Skip to content
BibleKenya

Biblica® Open Punjabi Contemporary Version 2025

ਨਿਆਈਂ 20

ਇਸਰਾਏਲੀ ਬਿਨਯਾਮੀਨੀਆਂ ਨੂੰ ਸਜ਼ਾ ਦੇਣਾ

ਤਦ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਅਤੇ ਗਿਲਆਦ ਦੇ ਦੇਸ਼ ਤੋਂ ਸਾਰੇ ਇਸਰਾਏਲੀ ਇੱਕ ਹੋ ਕੇ ਮਿਸਪਾਹ ਵਿੱਚ ਯਾਹਵੇਹ ਦੇ ਅੱਗੇ ਇਕੱਠੇ ਹੋਏ। ਸਾਰੇ ਲੋਕਾਂ ਦੇ ਸਰਦਾਰ ਸਗੋਂ ਇਸਰਾਏਲ ਦੇ ਸਾਰੇ ਗੋਤਾਂ ਦੇ ਲੋਕ, ਜੋ ਪਰਮੇਸ਼ਵਰ ਦੇ ਲੋਕਾਂ ਦੀ ਸਭਾ ਵਿੱਚ ਆਏ, ਚਾਰ ਲੱਖ ਤਲਵਾਰ ਧਾਰੀ ਮਨੁੱਖ ਸਨ। ਬਿਨਯਾਮੀਨੀਆਂ ਨੇ ਸੁਣਿਆ ਕਿ ਇਸਰਾਏਲੀ ਮਿਸਪਾਹ ਇਕੱਠੇ ਹੋਏ ਹਨ। ਤਦ ਇਸਰਾਏਲੀ ਪੁੱਛਣ ਲੱਗੇ, “ਸਾਨੂੰ ਦੱਸੋ ਕਿ ਇਹ ਭਿਆਨਕ ਗੱਲ ਕਿਵੇਂ ਹੋਈ।”

ਤਦ ਕਤਲ ਕੀਤੀ ਗਈ ਔਰਤ ਦੇ ਪਤੀ ਲੇਵੀ ਨੇ ਆਖਿਆ, “ਮੈਂ ਅਤੇ ਮੇਰੀ ਦਾਸੀ ਗਿਬਆਹ ਵਿੱਚ ਜੋ ਬਿਨਯਾਮੀਨ ਵਿੱਚ ਹੈ ਰਾਤ ਕੱਟਣ ਲਈ ਆਏ ਸੀ। ਰਾਤ ਨੂੰ ਗਿਬਆਹ ਦੇ ਆਦਮੀ ਮੇਰੇ ਮਗਰ ਆਏ ਅਤੇ ਮੈਨੂੰ ਮਾਰਨ ਦੇ ਇਰਾਦੇ ਨਾਲ ਘਰ ਨੂੰ ਘੇਰ ਲਿਆ। ਉਨ੍ਹਾਂ ਨੇ ਮੇਰੀ ਰਖੇਲ ਨਾਲ ਬਲਾਤਕਾਰ ਕੀਤਾ ਅਤੇ ਉਹ ਮਰ ਗਈ। ਮੈਂ ਆਪਣੀ ਰਖੇਲ ਨੂੰ ਲੈ ਲਿਆ, ਉਸਦੇ ਟੁਕੜੇ-ਟੁਕੜੇ ਕੀਤੇ ਅਤੇ ਇਸਰਾਏਲ ਦੀ ਵਿਰਾਸਤ ਦੇ ਹਰੇਕ ਖੇਤਰ ਵਿੱਚ ਇੱਕ-ਇੱਕ ਟੁਕੜਾ ਭੇਜਿਆ, ਕਿਉਂਕਿ ਉਨ੍ਹਾਂ ਨੇ ਇਸਰਾਏਲ ਵਿੱਚ ਇਹ ਗੰਦੀ ਅਤੇ ਘਿਣਾਉਣੀ ਹਰਕਤ ਕੀਤੀ ਹੈ। ਹੁਣ ਤੁਸੀਂ ਸਾਰੇ ਇਸਰਾਏਲੀਓ, ਬੋਲੋ ਅਤੇ ਮੈਨੂੰ ਦੱਸੋ ਕਿ ਤੁਸੀਂ ਕੀ ਕਰਨ ਦਾ ਫ਼ੈਸਲਾ ਕੀਤਾ ਹੈ।”

ਸਾਰੇ ਆਦਮੀ ਇੱਕਠੇ ਹੋ ਕੇ ਬੋਲੇ, “ਸਾਡੇ ਵਿੱਚੋਂ ਨਾ ਕੋਈ ਘਰ ਅਤੇ ਨਾ ਹੀ ਕੋਈ ਆਪਣੇ ਤੰਬੂ ਵੱਲ ਜਾਵੇਗਾ। ਪਰ ਹੁਣ ਇਹ ਹੈ ਜੋ ਅਸੀਂ ਗਿਬਆਹ ਨਾਲ ਕਰਾਂਗੇ ਅਰਥਾਤ ਅਸੀਂ ਪਰਚੀਆਂ ਪਾ ਕੇ ਕੀਤੇ ਗਏ ਫੈਸਲਾ ਅਨੁਸਾਰ ਚੜ੍ਹਾਈ ਕਰਾਂਗੇ। ਅਸੀਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਸੌ ਵਿੱਚੋਂ ਦਸ, ਅਤੇ ਇੱਕ ਹਜ਼ਾਰ ਵਿੱਚੋਂ ਇੱਕ ਸੌ ਅਤੇ ਦਸ ਹਜ਼ਾਰ ਵਿੱਚੋਂ ਇੱਕ ਹਜ਼ਾਰ, ਮਨੁੱਖ ਵੱਖਰੇ ਕਰੇਗਾ ਤਾਂ ਜੋ ਉਹ ਫੌਜ ਲਈ ਭੋਜਨ ਵਸਤੂਆਂ ਲਿਆਉਣ, ਕਿਉਂ ਜੋ ਅਸੀਂ ਬਿਨਯਾਮੀਨ ਦੇ ਗੇਬਾ ਵਿੱਚ ਜਾ ਕੇ ਉਨ੍ਹਾਂ ਨਾਲ ਉਸੇ ਦੁਸ਼ਟਤਾ ਦੇ ਅਨੁਸਾਰ ਕਰਾਂਗੇ ਜਿਹੜੀ ਉਨ੍ਹਾਂ ਨੇ ਇਸਰਾਏਲ ਵਿੱਚ ਕੀਤੀ ਹੈ।” ਇਸ ਲਈ ਸਾਰੇ ਇਸਰਾਏਲੀ ਇਕੱਠੇ ਹੋ ਗਏ ਅਤੇ ਸ਼ਹਿਰ ਦੇ ਵਿਰੁੱਧ ਇੱਕ ਜੁੱਟ ਹੋ ਗਏ।

ਇਸਰਾਏਲ ਦੇ ਗੋਤਾਂ ਨੇ ਬਿਨਯਾਮੀਨ ਦੇ ਸਾਰੇ ਪਰਿਵਾਰ-ਸਮੂਹ ਵਿੱਚ ਸੰਦੇਸ਼ਵਾਹਕ ਭੇਜੇ, “ਇਸ ਭਿਆਨਕ ਅਪਰਾਧ ਬਾਰੇ ਕੀ ਜੋ ਤੁਹਾਡੇ ਵਿੱਚ ਕੀਤਾ ਗਿਆ ਸੀ? ਹੁਣ ਗਿਬਆਹ ਦੇ ਉਨ੍ਹਾਂ ਦੁਸ਼ਟ ਆਦਮੀਆਂ ਨੂੰ ਸਾਡੇ ਹਵਾਲੇ ਕਰ ਦਿਓ ਤਾਂ ਜੋ ਅਸੀਂ ਉਨ੍ਹਾਂ ਨੂੰ ਮਾਰ ਦੇਈਏ ਅਤੇ ਇਸਰਾਏਲ ਵਿੱਚੋਂ ਬੁਰਿਆਈ ਨੂੰ ਦੂਰ ਕਰੀਏ।”

ਪਰ ਬਿਨਯਾਮੀਨੀਆਂ ਨੇ ਆਪਣੇ ਇਸਰਾਏਲੀਆਂ ਦੀ ਗੱਲ ਨਹੀਂ ਸੁਣੀ। ਬਿਨਯਾਮੀਨ ਆਪਣੇ ਨਗਰਾਂ ਤੋਂ ਇਸਰਾਏਲੀਆਂ ਨਾਲ ਲੜਨ ਲਈ ਗਿਬਆਹ ਵਿੱਚ ਇਕੱਠੇ ਹੋਏ। ਉਸੇ ਵੇਲੇ ਬਿਨਯਾਮੀਨੀਆਂ ਨੇ ਗਿਬਆਹ ਵਿੱਚ ਰਹਿਣ ਵਾਲਿਆਂ ਵਿੱਚੋਂ ਸੱਤ ਸੌ ਯੋਗ ਜੁਆਨਾਂ ਤੋਂ ਇਲਾਵਾ ਆਪਣੇ ਨਗਰਾਂ ਵਿੱਚੋਂ ਛੱਬੀ ਹਜ਼ਾਰ ਤਲਵਾਰ ਧਾਰੀ ਸੂਰਮਿਆਂ ਨੂੰ ਇਕੱਠੇ ਕੀਤੇ। ਇਨ੍ਹਾਂ ਸਾਰੇ ਸਿਪਾਹੀਆਂ ਵਿੱਚ ਸੱਤ ਸੌ ਚੁਣੇ ਹੋਏ ਸੈਨਿਕ ਸਨ ਜੋ ਖੱਬੇ ਹੱਥ ਦੇ ਸਨ, ਜਿਨ੍ਹਾਂ ਵਿਚੋਂ ਸਾਰੇ ਦੇ ਸਾਰੇ ਅਜਿਹੇ ਸਨ ਜੋ ਗੁਲੇਲ ਨਾਲ ਪੱਥਰ ਦਾ ਨਿਸ਼ਾਨਾ ਲਗਾਉਂਦੇ ਸਨ ਅਤੇ ਕਦੀ ਚੂਕਦੇ ਨਹੀਂ ਸਨ।

ਇਸਰਾਏਲ ਨੇ ਬਿਨਯਾਮੀਨ ਤੋਂ ਇਲਾਵਾ ਚਾਰ ਲੱਖ ਤਲਵਾਰ ਧਾਰੀ ਇਕੱਠੇ ਕੀਤੇ, ਉਹ ਸਾਰੇ ਲੜਾਈ ਲਈ ਯੋਗ ਸਨ।

ਇਸਰਾਏਲੀ ਬੈਤਏਲ ਨੂੰ ਗਏ ਅਤੇ ਪਰਮੇਸ਼ਵਰ ਤੋਂ ਪੁੱਛਣ ਲੱਗੇ, “ਸਾਡੇ ਵਿੱਚੋਂ ਕੌਣ ਹੈ ਜੋ ਬਿਨਯਾਮੀਨੀਆਂ ਨਾਲ ਲੜਨ ਲਈ ਪਹਿਲਾਂ ਚੜ੍ਹੇ?”

ਯਾਹਵੇਹ ਨੇ ਜਵਾਬ ਦਿੱਤਾ, “ਯਹੂਦਾਹ ਪਹਿਲਾਂ ਜਾਵੇਗਾ।”

ਅਗਲੀ ਸਵੇਰ ਇਸਰਾਏਲੀ ਉੱਠੇ ਅਤੇ ਗਿਬਆਹ ਦੇ ਨੇੜੇ ਡੇਰਾ ਲਾਇਆ। ਇਸਰਾਏਲ ਬਿਨਯਾਮੀਨੀਆਂ ਨਾਲ ਲੜਨ ਲਈ ਨਿਕਲੇ ਅਤੇ ਗਿਬਆਹ ਵਿੱਚ ਉਨ੍ਹਾਂ ਦੇ ਵਿਰੁੱਧ ਲੜਾਈ ਦੀਆਂ ਸਥਿਤੀਆਂ ਬਣਾ ਲਈਆਂ। ਬਿਨਯਾਮੀਨੀ ਗਿਬਆਹ ਤੋਂ ਬਾਹਰ ਆਏ ਅਤੇ ਉਸ ਦਿਨ ਯੁੱਧ ਦੇ ਮੈਦਾਨ ਵਿੱਚ ਬਾਈ ਹਜ਼ਾਰ ਇਸਰਾਏਲੀਆਂ ਨੂੰ ਵੱਢ ਸੁੱਟਿਆ। ਪਰ ਇਸਰਾਏਲੀਆਂ ਨੇ ਇੱਕ-ਦੂਜੇ ਨੂੰ ਹੌਸਲਾ ਦਿੱਤਾ ਅਤੇ ਦੁਬਾਰਾ ਆਪਣੇ ਅਹੁਦੇ ਸੰਭਾਲ ਲਏ ਜਿੱਥੇ ਉਹ ਪਹਿਲੇ ਦਿਨ ਤਾਇਨਾਤ ਸਨ। ਇਸਰਾਏਲੀ ਚੜ੍ਹ ਗਏ ਅਤੇ ਸ਼ਾਮ ਤੱਕ ਯਾਹਵੇਹ ਦੇ ਅੱਗੇ ਰੋਂਦੇ ਰਹੇ, ਅਤੇ ਉਨ੍ਹਾਂ ਨੇ ਯਾਹਵੇਹ ਨੂੰ ਪੁੱਛਿਆ, “ਕੀ ਅਸੀਂ ਆਪਣੇ ਇਸਰਾਏਲੀਆਂ ਦੇ ਨਾਲ ਬਿਨਯਾਮੀਨੀਆਂ ਨਾਲ ਲੜਨ ਲਈ ਫ਼ੇਰ ਚੜ੍ਹੀਏ?”

ਯਾਹਵੇਹ ਨੇ ਜਵਾਬ ਦਿੱਤਾ, “ਉਨ੍ਹਾਂ ਦੇ ਵਿਰੁੱਧ ਜਾਓ।”

ਫਿਰ ਇਸਰਾਏਲੀ ਦੂਜੇ ਦਿਨ ਬਿਨਯਾਮੀਨ ਦੇ ਨੇੜੇ ਆਏ। ਇਸ ਵਾਰ ਜਦੋਂ ਬਿਨਯਾਮੀਨੀ ਗਿਬਆਹ ਤੋਂ ਉਨ੍ਹਾਂ ਦਾ ਵਿਰੋਧ ਕਰਨ ਲਈ ਨਿੱਕਲ ਆਏ ਤਾਂ ਉਨ੍ਹਾਂ ਨੇ ਹੋਰ ਅਠਾਰਾਂ ਹਜ਼ਾਰ ਇਸਰਾਏਲੀਆਂ ਨੂੰ ਵੱਢ ਸੁੱਟਿਆ ਜੋ ਉਹ ਸਾਰੇ ਤਲਵਾਰਾਂ ਚਲਾਉਣ ਵਿੱਚ ਮਾਹਰ ਸਨ।

ਤਦ ਸਾਰੇ ਇਸਰਾਏਲੀ, ਸਾਰੀ ਸੈਨਾ, ਬੈਤਏਲ ਨੂੰ ਗਏ ਅਤੇ ਉੱਥੇ ਉਹ ਯਾਹਵੇਹ ਦੇ ਅੱਗੇ ਰੋਂਦੇ ਹੋਏ ਬੈਠ ਗਏ। ਉਨ੍ਹਾਂ ਨੇ ਉਸ ਦਿਨ ਸ਼ਾਮ ਤੱਕ ਵਰਤ ਰੱਖਿਆ ਅਤੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਅਤੇ ਇਸਰਾਏਲੀਆਂ ਨੇ ਯਾਹਵੇਹ ਕੋਲੋਂ ਪੁੱਛਿਆ, ਕਿਉਂ ਜੋ ਉਨ੍ਹਾਂ ਦਿਨਾਂ ਵਿੱਚ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਉੱਥੇ ਹੀ ਸੀ, ਹਾਰੋਨ ਦੇ ਪੁੱਤਰ ਅਲਆਜ਼ਾਰ ਦੇ ਪੁੱਤਰ ਫੀਨਹਾਸ ਦੇ ਨਾਲ, ਉਸ ਦੇ ਅੱਗੇ ਸੇਵਾ ਕਰ ਰਿਹਾ ਸੀ। ਉਨ੍ਹਾਂ ਨੇ ਪੁੱਛਿਆ, “ਕੀ ਅਸੀਂ ਆਪਣੇ ਸਾਥੀ ਬਿਨਯਾਮੀਨੀਆਂ ਨਾਲ ਲੜਨ ਲਈ ਦੁਬਾਰਾ ਜਾਈਏ ਜਾਂ ਨਹੀਂ?”

ਯਾਹਵੇਹ ਨੇ ਜਵਾਬ ਦਿੱਤਾ, “ਜਾਓ, ਕੱਲ੍ਹ ਮੈਂ ਉਨ੍ਹਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿਆਂਗਾ।”

ਫਿਰ ਇਸਰਾਏਲ ਨੇ ਗਿਬਆਹ ਦੇ ਆਲੇ-ਦੁਆਲੇ ਘਾਤ ਲਗਾ ਲਈ। ਤੀਜੇ ਦਿਨ ਇਸਰਾਏਲ ਦੇ ਲੋਕ ਬਿਨਯਾਮੀਨੀਆਂ ਦੇ ਵਿਰੁੱਧ ਚੜ੍ਹੇ ਅਤੇ ਪਹਿਲਾਂ ਦੀ ਤਰ੍ਹਾਂ ਗਿਬਆਹ ਦੇ ਸਾਹਮਣੇ ਫਿਰ ਕਤਾਰ ਬੰਨ੍ਹੀ। ਬਿਨਯਾਮੀਨੀ ਉਨ੍ਹਾਂ ਦਾ ਸਾਹਮਣਾ ਕਰਨ ਲਈ ਬਾਹਰ ਆਏ ਅਤੇ ਸ਼ਹਿਰ ਤੋਂ ਦੂਰ ਨਿੱਕਲ ਗਏ ਅਤੇ ਉਨ੍ਹਾਂ ਨੇ ਇਸਰਾਏਲੀਆਂ ਨੂੰ ਪਹਿਲਾਂ ਵਾਂਗ ਮਾਰਨਾ ਸ਼ੁਰੂ ਕਰ ਦਿੱਤਾ, ਇਸ ਲਈ ਲਗਭਗ ਤੀਹ ਆਦਮੀ ਖੁੱਲ੍ਹੇ ਮੈਦਾਨ ਅਤੇ ਸੜਕਾਂ ਉੱਤੇ ਡਿੱਗ ਪਏ। ਇੱਕ ਬੈਤਏਲ ਵੱਲ ਜਾਂਦਾ ਸੀ ਅਤੇ ਦੂਜਾ ਗਿਬਆਹ ਵੱਲ ਜਾਂਦਾ ਸੀ। ਜਦੋਂ ਬਿਨਯਾਮੀਨੀ ਕਹਿ ਰਹੇ ਸਨ, “ਅਸੀਂ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਹਰਾ ਰਹੇ ਹਾਂ,” ਇਸਰਾਏਲੀ ਕਹਿ ਰਹੇ ਸਨ, “ਆਓ ਅਸੀਂ ਪਿੱਛੇ ਭੱਜੀਏ ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਸੜਕਾਂ ਵੱਲ ਖਿੱਚੀ ਲਿਆਈਏ।”

ਇਸਰਾਏਲ ਦੇ ਸਾਰੇ ਮਨੁੱਖ ਆਪੋ-ਆਪਣੇ ਟਿਕਾਣਿਆਂ ਤੋਂ ਚਲੇ ਗਏ ਅਤੇ ਬਆਲ ਤਾਮਾਰ ਵਿੱਚ ਟਿਕਾਣੇ ਬਣਾ ਲਏ ਅਤੇ ਇਸਰਾਏਲੀ ਗੇਬਾ ਦੇ ਪੱਛਮ ਵੱਲ ਘਾਤ ਵਿੱਚ ਬੈਠੇ ਹੋਏ ਸਨ। ਤਦ ਇਸਰਾਏਲ ਦੇ ਦਸ ਹਜ਼ਾਰ ਯੋਗ ਨੌਜਵਾਨਾਂ ਨੇ ਗਿਬਆਹ ਉੱਤੇ ਹਮਲਾ ਕੀਤਾ। ਲੜਾਈ ਇੰਨੀ ਭਾਰੀ ਸੀ ਕਿ ਬਿਨਯਾਮੀਨੀਆਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਤਬਾਹੀ ਕਿੰਨੀ ਨੇੜੇ ਸੀ। ਯਾਹਵੇਹ ਨੇ ਇਸਰਾਏਲ ਦੇ ਅੱਗੇ ਬਿਨਯਾਮੀਨ ਨੂੰ ਹਰਾਇਆ, ਅਤੇ ਉਸ ਦਿਨ ਇਸਰਾਏਲੀਆਂ ਨੇ 25,100 ਬਿਨਯਾਮੀਨ ਨੂੰ ਮਾਰ ਦਿੱਤਾ, ਉਹ ਸਾਰੇ ਤਲਵਾਰਾਂ ਚਲਾਉਣ ਵਿੱਚ ਮਾਹਰ ਸਨ। ਫ਼ੇਰ ਬਿਨਯਾਮੀਨੀਆਂ ਨੇ ਦੇਖਿਆ ਕਿ ਉਨ੍ਹਾਂ ਨੂੰ ਮਾਰਿਆ ਗਿਆ ਹੈ।

ਹੁਣ ਇਸਰਾਏਲ ਦੇ ਮਨੁੱਖ ਬਿਨਯਾਮੀਨ ਦੇ ਅੱਗੇ ਤੁਰ ਪਏ ਸਨ, ਕਿਉਂ ਜੋ ਉਹਨਾਂ ਨੇ ਗਿਬਆਹ ਦੇ ਨੇੜੇ ਉਹਨਾਂ ਦੇ ਘਾਤ ਉੱਤੇ ਭਰੋਸਾ ਕੀਤਾ ਸੀ। ਜਿਹੜੇ ਘਾਤ ਵਿੱਚ ਸਨ, ਉਨ੍ਹਾਂ ਨੇ ਗਿਬਆਹ ਵਿੱਚ ਅਚਾਨਕ ਧਾਵਾ ਬੋਲ ਦਿੱਤਾ, ਉਹ ਸਾਰੇ ਪਾਸੇ ਫੈਲ ਗਏ ਅਤੇ ਸਾਰੇ ਸ਼ਹਿਰ ਨੂੰ ਤਲਵਾਰ ਨਾਲ ਮਾਰ ਦਿੱਤਾ। ਇਸਰਾਏਲ ਦੇ ਲੋਕਾਂ ਅਤੇ ਘਾਤ ਵਿੱਚ ਬੈਠਣ ਵਾਲਿਆਂ ਦੇ ਵਿਚਕਾਰ ਇਹ ਨਿਸ਼ਾਨੀ ਠਹਿਰਾਈ ਗਈ ਸੀ ਕਿ ਉਹ ਧੂੰਏਂ ਦਾ ਇੱਕ ਵੱਡਾ ਬੱਦਲ ਸ਼ਹਿਰ ਤੋਂ ਉੱਪਰ ਨੂੰ ਉਡਾਉਣ, ਅਤੇ ਫਿਰ ਇਸਰਾਏਲੀ ਜਵਾਬੀ ਹਮਲਾ ਕਰਨਗੇ।

ਬਿਨਯਾਮੀਨੀਆਂ ਨੇ ਲਗਭਗ ਤੀਹ ਇਸਰਾਏਲੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀ, ਅਤੇ ਉਨ੍ਹਾਂ ਨੇ ਕਿਹਾ, “ਅਸੀਂ ਉਨ੍ਹਾਂ ਨੂੰ ਪਹਿਲੀ ਲੜਾਈ ਵਾਂਗ ਹਰਾਉਂਦੇ ਹਾਂ।” ਪਰ ਜਦੋਂ ਸ਼ਹਿਰ ਵਿੱਚੋਂ ਧੂੰਆਂ ਉੱਠਣ ਲੱਗਾ, ਤਾਂ ਬਿਨਯਾਮੀਨੀਆਂ ਨੇ ਮੁੜ ਕੇ ਵੇਖਿਆ ਅਤੇ ਸਾਰਾ ਸ਼ਹਿਰ ਵਿੱਚੋਂ ਧੂੰਆਂ ਉੱਡਦਾ ਦੇਖਿਆ। ਤਦ ਇਸਰਾਏਲੀਆਂ ਨੇ ਜਵਾਬੀ ਹਮਲਾ ਕੀਤਾ ਅਤੇ ਬਿਨਯਾਮੀਨੀ ਘਬਰਾ ਗਏ ਕਿਉਂ ਜੋ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਉੱਤੇ ਬਿਪਤਾ ਆ ਗਈ ਹੈ। ਇਸ ਲਈ ਉਹ ਇਸਰਾਏਲੀਆਂ ਦੇ ਸਾਹਮਣੇ ਉਜਾੜ ਵੱਲ ਭੱਜੇ, ਪਰ ਉਹ ਲੜਾਈ ਤੋਂ ਬਚ ਨਾ ਸਕੇ ਅਤੇ ਇਸਰਾਏਲੀਆਂ ਨੇ ਜਿਹੜੇ ਕਸਬਿਆਂ ਵਿੱਚੋਂ ਨਿਕਲੇ ਸਨ ਉਨ੍ਹਾਂ ਨੂੰ ਉੱਥੇ ਵੱਢ ਸੁੱਟਿਆ। ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਘੇਰ ਲਿਆ, ਉਨ੍ਹਾਂ ਦਾ ਪਿੱਛਾ ਕੀਤਾ ਅਤੇ ਪੂਰਬ ਵੱਲ ਗਿਬਆਹ ਦੇ ਨੇੜੇ ਉਨ੍ਹਾਂ ਨੂੰ ਅਸਾਨੀ ਨਾਲ ਕਾਬੂ ਕਰ ਲਿਆ। ਅਠਾਰਾਂ ਹਜ਼ਾਰ ਬਿਨਯਾਮੀਨ ਡਿੱਗ ਪਏ, ਉਹ ਸਾਰੇ ਸੂਰਬੀਰ ਯੋਧੇ ਸਨ। ਜਦੋਂ ਉਹ ਮੁੜੇ ਅਤੇ ਉਜਾੜ ਵੱਲ ਰਿੰਮੋਨ ਦੀ ਚੱਟਾਨ ਵੱਲ ਭੱਜੇ, ਇਸਰਾਏਲੀਆਂ ਨੇ ਸੜਕਾਂ ਦੇ ਨਾਲ ਪੰਜ ਹਜ਼ਾਰ ਆਦਮੀਆਂ ਨੂੰ ਵੱਢ ਦਿੱਤਾ। ਉਨ੍ਹਾਂ ਨੇ ਗਿਦੋਮ ਤੱਕ ਬਿਨਯਾਮੀਨੀਆਂ ਦਾ ਪਿੱਛਾ ਕੀਤਾ ਅਤੇ ਦੋ ਹਜ਼ਾਰ ਹੋਰ ਮਾਰੇ।

ਉਸ ਦਿਨ ਪੱਚੀ ਹਜ਼ਾਰ ਬਿਨਯਾਮੀਨ ਤਲਵਾਰ ਧਾਰੀ ਮਨੁੱਖ ਡਿੱਗ ਪਏ, ਉਹ ਸਾਰੇ ਸੂਰਬੀਰ ਯੋਧੇ ਸਨ। ਪਰ ਉਨ੍ਹਾਂ ਵਿੱਚੋਂ ਛੇ ਸੌ ਮੁੜੇ ਅਤੇ ਉਜਾੜ ਵਿੱਚ ਰਿੰਮੋਨ ਦੀ ਚੱਟਾਨ ਵੱਲ ਭੱਜ ਗਏ, ਜਿੱਥੇ ਉਹ ਚਾਰ ਮਹੀਨੇ ਰਹੇ। ਇਸਰਾਏਲ ਦੇ ਲੋਕ ਬਿਨਯਾਮੀਨ ਨੂੰ ਵਾਪਸ ਚਲੇ ਗਏ ਅਤੇ ਸਾਰੇ ਕਸਬਿਆਂ ਨੂੰ ਤਲਵਾਰ ਦੇ ਹਵਾਲੇ ਕਰ ਦਿੱਤਾ, ਜਿਸ ਵਿੱਚ ਜਾਨਵਰਾਂ ਅਤੇ ਹੋਰ ਸਭ ਕੁਝ ਜੋ ਉਨ੍ਹਾਂ ਨੂੰ ਮਿਲਿਆ ਸੀ। ਜਿੰਨੇ ਵੀ ਕਸਬੇ ਉਹ ਆਏ, ਉਨ੍ਹਾਂ ਨੇ ਅੱਗ ਲਾ ਦਿੱਤੀ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.