Skip to content
BibleKenya

Biblica® Open Punjabi Contemporary Version 2025

ਨਿਆਈਂ 18

ਦਾਨੀ ਲੋਕਾਂ ਦਾ ਵਾਸ

ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ।

ਅਤੇ ਉਨ੍ਹਾਂ ਦਿਨਾਂ ਵਿੱਚ ਦਾਨ ਦਾ ਗੋਤ ਆਪਣੀ ਜਗ੍ਹਾ ਦੀ ਭਾਲ ਵਿੱਚ ਸੀ ਜਿੱਥੇ ਉਹ ਵੱਸਣ ਕਿਉਂਕਿ ਅਜੇ ਇਸਰਾਏਲ ਦੇ ਗੋਤਾਂ ਵਿੱਚ ਉਹਨਾਂ ਨੂੰ ਵਿਰਾਸਤ ਨਹੀਂ ਦਿੱਤੀ ਗਈ ਸੀ। ਇਸ ਲਈ ਦਾਨੀਆਂ ਨੇ ਆਪਣੇ ਪੰਜ ਪ੍ਰਮੁੱਖ ਆਦਮੀਆਂ ਨੂੰ ਜ਼ੋਰਾਹ ਅਤੇ ਅਸ਼ਤਾਓਲ ਤੋਂ ਧਰਤੀ ਦੀ ਜਾਸੂਸੀ ਕਰਨ ਅਤੇ ਇਸ ਦੀ ਖੋਜ ਕਰਨ ਲਈ ਭੇਜਿਆ। ਉਹਨਾਂ ਨੂੰ ਇਹ ਕਿਹ ਕੇ ਭੇਜਿਆ, “ਜਾਓ ਅਤੇ ਦੇਸ਼ ਦੀ ਛਾਣਬੀਣ ਕਰੋ।”

ਇਸ ਲਈ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਦਾਖਲ ਹੋਏ ਅਤੇ ਮੀਕਾਹ ਦੇ ਘਰ ਆਏ, ਜਿੱਥੇ ਉਨ੍ਹਾਂ ਨੇ ਰਾਤ ਕੱਟੀ। ਜਦੋਂ ਉਹ ਮੀਕਾਹ ਦੇ ਘਰ ਦੇ ਨੇੜੇ ਸਨ, ਤਾਂ ਉਨ੍ਹਾਂ ਨੇ ਨੌਜਵਾਨ ਲੇਵੀ ਦੀ ਆਵਾਜ਼ ਪਛਾਣ ਲਈ; ਇਸ ਲਈ ਉਹ ਉੱਥੇ ਮੁੜੇ ਅਤੇ ਉਸਨੂੰ ਪੁੱਛਿਆ, “ਤੈਨੂੰ ਇੱਥੇ ਕੌਣ ਲਿਆਇਆ ਹੈ? ਤੂੰ ਇਸ ਥਾਂ ਤੇ ਕੀ ਕਰਦਾ ਹੈ? ਤੂੰ ਇੱਥੇ ਕਿਉਂ ਆਇਆ ਹੈ?”

ਉਸਨੇ ਉਨ੍ਹਾਂ ਨੂੰ ਦੱਸਿਆ ਕਿ ਮੀਕਾਹ ਨੇ ਉਸਦੇ ਲਈ ਕੀ ਕੀਤਾ ਸੀ, ਅਤੇ ਕਿਹਾ, “ਉਸ ਨੇ ਮੈਨੂੰ ਕੰਮ ਉੱਤੇ ਰੱਖਿਆ ਹੈ ਅਤੇ ਮੈਂ ਉਸਦਾ ਜਾਜਕ ਹਾਂ।”

ਤਦ ਉਨ੍ਹਾਂ ਨੇ ਉਸ ਨੂੰ ਕਿਹਾ, “ਕਿਰਪਾ ਕਰਕੇ ਪਰਮੇਸ਼ਵਰ ਤੋਂ ਪੁੱਛ ਕੀ ਸਾਡੀ ਯਾਤਰਾ ਜੋ ਕਰਦੇ ਹਾਂ ਸਫਲ ਹੋਵੇਗੀ ਜਾਂ ਨਹੀਂ।”

ਜਾਜਕ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਸ਼ਾਂਤੀ ਨਾਲ ਜਾਓ। ਤੁਹਾਡੀ ਯਾਤਰਾ ਉੱਤੇ ਯਾਹਵੇਹ ਦੀ ਕਿਰਪਾ ਹੈ।”

ਇਸ ਲਈ ਪੰਜ ਆਦਮੀ ਚਲੇ ਗਏ ਅਤੇ ਲਾਇਸ਼ ਵਿੱਚ ਆਏ, ਜਿੱਥੇ ਉਨ੍ਹਾਂ ਨੇ ਦੇਖਿਆ ਕਿ ਉੱਥੋਂ ਦੇ ਲੋਕ ਸੀਦੋਨੀਆਂ ਵਾਂਗ, ਨਿਡਰ ਸ਼ਾਂਤੀ ਅਤੇ ਸੁਰੱਖਿਆ ਵਿੱਚ ਰਹਿੰਦੇ ਹਨ। ਕਿਉਂਕਿ ਉਨ੍ਹਾਂ ਦੀ ਧਰਤੀ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਸੀ, ਉਹ ਖੁਸ਼ਹਾਲ ਸਨ। ਨਾਲ ਹੀ, ਉਹ ਸੀਦੋਨੀਆਂ ਤੋਂ ਬਹੁਤ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਹੋਰ ਨਾਲ ਕੋਈ ਸੰਬੰਧ ਨਹੀਂ ਸੀ।

ਜਦੋਂ ਉਹ ਜ਼ੋਰਾਹ ਅਤੇ ਅਸ਼ਤਾਓਲ ਨੂੰ ਵਾਪਸ ਆਏ ਤਾਂ ਉਨ੍ਹਾਂ ਦੇ ਸਾਥੀ ਦਾਨੀਆਂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕੀ ਸਮਾਚਾਰ ਲੈ ਕੇ ਆਏ ਹੋ?”

ਉਨ੍ਹਾਂ ਨੇ ਉੱਤਰ ਦਿੱਤਾ, “ਆਓ, ਉਨ੍ਹਾਂ ਉੱਤੇ ਹਮਲਾ ਕਰੀਏ! ਅਸੀਂ ਧਰਤੀ ਵੇਖੀ ਹੈ, ਅਤੇ ਇਹ ਬਹੁਤ ਵਧੀਆ ਹੈ ਅਤੇ ਤੁਸੀਂ ਐਂਵੇਂ ਹੀ ਬੈਠੇ ਹੋ? ਹੁਣ ਤੁਸੀਂ ਚਲ ਕੇ ਉਸ ਦੇਸ਼ ਨੂੰ ਜਿੱਤਣ ਲਈ ਢਿੱਲ ਨਾ ਕਰੋ। ਜਦੋਂ ਤੁਸੀਂ ਉੱਥੇ ਪਹੁੰਚੋਗੇ, ਤਾਂ ਤੁਹਾਨੂੰ ਅਸੰਭਵ ਲੋਕਾਂ ਨੂੰ ਅਤੇ ਇੱਕ ਵਿਸ਼ਾਲ ਧਰਤੀ ਮਿਲੇਗੀ ਜੋ ਪਰਮੇਸ਼ਵਰ ਨੇ ਤੁਹਾਡੇ ਹੱਥਾਂ ਵਿੱਚ ਦਿੱਤੀ ਹੈ, ਇੱਕ ਅਜਿਹੀ ਧਰਤੀ ਜਿਸ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ।”

ਤਦ ਦਾਨੀਆਂ ਵਿੱਚੋਂ ਛੇ ਸੌ ਮਨੁੱਖ ਲੜਾਈ ਲਈ ਹਥਿਆਰਬੰਦ ਹੋ ਕੇ ਜ਼ੋਰਾਹ ਅਤੇ ਅਸ਼ਤਾਓਲ ਤੋਂ ਚੱਲ ਪਏ। ਰਸਤੇ ਵਿੱਚ ਉਨ੍ਹਾਂ ਨੇ ਯਹੂਦਾਹ ਦੇ ਕਿਰਯਥ-ਯਾਰੀਮ ਸ਼ਹਿਰ ਦੇ ਨੇੜੇ ਡੇਰਾ ਲਾਇਆ। ਇਸ ਲਈ ਕਿਰਯਥ-ਯਾਰੀਮ ਦੇ ਪੱਛਮ ਵਾਲੇ ਸਥਾਨ ਨੂੰ ਅੱਜ ਵੀ ਮਹਾਨੇਹ ਦਾਨ1 ਕਿਹਾ ਜਾਂਦਾ ਹੈ। ਉੱਥੋਂ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਨੂੰ ਚੱਲੇ ਗਏ ਅਤੇ ਮੀਕਾਹ ਦੇ ਘਰ ਕੋਲ ਆਏ।

ਤਦ ਉਨ੍ਹਾਂ ਪੰਜ ਮਨੁੱਖਾਂ ਨੇ ਜਿਨ੍ਹਾਂ ਨੇ ਲਾਇਸ਼ ਦੀ ਧਰਤੀ ਦੀ ਜਾਸੂਸੀ ਕੀਤੀ ਸੀ, ਆਪਣੇ ਸੰਗੀ ਦਾਨੀਆਂ ਨੂੰ ਆਖਿਆ, “ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਘਰਾਂ ਵਿੱਚੋਂ ਇੱਕ ਵਿੱਚ ਏਫ਼ੋਦ ਹੈ, ਕੁਝ ਘਰੇਲੂ ਦੇਵਤੇ ਅਤੇ ਇੱਕ ਮੂਰਤ ਚਾਂਦੀ ਨਾਲ ਮੜ੍ਹੀ ਹੋਈ ਹੈ? ਹੁਣ ਤੁਸੀਂ ਜਾਣਦੇ ਹੋ ਕੀ ਕਰਨਾ ਹੈ।” ਤਦ ਉਹ ਮੁੜ ਕੇ ਉਸ ਵੱਲ ਗਏ ਅਤੇ ਮੀਕਾਹ ਦੇ ਘਰ ਜਾ ਕੇ ਉਸ ਲੇਵੀ ਜੁਆਨ ਦੀ ਸੁੱਖ-ਸਾਂਦ ਪੁੱਛੀ। ਛੇ ਸੌ ਦਾਨੀ ਪੁਰਖ ਲੜਾਈ ਲਈ ਹਥਿਆਰਬੰਦ ਹੋ ਕੇ, ਫਾਟਕ ਦੇ ਪ੍ਰਵੇਸ਼ ਦੁਆਰ ਉੱਤੇ ਖੜੇ ਸਨ। ਅਤੇ ਉਨ੍ਹਾਂ ਪੰਜ ਮਨੁੱਖਾਂ ਨੇ ਜੋ ਦੇਸ਼ ਦਾ ਭੇਤ ਲੈਣ ਗਏ ਸਨ, ਉਸ ਘਰ ਵਿੱਚ ਜਾ ਕੇ ਘੜ੍ਹੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਏਫ਼ੋਦ ਅਤੇ ਤਰਾਫੀਮ ਨੂੰ ਲੈ ਲਿਆ ਅਤੇ ਉਹ ਜਾਜਕ ਉਨ੍ਹਾਂ ਛੇ ਸੌ ਹਥਿਆਰਬੰਦ ਮਨੁੱਖਾਂ ਨਾਲ ਫਾਟਕ ਵਿੱਚ ਖੜ੍ਹਾ ਸੀ।

ਜਦੋਂ ਉਹ ਪੰਜ ਮਨੁੱਖਾਂ ਨੇ ਮੀਕਾਹ ਦੇ ਘਰ ਵੜ ਕੇ ਘੜ੍ਹੀ ਹੋਈ ਮੂਰਤੀ, ਏਫ਼ੋਦ ਅਤੇ ਘਰੇਲੂ ਦੇਵਤਿਆਂ ਦੀ ਮੂਰਤ ਚੁੱਕ ਲਈ ਤਾਂ ਜਾਜਕ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕੀ ਕਰ ਰਹੇ ਹੋ?”

ਉਨ੍ਹਾਂ ਨੇ ਉਸਨੂੰ ਉੱਤਰ ਦਿੱਤਾ, “ਚੁੱਪ ਕਰ! ਇੱਕ ਵੀ ਸ਼ਬਦ ਨਾ ਕਹੋ। ਸਾਡੇ ਨਾਲ ਆ ਅਤੇ ਸਾਡੇ ਪਿਤਾ ਅਤੇ ਜਾਜਕ ਬਣ। ਕੀ ਇਹ ਬਿਹਤਰ ਨਹੀਂ ਹੈ ਕਿ ਤੂੰ ਸਿਰਫ ਇੱਕ ਆਦਮੀ ਦੇ ਘਰ ਦੀ ਬਜਾਏ ਇਸਰਾਏਲ ਵਿੱਚ ਜਾਜਕ ਵਜੋਂ ਅਤੇ ਇੱਕ ਗੋਤ ਦੀ ਸੇਵਾ ਕਰੇ?” ਜਾਜਕ ਦਾ ਮਨ ਬਹੁਤ ਖੁਸ਼ ਹੋਇਆ। ਉਹ ਏਫ਼ੋਦ, ਤਰਾਫੀਮ ਅਤੇ ਘੜ੍ਹੀ ਹੋਈ ਮੂਰਤ ਲੈ ਕੇ ਉਨ੍ਹਾਂ ਦੇ ਲੋਕਾਂ ਦੇ ਨਾਲ ਚੱਲ ਪਿਆ। ਉਹ ਮੁੜੇ ਅਤੇ ਆਪਣੇ ਨਿੱਕੇ-ਨਿੱਕੇ ਬੱਚਿਆਂ, ਪਸ਼ੂ-ਪੰਛੀਆਂਂ ਅਤੇ ਮਾਲ-ਧਨ ਨੂੰ ਅੱਗੇ ਕਰਕੇ ਚਲੇ ਗਏ।

ਜਦੋਂ ਉਹ ਮੀਕਾਹ ਦੇ ਘਰ ਤੋਂ ਕੁਝ ਦੂਰ ਚਲੇ ਗਏ ਸਨ, ਤਾਂ ਮੀਕਾਹ ਦੇ ਨੇੜੇ ਰਹਿਣ ਵਾਲੇ ਆਦਮੀ ਇਕੱਠੇ ਹੋਏ ਅਤੇ ਦਾਨੀਆਂ ਕੋਲ ਜਾ ਪਹੁੰਚੇ। ਜਦੋਂ ਉਹ ਉਨ੍ਹਾਂ ਦੇ ਮਗਰ ਰੌਲਾ ਪਾਉਂਦੇ ਸਨ, ਤਾਂ ਦਾਨੀਆਂ ਨੇ ਮੁੜ ਕੇ ਮੀਕਾਹ ਨੂੰ ਕਿਹਾ, “ਤੈਨੂੰ ਕੀ ਗੱਲ ਹੈ ਕਿ ਤੂੰ ਆਪਣੇ ਆਦਮੀਆਂ ਨੂੰ ਲੜਨ ਲਈ ਬੁਲਾਇਆ ਹੈ?”

ਉਸਨੇ ਜਵਾਬ ਦਿੱਤਾ, “ਤੁਸੀਂ ਮੇਰੇ ਬਣਾਏ ਦੇਵਤਿਆਂ ਅਤੇ ਮੇਰੇ ਜਾਜਕ ਨੂੰ ਲੈ ਕੇ ਚੱਲੇ ਹੋ। ਮੇਰੇ ਕੋਲ ਹੋਰ ਕੀ ਰਹਿ ਗਿਆ ਹੈ? ਤੁਸੀਂ ਕਿਵੇਂ ਪੁੱਛ ਸਕਦੇ ਹੋ, ‘ਤੈਨੂੰ ਕੀ ਹੋਇਆ ਹੈ?’ ”

ਤਦ ਦਾਨੀਆਂ ਨੇ ਉਸ ਨੂੰ ਕਿਹਾ, “ਤੇਰੀ ਆਵਾਜ਼ ਸਾਡੇ ਲੋਕਾਂ ਵਿੱਚ ਸਣਾਈ ਨਾ ਦੇਵੇ, ਕਿਤੇ ਅਜਿਹਾ ਨਾ ਹੋਵੇ ਕਿ ਗੁੱਸੇ ਵਾਲੇ ਮਨੁੱਖ ਤੇਰੇ ਉੱਤੇ ਹਮਲਾ ਕਰਨ ਅਤੇ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਾਨ ਦੇ ਨਾਸ ਦਾ ਕਾਰਨ ਬਣ ਜਾਵੇ!” ਤਾਂ ਦਾਨ ਦੇ ਲੋਕ ਆਪਣੇ ਰਾਹ ਤੁਰ ਪਏ ਅਤੇ ਮੀਕਾਹ ਨੇ ਇਹ ਵੇਖ ਕੇ ਕਿ ਉਹ ਉਸ ਲਈ ਬਹੁਤ ਬਲਵਾਨ ਸਨ, ਮੁੜਿਆ ਅਤੇ ਆਪਣੇ ਘਰ ਨੂੰ ਚਲਾ ਗਿਆ।

ਤਦ ਉਹ ਮੀਕਾਹ ਦੀਆਂ ਬਣਾਈਆਂ ਹੋਈਆਂ ਵਸਤੂਆਂ ਅਤੇ ਜਾਜਕ ਨੂੰ ਨਾਲ ਲੈ ਕੇ ਲਾਇਸ਼ ਵਿੱਚ ਉਨ੍ਹਾਂ ਕੋਲ ਪਹੁੰਚੇ ਜੋ ਸੁਖੀ ਅਤੇ ਬੇਫਿਕਰ ਸਨ ਉਨ੍ਹਾਂ ਨੇ ਉਨ੍ਹਾਂ ਉੱਤੇ ਤਲਵਾਰ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਦੇ ਸ਼ਹਿਰ ਨੂੰ ਸਾੜ ਦਿੱਤਾ। ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਕਿਉਂਕਿ ਉਹ ਸੀਦੋਨ ਤੋਂ ਬਹੁਤ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਹੋਰ ਨਾਲ ਕੋਈ ਰਿਸ਼ਤਾ ਨਹੀਂ ਸੀ। ਇਹ ਸ਼ਹਿਰ ਬੈਤ-ਰਹੋਬ ਦੇ ਨੇੜੇ ਇੱਕ ਘਾਟੀ ਵਿੱਚ ਸੀ।

ਤਦ ਦਾਨੀਆਂ ਨੇ ਉਸ ਸ਼ਹਿਰ ਨੂੰ ਦੁਬਾਰਾ ਬਣਾਇਆ ਅਤੇ ਉੱਥੇ ਵੱਸ ਗਏ। ਉਨ੍ਹਾਂ ਨੇ ਇਸਦਾ ਨਾਮ ਆਪਣੇ ਪੂਰਵਜ ਦਾਨ ਦੇ ਨਾਮ ਤੇ ਦਾਨ ਰੱਖਿਆ, ਜੋ ਇਸਰਾਏਲ ਵਿੱਚ ਪੈਦਾ ਹੋਇਆ ਸੀ, ਹਾਲਾਂਕਿ ਪਹਿਲਾ ਉਸ ਸ਼ਹਿਰ ਨੂੰ ਲਾਇਸ਼ ਕਿਹਾ ਜਾਂਦਾ ਸੀ। ਦਾਨੀਆਂ ਗੋਤ ਨੇ ਆਪਣੇ ਲਈ ਉਸ ਘੜ੍ਹੀ ਹੋਈ ਮੂਰਤੀ ਨੂੰ ਸਥਾਪਿਤ ਕੀਤੀ, ਅਤੇ ਯੋਨਾਥਾਨ ਜੋ ਗੇਰਸ਼ੋਮ ਦਾ ਪੁੱਤਰ, ਮੋਸ਼ੇਹ ਦਾ ਪੁੱਤਰ ਅਤੇ ਉਸ ਦੇਸ਼ ਦੇ ਗੁਲਾਮੀ ਵਿੱਚ ਜਾਣ ਦੇ ਦਿਨ ਤੱਕ ਦਾਨੀਆਂ ਗੋਤ ਦੇ ਜਾਜਕ ਬਣੇ ਰਹੇ। ਅਤੇ ਜਦ ਤੱਕ ਪਰਮੇਸ਼ਵਰ ਦਾ ਭਵਨ ਸ਼ੀਲੋਹ ਵਿੱਚ ਰਿਹਾ, ਤਦ ਤੱਕ ਉਨ੍ਹਾਂ ਨੇ ਮੀਕਾਹ ਦੀ ਬਣਾਈ ਹੋਈ ਮੂਰਤੀ ਆਪਣੇ ਲਈ ਖੜ੍ਹੀ ਕਰਕੇ ਰੱਖੀ।

Source notes (1)
  1. Footnote ਮਹਾਨੇਹ ਦਾਨ ਅਰਥ ਦਾਨ ਦਾ ਪਹਾੜ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.