Biblica® Open Punjabi Contemporary Version 2025
ਲੇਵਿਆਂ 11
ਸ਼ੁੱਧ ਅਤੇ ਅਸ਼ੁੱਧ ਭੋਜਨ
ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖੋ, ‘ਜ਼ਮੀਨ ਉੱਤੇ ਰਹਿਣ ਵਾਲੇ ਇਹ ਉਹ ਸਾਰੇ ਜਾਨਵਰ ਹਨ ਜਿਨ੍ਹਾਂ ਦਾ ਮਾਸ ਤੁਸੀਂ ਖਾ ਸਕਦੇ ਹੋ। ਤੁਸੀਂ ਉਹਨਾਂ ਜਾਨਵਰਾਂ ਨੂੰ ਖਾ ਸਕਦੇ ਹੋ, ਜਿਸ ਦੇ ਖੁਰ ਚਿਰੇ ਹੋਏ ਅਤੇ ਪਾਟੇ ਹੋਏ ਹੋਣ ਅਤੇ ਉਹ ਉਗਾਲੀ ਕਰਦਾ ਹੋਵੇ।
“ ‘ਕੁਝ ਅਜਿਹੇ ਪਸ਼ੂ ਹਨ ਜੋ ਸਿਰਫ ਉਗਾਲੀ ਕਰਦੇ ਹਨ ਪਰ ਉਹਨਾਂ ਦੇ ਖੁਰ ਪਾਟੇ ਹੋਏ ਨਹੀਂ ਹਨ, ਤੁਸੀਂ ਉਹਨਾਂ ਨੂੰ ਨਹੀਂ ਖਾਣਾ। ਊਠ, ਭਾਵੇਂ ਉਗਾਲੀ ਕਰਦਾ ਹੈ, ਪਰ ਉਸ ਦਾ ਖੁਰ ਪਾਟਾ ਨਹੀਂ ਹੁੰਦਾ ਇਸ ਲਈ ਇਹ ਤੁਹਾਡੇ ਲਈ ਅਸ਼ੁੱਧ ਹੈ। ਪਹਾੜੀ ਚੂਹਾ ਭਾਵੇਂ ਉਗਾਲੀ ਕਰਦਾ ਹੈ, ਪਰ ਉਸ ਦਾ ਖੁਰ ਪਾਟਾ ਨਹੀਂ ਹੁੰਦਾ ਇਸ ਲਈ ਇਹ ਤੁਹਾਡੇ ਲਈ ਅਸ਼ੁੱਧ ਹੈ। ਖਰਗੋਸ਼, ਭਾਵੇਂ ਉਹ ਉਗਾਲੀ ਕਰਦਾ ਹੈ, ਪਰ ਉਸ ਦਾ ਖੁਰ ਪਾਟਾ ਨਹੀਂ ਹੁੰਦਾ ਇਸ ਲਈ ਇਹ ਤੁਹਾਡੇ ਲਈ ਅਸ਼ੁੱਧ ਹੈ। ਅਤੇ ਸੂਰ, ਭਾਵੇਂ ਕਿ ਇਸ ਦੇ ਖੁਰ ਪਾਟੇ ਹੋਏ ਹਨ, ਪਰ ਉਹ ਉਗਾਲੀ ਨਹੀਂ ਕਰਦਾ ਇਸ ਲਈ ਇਹ ਤੁਹਾਡੇ ਲਈ ਅਸ਼ੁੱਧ ਹੈ। ਤੁਸੀਂ ਇਹਨਾਂ ਦਾ ਮਾਸ ਨਾ ਖਾਣਾ ਅਤੇ ਨਾ ਹੀ ਉਹਨਾਂ ਦੀਆਂ ਲਾਸ਼ਾਂ ਨੂੰ ਛੂਹਣਾ। ਇਹ ਤੁਹਾਡੇ ਲਈ ਅਸ਼ੁੱਧ ਹਨ।
“ ‘ਸਮੁੰਦਰਾਂ ਅਤੇ ਨਦੀਆਂ ਦੇ ਪਾਣੀ ਵਿੱਚ ਰਹਿਣ ਵਾਲੇ ਸਾਰੇ ਪ੍ਰਾਣੀਆਂ ਵਿੱਚੋਂ ਤੁਸੀਂ ਕਿਸੇ ਨੂੰ ਵੀ ਖਾ ਸਕਦੇ ਹੋ ਜਿਸਦੇ ਖੰਭ ਅਤੇ ਚਾਨੇ ਹਨ। ਪਰ ਸਮੁੰਦਰਾਂ ਜਾਂ ਨਦੀਆਂ ਦੇ ਸਾਰੇ ਜੀਵ ਜਿੰਨ੍ਹਾਂ ਦੇ ਖੰਭ ਅਤੇ ਚਾਨੇ ਨਹੀਂ ਹਨ, ਭਾਵੇਂ ਸਾਰੇ ਝੁੰਡਾਂ ਵਿੱਚੋਂ ਜਾਂ ਪਾਣੀ ਵਿੱਚ ਰਹਿਣ ਵਾਲੇ ਹੋਰ ਸਾਰੇ ਜੀਵਾਂ ਵਿੱਚੋਂ, ਉਹ ਸਾਰੇ ਤੁਹਾਡੇ ਲਈ ਘਿਣਾਉਣੇ ਹਨ। ਅਤੇ ਤੁਸੀਂ ਉਹਨਾਂ ਨੂੰ ਘਿਣਾਉਣੇ ਸਮਝਣਾ, ਤੁਸੀਂ ਉਹਨਾਂ ਦਾ ਮਾਸ ਨਾ ਖਾਣਾ। ਤੁਹਾਨੂੰ ਉਹਨਾਂ ਦੀਆਂ ਲਾਸ਼ਾਂ ਨੂੰ ਵੀ ਅਸ਼ੁੱਧ ਸਮਝਣਾ ਚਾਹੀਦਾ ਹੈ। ਪਾਣੀ ਵਿੱਚ ਰਹਿਣ ਵਾਲੇ ਸਾਰੇ ਜੀਵ ਜਿਸ ਦੇ ਖੰਭ ਅਤੇ ਚਾਨੇ ਨਹੀਂ ਹਨ, ਤੁਹਾਡੇ ਲਈ ਅਸ਼ੁੱਧ ਹਨ।
“ ‘ਪੰਛੀਆਂ ਵਿੱਚੋਂ ਇਹ ਤੁਹਾਡੇ ਲਈ ਘਿਣਾਉਣੇ ਹਨ ਅਤੇ ਜਿਨ੍ਹਾਂ ਨੂੰ ਖਾਣ ਦੀ ਮਨਾਹੀ ਹੈ ਜਿਵੇਂ ਕਿ ਉਕਾਬ, ਗਿਰਝ, ਕਾਲਾ ਗਿਰਝ, ਲਾਲ ਇੱਲ, ਕਾਲੀ ਇੱਲ, ਅਤੇ ਹਰ ਕਿਸਮ ਦੀਆਂ ਇੱਲ, ਕਿਸੇ ਵੀ ਕਿਸਮ ਦੇ ਕਾਂ, ਸਿੰਗ ਵਾਲਾ ਉੱਲੂ, ਚੀਕਣ ਵਾਲਾ ਉੱਲੂ, ਗੁੱਲ, ਕਿਸੇ ਵੀ ਕਿਸਮ ਦਾ ਬਾਜ਼, ਛੋਟਾ ਉੱਲੂ, ਜਲਕਾਊਂ, ਵੱਡਾ ਉੱਲੂ, ਰਾਜਹੰਸ, ਉੱਲੂ, ਗਿੱਦ, ਲਮਢੀਂਗ, ਹਰ ਕਿਸਮ ਦਾ ਬਗਲਾ, ਟਟੀਹਰੀ ਅਤੇ ਚਮਗਿੱਦੜ।
“ ‘ਸਾਰੇ ਉੱਡਦੇ ਕੀੜੇ ਜੋ ਚਾਰ ਪੈਰਾ ਨਾਲ ਤੁਰਦੇ ਹਨ, ਤੁਹਾਡੇ ਲਈ ਅਸ਼ੁੱਧ ਮੰਨੇ ਜਾਣ। ਪਰ ਸਾਰੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਉੱਡ ਦੇ ਹਨ ਅਤੇ ਚਾਰ-ਪੈਰਾਂ ਨਾਲ ਚੱਲਦੇ ਹਨ, ਅਤੇ ਜਿਨ੍ਹਾਂ ਦੀਆਂ ਧਰਤੀ ਉੱਤੇ ਟੱਪਣ ਲਈ ਲੱਤਾਂ ਹਨ, ਇਹ ਤੁਸੀਂ ਖਾ ਸਕਦੇ ਹੋ। ਉਹ ਇਹ ਹਨ ਅਰਥਾਤ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਰੋਡਾ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਗਭਰੇਲਾ ਅਤੇ ਟਿੱਡੀ ਆਪਣੀ ਪ੍ਰਜਾਤੀ ਅਨੁਸਾਰ। ਪਰ ਹੋਰ ਸਾਰੇ ਉੱਡਣ ਵਾਲੇ ਅਤੇ ਘਿਸਰਨ ਵਾਲੇ ਕੀੜੇ ਜਿਨ੍ਹਾਂ ਦੀਆਂ ਚਾਰ ਲੱਤਾਂ ਹਨ, ਤੁਸੀਂ ਉਹਨਾਂ ਨੂੰ ਅਸ਼ੁੱਧ ਸਮਝਣਾ।
“ ‘ਤੁਸੀਂ ਇਨ੍ਹਾਂ ਦੁਆਰਾ ਆਪਣੇ ਆਪ ਨੂੰ ਅਸ਼ੁੱਧ ਕਰੋਗੇ, ਜੋ ਕੋਈ ਵੀ ਉਹਨਾਂ ਦੀਆਂ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜੋ ਕੋਈ ਉਹਨਾਂ ਦੀ ਲੋਥ ਵਿੱਚੋਂ ਕੁਝ ਵੀ ਚੁੱਕਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇ।
“ ‘ਹਰ ਜਾਨਵਰ ਜਿਸਦਾ ਖੁਰ ਪਾਟਾ ਹੋਇਆ ਨਹੀਂ ਹੈ ਜਾਂ ਉਗਾਲੀ ਨਹੀਂ ਕਰਦੇ, ਤੁਹਾਡੇ ਲਈ ਅਸ਼ੁੱਧ ਹਨ। ਜੋ ਕੋਈ ਵੀ ਉਹਨਾਂ ਵਿੱਚੋਂ ਕਿਸੇ ਦੀ ਲੋਥ ਨੂੰ ਛੂੰਹਦਾ ਹੈ, ਉਹ ਅਸ਼ੁੱਧ ਹੋਵੇਗਾ। ਉਹਨਾਂ ਸਾਰੇ ਜਾਨਵਰਾਂ ਵਿੱਚੋਂ ਜਿਹੜੇ ਚੌਹਾਂ ਪੈਰਾਂ ਉੱਤੇ ਚੱਲਦੇ ਹਨ, ਉਹ ਤੁਹਾਡੇ ਲਈ ਅਸ਼ੁੱਧ ਹਨ। ਜੋ ਕੋਈ ਵੀ ਉਹਨਾਂ ਦੀਆਂ ਲੋਥਾਂ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜੋ ਕੋਈ ਵੀ ਉਹਨਾਂ ਦੀਆਂ ਲੋਥਾਂ ਨੂੰ ਚੁੱਕੇ, ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਇਹ ਜਾਨਵਰ ਤੁਹਾਡੇ ਲਈ ਅਸ਼ੁੱਧ ਹਨ।
“ ‘ਅਤੇ ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ, ਉਹ ਤੁਹਾਡੇ ਲਈ ਅਸ਼ੁੱਧ ਹਨ ਜਿਵੇਂ ਕਿ ਛਛੂੰਦਰ, ਚੂਹਾ, ਕਿਸੇ ਵੀ ਕਿਸਮ ਦੀ ਵੱਡੀ ਛਿਪਕਲੀ, ਅਤੇ ਘਰੇਲੂ ਛਿਪਕਲੀ, ਕੌੜ੍ਹਕਿਰਲੀ, ਕਿਰਲੀ, ਅਜਾਤ ਅਤੇ ਗਿਰਗਿਟ। ਸਾਰੇ ਘਿਸਰਨ ਵਾਲਿਆਂ ਵਿੱਚੋਂ, ਇਹ ਤੁਹਾਡੇ ਲਈ ਅਸ਼ੁੱਧ ਹਨ, ਜੋ ਕੋਈ ਵੀ ਉਹਨਾਂ ਦੀ ਲੋਥ ਨੂੰ ਛੂਹਦਾ ਹੈ ਤਾਂ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜਦੋਂ ਉਹਨਾਂ ਵਿੱਚੋਂ ਕੋਈ ਮਰ ਜਾਂਦਾ ਹੈ ਅਤੇ ਕਿਸੇ ਚੀਜ਼ ਉੱਤੇ ਡਿੱਗ ਪੈਂਦਾ ਹੈ, ਤਾਂ ਉਹ ਵਸਤੂ ਭਾਵੇਂ ਕੋਈ ਵੀ ਹੋਵੇ, ਅਸ਼ੁੱਧ ਹੋਵੇਗੀ, ਭਾਵੇਂ ਉਹ ਲੱਕੜੀ, ਕੱਪੜੇ, ਚਮੜਾ ਜਾਂ ਤੱਪੜ ਦਾ ਬਣਿਆ ਹੋਵੇ। ਇਸਨੂੰ ਪਾਣੀ ਵਿੱਚ ਪਾਓ, ਇਹ ਸ਼ਾਮ ਤੱਕ ਅਸ਼ੁੱਧ ਰਹੇਗਾ ਅਤੇ ਫਿਰ ਇਹ ਸਾਫ਼ ਹੋ ਜਾਵੇਗਾ। ਜੇਕਰ ਉਹਨਾਂ ਵਿੱਚੋਂ ਇੱਕ ਮਿੱਟੀ ਦੇ ਘੜੇ ਵਿੱਚ ਡਿੱਗਦਾ ਹੈ, ਤਾਂ ਉਸ ਵਿੱਚਲੀ ਹਰ ਚੀਜ਼ ਅਸ਼ੁੱਧ ਹੋ ਜਾਵੇਗੀ ਅਤੇ ਤੁਸੀਂ ਉਸ ਘੜੇ ਨੂੰ ਤੋੜ ਦਿਓ। ਕੋਈ ਵੀ ਭੋਜਨ ਜੋ ਤੁਹਾਨੂੰ ਖਾਣ ਦੀ ਇਜਾਜ਼ਤ ਹੈ ਜੋ ਅਜਿਹੇ ਕਿਸੇ ਘੜੇ ਦੇ ਪਾਣੀ ਦੇ ਸੰਪਰਕ ਵਿੱਚ ਆਇਆ ਹੈ, ਅਸ਼ੁੱਧ ਹੈ ਅਤੇ ਕੋਈ ਵੀ ਪੀਣ ਵਾਲੇ ਪਦਾਰਥ ਜੋ ਅਜਿਹੇ ਘੜੇ ਵਿੱਚੋਂ ਪੀਤਾ ਗਿਆ ਹੋਵੇ, ਅਸ਼ੁੱਧ ਮੰਨਿਆ ਜਾਵੇਗਾ। ਕੋਈ ਵੀ ਚੀਜ਼ ਜਿਸ ਉੱਤੇ ਉਹਨਾਂ ਦੀ ਲਾਸ਼ ਡਿੱਗਦੀ ਹੈ, ਉਹ ਅਸ਼ੁੱਧ ਹੋ ਜਾਂਦੀ ਹੈ। ਇੱਕ ਤੰਦੂਰ ਜਾਂ ਖਾਣਾ ਪਕਾਉਣ ਵਾਲੇ ਘੜੇ ਤੋੜ ਦਿੱਤੇ ਜਾਣ। ਉਹ ਅਸ਼ੁੱਧ ਹਨ ਅਤੇ ਤੁਹਾਡੇ ਲਈ ਵੀ ਉਹ ਅਸ਼ੁੱਧ ਠਹਿਰਨਗੇ। ਪਰ ਤਲਾਬ ਜਾਂ ਸੋਤਾ ਜਿਸ ਦੇ ਵਿੱਚ ਪਾਣੀ ਬਹੁਤ ਹੋਵੇ, ਉਹ ਸ਼ੁੱਧ ਹੀ ਠਹਿਰੇ ਪਰ ਜੋ ਕੁਝ ਉਨ੍ਹਾਂ ਦੀ ਲੋਥ ਨੂੰ ਛੂਹੇ ਉਹ ਅਸ਼ੁੱਧ ਠਹਿਰੇ। ਜੇਕਰ ਕੋਈ ਲਾਸ਼ ਕਿਸੇ ਬੀਜ ਤੇ ਡਿੱਗ ਜਾਂਦੀ ਹੈ, ਤਾਂ ਉਹ ਸ਼ੁੱਧ ਰਹਿੰਦਾ ਹੈ। ਪਰ ਜੇਕਰ ਬੀਜ ਉੱਤੇ ਪਾਣੀ ਪਾਇਆ ਜਾਵੇ ਅਤੇ ਉਸ ਉੱਤੇ ਇੱਕ ਲੋਥ ਡਿੱਗ ਪਵੇ, ਤਾਂ ਇਹ ਤੁਹਾਡੇ ਲਈ ਅਸ਼ੁੱਧ ਹੈ।
“ ‘ਜੇ ਕੋਈ ਜਾਨਵਰ ਜਿਸਨੂੰ ਤੁਹਾਨੂੰ ਖਾਣ ਦੀ ਇਜਾਜ਼ਤ ਦਿੱਤੀ ਗਈ ਹੈ ਮਰ ਜਾਵੇ, ਜੋ ਕੋਈ ਵੀ ਉਸਦੀ ਲੋਥ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜੋ ਕੋਈ ਵੀ ਉਸਦੀ ਲੋਥ ਵਿੱਚੋਂ ਕੁਝ ਖਾਵੇ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜਿਹੜਾ ਵੀ ਵਿਅਕਤੀ ਲਾਸ਼ ਨੂੰ ਚੁੱਕਦਾ ਹੈ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
“ ‘ਅਤੇ ਧਰਤੀ ਉੱਤੇ ਹਰ ਇੱਕ ਘਿਸਰਨ ਵਾਲਾ ਜੀਵ ਤੁਹਾਡੇ ਲਈ ਅਸ਼ੁੱਧ ਹੈ, ਇਹ ਖਾਣ ਲਈ ਨਹੀਂ ਹੈ। ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਢਿੱਡ ਭਾਰ ਚਲਣ ਵਾਲੇ ਜਾਂ ਚਾਰ-ਪੈਰਾਂ ਉੱਤੇ ਤੁਰਦੇ ਹਨ ਉਹਨਾਂ ਨੂੰ ਤੁਸੀਂ ਨਾ ਖਾਣਾ, ਇਹ ਅਸ਼ੁੱਧ ਹੈ। ਘਿਸਰਨ ਵਾਲੇ ਕਿਸੇ ਜੀਵ ਨਾਲ ਆਪਣੇ ਆਪ ਨੂੰ ਘਿਣਾਉਣਾ ਨਾ ਕਰੋ। ਨਾ ਹੀ ਆਪਣੇ ਆਪ ਨੂੰ ਉਹਨਾਂ ਦੁਆਰਾ ਅਸ਼ੁੱਧ ਬਣਾਓ ਅਤੇ ਨਾ ਹੀ ਉਹਨਾਂ ਦੁਆਰਾ ਭਰਿਸ਼ਟ ਹੋਵੋ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ। ਆਪਣੇ ਆਪ ਨੂੰ ਕਿਸੇ ਵੀ ਜੀਵ ਦੁਆਰਾ ਅਸ਼ੁੱਧ ਨਾ ਬਣਾਓ ਜੋ ਜ਼ਮੀਨ ਉੱਤੇ ਘਿਸਰਦੇ ਹਨ। ਕਿਉਂ ਜੋ ਮੈਂ ਯਾਹਵੇਹ ਹਾਂ, ਜੋ ਤੁਹਾਨੂੰ ਮਿਸਰ ਵਿੱਚੋਂ ਤੁਹਾਡਾ ਪਰਮੇਸ਼ਵਰ ਬਣਨ ਲਈ ਕੱਢ ਲਿਆਇਆ ਹਾਂ, ਇਸ ਲਈ ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ।
“ ‘ਇਹ ਨਿਯਮ ਜਾਨਵਰਾਂ, ਪੰਛੀਆਂ, ਪਾਣੀ ਵਿੱਚ ਘੁੰਮਣ ਵਾਲੇ ਹਰ ਜੀਵਤ ਚੀਜ਼ ਅਤੇ ਧਰਤੀ ਦੇ ਨਾਲ-ਨਾਲ ਚੱਲਣ ਵਾਲੇ ਹਰ ਪ੍ਰਾਣੀ ਬਾਰੇ ਹਨ। ਤੁਹਾਨੂੰ ਅਸ਼ੁੱਧ ਅਤੇ ਸ਼ੁੱਧ ਵਿੱਚ, ਖਾਧੇ ਜਾ ਸਕਣ ਵਾਲੇ ਜੀਵਿਤ ਪ੍ਰਾਣੀਆਂ ਅਤੇ ਨਾ ਖਾਧੇ ਜਾਣ ਵਾਲੇ ਪ੍ਰਾਣੀਆਂ ਵਿੱਚ ਫ਼ਰਕ ਕਰਨਾ ਚਾਹੀਦਾ ਹੈ।’ ”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.