Skip to content
BibleKenya

Biblica® Open Punjabi Contemporary Version 2025

ਯੇਹੋਸ਼ੁਆ 10

ਸੂਰਜ ਦਾ ਖਲੋ ਜਾਣਾ

ਤਦ ਯੇਰੂਸ਼ਲੇਮ ਦੇ ਰਾਜੇ ਅਦੋਨੀ-ਸਿਦੇਕ ਨੇ ਸੁਣਿਆ ਕਿ ਯੇਹੋਸ਼ੁਆ ਨੇ ਅਈ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਉਸਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ, ਜਿਵੇਂ ਉਸਨੇ ਅਈ ਅਤੇ ਉਸਦੇ ਰਾਜੇ ਨਾਲ ਕੀਤਾ ਸੀ ਜਿਵੇਂ ਉਸਨੇ ਯਰੀਹੋ ਅਤੇ ਉਸਦੇ ਰਾਜੇ ਨਾਲ ਕੀਤਾ ਸੀ ਅਤੇ ਗਿਬਓਨ ਦੇ ਲੋਕਾਂ ਨੇ ਇਸਰਾਏਲ ਨਾਲ ਮੇਲ ਕਰ ਲਿਆਂ ਅਤੇ ਉਨ੍ਹਾਂ ਦੇ ਸਹਿਯੋਗੀ ਬਣ ਗਏ। ਅਦੋਨੀ-ਸਿਦੇਕ ਅਤੇ ਉਸਦੇ ਆਦਮੀ ਡਰ ਗਏ ਕਿਉਂਕਿ ਗਿਬਓਨ ਇੱਕ ਮਹੱਤਵਪੂਰਣ ਸ਼ਹਿਰ ਸੀ, ਅਤੇ ਜਿਵੇਂ ਸ਼ਾਹੀ ਸ਼ਹਿਰਾਂ ਵਿੱਚੋਂ ਇੱਕ ਸੀ ਅਤੇ ਇਹ ਅਈ ਨਾਲੋਂ ਵੱਡਾ ਸੀ ਅਤੇ ਇਸ ਦੇ ਸਾਰੇ ਆਦਮੀ ਚੰਗੇ ਸੂਰਮੇ ਸਨ। ਇਸ ਲਈ ਯੇਰੂਸ਼ਲੇਮ ਦੇ ਰਾਜੇ ਅਦੋਨੀ-ਸਿਦੇਕ ਨੇ ਹੇਬਰੋਨ ਦੇ ਰਾਜਾ ਹੋਹਾਮ, ਯਰਮੂਥ ਦੇ ਰਾਜਾ ਪੀਰਾਮ, ਲਾਕੀਸ਼ ਦੇ ਰਾਜਾ ਯਾਫ਼ੀਆ ਅਤੇ ਅਗਲੋਨ ਦੇ ਰਾਜਾ ਦਬੀਰ ਨੂੰ ਬੇਨਤੀ ਕੀਤੀ। “ਉੱਪਰ ਆਓ ਅਤੇ ਗਿਬਓਨ ਉੱਤੇ ਹਮਲਾ ਕਰਨ ਵਿੱਚ ਮੇਰੀ ਮਦਦ ਕਰੋ, ਕਿਉਂਕਿ ਉਸ ਨੇ ਯੇਹੋਸ਼ੁਆ ਅਤੇ ਇਸਰਾਏਲੀਆਂ ਨਾਲ ਸੁਲ੍ਹਾ ਕਰ ਲਈ ਹੈ।”

ਫ਼ੇਰ ਅਮੋਰੀਆਂ ਦੇ ਪੰਜ ਰਾਜੇ, ਯੇਰੂਸ਼ਲੇਮ, ਹੇਬਰੋਨ, ਯਰਮੂਥ, ਲਾਕੀਸ਼ ਅਤੇ ਅਗਲੋਨ ਦੇ ਰਾਜੇ ਫ਼ੌਜਾਂ ਵਿੱਚ ਸ਼ਾਮਲ ਹੋ ਗਏ। ਉਹ ਆਪਣੀਆਂ ਸਾਰੀਆਂ ਫ਼ੌਜਾਂ ਸਮੇਤ ਚੜ੍ਹੇ ਅਤੇ ਗਿਬਓਨ ਦੇ ਵਿਰੁੱਧ ਮੋਰਚਾ ਸੰਭਾਲਿਆ ਅਤੇ ਉਸ ਉੱਤੇ ਹਮਲਾ ਕੀਤਾ।

ਫਿਰ ਗਿਬਓਨੀਆਂ ਨੇ ਗਿਲਗਾਲ ਦੇ ਡੇਰੇ ਵਿੱਚ ਯੇਹੋਸ਼ੁਆ ਨੂੰ ਸੁਨੇਹਾ ਭੇਜਿਆ ਕਿ “ਆਪਣੇ ਸੇਵਕਾਂ ਨੂੰ ਨਾ ਛੱਡੋ। ਜਲਦੀ ਸਾਡੇ ਕੋਲ ਆਓ ਅਤੇ ਸਾਨੂੰ ਬਚਾਓ! ਸਾਡੀ ਮਦਦ ਕਰੋ, ਕਿਉਂਕਿ ਪਹਾੜੀ ਦੇਸ਼ ਦੇ ਸਾਰੇ ਅਮੋਰੀ ਰਾਜੇ ਸਾਡੇ ਵਿਰੁੱਧ ਇਕੱਠੇ ਹੋ ਗਏ ਹਨ।”

ਇਸ ਲਈ ਯੇਹੋਸ਼ੁਆ ਨੇ ਆਪਣੀ ਸਾਰੀ ਸੈਨਾ ਸਮੇਤ ਸਭ ਵਧੀਆ ਲੜਾਕੂਆਂ ਸਮੇਤ ਗਿਲਗਾਲ ਤੋਂ ਕੂਚ ਕੀਤਾ। ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਉਨ੍ਹਾਂ ਤੋਂ ਨਾ ਡਰ ਕਿਉਂ ਜੋ ਮੈਂ ਉਨ੍ਹਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਹੈ। ਉਨ੍ਹਾਂ ਵਿੱਚੋਂ ਕੋਈ ਵੀ ਤੁਹਾਡਾ ਸਾਹਮਣਾ ਨਹੀਂ ਕਰ ਸਕੇਗਾ।”

ਗਿਲਗਾਲ ਤੋਂ ਸਾਰੀ ਰਾਤ ਤੁਰਨ ਤੋਂ ਬਾਅਦ, ਯੇਹੋਸ਼ੁਆ ਨੇ ਉਨ੍ਹਾਂ ਉੱਤੇ ਅਚਾਨਕ ਹਮਲਾ ਕਰ ਦਿੱਤਾ। ਯਾਹਵੇਹ ਨੇ ਉਨ੍ਹਾਂ ਨੂੰ ਇਸਰਾਏਲ ਦੇ ਸਾਹਮਣੇ ਉਲਝਣ ਵਿੱਚ ਪਾ ਦਿੱਤਾ, ਇਸ ਲਈ ਯੇਹੋਸ਼ੁਆ ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਗਿਬਓਨ ਵਿੱਚ ਪੂਰੀ ਤਰ੍ਹਾਂ ਹਰਾਇਆ। ਇਸਰਾਏਲ ਨੇ ਬੈਥ-ਹੋਰੋਨ ਨੂੰ ਜਾਂਦੇ ਰਾਹ ਵਿੱਚ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਅਜ਼ੇਕਾਹ ਅਤੇ ਮੱਕੇਦਾਹ ਦੇ ਸਾਰੇ ਰਸਤੇ ਤੱਕ ਮਾਰਦਾ ਗਿਆ। ਇਸ ਤਰ੍ਹਾਂ ਹੋਇਆਂ ਕਿ ਜਦ ਉਹ ਇਸਰਾਏਲ ਦੇ ਅੱਗੇ ਭੱਜੇ ਜਾਂਦੇ ਸਨ ਤਾਂ ਬੈਥ-ਹੋਰੋਨ ਦੀ ਚੜ੍ਹਾਈ ਕੋਲ ਯਾਹਵੇਹ ਨੇ ਉਹਨਾਂ ਉੱਤੇ ਅਕਾਸ਼ੋਂ ਵੱਡੇ-ਵੱਡੇ ਪੱਥਰ ਅਜ਼ੇਕਾਹ ਤੱਕ ਇਉਂ ਸੁੱਟੇ ਕਿ ਉਹ ਮਰ ਗਏ। ਜਿਹੜੇ ਪੱਥਰਾਂ ਨਾਲ ਮਰੇ ਉਹ ਉਹਨਾਂ ਤੋਂ ਵੱਧ ਸਨ, ਜਿਹੜੇ ਇਸਰਾਏਲ ਦੀ ਤਲਵਾਰ ਨਾਲ ਵੱਡੇ ਗਏ।

ਜਿਸ ਦਿਨ ਯਾਹਵੇਹ ਨੇ ਅਮੋਰੀਆਂ ਨੂੰ ਇਸਰਾਏਲ ਦੇ ਹਵਾਲੇ ਕਰ ਦਿੱਤਾ, ਯੇਹੋਸ਼ੁਆ ਨੇ ਇਸਰਾਏਲ ਦੀ ਹਾਜ਼ਰੀ ਵਿੱਚ ਯਾਹਵੇਹ ਨੂੰ ਕਿਹਾ,

“ਹੇ ਸੂਰਜ, ਗਿਬਓਨ ਉੱਤੇ ਠਹਿਰ ਜਾ,

ਅਤੇ ਹੇ ਚੰਦਰਮਾ, ਅੱਯਾਲੋਨ ਦੀ ਘਾਟੀ ਦੇ ਉੱਪਰ ਠਹਿਰਿਆ ਰਹਿ।”

ਸੋ ਸੂਰਜ ਠਹਿਰ ਗਿਆ,

ਅਤੇ ਚੰਦ ਰੁਕ ਗਿਆ,

ਜਦ ਤੱਕ ਕੌਮ ਨੇ ਆਪਣੇ ਵੈਰੀਆਂ ਤੋਂ ਬਦਲਾ ਨਾ ਲੈ ਲਿਆ,

ਜਿਵੇਂ ਯਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।

ਸੂਰਜ ਅਸਮਾਨ ਦੇ ਵਿਚਕਾਰ ਰੁਕ ਗਿਆ ਅਤੇ ਪੂਰਾ ਦਿਨ ਡੁੱਬਣ ਵਿੱਚ ਦੇਰੀ ਹੋ ਗਈ। ਇਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਦੇ ਵੀ ਅਜਿਹਾ ਦਿਨ ਨਹੀਂ ਆਇਆ, ਜਿਸ ਦਿਨ ਯਾਹਵੇਹ ਨੇ ਮਨੁੱਖ ਦੀ ਗੱਲ ਸੁਣੀ ਹੋਵੇ। ਯਕੀਨਨ ਯਾਹਵੇਹ ਇਸਰਾਏਲ ਲਈ ਲੜ ਰਿਹਾ ਸੀ!

ਫ਼ੇਰ ਯੇਹੋਸ਼ੁਆ ਸਾਰੇ ਇਸਰਾਏਲ ਦੇ ਨਾਲ ਗਿਲਗਾਲ ਦੇ ਡੇਰੇ ਵਿੱਚ ਵਾਪਸ ਆਇਆ।

ਪੰਜ ਅਮੋਰੀ ਰਾਜੇ ਮਾਰੇ ਗਏ

ਹੁਣ ਪੰਜ ਰਾਜੇ ਭੱਜ ਗਏ ਸਨ ਅਤੇ ਮੱਕੇਦਾਹ ਦੀ ਗੁਫ਼ਾ ਵਿੱਚ ਲੁਕ ਗਏ ਸਨ। ਜਦੋਂ ਯੇਹੋਸ਼ੁਆ ਨੂੰ ਦੱਸਿਆ ਗਿਆ ਕਿ ਪੰਜ ਰਾਜੇ ਮੱਕੇਦਾਹ ਦੀ ਗੁਫ਼ਾ ਵਿੱਚ ਲੁਕੇ ਹੋਏ ਹਨ, ਯੇਹੋਸ਼ੁਆ ਨੇ ਉਹਨਾਂ ਨੂੰ ਕਿਹਾ, “ਗੁਫਾ ਦੇ ਮੂੰਹ ਤੱਕ ਵੱਡੇ-ਵੱਡੇ ਪੱਥਰ ਰੱਖ ਦਿਓ, ਅਤੇ ਇਸਦੀ ਰਾਖੀ ਲਈ ਉੱਥੇ ਕੁਝ ਆਦਮੀ ਤਾਇਨਾਤ ਕਰੋ। ਪਰ ਰੁਕੋ ਨਾ, ਆਪਣੇ ਦੁਸ਼ਮਣਾਂ ਦਾ ਪਿੱਛਾ ਕਰੋ! ਉਨ੍ਹਾਂ ਉੱਤੇ ਪਿੱਛੇ ਤੋਂ ਹਮਲਾ ਕਰੋ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਹਿਰਾਂ ਤੱਕ ਨਾ ਪਹੁੰਚਣ ਦਿਓ, ਕਿਉਂਕਿ ਤੁਹਾਡੇ ਪਰਮੇਸ਼ਵਰ ਨੇ ਉਨ੍ਹਾਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ।”

ਇਸ ਲਈ ਯੇਹੋਸ਼ੁਆ ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ, ਪਰ ਕੁਝ ਬਚੇ ਹੋਏ ਲੋਕ ਆਪਣੇ ਗੜ੍ਹ ਵਾਲੇ ਸ਼ਹਿਰਾਂ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ। ਫ਼ੇਰ ਸਾਰੀ ਸੈਨਾ ਮੱਕੇਦਾਹ ਦੇ ਡੇਰੇ ਵਿੱਚ ਯੇਹੋਸ਼ੁਆ ਕੋਲ ਸਹੀ-ਸਲਾਮਤ ਵਾਪਸ ਪਰਤ ਆਈ ਅਤੇ ਕਿਸੇ ਨੇ ਇਸਰਾਏਲੀਆਂ ਦੇ ਵਿਰੁੱਧ ਇੱਕ ਸ਼ਬਦ ਵੀ ਨਾ ਬੋਲਿਆ।

ਯੇਹੋਸ਼ੁਆ ਨੇ ਕਿਹਾ, “ਗੁਫਾ ਦਾ ਮੂੰਹ ਖੋਲ੍ਹੋ ਅਤੇ ਉਨ੍ਹਾਂ ਪੰਜਾ ਰਾਜਿਆਂ ਨੂੰ ਮੇਰੇ ਕੋਲ ਬਾਹਰ ਲਿਆਓ।” ਇਸ ਲਈ ਉਹ ਪੰਜਾ ਰਾਜਿਆਂ ਨੂੰ ਗੁਫ਼ਾ ਵਿੱਚੋਂ ਬਾਹਰ ਲੈ ਆਏ, ਅਰਥਾਤ ਯੇਰੂਸ਼ਲੇਮ, ਹੇਬਰੋਨ, ਯਰਮੂਥ, ਲਾਕੀਸ਼ ਅਤੇ ਅਗਲੋਨ ਦੇ ਰਾਜੇ। ਜਦੋਂ ਉਹ ਇਨ੍ਹਾਂ ਰਾਜਿਆਂ ਨੂੰ ਯੇਹੋਸ਼ੁਆ ਕੋਲ ਲੈ ਆਏ ਤਾਂ ਉਸ ਨੇ ਇਸਰਾਏਲ ਦੇ ਸਾਰੇ ਆਦਮੀਆਂ ਨੂੰ ਬੁਲਾਇਆ ਅਤੇ ਆਪਣੇ ਨਾਲ ਆਏ ਸੈਨਾਪਤੀਆਂ ਨੂੰ ਕਿਹਾ, “ਇੱਥੇ ਆਓ ਅਤੇ ਆਪਣੇ ਪੈਰ ਇਨ੍ਹਾਂ ਰਾਜਿਆਂ ਦੀਆਂ ਗਰਦਨਾਂ ਉੱਤੇ ਰੱਖੋ।” ਇਸ ਲਈ ਉਨ੍ਹਾਂ ਨੇ ਅੱਗੇ ਆ ਕੇ ਉਨ੍ਹਾਂ ਦੇ ਗਲੇ ਤੇ ਪੈਰ ਰੱਖ ਲਏ।

ਯੇਹੋਸ਼ੁਆ ਨੇ ਉਨ੍ਹਾਂ ਨੂੰ ਕਿਹਾ, “ਨਾ ਡਰੋ ਅਤੇ ਨਾ ਘਬਰਾਓ, ਤਕੜੇ ਹੋਵੋ ਅਤੇ ਹੌਸਲਾ ਰੱਖੋ ਕਿਉਂ ਜੋ ਯਾਹਵੇਹ ਤੁਹਾਡੇ ਸਾਰੇ ਦੁਸ਼ਮਣਾਂ ਨਾਲ ਇਸੇ ਤਰ੍ਹਾਂ ਹੀ ਕਰੇਗਾ ਜਿਨ੍ਹਾਂ ਨਾਲ ਤੁਸੀਂ ਲੜਨ ਜਾ ਰਹੇ ਹੋ।” ਤਦ ਯੇਹੋਸ਼ੁਆ ਨੇ ਰਾਜਿਆਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੰਜ ਖੰਭਿਆਂ ਉੱਤੇ ਨੰਗਾ ਕਰ ਦਿੱਤਾ ਅਤੇ ਉਹ ਸ਼ਾਮ ਤੱਕ ਖੰਭਿਆਂ ਉੱਤੇ ਲਟਕਦੇ ਰਹੇ।

ਸੂਰਜ ਡੁੱਬਣ ਵੇਲੇ ਯੇਹੋਸ਼ੁਆ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਖੰਭਿਆਂ ਤੋਂ ਹੇਠਾਂ ਉਤਾਰਿਆ ਅਤੇ ਉਨ੍ਹਾਂ ਨੂੰ ਉਸ ਗੁਫ਼ਾ ਵਿੱਚ ਸੁੱਟ ਦਿੱਤਾ ਜਿੱਥੇ ਉਹ ਲੁਕੇ ਹੋਏ ਸਨ। ਗੁਫਾ ਦੇ ਮੂੰਹ ਤੇ ਵੱਡੇ-ਵੱਡੇ ਪੱਥਰ ਰੱਖ ਦਿੱਤੇ, ਜੋ ਅੱਜ ਤੱਕ ਮੌਜੂਦ ਹਨ।

ਦੱਖਣੀ ਸ਼ਹਿਰਾਂ ਤੇ ਜਿੱਤ

ਉਸ ਦਿਨ ਯੇਹੋਸ਼ੁਆ ਨੇ ਮੱਕੇਦਾਹ ਨੂੰ ਜਿੱਤ ਲਿਆ। ਉਸਨੇ ਸ਼ਹਿਰ ਅਤੇ ਉਸਦੇ ਰਾਜੇ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਉਸਦੇ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉਸ ਨੇ ਕੋਈ ਵੀ ਬਾਕੀ ਨਹੀਂ ਛੱਡਿਆ ਅਤੇ ਉਸਨੇ ਮੱਕੇਦਾਹ ਦੇ ਰਾਜੇ ਨਾਲ ਉਵੇਂ ਹੀ ਕੀਤਾ ਜਿਵੇਂ ਉਸਨੇ ਯਰੀਹੋ ਦੇ ਰਾਜੇ ਨਾਲ ਕੀਤਾ ਸੀ।

ਤਦ ਯੇਹੋਸ਼ੁਆ ਅਤੇ ਉਸ ਦੇ ਨਾਲ ਸਾਰਾ ਇਸਰਾਏਲ ਮੱਕੇਦਾਹ ਤੋਂ ਲਿਬਨਾਹ ਨੂੰ ਚੱਲਿਆ ਗਿਆ ਅਤੇ ਉਸ ਉੱਤੇ ਹਮਲਾ ਕੀਤਾ। ਯਾਹਵੇਹ ਨੇ ਵੀ ਉਸ ਸ਼ਹਿਰ ਅਤੇ ਉਸ ਦੇ ਰਾਜੇ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ। ਯੇਹੋਸ਼ੁਆ ਨੇ ਸ਼ਹਿਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਮਾਰ ਦਿੱਤਾ। ਉਨ੍ਹਾਂ ਨੇ ਉੱਥੇ ਕੋਈ ਵੀ ਬਾਕੀ ਨਹੀਂ ਛੱਡਿਆ ਅਤੇ ਉਸਨੇ ਇਸ ਦੇ ਰਾਜੇ ਨਾਲ ਉਵੇਂ ਹੀ ਕੀਤਾ ਜਿਵੇਂ ਉਸਨੇ ਯਰੀਹੋ ਦੇ ਰਾਜੇ ਨਾਲ ਕੀਤਾ ਸੀ।

ਫ਼ੇਰ ਯੇਹੋਸ਼ੁਆ ਅਤੇ ਉਸਦੇ ਨਾਲ ਸਾਰਾ ਇਸਰਾਏਲ ਲਿਬਨਾਹ ਤੋਂ ਲਾਕੀਸ਼ ਨੂੰ ਚੱਲਿਆ ਗਿਆ। ਉਸਨੇ ਇਸਦੇ ਵਿਰੁੱਧ ਸਥਿਤੀਆਂ ਲੈ ਲਈਆਂ ਅਤੇ ਇਸ ਤੇ ਹਮਲਾ ਕੀਤਾ। ਯਾਹਵੇਹ ਨੇ ਲਾਕੀਸ਼ ਨੂੰ ਇਸਰਾਏਲ ਦੇ ਹੱਥਾਂ ਵਿੱਚ ਦੇ ਦਿੱਤਾ, ਅਤੇ ਯੇਹੋਸ਼ੁਆ ਨੇ ਦੂਜੇ ਦਿਨ ਇਸਨੂੰ ਲੈ ਲਿਆ। ਉਸ ਨੇ ਸ਼ਹਿਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਦਿੱਤਾ, ਜਿਵੇਂ ਉਸ ਨੇ ਲਿਬਨਾਹ ਨਾਲ ਕੀਤਾ ਸੀ। ਇਸ ਦੌਰਾਨ ਗੇਜ਼ੇਰ ਦਾ ਰਾਜਾ ਹੋਰਾਮ ਲਾਕੀਸ਼ ਦੀ ਮਦਦ ਕਰਨ ਲਈ ਆਇਆ ਸੀ, ਪਰ ਯੇਹੋਸ਼ੁਆ ਨੇ ਉਸਨੂੰ ਅਤੇ ਉਸਦੀ ਸੈਨਾ ਨੂੰ ਹਰਾਇਆ ਇੱਥੋ ਤੱਕ ਕਿ ਉਹਨਾਂ ਵਿੱਚੋਂ ਕੋਈ ਵੀ ਬਚਿਆ ਨਹੀਂ ਸੀ।

ਫ਼ੇਰ ਯੇਹੋਸ਼ੁਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਲਾਕੀਸ਼ ਤੋਂ ਅਗਲੋਨ ਨੂੰ ਚਲੇ ਗਏ। ਉਨ੍ਹਾਂ ਨੇ ਇਸਦੇ ਵਿਰੁੱਧ ਡੇਰੇ ਲਾਏ ਅਤੇ ਇਸ ਤੇ ਹਮਲਾ ਕੀਤਾ। ਉਨ੍ਹਾਂ ਨੇ ਉਸੇ ਦਿਨ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਉਸ ਵਿੱਚ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਵੇਂ ਉਨ੍ਹਾਂ ਨੇ ਲਾਕੀਸ਼ ਨਾਲ ਕੀਤਾ ਸੀ।

ਤਦ ਯੇਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਉਸ ਦੇ ਨਾਲ ਅਗਲੋਨ ਤੋਂ ਹੇਬਰੋਨ ਨੂੰ ਚੜ੍ਹ ਕੇ ਉਸ ਉੱਤੇ ਹਮਲਾ ਕੀਤਾ। ਉਨ੍ਹਾਂ ਨੇ ਸ਼ਹਿਰ ਨੂੰ ਜਿੱਤ ਲਿਆ ਅਤੇ ਇਸ ਦੇ ਰਾਜੇ, ਉਸਦੇ ਪਿੰਡਾਂ ਅਤੇ ਉਸਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਮਾਰ ਦਿੱਤਾ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਬਚਿਆ। ਜਿਵੇਂ ਅਗਲੋਨ ਨਾਲ ਕੀਤਾ, ਉਨ੍ਹਾਂ ਨੇ ਇਸ ਨੂੰ ਅਤੇ ਇਸ ਦੇ ਵਿਚਲੇ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।

ਤਦ ਯੇਹੋਸ਼ੁਆ ਅਤੇ ਉਸਦੇ ਨਾਲ ਦੇ ਸਾਰੇ ਇਸਰਾਏਲ ਨੇ ਮੁੜ ਕੇ ਦਬੀਰ ਉੱਤੇ ਹਮਲਾ ਕੀਤਾ। ਉਨ੍ਹਾਂ ਨੇ ਸ਼ਹਿਰ, ਉਸਦੇ ਰਾਜੇ ਅਤੇ ਉਸਦੇ ਪਿੰਡਾਂ ਨੂੰ ਲੈ ਲਿਆ ਅਤੇ ਉਨ੍ਹਾਂ ਨੂੰ ਤਲਵਾਰ ਨਾਲ ਮਾਰ ਦਿੱਤਾ। ਇਸ ਵਿੱਚ ਹਰ ਕੋਈ ਉਨ੍ਹਾਂ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਬਚਿਆ। ਉਨ੍ਹਾਂ ਨੇ ਦਬੀਰ ਅਤੇ ਉਸ ਦੇ ਰਾਜੇ ਨਾਲ ਉਵੇਂ ਹੀ ਕੀਤਾ ਜਿਵੇਂ ਉਨ੍ਹਾਂ ਨੇ ਲਿਬਨਾਹ ਅਤੇ ਉਸ ਦੇ ਰਾਜੇ ਅਤੇ ਹੇਬਰੋਨ ਨਾਲ ਕੀਤਾ ਸੀ।

ਇਸ ਲਈ ਯੇਹੋਸ਼ੁਆ ਨੇ ਆਪਣੇ ਸਾਰੇ ਰਾਜਿਆਂ ਸਮੇਤ ਪਹਾੜੀ ਦੇਸ਼, ਨੇਗੇਵ, ਪੱਛਮੀ ਤਲਹਟੀ ਅਤੇ ਪਹਾੜੀ ਢਲਾਣਾਂ ਸਮੇਤ ਸਾਰੇ ਇਲਾਕੇ ਨੂੰ ਆਪਣੇ ਅਧੀਨ ਕਰ ਲਿਆ। ਉਸ ਨੇ ਕੋਈ ਵੀ ਬਾਕੀ ਨਹੀਂ ਛੱਡਿਆ। ਉਸ ਨੇ ਸਾਹ ਲੈਣ ਵਾਲੇ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਵੇਂ ਕਿ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਨੇ ਹੁਕਮ ਦਿੱਤਾ ਸੀ। ਯੇਹੋਸ਼ੁਆ ਨੇ ਉਨ੍ਹਾਂ ਨੂੰ ਕਾਦੇਸ਼ ਬਰਨੇਆ ਤੋਂ ਲੈ ਕੇ ਗਾਜ਼ਾ ਤੱਕ ਅਤੇ ਗੋਸ਼ਨ ਦੇ ਸਾਰੇ ਇਲਾਕੇ ਤੋਂ ਗਿਬਓਨ ਤੱਕ ਆਪਣੇ ਅਧੀਨ ਕਰ ਲਿਆ। ਇਹ ਸਾਰੇ ਰਾਜੇ ਅਤੇ ਉਨ੍ਹਾਂ ਦੀ ਧਰਤੀ ਯੇਹੋਸ਼ੁਆ ਨੇ ਇੱਕ ਮੁਹਿੰਮ ਵਿੱਚ ਜਿੱਤ ਲਈ, ਕਿਉਂਕਿ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸਰਾਏਲ ਲਈ ਲੜਿਆ ਸੀ।

ਫਿਰ ਯੇਹੋਸ਼ੁਆ ਸਾਰੇ ਇਸਰਾਏਲ ਦੇ ਨਾਲ ਗਿਲਗਾਲ ਦੇ ਡੇਰੇ ਵਿੱਚ ਵਾਪਸ ਆਇਆ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.