Skip to content
BibleKenya

Biblica® Open Punjabi Contemporary Version 2025

ਯਿਰਮਿਯਾਹ 16

ਬਿਪਤਾ ਦਾ ਦਿਨ

ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਇਸ ਸਥਾਨ ਵਿੱਚ ਨਾ ਤੂੰ ਵਿਆਹ ਕਰਨਾ ਅਤੇ ਨਾ ਹੀ ਤੇਰੇ ਪੁੱਤਰਾਂ ਧੀਆਂ ਹੋਣ।” ਕਿਉਂਕਿ ਇਸ ਧਰਤੀ ਵਿੱਚ ਪੈਦਾ ਹੋਏ ਪੁੱਤਰਾਂ ਅਤੇ ਧੀਆਂ ਬਾਰੇ ਅਤੇ ਉਹਨਾਂ ਔਰਤਾਂ ਬਾਰੇ ਜੋ ਉਹਨਾਂ ਦੀਆਂ ਮਾਵਾਂ ਹਨ ਅਤੇ ਉਹਨਾਂ ਮਰਦਾਂ ਬਾਰੇ ਜੋ ਉਹਨਾਂ ਦੇ ਪਿਤਾ ਹਨ, ਯਾਹਵੇਹ ਇਸ ਬਾਰੇ ਆਖਦਾ ਹੈ: “ਉਹ ਮਾਰੂ ਬਿਮਾਰੀਆਂ ਨਾਲ ਮਰ ਜਾਣਗੇ। ਨਾ ਕੋਈ ਵਿਰਲਾਪ ਕਰੇਗਾ, ਨਾ ਉਹ ਦੱਬੇ ਜਾਣਗੇ ਸਗੋਂ ਜ਼ਮੀਨ ਉੱਤੇ ਪਈ ਹੋਈ ਰੂੜੀ ਵਾਂਗ ਹੋਣਗੇ। ਉਹ ਤਲਵਾਰ ਅਤੇ ਕਾਲ ਨਾਲ ਨਾਸ਼ ਹੋ ਜਾਣਗੇ, ਅਤੇ ਉਹਨਾਂ ਦੀਆਂ ਲਾਸ਼ਾਂ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਜਾਣਗੀਆਂ।”

ਕਿਉਂਕਿ ਯਾਹਵੇਹ ਇਹ ਕਹਿੰਦਾ ਹੈ: “ਤੂੰ ਸੋਗ ਵਾਲੇ ਘਰ ਨਾ ਵੜ, ਨਾ ਵਿਰਲਾਪ ਲਈ ਜਾ ਅਤੇ ਨਾ ਉਹਨਾਂ ਲਈ ਰੋ, ਕਿਉਂਕਿ ਮੈਂ ਇਨ੍ਹਾਂ ਲੋਕਾਂ ਤੋਂ ਆਪਣੀ ਸ਼ਾਂਤੀ, ਆਪਣਾ ਪਿਆਰ ਅਤੇ ਆਪਣੀ ਦਯਾ ਵਾਪਸ ਲੈ ਲਿਆ ਹੈ,” ਯਾਹਵੇਹ ਦਾ ਵਾਕ ਹੈ। “ਇਸ ਦੇਸ਼ ਵਿੱਚ ਵੱਡੇ ਅਤੇ ਛੋਟੇ ਮਰ ਜਾਣਗੇ, ਅਤੇ ਉਹ ਦੱਬੇ ਨਾ ਜਾਣਗੇ, ਨਾ ਉਹ ਦਫਨਾਏ ਜਾਣਗੇ ਨਾ ਕੋਈ ਸੋਗ ਕਰੇਗਾ ਅਤੇ ਕੋਈ ਵੀ ਮੁਰਦਿਆਂ ਲਈ ਆਪਣੇ ਆਪ ਨੂੰ ਨਹੀਂ ਕੱਟੇਗਾ ਅਤੇ ਨਾ ਹੀ ਆਪਣਾ ਸਿਰ ਮੁਨਵਾਏਗਾ। ਕੋਈ ਵੀ ਉਹਨਾਂ ਲੋਕਾਂ ਨੂੰ ਦਿਲਾਸਾ ਦੇਣ ਲਈ ਭੋਜਨ ਨਹੀਂ ਦੇਵੇਗਾ ਜੋ ਮਰੇ ਹੋਏ ਲੋਕਾਂ ਲਈ ਸੋਗ ਕਰਦੇ ਹਨ, ਇੱਥੋਂ ਤੱਕ ਕਿ ਇੱਕ ਪਿਤਾ ਜਾਂ ਮਾਂ ਲਈ ਵੀ ਨਹੀਂ, ਅਤੇ ਨਾ ਹੀ ਕੋਈ ਉਹਨਾਂ ਨੂੰ ਦਿਲਾਸਾ ਦੇਣ ਲਈ ਪੀਣ ਲਈ ਪਾਣੀ ਦੇਵੇਗਾ।

“ਅਤੇ ਉਸ ਘਰ ਵਿੱਚ ਨਾ ਵੜੋ ਜਿੱਥੇ ਦਾਵਤ ਹੁੰਦੀ ਹੋਵੇ ਅਤੇ ਖਾਣ ਪੀਣ ਲਈ ਬੈਠੋ। ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹੀ ਆਖਦਾ ਹੈ: ਮੈਂ ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਅਤੇ ਤੁਹਾਡੇ ਦਿਨਾਂ ਵਿੱਚ ਇਸ ਸਥਾਨ ਵਿੱਚ ਅਨੰਦ ਅਤੇ ਖੁਸ਼ੀ ਦੀਆਂ ਆਵਾਜ਼ਾਂ ਅਤੇ ਲਾੜੀ ਅਤੇ ਲਾੜੇ ਦੀਆਂ ਆਵਾਜ਼ਾਂ ਨੂੰ ਖਤਮ ਕਰ ਦਿਆਂਗਾ।

“ਜਦੋਂ ਤੂੰ ਸਭ ਕੁਝ ਇਨ੍ਹਾਂ ਲੋਕਾਂ ਨੂੰ ਦੱਸੇਗਾ ਅਤੇ ਉਹ ਤੈਨੂੰ ਪੁੱਛਣਗੇ, ‘ਯਾਹਵੇਹ ਨੇ ਸਾਡੇ ਵਿਰੁੱਧ ਇੰਨੀ ਵੱਡੀ ਤਬਾਹੀ ਕਿਉਂ ਸੁਣਾਈ ਹੈ? ਅਸੀਂ ਕੀ ਗਲਤ ਕੀਤਾ ਹੈ? ਅਸੀਂ ਆਪਣੇ ਪਰਮੇਸ਼ਵਰ ਦੇ ਵਿਰੁੱਧ ਕੀ ਪਾਪ ਕੀਤਾ ਹੈ?’ ਫਿਰ ਉਹਨਾਂ ਨੂੰ ਆਖੋ, ਯਾਹਵੇਹ ਇਹ ਆਖਦਾ ਹੈ, ‘ਇਹ ਇਸ ਲਈ ਹੈ ਕਿਉਂਕਿ ਤੁਹਾਡੇ ਪੁਰਖਿਆਂ ਨੇ ਮੈਨੂੰ ਤਿਆਗ ਦਿੱਤਾ ਸੀ ਅਤੇ ਹੋਰ ਦੇਵਤਿਆਂ ਦੇ ਪਿੱਛੇ ਚੱਲੇ ਅਤੇ ਉਹਨਾਂ ਦੀ ਸੇਵਾ ਕੀਤੀ ਅਤੇ ਉਹਨਾਂ ਦੀ ਪੂਜਾ ਕੀਤੀ। ਉਹਨਾਂ ਨੇ ਮੈਨੂੰ ਤਿਆਗ ਦਿੱਤਾ ਅਤੇ ਮੇਰੀ ਬਿਵਸਥਾ ਨੂੰ ਨਹੀਂ ਮੰਨਿਆ। ਪਰ ਤੁਸੀਂ ਆਪਣੇ ਪੁਰਖਿਆਂ ਨਾਲੋਂ ਵੀ ਵੱਧ ਦੁਸ਼ਟਤਾ ਕੀਤੀ। ਵੇਖੋ ਕਿਵੇਂ ਤੁਸੀਂ ਸਾਰੇ ਮੇਰੀ ਗੱਲ ਮੰਨਣ ਦੀ ਬਜਾਏ ਆਪਣੇ ਦੁਸ਼ਟ ਦਿਲਾਂ ਦੀ ਜ਼ਿੱਦ ਤੇ ਚੱਲ ਰਹੇ ਹੋ। ਇਸ ਲਈ ਮੈਂ ਤੁਹਾਨੂੰ ਇਸ ਧਰਤੀ ਤੋਂ ਬਾਹਰ ਉਸ ਦੇਸ਼ ਵਿੱਚ ਸੁੱਟ ਦਿਆਂਗਾ, ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖਿਆਂ ਨੇ ਜਾਣਿਆ ਸੀ ਅਤੇ ਉੱਥੇ ਤੁਸੀਂ ਦਿਨ-ਰਾਤ ਹੋਰ ਦੇਵਤਿਆਂ ਦੀ ਉਪਾਸਨਾ ਕਰੋਗੇ, ਕਿਉਂਕਿ ਮੈਂ ਤੁਹਾਡੇ ਉੱਤੇ ਕੋਈ ਕਿਰਪਾ ਨਹੀਂ ਕਰਾਂਗਾ।’ ”

ਯਾਹਵੇਹ ਦਾ ਵਾਕ ਹੈ, “ਉਹ ਦਿਨ ਆ ਰਹੇ ਹਨ, ਜਦੋਂ ਇਹ ਨਹੀਂ ਕਿਹਾ ਜਾਵੇਗਾ, ‘ਜਿਉਂਦੇ ਯਾਹਵੇਹ ਦੀ ਸਹੁੰ, ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ,’ ਪਰ ਇਹ ਆਖਿਆ ਜਾਵੇਗਾ, ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਇਸਰਾਏਲੀਆਂ ਨੂੰ ਉੱਤਰ ਦੇ ਦੇਸ਼ ਵਿੱਚੋਂ ਅਤੇ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਜਿੱਥੇ ਉਸ ਨੇ ਉਹਨਾਂ ਨੂੰ ਕੱਢ ਦਿੱਤਾ ਸੀ, ਕੱਢ ਲਿਆਇਆ। ਉਹਨਾਂ ਨੂੰ ਉਸ ਧਰਤੀ ਉੱਤੇ ਵਾਪਸ ਲਿਆਓ ਜਿਹੜੀ ਮੈਂ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ।”

ਯਾਹਵੇਹ ਨੇ ਕਿਹਾ, “ਪਰ ਹੁਣ ਮੈਂ ਬਹੁਤ ਸਾਰੇ ਮਛੇਰਿਆਂ ਨੂੰ ਬੁਲਾਵਾਂਗਾ ਅਤੇ ਉਹ ਉਹਨਾਂ ਨੂੰ ਫੜ ਲੈਣਗੇ। ਉਸ ਤੋਂ ਬਾਅਦ ਮੈਂ ਬਹੁਤ ਸਾਰੇ ਸ਼ਿਕਾਰੀਆਂ ਨੂੰ ਬੁਲਾਵਾਂਗਾ, ਅਤੇ ਉਹ ਹਰ ਪਰਬਤ ਅਤੇ ਪਹਾੜ ਉੱਤੇ ਅਤੇ ਚਟਾਨਾਂ ਦੀਆਂ ਤੇੜਾਂ ਤੋਂ ਉਹਨਾਂ ਦਾ ਸ਼ਿਕਾਰ ਕਰਨਗੇ। ਮੇਰੀ ਨਿਗਾਹ ਉਹਨਾਂ ਦੇ ਸਾਰੇ ਰਾਹਾਂ ਉੱਤੇ ਹੈ। ਉਹ ਮੇਰੇ ਤੋਂ ਲੁਕੇ ਨਹੀਂ ਹਨ, ਨਾ ਹੀ ਉਹਨਾਂ ਦਾ ਪਾਪ ਮੇਰੀਆਂ ਅੱਖਾਂ ਤੋਂ ਲੁਕਿਆ ਹੋਇਆ ਹੈ। ਮੈਂ ਉਹਨਾਂ ਨੂੰ ਉਹਨਾਂ ਦੀ ਦੁਸ਼ਟਤਾ ਅਤੇ ਉਹਨਾਂ ਦੇ ਪਾਪ ਲਈ ਦੁੱਗਣਾ ਬਦਲਾ ਦਿਆਂਗਾ, ਕਿਉਂਕਿ ਉਹਨਾਂ ਨੇ ਮੇਰੀ ਧਰਤੀ ਨੂੰ ਆਪਣੀਆਂ ਘਿਣਾਉਣੀਆਂ ਮੂਰਤੀਆਂ ਦੇ ਬੇਜਾਨ ਰੂਪਾਂ ਨਾਲ ਪਲੀਤ ਕੀਤਾ ਹੈ ਅਤੇ ਮੇਰੀ ਵਿਰਾਸਤ ਨੂੰ ਉਹਨਾਂ ਦੇ ਘਿਣਾਉਣੇ ਬੁੱਤਾਂ ਨਾਲ ਭਰ ਦਿੱਤਾ ਹੈ।”

ਹੇ ਯਾਹਵੇਹ, ਮੇਰੀ ਤਾਕਤ ਅਤੇ ਮੇਰਾ ਕਿਲ੍ਹਾ,

ਮੁਸੀਬਤ ਦੇ ਸਮੇਂ ਮੇਰੀ ਪਨਾਹ,

ਧਰਤੀ ਦੇ ਸਿਰੇ ਤੋਂ ਕੌਮਾਂ

ਤੇਰੇ ਕੋਲ ਆਉਣਗੀਆਂ ਅਤੇ ਆਖਣਗੀਆਂ,

“ਸਾਡੇ ਪੁਰਖਿਆਂ ਕੋਲ ਝੂਠੇ ਦੇਵਤਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ।

ਵਿਅਰਥ ਮੂਰਤੀਆਂ ਜਿਨ੍ਹਾਂ ਨੇ ਉਹਨਾਂ ਦਾ ਕੋਈ ਭਲਾ ਨਹੀਂ ਕੀਤਾ।

ਕੀ ਲੋਕ ਆਪਣੇ ਦੇਵਤੇ ਬਣਾਉਂਦੇ ਹਨ?

ਹਾਂ, ਪਰ ਉਹ ਦੇਵਤੇ ਨਹੀਂ ਹਨ!”

“ਇਸ ਲਈ ਮੈਂ ਉਹਨਾਂ ਨੂੰ ਸਿਖਾਵਾਂਗਾ,

ਇਸ ਵਾਰ ਮੈਂ ਉਹਨਾਂ ਨੂੰ ਆਪਣੀ ਬਲ ਅਤੇ ਸ਼ਕਤੀ ਸਿਖਾਵਾਂਗਾ।

ਤਦ ਉਹ ਜਾਣ ਲੈਣਗੇ ਕਿ ਮੇਰਾ ਨਾਮ ਯਾਹਵੇਹ ਹੈ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.