Skip to content
BibleKenya

Biblica® Open Punjabi Contemporary Version 2025

ਅੱਯੋਬ 39

“ਕੀ ਤੁਸੀਂ ਜਾਣਦੇ ਹੋ ਕਿ ਪਹਾੜੀ ਬੱਕਰੀਆਂ ਕਦੋਂ ਜਨਮ ਦਿੰਦੀਆਂ ਹਨ?

ਕੀ ਤੂੰ ਹਿਰਨੀਆਂ ਦੀ ਪੀੜ ਨੂੰ ਵੇਖਦਾ ਹੈ?

ਕੀ ਤੂੰ ਮਹੀਨੇ ਜੋ ਉਹ ਪੂਰੇ ਕਰਦੀਆਂ ਹਨ ਗਿਣ ਸਕਦਾ ਹੈ?

ਕੀ ਤੁਸੀਂ ਜਾਣਦੇ ਹੋ ਕਿ ਉਹ ਕਦੋਂ ਜਨਮ ਦਿੰਦੀਆਂ ਹਨ?

ਉਹ ਝੁਕਦੀਆਂ ਹਨ ਅਤੇ ਆਪਣੇ ਬੱਚੇ ਪੈਦਾ ਕਰਦੀਆਂ ਹਨ;

ਉਹਨਾਂ ਦੀ ਪੀੜ ਦੂਰ ਹੋ ਜਾਂਦੀ ਹੈ।

ਉਹਨਾਂ ਦੇ ਬੱਚੇ ਵਧਦੇ-ਫੁੱਲਦੇ ਹਨ ਅਤੇ ਜੰਗਲਾਂ ਵਿੱਚ ਮਜ਼ਬੂਤ ਹੁੰਦੇ ਹਨ;

ਉਹ ਚਲੇ ਜਾਂਦੇ ਹਨ ਅਤੇ ਵਾਪਸ ਨਹੀਂ ਆਉਂਦੇ।

“ਕਿਸ ਨੇ ਜੰਗਲੀ ਗਧੇ ਨੂੰ ਅਜ਼ਾਦ ਕੀਤਾ?

ਕਿਸ ਨੇ ਉਸ ਦੀਆਂ ਰੱਸੀਆਂ ਖੋਲ੍ਹੀਆਂ?

ਮੈਂ ਉਜਾੜ ਜ਼ਮੀਨ ਉਹਨਾਂ ਦੇ ਰਹਿਣ ਲਈ ਦਿੱਤੀ,

ਅਤੇ ਉਹਨਾਂ ਨੂੰ ਕਲਰੀ ਧਰਤੀ ਉੱਤੇ ਘਰ ਦਿੱਤਾ।

ਇਹ ਨਗਰ ਦੇ ਹਗਾਂਮੇ ਤੇ ਹੱਸਦਾ ਹੈ;

ਇਹ ਹੱਕਣ ਵਾਲਿਆਂ ਦੀ ਆਵਾਜ਼ ਨਹੀਂ ਸੁਣਦਾ।

ਇਹ ਆਪਣੀ ਚਰਾਗਾਹ

ਲਈ ਪਹਾੜੀਆਂ ਨੂੰ ਘੇਰਦਾ ਹੈ ਅਤੇ ਹਰ ਇੱਕ ਹਰੀ ਚੀਜ਼ ਦੀ ਖੋਜ ਕਰਦਾ ਹੈ।

“ਕੀ ਜੰਗਲੀ ਬਲਦ ਤੁਹਾਡੀ ਸੇਵਾ ਕਰਨ ਲਈ ਸਹਿਮਤ ਹੋਵੇਗਾ?

ਕੀ ਇਹ ਰਾਤ ਨੂੰ ਤੁਹਾਡੀ ਖੁਰਲੀ ਕੋਲ ਰਹੇਗਾ?

ਕੀ ਤੂੰ ਇਸ ਨੂੰ ਕੜੇ ਨਾਲ ਫੜ ਸਕਦੇ ਹੈ?

ਕੀ ਇਹ ਤੁਹਾਡੇ ਪਿੱਛੇ-ਪਿੱਛੇ ਵਾਦੀਆਂ ਵਿੱਚ ਚੱਲੇਗਾ?

ਕੀ ਤੂੰ ਇਸਦੀ ਵੱਡੀ ਤਾਕਤ ਲਈ ਇਸ ਤੇ ਭਰੋਸਾ ਕਰੇਗਾ?

ਕੀ ਤੂੰ ਆਪਣਾ ਭਾਰਾ ਕੰਮ ਉਸ ਦੇ ਉੱਤੇ ਛੱਡੇਗਾ?

ਕੀ ਤੂੰ ਇਸ ਉੱਤੇ ਭਰੋਸਾ ਕਰ ਸਕਦਾ ਹੈ ਕਿ ਤੇਰਾ ਅਨਾਜ

ਖਿੱਚ ਕੇ ਘਰ ਲਿਆਵੇ ਅਤੇ ਤੇਰੇ ਪਿੜ ਵਿੱਚ ਇਕੱਠਾ ਕਰੇ?

“ਸ਼ੁਤਰਮੁਰਗ ਖ਼ੁਸ਼ੀ ਨਾਲ ਆਪਣੇ ਖੰਭ ਮਾਰਦੀ ਹੈ,

ਭਾਵੇਂ ਉਹ ਦੀ ਸਾਰਸ ਦੇ ਖੰਭਾਂ ਦੇ

ਨਾਲ ਤੁਲਨਾ ਕੀਤੀ ਜਾ ਸਕਦੀ ਹੈ।

ਉਹ ਆਪਣੇ ਆਂਡੇ ਜ਼ਮੀਨ ਉੱਤੇ ਦਿੰਦੀ ਹੈ

ਅਤੇ ਉਹਨਾਂ ਨੂੰ ਰੇਤ ਵਿੱਚ ਗਰਮ ਕਰਨ ਦਿੰਦੀ ਹੈ,

ਬੇਫਿਕਰ ਹੋ ਜਾਂਦੀ ਕਿ ਕੋਈ ਪੈਰ ਨਾਲ ਉਹਨਾਂ ਨੂੰ ਕੁਚਲ ਸਕਦਾ ਹੈ,

ਕਿ ਕੋਈ ਜੰਗਲੀ ਜਾਨਵਰ ਉਹਨਾਂ ਨੂੰ ਮਿੱਧ ਸਕਦਾ ਹੈ।

ਉਹ ਆਪਣੇ ਬੱਚਿਆਂ ਨਾਲ ਸਖ਼ਤੀ ਨਾਲ ਪੇਸ਼ ਆਉਂਦੀ ਹੈ, ਜਿਵੇਂ ਕਿ ਉਹ ਉਸ ਦੇ ਨਹੀਂ ਹਨ;

ਉਸਨੂੰ ਪਰਵਾਹ ਨਹੀਂ ਕਿ ਉਸਦੀ ਮਿਹਨਤ ਵਿਅਰਥ ਗਈ,

ਕਿਉਂਕਿ ਪਰਮੇਸ਼ਵਰ ਨੇ ਉਸਨੂੰ ਸਿਆਣਪ ਨਹੀਂ ਦਿੱਤੀ

ਅਤੇ ਉਸਨੂੰ ਚੰਗੀ ਸਮਝ ਨਹੀਂ ਬਖਸ਼ੀ।

ਫਿਰ ਵੀ ਜਦੋਂ ਉਹ ਦੌੜਨ ਲਈ ਆਪਣੇ ਖੰਭ ਫੈਲਾਉਂਦੀ ਹੈ,

ਉਹ ਘੋੜੇ ਅਤੇ ਸਵਾਰ ਉੱਤੇ ਹੱਸਦੀ ਹੈ।

“ਕੀ ਤੂੰ ਘੋੜੇ ਨੂੰ ਉਸਦੀ ਤਾਕਤ ਦਿੱਤੀ

ਜਾਂ ਉਸਦੀ ਗਰਦਨ ਤੇ ਕੇਸਰ ਤੇਰੀ ਰਚਨਾ ਹੈ?

ਕੀ ਉਸਨੂੰ ਟਿੱਡੀ ਵਾਂਗ ਛਾਲਾਂ ਮਾਰਨ ਦਾ ਬਲ ਤੂੰ ਦਿੱਤਾ ਹੈ,

ਅਤੇ ਉਸਦੇ ਟਪਣ ਨਾਲ ਡਰ ਫੈਲਦਾ ਹੈ?

ਇਹ ਆਪਣੀ ਤਾਕਤ ਵਿੱਚ ਖੁਸ਼ ਹੋ ਕੇ ਜ਼ੋਰਦਾਰ ਢੰਗ ਨਾਲ ਟਪਦਾ ਹੈ,

ਅਤੇ ਮੈਦਾਨ ਵਿੱਚ ਆ ਜਾਂਦਾ ਹੈ।

ਇਹ ਡਰ ਤੇ ਹੱਸਦਾ ਹੈ, ਅਤੇ ਕਿਸੇ ਤੋਂ ਨਹੀਂ ਡਰਦਾ;

ਇਹ ਤਲਵਾਰ ਤੋਂ ਨਹੀਂ ਝਿਜਕਦਾ।

ਉਹ ਦੇ ਉੱਤੇ ਤਰਕਸ਼ ਖੜਕਦਾ ਹੈ,

ਚਮਕਦੇ ਬਰਛੇ ਅਤੇ ਸਾਂਗ ਵੀ।

ਜੋਸ਼ ਵਿੱਚ ਇਹ ਜ਼ਮੀਨ ਨੂੰ ਖਾ ਜਾਂਦਾ ਹੈ;

ਜਦੋਂ ਤੁਰ੍ਹੀ ਵੱਜਦੀ ਹੈ ਤਾਂ ਇਹ ਟਿਕ ਨਹੀਂ ਸਕਦਾ।

ਤੁਰ੍ਹੀ ਦੇ ਫੂਕਣ ਉੱਤੇ ਇਹ ਚੀਕਦਾ ਹੈ, ‘ਆਹਾ!’

ਇਹ ਲੜਾਈ ਦੀ ਖੁਸ਼ਬੂ ਨੂੰ ਦੂਰੋਂ ਫੜਦਾ ਹੈ,

ਅਤੇ ਸੈਨਾਪਤੀ ਦੀ ਗੱਜ ਅਤੇ ਲਲਕਾਰ ਨੂੰ ਵੀ।

“ਕੀ ਬਾਜ਼ ਤੁਹਾਡੀ ਬੁੱਧੀ ਨਾਲ ਉੱਡਦਾ ਹੈ

ਅਤੇ ਦੱਖਣ ਵੱਲ ਆਪਣੇ ਖੰਭ ਫੈਲਾਉਂਦਾ ਹੈ?

ਕੀ ਉਕਾਬ ਤੇਰੇ ਹੁਕਮ ਨਾਲ ਉੱਚਾ ਉਡਦਾ ਹੈ

ਅਤੇ ਉੱਚੇ ਪਾਸੇ ਆਪਣਾ ਆਲ੍ਹਣਾ ਬਣਾਉਂਦਾ ਹੈ?

ਇਹ ਇੱਕ ਚੱਟਾਨ ਉੱਤੇ ਵੱਸਦਾ ਹੈ ਅਤੇ ਰਾਤ ਨੂੰ ਉੱਥੇ ਰਹਿੰਦਾ ਹੈ;

ਇੱਕ ਉੱਚੀ ਚਟਾਨ ਇਸਦਾ ਘਰ ਹੈ।

ਉੱਥੋਂ ਇਹ ਭੋਜਨ ਲੱਭਦਾ ਹੈ;

ਇਸ ਦੀਆਂ ਅੱਖਾਂ ਇਸ ਨੂੰ ਦੂਰੋਂ ਖੋਜਦੀਆਂ ਹਨ।

ਇਸ ਦੇ ਬੱਚੇ ਲਹੂ ਉੱਤੇ ਦਾਅਵਤ ਕਰਦੇ ਹਨ,

ਅਤੇ ਜਿੱਥੇ ਲੋਥ ਹੁੰਦੀ ਹੈ, ਉਹ ਉੱਥੇ ਹੀ ਹੁੰਦੇ ਹਨ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.