੇ ਫ਼ਰਮਾਨਾਂ ਅਤੇ ਕਾਨੂੰਨਾਂ ਦੀ ਪਾਲਣਾ ਕਰੋ ਅਤੇ ਉਹਨਾਂ ਨੂੰ ਮੰਨਣਾ, ਤਾਂ ਜੋ ਉਹ ਧਰਤੀ ਜਿੱਥੇ ਮੈਂ ਤੁਹਾਨੂੰ ਰਹਿਣ ਲਈ ਲਿਆ ਰਿਹਾ ਹਾਂ ਤੁਹਾਨੂੰ ਉਗਲ ਨਾ ਦੇਵੇ। ਤੁਹਾਨੂੰ ਉਹਨਾਂ ਕੌਮਾਂ ਦੇ ਰੀਤੀ ਰਿਵਾਜਾਂ ਅਨੁਸਾਰ ਨਹੀਂ ਜੀਣਾ ਚਾਹੀਦਾ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗੇ ਕੱਢਣ ਜਾ ਰਿਹਾ ਹਾਂ ਕਿਉਂ ਜੋ ਉਹਨਾਂ ਨੇ ਇਹ ਸਭ ਕੁਝ ਕੀਤਾ, ਮੈਂ ਉਹਨਾਂ ਤੋਂ ਨਫ਼ਰਤ ਕਰਦਾ ਹਾਂ। ਪਰ ਮੈਂ ਤੁਹਾਨੂੰ ਕਿਹਾ, “ਤੁਸੀਂ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰੋਗੇ। ਮੈਂ ਇਹ ਤੁਹਾਨੂੰ ਵਿਰਾਸਤ ਵਜੋਂ ਦੇਵਾਂਗਾ, ਉਹ ਧਰਤੀ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।” ਮੈਂ ਤੁਹਾਡਾ ਪਰਮੇਸ਼ਵਰ ਹਾਂ, ਜਿਸਨੇ ਤੁਹਾਨੂੰ ਕੌਮਾਂ ਤੋਂ ਵੱਖਰਾ ਕੀਤਾ ਹੈ।
“ ‘ਇਸ ਲਈ ਤੁਹਾਨੂੰ ਸਾਫ਼ ਅਤੇ ਅਸ਼ੁੱਧ ਜਾਨਵਰਾਂ ਅਤੇ ਅਸ਼ੁੱਧ ਅਤੇ ਸਾਫ਼ ਪੰਛੀਆਂ ਵਿੱਚ ਫ਼ਰਕ ਕਰਨਾ ਚਾਹੀਦਾ ਹੈ। ਆਪਣੇ ਆਪ ਨੂੰ ਕਿਸੇ ਜਾਨਵਰ ਜਾਂ ਪੰਛੀ ਜਾਂ ਜ਼ਮੀਨ ਦੇ ਨਾਲ ਚੱਲਣ ਵਾਲੀ ਕਿਸੇ ਵੀ ਚੀਜ਼ ਨਾਲ ਅਸ਼ੁੱਧ ਨਹੀਂ ਕਰਨਾ ਚਾਹੀਦਾ, ਜਿਨ੍ਹਾਂ ਨੂੰ ਮੈਂ ਤੁਹਾਡੇ ਲਈ ਅਸ਼ੁੱਧ ਠਹਿਰਾਇਆ ਹੈ। ਤੁਸੀਂ ਮੇਰੇ ਲਈ ਪਵਿੱਤਰ ਬਣੋ ਕਿਉਂਕਿ ਮੈਂ, ਯਾਹਵੇਹ, ਪਵਿੱਤਰ ਹਾਂ, ਅਤੇ ਮੈਂ ਤੁਹਾਨੂੰ ਕੌਮਾਂ ਤੋਂ ਆਪਣੇ ਹੋਣ ਲਈ ਵੱਖਰਾ ਕੀਤਾ ਹੈ।
“ ‘ਤੁਹਾਡੇ ਵਿੱਚੋਂ ਜੇਕਰ ਕੋਈ ਆਦਮੀ ਜਾਂ ਔਰਤ ਜੋ ਜਾਦੂ-ਟੂਣਾ ਕਰਨ ਵਾਲੇ ਹੋਣ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਤੁਸੀਂ ਉਹਨਾਂ ਨੂੰ ਪੱਥਰ ਮਾਰਨਾ ਹੈ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰਾਂ ਤੇ ਹੋਵੇਗਾ।’ ”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.