Biblica® Open Punjabi Contemporary Version 2025
ਨਿਆਈਂ 21
ਬਿਨਯਾਮੀਨੀਆਂ ਲਈ ਪਤਨੀਆਂ
ਇਸਰਾਏਲ ਦੇ ਆਦਮੀਆਂ ਨੇ ਮਿਸਪਾਹ ਵਿੱਚ ਸਹੁੰ ਖਾਧੀ ਸੀ, “ਸਾਡੇ ਵਿੱਚੋਂ ਕੋਈ ਵੀ ਆਪਣੀ ਧੀ ਨੂੰ ਬਿਨਯਾਮੀਨੀ ਨਾਲ ਨਹੀਂ ਵਿਆਹੇਗਾ।”
ਲੋਕ ਬੈਤਏਲ1 ਵਿੱਚ ਆਏ, ਜਿੱਥੇ ਉਹ ਸ਼ਾਮ ਤੱਕ ਪਰਮੇਸ਼ਵਰ ਦੇ ਸਾਹਮਣੇ ਬੈਠੇ ਰਹੇ, ਆਪਣੀਆਂ ਆਵਾਜ਼ਾਂ ਉੱਚੀਆਂ ਕਰਕੇ ਅਤੇ ਫੁੱਟ-ਫੁੱਟ ਕੇ ਰੋਂਦੇ ਰਹੇ। ਅਤੇ ਬੋਲੇ “ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ਇਸਰਾਏਲ ਨਾਲ ਅਜਿਹਾ ਕਿਉਂ ਹੋਇਆ? ਅੱਜ ਇਸਰਾਏਲ ਵਿੱਚੋਂ ਇੱਕ ਗੋਤ ਕਿਉਂ ਘੱਟ ਹੈ?”
ਅਗਲੇ ਦਿਨ ਤੜਕੇ ਲੋਕਾਂ ਨੇ ਇੱਕ ਜਗਵੇਦੀ ਬਣਾਈ ਅਤੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।
ਤਦ ਇਸਰਾਏਲੀਆਂ ਨੇ ਪੁੱਛਿਆ, “ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਕੌਣ ਹੈ ਜੋ ਯਾਹਵੇਹ ਦੇ ਅੱਗੇ ਇਕੱਠੇ ਹੋਣ ਵਿੱਚ ਅਸਫ਼ਲ ਰਿਹਾ ਹੈ?” ਕਿਉਂਕਿ ਉਨ੍ਹਾਂ ਨੇ ਪੱਕੀ ਸਹੁੰ ਖਾਧੀ ਸੀ ਕਿ ਜੋ ਕੋਈ ਵੀ ਮਿਸਪਾਹ ਵਿਖੇ ਯਾਹਵੇਹ ਦੇ ਸਾਹਮਣੇ ਇਕੱਠੇ ਨਹੀਂ ਹੋਇਆ, ਉਸਨੂੰ ਮਾਰਿਆ ਜਾਵੇਗਾ।
ਹੁਣ ਇਸਰਾਏਲੀ ਬਿਨਯਾਮੀਨ ਦੇ ਗੋਤ ਲਈ ਸੋਗ ਕਰਦੇ ਸਨ, “ਕਿ ਅੱਜ ਇੱਕ ਗੋਤ ਇਸਰਾਏਲ ਵਿੱਚੋਂ ਨਸ਼ਟ ਹੋ ਗਈ ਹੈ।” “ਅਸੀਂ ਯਾਹਵੇਹ ਅੱਗੇ ਸਹੁੰ ਖਾਧੀ ਹੈ ਕਿ ਅਸੀਂ ਆਪਣੀਆਂ ਧੀਆਂ ਉਨ੍ਹਾਂ ਨੂੰ ਵਿਆਹ ਲਈ ਨਹੀਂ ਦਿਆਂਗੇ, ਇਸੇ ਲਈ ਜਿਹੜੇ ਬਚ ਗਏ ਹਨ ਉਨ੍ਹਾਂ ਨੂੰ ਅਸੀਂ ਪਤਨੀਆਂ ਕਿੱਥੋਂ ਦੇਈਏ?” ਤਦ ਉਨ੍ਹਾਂ ਨੇ ਪੁੱਛਿਆ, “ਇਸਰਾਏਲ ਦੇ ਗੋਤ ਵਿੱਚੋਂ ਕਿਹੜਾ ਇੱਕ ਮਿਸਪਾਹ ਵਿੱਚ ਯਾਹਵੇਹ ਦੇ ਅੱਗੇ ਇਕੱਠੇ ਹੋਣ ਲਈ ਨਹੀਂ ਆਇਆ?” ਉਨ੍ਹਾਂ ਨੂੰ ਪਤਾ ਲੱਗਾ ਕਿ ਯਾਬੇਸ਼ ਗਿਲਆਦ ਤੋਂ ਕੋਈ ਵੀ ਡੇਰੇ ਵਿੱਚ ਸਭਾ ਲਈ ਨਹੀਂ ਆਇਆ ਸੀ। ਕਿਉਂਕਿ ਜਦੋਂ ਉਨ੍ਹਾਂ ਨੇ ਲੋਕਾਂ ਦੀ ਗਿਣਤੀ ਕੀਤੀ ਤਾਂ ਉਨ੍ਹਾਂ ਨੇ ਦੇਖਿਆ ਕਿ ਯਾਬੇਸ਼ ਗਿਲਆਦ ਦੇ ਲੋਕਾਂ ਵਿੱਚੋਂ ਕੋਈ ਵੀ ਉੱਥੇ ਨਹੀਂ ਸੀ।
ਇਸ ਲਈ ਸਭਾ ਨੇ ਬਾਰਾਂ ਹਜ਼ਾਰ ਲੜਾਕੂ ਮਨੁੱਖਾਂ ਨੂੰ ਹੁਕਮ ਦੇ ਕੇ ਭੇਜਿਆ ਜੋ ਯਾਬੇਸ਼ ਗਿਲਆਦ ਨੂੰ ਜਾਣ ਅਤੇ ਉੱਥੇ ਰਹਿਣ ਵਾਲਿਆਂ ਨੂੰ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸਨ, ਤਲਵਾਰ ਨਾਲ ਵੱਢ ਸੁੱਟਣ। ਉਨ੍ਹਾਂ ਨੇ ਕਿਹਾ, “ਇਹ ਕੰਮ ਕਰੋ ਕਿ ਸਾਰੇ ਮਰਦ ਅਤੇ ਹਰ ਔਰਤ ਨੂੰ ਜੋ ਜਿਸ ਨੇ ਮਰਦ ਨਾਲ ਸੰਬੰਧ ਬਣਾਇਆ ਹੋਏ, ਮਾਰ ਦਿਉ।” ਉਨ੍ਹਾਂ ਨੂੰ ਯਾਬੇਸ਼ ਗਿਲਆਦ ਵਿੱਚ ਰਹਿਣ ਵਾਲੇ ਲੋਕਾਂ ਵਿੱਚੋਂ ਚਾਰ ਸੌ ਮੁਟਿਆਰਾਂ ਲੱਭੀਆਂ ਜਿਹੜੀਆਂ ਕਦੇ ਕਿਸੇ ਆਦਮੀ ਨਾਲ ਨਹੀਂ ਸੁੱਤੀਆ ਸਨ, ਅਤੇ ਉਹ ਉਨ੍ਹਾਂ ਨੂੰ ਕਨਾਨ ਵਿੱਚ ਸ਼ੀਲੋਹ ਦੇ ਡੇਰੇ ਵਿੱਚ ਲੈ ਗਏ।
ਤਦ ਸਾਰੀ ਸਭਾ ਨੇ ਰਿੰਮੋਨ ਦੀ ਚੱਟਾਨ ਉੱਤੇ ਬਿਨਯਾਮੀਨੀਆਂ ਨੂੰ ਸ਼ਾਂਤੀ ਦਾ ਸੁਨੇਹਾ ਭੇਜਿਆ। ਇਸ ਲਈ ਬਿਨਯਾਮੀਨੀ ਉਸ ਸਮੇਂ ਵਾਪਸ ਆ ਗਏ ਅਤੇ ਉਨ੍ਹਾਂ ਨੂੰ ਯਾਬੇਸ਼ ਗਿਲਆਦ ਦੀਆਂ ਉਹ ਔਰਤਾਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਬਚਾਇਆ ਗਿਆ ਸੀ। ਪਰ ਉਹ ਉਨ੍ਹਾਂ ਸਾਰਿਆਂ ਲਈ ਕਾਫ਼ੀ ਨਾ ਹੋਈਆਂ।
ਲੋਕ ਬਿਨਯਾਮੀਨ ਲਈ ਉਦਾਸ ਸਨ, ਕਿਉਂਕਿ ਯਾਹਵੇਹ ਨੇ ਇਸਰਾਏਲ ਦੇ ਗੋਤਾਂ ਵਿੱਚ ਇੱਕ ਦਰਾਰ ਪਾ ਦਿੱਤੀ ਸੀ। ਅਤੇ ਸਭਾ ਦੇ ਬਜ਼ੁਰਗਾਂ ਨੇ ਕਿਹਾ, “ਬਿਨਯਾਮੀਨ ਦੀਆਂ ਔਰਤਾਂ ਦੇ ਨਾਸ ਹੋਣ ਦੇ ਨਾਲ, ਅਸੀਂ ਬਚੇ ਹੋਏ ਆਦਮੀਆਂ ਲਈ ਪਤਨੀਆਂ ਕਿੱਥੋਂ ਲਿਆਈਏ? ਤਦ ਉਨ੍ਹਾਂ ਨੇ ਕਿਹਾ, ਇਹ ਜ਼ਰੂਰੀ ਹੈ ਕਿ ਜਿਹੜੇ ਬਿਨਯਾਮੀਨ ਦੇ ਵਿੱਚੋਂ ਬਚ ਗਏ ਹਨ,” ਉਨ੍ਹਾਂ ਦਾ ਹਿੱਸਾ ਰਹੇ, “ਤਾਂ ਜੋ ਇਸਰਾਏਲੀਆਂ ਦਾ ਇੱਕ ਗੋਤ ਮਿਟ ਨਾ ਜਾਵੇ। ਅਸੀਂ ਉਨ੍ਹਾਂ ਨੂੰ ਆਪਣੀਆਂ ਧੀਆਂ ਪਤਨੀਆਂ ਵਜੋਂ ਨਹੀਂ ਦੇ ਸਕਦੇ, ਕਿਉਂਕਿ ਇਸਰਾਏਲੀਆਂ ਨੇ ਇਹ ਸਹੁੰ ਖਾਧੀ ਹੈ: ‘ਸਰਾਪੀ ਹੋਵੇ ਉਹ ਜਿਹੜਾ ਬਿਨਯਾਮੀਨੀ ਨਾਲ ਆਪਣੀ ਧੀ ਵਿਆਹੇ।’ ਪਰ ਵੇਖੋ, ਸ਼ੀਲੋਹ ਵਿੱਚ ਉਸ ਥਾਂ ਦੇ ਕੋਲ ਜੋ ਬੈਤਏਲ ਦੇ ਉੱਤਰ ਵੱਲ ਅਤੇ ਉਸ ਸੜਕ ਦੇ ਪੂਰਬ ਵੱਲ ਜਿਹੜੀ ਬੈਤਏਲ ਤੋਂ ਸ਼ੇਕੇਮ ਨੂੰ ਲਬੋਨਾਹ ਦੇ ਦੱਖਣ ਵੱਲ ਲੰਘ ਕੇ ਜਾਂਦੀ ਹੈ, ਯਾਹਵੇਹ ਦੇ ਲਈ ਹਰ ਸਾਲ ਇੱਕ ਪਰਬ ਮਨਾਇਆ ਜਾਂਦਾ ਹੈ।”
ਇਸ ਲਈ ਉਨ੍ਹਾਂ ਨੇ ਬਿਨਯਾਮੀਨ ਦੇ ਲੋਕਾਂ ਨੂੰ ਹੁਕਮ ਦਿੱਤਾ, “ਜਾਓ ਅਤੇ ਅੰਗੂਰੀ ਬਾਗ਼ਾਂ ਵਿੱਚ ਲੁਕ ਜਾਓ ਅਤੇ ਧਿਆਨ ਨਾਲ ਵੇਖੋ, ਜਦੋਂ ਸ਼ੀਲੋਹ ਦੀਆਂ ਮੁਟਿਆਰਾਂ ਨੱਚਣ ਲਈ ਬਾਹਰ ਆਉਂਦੀਆਂ ਹਨ, ਤਾਂ ਅੰਗੂਰੀ ਬਾਗ਼ਾਂ ਵਿੱਚੋਂ ਨਿੱਕਲ ਕੇ ਸ਼ੀਲੋਹ ਦੀਆਂ ਧੀਆਂ ਵਿੱਚੋਂ ਇੱਕ-ਇੱਕ ਮੁਟਿਆਰ ਆਪਣੀ ਪਤਨੀ ਬਣਨ ਲਈ ਫੜ ਲਓ। ਫਿਰ ਬਿਨਯਾਮੀਨ ਦੀ ਧਰਤੀ ਉੱਤੇ ਵਾਪਸ ਜਾਓ। ਜਦੋਂ ਉਨ੍ਹਾਂ ਦੇ ਪਿਤਾ ਜਾਂ ਭਰਾ ਸਾਡੇ ਕੋਲ ਸ਼ਿਕਾਇਤ ਕਰਨ ਆਉਣ ਤਾਂ ਅਸੀਂ ਉਨ੍ਹਾਂ ਨੂੰ ਆਖਾਂਗੇ, ‘ਕੀ ਸਾਡੇ ਉੱਤੇ ਉਨ੍ਹਾਂ ਦੀ ਮਦਦ ਕਰਨ ਦੀ ਮਿਹਰਬਾਨੀ ਕਰੋ, ਕਿਉਂਕਿ ਸਾਨੂੰ ਯੁੱਧ ਦੌਰਾਨ ਉਨ੍ਹਾਂ ਲਈ ਪਤਨੀਆਂ ਨਹੀਂ ਮਿਲੀਆਂ। ਤੁਸੀਂ ਆਪਣੀ ਸਹੁੰ ਤੋੜਨ ਦੇ ਦੋਸ਼ੀ ਨਹੀਂ ਹੋਵੋਗੇ ਕਿਉਂਕਿ ਤੁਸੀਂ ਆਪਣੀਆਂ ਧੀਆਂ ਉਨ੍ਹਾਂ ਨੂੰ ਨਹੀਂ ਦਿੱਤੀਆਂ ਸਨ।’ ”
ਇਸ ਲਈ ਬਿਨਯਾਮੀਨੀਆਂ ਨੇ ਅਜਿਹਾ ਹੀ ਕੀਤਾ। ਜਦੋਂ ਮੁਟਿਆਰਾਂ ਨੱਚ ਰਹੀਆਂ ਸਨ, ਹਰ ਆਦਮੀ ਨੇ ਇੱਕ-ਇੱਕ ਨੂੰ ਫੜ ਲਿਆ ਅਤੇ ਉਹਨਾਂ ਨੂੰ ਆਪਣੀ ਪਤਨੀ ਬਣਾਉਣ ਲਈ ਲੈ ਗਏ। ਤਦ ਉਹ ਆਪਣੀ ਵਿਰਾਸਤ ਵੱਲ ਮੁੜੇ ਅਤੇ ਨਗਰਾਂ ਨੂੰ ਮੁੜ ਉਸਾਰ ਕੇ ਉਨ੍ਹਾਂ ਵਿੱਚ ਵੱਸ ਗਏ।
ਉਸ ਸਮੇਂ ਇਸਰਾਏਲੀ ਉਸ ਥਾਂ ਨੂੰ ਛੱਡ ਕੇ ਆਪੋ-ਆਪਣੇ ਗੋਤਾਂ ਅਤੇ ਘਰ ਚਲੇ ਗਏ, ਹਰ ਇੱਕ ਆਪਣੀ ਵਿਰਾਸਤ ਵਿੱਚ।
ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ। ਹਰ ਕਿਸੇ ਨੇ ਉਵੇਂ ਹੀ ਕੀਤਾ ਜਿਵੇਂ ਉਹ ਠੀਕ ਸਮਝਦੇ ਸਨ।
Source notes (1)
- Footnote ਬੈਤਏਲ ਅਰਥ ਪਰਮੇਸ਼ਵਰ ਦਾ ਘਰ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.