Biblica® Open Punjabi Contemporary Version 2025
ਅੱਯੋਬ 40
ਯਾਹਵੇਹ ਨੇ ਅੱਯੋਬ ਨੂੰ ਕਿਹਾ:
“ਕੀ ਉਹ ਜਿਹੜਾ ਸਰਵਸ਼ਕਤੀਮਾਨ ਨਾਲ ਝਗੜਾ ਕਰਦਾ ਹੈ ਉਸਨੂੰ ਸੁਧਾਰੇਗਾ?
ਜਿਹੜਾ ਪਰਮੇਸ਼ਵਰ ਉੱਤੇ ਦੋਸ਼ ਲਾਉਂਦਾ ਹੈ ਉਹ ਉਸ ਨੂੰ ਉੱਤਰ ਦੇਵੇ!”
ਫਿਰ ਅੱਯੋਬ ਨੇ ਯਾਹਵੇਹ ਨੂੰ ਜਵਾਬ ਦਿੱਤਾ:
“ਮੈਂ ਅਯੋਗ ਹਾਂ, ਮੈਂ ਤੁਹਾਨੂੰ ਕਿਵੇਂ ਜਵਾਬ ਦੇ ਸਕਦਾ ਹਾਂ?
ਮੈਂ ਆਪਣਾ ਹੱਥ ਆਪਣੇ ਮੂੰਹ ਉੱਤੇ ਰੱਖਿਆ।
ਮੈਂ ਇੱਕ ਵਾਰ ਬੋਲਿਆ, ਪਰ ਮੇਰੇ ਕੋਲ ਕੋਈ ਜਵਾਬ ਨਹੀਂ ਹੈ,
ਦੂਜੀ ਵਾਰ ਵੀ ਬੋਲਿਆ, ਪਰ ਮੈਂ ਹੋਰ ਨਹੀਂ ਕਹਾਂਗਾ।”
ਫਿਰ ਯਾਹਵੇਹ ਨੇ ਵਾਵਰੋਲੇ ਵਿੱਚੋਂ ਅੱਯੋਬ ਨਾਲ ਗੱਲ ਕੀਤੀ:
“ਇੱਕ ਯੋਧੇ ਵਾਂਗ ਆਪਣੀ ਕਮਰ ਨੂੰ ਕੱਸ ਲੈ;
ਮੈਂ ਤੁਹਾਨੂੰ ਸਵਾਲ ਕਰਾਂਗਾ,
ਅਤੇ ਤੂੰ ਮੈਨੂੰ ਉੱਤਰ ਦੇਵੇਗਾ।
“ਕੀ ਤੂੰ ਮੇਰੇ ਨਿਆਂ ਨੂੰ ਰੱਦ ਕਰੇਗਾ?
ਕੀ ਤੂੰ ਆਪਣੇ ਆਪ ਨੂੰ ਧਰਮੀ ਠਹਿਰਾਉਣ ਲਈ ਮੈਨੂੰ ਦੋਸ਼ੀ ਠਹਿਰਾਓਗੇ?
ਕੀ ਤੇਰੇ ਕੋਲ ਪਰਮੇਸ਼ਵਰ ਵਰਗੀ ਬਾਂਹ ਹੈ,
ਅਤੇ ਕੀ ਤੇਰੀ ਆਵਾਜ਼ ਉਹ ਦੇ ਵਰਗੀ ਗਰਜ ਸਕਦੀ ਹੈ?
ਤਦ ਆਪਣੇ ਆਪ ਨੂੰ ਮਹਿਮਾ ਅਤੇ ਸ਼ਾਨ ਨਾਲ ਸਜ਼ਾ,
ਅਤੇ ਆਪਣੇ ਆਪ ਵਿੱਚ ਇੱਜ਼ਤ ਅਤੇ ਮਹਿਮਾ ਪਹਿਨ ਲੈ।
ਆਪਣੇ ਕ੍ਰੋਧ ਦੇ ਕਹਿਰ ਨੂੰ ਦੂਰ ਕਰ,
ਸਾਰੇ ਹੰਕਾਰੀਆਂ ਨੂੰ ਵੇਖ ਅਤੇ ਉਹਨਾਂ ਨੂੰ ਨੀਵਾਂ ਕਰ,
ਸਾਰੇ ਹੰਕਾਰੀ ਵੇਖ ਅਤੇ ਉਹਨਾਂ ਨੂੰ ਨਿਮਰ ਕਰ,
ਦੁਸ਼ਟਾਂ ਨੂੰ ਜਿੱਥੇ ਉਹ ਖੜੇ ਹਨ ਉੱਥੇ ਕੁਚਲ ਦੇ।
ਉਹਨਾਂ ਸਾਰਿਆਂ ਨੂੰ ਇਕੱਠੇ ਮਿੱਟੀ ਵਿੱਚ ਦੱਬ ਦੇ;
ਕਬਰ ਵਿੱਚ ਉਹਨਾਂ ਦੇ ਮੂੰਹ ਢੱਕ ਦੇ।
ਫਿਰ ਮੈਂ ਖੁਦ ਮੰਨ ਲਵਾਂਗਾ
ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸਕਦਾ ਹੈ।
“ਦਰਿਆ ਘੋੜੇ ਨੂੰ ਵੇਖੋ,
ਜੋ ਮੈਂ ਤੇਰੇ ਨਾਲ ਬਣਾਇਆ
ਅਤੇ ਜੋ ਬਲਦ ਵਾਂਗ ਘਾਹ ਖਾਂਦਾ ਹੈ।
ਇਸ ਦੇ ਕਮਰ ਵਿੱਚ ਕਿੰਨੀ ਤਾਕਤ ਹੈ,
ਇਸ ਦੇ ਢਿੱਡ ਦੇ ਪੱਠਿਆਂ ਵਿੱਚ ਜ਼ੋਰ ਹੈ!
ਇਸ ਦੀ ਪੂਛ ਦਿਆਰ ਵਾਂਗ ਹਿਲਾਉਂਦਾ ਹੈ;
ਇਸ ਦੇ ਪੱਟਾਂ ਦੀਆਂ ਨਾੜਾ ਇੱਕ ਦੂਸਰੇ ਨਾਲ ਮਿਲੀਆਂ ਹੁੰਦੀਆ ਹਨ।
ਇਸ ਦੀਆਂ ਹੱਡੀਆਂ ਪਿੱਤਲ ਦੀਆਂ ਨਾਲੀਆਂ ਹਨ,
ਇਸ ਦੇ ਅੰਗ ਲੋਹੇ ਦੇ ਅਰਲਾਂ ਵਰਗੇ ਹਨ।
ਇਹ ਪਰਮੇਸ਼ਵਰ ਦੇ ਕੰਮਾਂ ਦਾ ਅਰੰਭ ਹੈ,
ਫਿਰ ਵੀ ਇਸਦਾ ਨਿਰਮਾਤਾ ਆਪਣੀ ਤਲਵਾਰ ਨਾਲ ਇਸ ਤੱਕ ਪਹੁੰਚ ਸਕਦਾ ਹੈ।
ਪਹਾੜੀਆਂ ਉਸ ਲਈ ਆਪਣੀ ਉਪਜ ਲਿਆਉਂਦੀਆਂ ਹਨ,
ਅਤੇ ਸਾਰੇ ਜੰਗਲੀ ਜਾਨਵਰ ਨੇੜੇ ਖੇਡਦੇ ਹਨ।
ਇਹ ਕਮਲ ਦੇ ਪੌਦਿਆਂ ਦੇ ਹੇਠਾਂ ਲੇਟ ਜਾਦਾਂ ਹੈ,
ਜੋ ਦਲਦਲ ਵਿੱਚ ਕਾਨਾ ਦੇ ਵਿਚਕਾਰ ਲੁਕਿਆ ਹੋਇਆ ਹੈ।
ਕਮਲ ਇਸ ਨੂੰ ਆਪਣੇ ਪਰਛਾਵੇਂ ਵਿੱਚ ਛੁਪਾਉਂਦੇ ਹਨ;
ਨਦੀ ਦੇ ਨਾਲੇ ਦੀਆਂ ਬੈਂਤਾਂ ਇਸ ਨੂੰ ਘੇਰ ਲੈਂਦੀਆਂ ਹਨ।
ਇੱਕ ਵਗਦੀ ਨਦੀ ਇਸ ਨੂੰ ਚਿੰਤਾ ਨਹੀਂ ਕਰਦੀ;
ਇਹ ਸੁਰੱਖਿਅਤ ਹੈ, ਭਾਵੇਂ ਯਰਦਨ ਨੂੰ ਇਸਦੇ ਮੂੰਹ ਉੱਤੇ ਚੜ ਜਾਵੇ।
ਕੀ ਕੋਈ ਇਸ ਨੂੰ ਅੱਖਾਂ ਨਾਲ ਫੜ ਸਕਦਾ ਹੈ,
ਜਾਂ ਇਸ ਨੂੰ ਫਸਾ ਸਕਦਾ ਹੈ ਅਤੇ ਨੱਕ ਵਿੰਨ੍ਹ ਸਕਦਾ ਹੈ?
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.