Skip to content
BibleKenya

Biblica® Open Punjabi Contemporary Version 2025

ਨਿਆਈਂ 17

ਮੀਕਾਹ ਦੁਆਰ ਮੂਰਤੀ ਪੂਜਨ

ਹੁਣ ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਮੀਕਾਹ ਨਾਂ ਦਾ ਇੱਕ ਆਦਮੀ ਸੀ ਉਸਨੇ ਆਪਣੀ ਮਾਂ ਨੂੰ ਕਿਹਾ, “ਚਾਂਦੀ ਦੇ ਗਿਆਰਾਂ ਸੌ ਸਿੱਕੇ1 ਜੋ ਤੇਰੇ ਕੋਲੋਂ ਲਏ ਗਏ ਸਨ ਅਤੇ ਜਿਸ ਬਾਰੇ ਮੈਂ ਤੈਨੂੰ ਸਰਾਪ ਦਿੰਦੇ ਸੁਣਿਆ ਸੀ, ਵੇਖ ਉਹ ਚਾਂਦੀ ਮੇਰੇ ਕੋਲ ਹੈ; ਮੈਂ ਹੀ ਉਹਨਾਂ ਸਿੱਕਿਆਂ ਨੂੰ ਲਿਆ ਸੀ।”

ਤਦ ਉਸਦੀ ਮਾਂ ਨੇ ਕਿਹਾ, “ਹੇ ਮੇਰੇ ਪੁੱਤਰ, ਯਾਹਵੇਹ ਤੈਨੂੰ ਅਸੀਸ ਦੇਵੇ!”

ਜਦੋਂ ਉਸਨੇ ਚਾਂਦੀ ਦੇ ਗਿਆਰਾਂ ਸੌ ਸਿੱਕੇ ਆਪਣੀ ਮਾਂ ਨੂੰ ਵਾਪਸ ਕਰ ਦਿੱਤੇ, ਤਾਂ ਉਸਨੇ ਕਿਹਾ, “ਮੈਂ ਆਪਣੀ ਚਾਂਦੀ ਨੂੰ ਯਾਹਵੇਹ ਦੇ ਅੱਗੇ ਪਵਿੱਤਰ ਕਰਦੀ ਹਾਂ ਕਿ ਮੇਰਾ ਪੁੱਤਰ ਚਾਂਦੀ ਨਾਲ ਮੜ੍ਹੀ ਹੋਈ ਮੂਰਤ ਬਣਾਵੇ। ਮੈਂ ਇਹ ਤੈਨੂੰ ਵਾਪਸ ਦੇ ਦਿਆਂਗੀ।”

ਇਸ ਲਈ ਜਦੋਂ ਉਸਨੇ ਚਾਂਦੀ ਆਪਣੀ ਮਾਂ ਨੂੰ ਵਾਪਸ ਕਰ ਦਿੱਤੀ, ਤਾਂ ਉਸਨੇ ਦੋ ਸੌ ਚਾਂਦੀ ਦੇ ਸਿੱਕੇ ਲੈ ਕੇ ਢਾਲਣ ਵਾਲੇ ਕਾਰੀਗਰ ਨੂੰ ਦਿੱਤੇ ਅਤੇ ਉਸ ਨੇ ਉਨ੍ਹਾਂ ਨਾਲ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਈ, ਅਤੇ ਉਹ ਮੂਰਤ ਮੀਕਾਹ ਦੇ ਘਰ ਵਿੱਚ ਰਹੀ।

ਉਸ ਆਦਮੀ ਮੀਕਾਹ ਨੇ ਇੱਕ ਮੰਦਰ ਬਣਿਆ ਹੋਇਆ ਸੀ, ਅਤੇ ਉਸਨੇ ਇੱਕ ਏਫ਼ੋਦ ਤਿਰਾਫੀਮ ਅਰਥਾਤ ਘਰੇਲੂ ਦੇਵਤੇ ਬਣਾਏ ਅਤੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਉਸ ਮੰਦਰ ਵਿੱਚ ਜਾਜਕ ਬਣਾਇਆ। ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ। ਹਰ ਕਿਸੇ ਨੇ ਉਵੇਂ ਹੀ ਕੀਤਾ ਜਿਵੇਂ ਉਹ ਠੀਕ ਸਮਝਦੇ ਸਨ।

ਯਹੂਦਾਹ ਦੇ ਬੈਤਲਹਮ ਤੋਂ ਇੱਕ ਨੌਜਵਾਨ ਲੇਵੀ, ਜੋ ਯਹੂਦਾਹ ਦੇ ਗੋਤ ਵਿੱਚ ਰਹਿੰਦਾ ਸੀ, ਇਹ ਮਨੁੱਖ ਬੈਤਲਹਮ ਯਹੂਦਾਹ ਨੂੰ ਛੱਡ ਕੇ ਰਹਿਣ ਲਈ ਕਿਸੇ ਹੋਰ ਥਾਂ ਦੀ ਭਾਲ ਵਿੱਚ ਗਿਆ। ਰਾਹ ਵਿੱਚ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਆਇਆ।

ਮੀਕਾਹ ਨੇ ਉਸਨੂੰ ਪੁੱਛਿਆ, “ਤੂੰ ਕਿੱਥੋਂ ਦਾ ਹੈ?”

ਉਸਨੇ ਕਿਹਾ, “ਮੈਂ ਯਹੂਦਾਹ ਦੇ ਬੈਤਲਹਮ ਤੋਂ ਇੱਕ ਲੇਵੀ ਹਾਂ ਅਤੇ ਮੈਂ ਰਹਿਣ ਲਈ ਜਗ੍ਹਾ ਲੱਭ ਰਿਹਾ ਹਾਂ।”

ਤਦ ਮੀਕਾਹ ਨੇ ਉਸ ਨੂੰ ਕਿਹਾ, “ਮੇਰੇ ਨਾਲ ਰਹਿ ਅਤੇ ਮੇਰਾ ਪਿਤਾ ਅਤੇ ਮੇਰਾ ਜਾਜਕ ਬਣ, ਅਤੇ ਮੈਂ ਤੈਨੂੰ ਸਾਲ ਵਿੱਚ ਦਸ ਚਾਂਦੀ ਦੀ ਸਿੱਕੇ2, ਅਤੇ ਤੈਨੂੰ ਕੱਪੜੇ ਅਤੇ ਭੋਜਨ ਵੀ ਦਿਆਂਗਾ।” ਇਸ ਲਈ ਲੇਵੀ ਉਸਦੇ ਨਾਲ ਰਹਿਣ ਲਈ ਰਾਜ਼ੀ ਹੋ ਗਿਆ, ਅਤੇ ਉਹ ਨੌਜਵਾਨ ਉਸਦੇ ਪੁੱਤਰਾਂ ਵਿੱਚੋਂ ਇੱਕ ਵਰਗਾ ਹੋ ਗਿਆ। ਤਾਂ ਮੀਕਾਹ ਨੇ ਉਸ ਲੇਵੀ ਨੂੰ ਨਿਯੁਕਤ ਕੀਤਾ ਅਤੇ ਉਹ ਜੁਆਨ ਉਸਦਾ ਜਾਜਕ ਬਣ ਕੇ ਮੀਕਾਹ ਦੇ ਘਰ ਵਿੱਚ ਰਹਿਣ ਲੱਗਾ। ਅਤੇ ਮੀਕਾਹ ਨੇ ਕਿਹਾ, “ਹੁਣ ਮੈਂ ਜਾਣ ਗਿਆ ਹਾਂ ਕਿ ਯਾਹਵੇਹ ਮੇਰੇ ਲਈ ਭਲਾ ਕਰੇਗਾ ਕਿਉਂਕਿ ਇਹ ਲੇਵੀ ਮੇਰਾ ਜਾਜਕ ਬਣ ਗਿਆ ਹੈ।”

Source notes (2)
  1. Footnote ਗਿਆਰਾਂ ਸੌ ਸਿੱਕੇ ਲਗਭਗ ਇਹ ਲਗਭਗ 13 ਕਿਲੋਗ੍ਰਾਮ
  2. Footnote ਦਸ ਚਾਂਦੀ ਦੀ ਸਿੱਕੇ ਲਗਭਗ 115 ਗ੍ਰਾਮ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.