Biblica® Open Punjabi Contemporary Version 2025
ਲੇਵਿਆਂ 10
ਨਾਦਾਬ ਅਤੇ ਅਬੀਹੂ ਦੀ ਮੌਤ
ਹਾਰੋਨ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੇ ਆਪਣੇ ਧੂਪਦਾਨ ਲਏ, ਉਹਨਾਂ ਵਿੱਚ ਅੱਗ ਪਾਈ ਅਤੇ ਧੂਪ ਧੁਖਾਈ ਅਤੇ ਉਹਨਾਂ ਨੇ ਉਸ ਦੇ ਹੁਕਮ ਦੇ ਉਲਟ, ਯਾਹਵੇਹ ਅੱਗੇ ਅਣਅਧਿਕਾਰਤ ਅੱਗ ਦੀ ਭੇਟ ਚੜ੍ਹਾਈ। ਇਸ ਲਈ ਯਾਹਵੇਹ ਦੀ ਹਜ਼ੂਰੀ ਤੋਂ ਅੱਗ ਨਿਕਲੀ ਅਤੇ ਉਹਨਾਂ ਨੂੰ ਭਸਮ ਕਰ ਦਿੱਤਾ, ਅਤੇ ਉਹ ਯਾਹਵੇਹ ਦੇ ਅੱਗੇ ਮਰ ਗਏ। ਮੋਸ਼ੇਹ ਨੇ ਫਿਰ ਹਾਰੋਨ ਨੂੰ ਕਿਹਾ, “ਇਹ ਉਹ ਹੈ ਜਿਸ ਬਾਰੇ ਯਾਹਵੇਹ ਨੇ ਕਿਹਾ ਸੀ,
“ ‘ਮੇਰੇ ਕੋਲ ਆਉਣ ਵਾਲਿਆਂ ਵਿੱਚ
ਮੈਂ ਪਵਿੱਤਰ ਸਾਬਤ ਹੋਵਾਂਗਾ,
ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ
ਮੇਰਾ ਆਦਰ ਕੀਤਾ ਜਾਵੇਗਾ।’ ”
ਪਰ ਹਾਰੋਨ ਚੁੱਪ ਰਿਹਾ।
ਮੋਸ਼ੇਹ ਨੇ ਹਾਰੋਨ ਦੇ ਚਾਚੇ ਉਜ਼ੀਏਲ ਦੇ ਪੁੱਤਰਾਂ ਮੀਸ਼ਾਏਲ ਅਤੇ ਅਲਸਾਫ਼ਾਨ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਇੱਥੇ ਆਓ। ਆਪਣੇ ਚਚੇਰੇ ਭਰਾਵਾਂ ਨੂੰ ਡੇਰੇ ਦੇ ਬਾਹਰ, ਪਵਿੱਤਰ ਅਸਥਾਨ ਦੇ ਸਾਹਮਣੇ ਤੋਂ ਦੂਰ ਲੈ ਜਾਓ।” ਇਸ ਲਈ ਉਹ ਆਏ ਅਤੇ ਉਹਨਾਂ ਨੂੰ ਉਹਨਾਂ ਦੇ ਕੱਪੜਿਆਂ ਸਮੇਤ ਚੁੱਕਿਆ ਡੇਰੇ ਤੋਂ ਬਾਹਰ ਲੈ ਗਏ, ਜਿਵੇਂ ਮੋਸ਼ੇਹ ਨੇ ਹੁਕਮ ਦਿੱਤਾ ਸੀ।
ਫ਼ੇਰ ਮੋਸ਼ੇਹ ਨੇ ਹਾਰੋਨ ਅਤੇ ਉਸਦੇ ਪੁੱਤਰਾਂ ਅਲਆਜ਼ਾਰ ਅਤੇ ਈਥਾਮਾਰ ਨੂੰ ਆਖਿਆ, “ਤੁਹਾਡੇ ਸਿਰ ਨੰਗੇ ਨਾ ਹੋਣ ਅਤੇ ਆਪਣੇ ਕੱਪੜੇ ਨਾ ਪਾੜੋ, ਨਹੀਂ ਤਾਂ ਤੁਸੀਂ ਮਰ ਜਾਵੋਂਗੇ ਅਤੇ ਯਾਹਵੇਹ ਸਾਰੇ ਲੋਕਾਂ ਨਾਲ ਗੁੱਸੇ ਹੋ ਜਾਵੇਗਾ। ਪਰ ਤੁਹਾਡੇ ਰਿਸ਼ਤੇਦਾਰ, ਸਾਰੇ ਇਸਰਾਏਲੀ, ਉਹਨਾਂ ਲਈ ਸੋਗ ਕਰ ਸਕਦੇ ਹਨ ਜਿਨ੍ਹਾਂ ਨੂੰ ਯਾਹਵੇਹ ਨੇ ਅੱਗ ਦੁਆਰਾ ਤਬਾਹ ਕੀਤਾ ਹੈ। ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਨਾ ਛੱਡੋ, ਨਹੀਂ ਤਾਂ ਤੁਸੀਂ ਮਰ ਜਾਵੋਂਗੇ, ਕਿਉਂਕਿ ਯਾਹਵੇਹ ਦਾ ਮਸਹ ਕਰਨ ਵਾਲਾ ਤੇਲ ਤੁਹਾਡੇ ਉੱਤੇ ਹੈ।” ਇਸ ਲਈ ਉਹਨਾਂ ਨੇ ਉਵੇਂ ਹੀ ਕੀਤਾ ਜਿਵੇਂ ਮੋਸ਼ੇਹ ਨੇ ਕਿਹਾ ਸੀ।
ਤਦ ਯਾਹਵੇਹ ਨੇ ਹਾਰੋਨ ਨੂੰ ਆਖਿਆ, “ਜਦ ਤੂੰ ਜਾਂ ਤੇਰੇ ਪੁੱਤਰ ਮੰਡਲੀ ਦੇ ਡੇਰੇ ਵਿੱਚ ਜਾਓ ਤਦ ਤੁਸੀਂ ਕੋਈ ਮਧ ਜਾਂ ਨਸ਼ਾ ਨਾ ਪੀਣਾ, ਤਾਂ ਜੋ ਤੁਸੀਂ ਮਰ ਨਾ ਜਾਓ। ਇਹ ਤੁਹਾਡੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੋਵੇ। ਤਾਂ ਜੋ ਤੁਸੀਂ ਪਵਿੱਤਰ ਅਤੇ ਆਮ ਵਿੱਚ, ਅਸ਼ੁੱਧ ਅਤੇ ਸ਼ੁੱਧ ਵਿੱਚ ਫ਼ਰਕ ਕਰ ਸਕੋ, ਅਤੇ ਇਸ ਲਈ ਤੁਸੀਂ ਇਸਰਾਏਲੀਆਂ ਨੂੰ ਉਹ ਸਾਰੇ ਫ਼ਰਮਾਨ ਸਿਖਾ ਸਕਦੇ ਹੋ ਜੋ ਯਾਹਵੇਹ ਨੇ ਉਹਨਾਂ ਨੂੰ ਮੋਸ਼ੇਹ ਰਾਹੀਂ ਦਿੱਤੇ ਹਨ।”
ਮੋਸ਼ੇਹ ਨੇ ਹਾਰੋਨ ਅਤੇ ਉਸਦੇ ਬਚੇ ਹੋਏ ਪੁੱਤਰਾਂ, ਅਲਆਜ਼ਾਰ ਅਤੇ ਈਥਾਮਾਰ ਨੂੰ ਕਿਹਾ, “ਖਮੀਰ ਤੋਂ ਬਿਨਾਂ ਤਿਆਰ ਕੀਤੇ ਗਏ ਅਨਾਜ ਦੀ ਭੇਟ ਵਿੱਚੋਂ ਬਚੀ ਹੋਈ ਅਨਾਜ਼ ਦੀ ਭੇਟ ਨੂੰ ਲੈ ਕੇ ਯਾਹਵੇਹ ਨੂੰ ਭੇਟ ਕਰੋ ਅਤੇ ਇਸਨੂੰ ਜਗਵੇਦੀ ਦੇ ਕੋਲ ਖਾਓ ਕਿਉਂਕਿ ਇਹ ਅੱਤ ਪਵਿੱਤਰ ਹੈ। ਇਸ ਨੂੰ ਪਵਿੱਤਰ ਅਸਥਾਨ ਵਿੱਚ ਖਾਓ, ਕਿਉਂਕਿ ਇਹ ਤੁਹਾਡਾ ਅਤੇ ਤੁਹਾਡੇ ਪੁੱਤਰਾਂ ਦੁਆਰਾ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਦੀ ਭੇਟ ਦਾ ਹਿੱਸਾ ਹੈ; ਮੈਨੂੰ ਇਸ ਲਈ ਹੁਕਮ ਦਿੱਤਾ ਗਿਆ ਹੈ। ਪਰ ਤੁਸੀਂ ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਉਸ ਛਾਤੀ ਨੂੰ ਖਾ ਸਕਦੇ ਹੋ ਜੋ ਹਿਲਾਇਆ ਗਿਆ ਸੀ ਅਤੇ ਉਸ ਪੱਟ ਨੂੰ ਜੋ ਚੜ੍ਹਾਇਆ ਗਿਆ ਸੀ। ਉਹਨਾਂ ਨੂੰ ਰਸਮੀ ਤੌਰ ਤੇ ਸਾਫ਼ ਜਗ੍ਹਾ ਤੇ ਖਾਓ; ਉਹ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਇਸਰਾਏਲੀਆਂ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਤੁਹਾਡੇ ਹਿੱਸੇ ਵਜੋਂ ਦਿੱਤੇ ਗਏ ਹਨ। ਜੋ ਪੱਟ ਚੜ੍ਹਾਇਆ ਗਿਆ ਸੀ ਅਤੇ ਜੋ ਛਾਤੀ ਨੂੰ ਹਿਲਾਇਆ ਗਿਆ ਸੀ, ਉਹ ਭੋਜਨ ਦੀ ਭੇਟ ਦੇ ਚਰਬੀ ਵਾਲੇ ਹਿੱਸਿਆ ਦੇ ਨਾਲ ਲਿਆਉਣੀ ਚਾਹੀਦੀ ਹੈ, ਤਾਂ ਜੋ ਯਾਹਵੇਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਹਿਲਾਇਆ ਜਾ ਸਕੇ। ਇਹ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਸਦੀਵੀ ਹਿੱਸਾ ਹੋਵੇਗਾ, ਜਿਵੇਂ ਕਿ ਯਾਹਵੇਹ ਨੇ ਹੁਕਮ ਦਿੱਤਾ ਹੈ।”
ਜਦੋਂ ਮੋਸ਼ੇਹ ਨੇ ਪਾਪ ਦੀ ਭੇਟ1 ਦੇ ਬੱਕਰੇ ਬਾਰੇ ਪੁੱਛਿਆ ਅਤੇ ਵੇਖਿਆ ਕਿ ਉਹ ਸੜ ਗਿਆ ਹੈ, ਤਾਂ ਉਹ ਹਾਰੋਨ ਦੇ ਬਾਕੀ ਬਚੇ ਪੁੱਤਰਾਂ ਅਲਆਜ਼ਾਰ ਅਤੇ ਈਥਾਮਾਰ ਉੱਤੇ ਗੁੱਸੇ ਹੋਇਆ ਅਤੇ ਪੁੱਛਿਆ, “ਤੂੰ ਪਵਿੱਤਰ ਸਥਾਨ ਵਿੱਚ ਪਾਪ ਦੀ ਭੇਟ ਕਿਉਂ ਨਹੀਂ ਖਾਧੀ? ਇਹ ਸਭ ਤੋਂ ਪਵਿੱਤਰ ਹੈ, ਇਹ ਤੁਹਾਨੂੰ ਯਾਹਵੇਹ ਅੱਗੇ ਉਹਨਾਂ ਲਈ ਪ੍ਰਾਸਚਿਤ ਕਰਕੇ ਭਾਈਚਾਰੇ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਦਿੱਤਾ ਗਿਆ ਸੀ। ਕਿਉਂਕਿ ਇਸ ਦਾ ਲਹੂ ਪਵਿੱਤਰ ਸਥਾਨ ਵਿੱਚ ਨਹੀਂ ਲਿਆ ਗਿਆ ਸੀ, ਇਸ ਲਈ ਤੁਹਾਨੂੰ ਪਵਿੱਤਰ ਸਥਾਨ ਵਿੱਚ ਬੱਕਰੀ ਨੂੰ ਖਾਣਾ ਚਾਹੀਦਾ ਸੀ, ਜਿਵੇਂ ਮੈਂ ਹੁਕਮ ਦਿੱਤਾ ਸੀ।”
ਹਾਰੋਨ ਨੇ ਮੋਸ਼ੇਹ ਨੂੰ ਜਵਾਬ ਦਿੱਤਾ, “ਅੱਜ ਉਹਨਾਂ ਨੇ ਆਪਣੇ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਯਾਹਵੇਹ ਦੇ ਅੱਗੇ ਚੜ੍ਹਾਈ, ਪਰ ਮੇਰੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ। ਜੇਕਰ ਮੈਂ ਅੱਜ ਪਾਪ ਦੀ ਭੇਟ ਨੂੰ ਖਾ ਲਿਆ ਹੁੰਦਾ ਤਾਂ ਕੀ ਯਾਹਵੇਹ ਪ੍ਰਸੰਨ ਹੁੰਦਾ?” ਜਦੋਂ ਮੋਸ਼ੇਹ ਨੇ ਇਹ ਸੁਣਿਆ ਤਾਂ ਉਹ ਸੰਤੁਸ਼ਟ ਹੋ ਗਿਆ।
Source notes (1)
- Footnote ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.