Biblica® Open Punjabi Contemporary Version 2025
ਯਸ਼ਾਯਾਹ 7
ਇੰਮਾਨੂਏਲ ਦੀ ਨਿਸ਼ਾਨੀ
ਤਦ ਅਜਿਹਾ ਹੋਇਆ ਕਿ ਉਜ਼ੀਯਾਹ ਦੇ ਪੋਤਰੇ, ਯੋਥਾਮ ਦੇ ਪੁੱਤਰ ਆਹਾਜ਼ ਜੋ ਯਹੂਦਾਹ ਦਾ ਰਾਜਾ ਸੀ, ਉਸ ਦੇ ਦਿਨਾਂ ਵਿੱਚ ਅਰਾਮ ਦਾ ਰਾਜਾ ਰੇਜ਼ੀਨ ਅਤੇ ਇਸਰਾਏਲ ਦਾ ਰਾਜਾ ਰਮਲਯਾਹ ਦਾ ਪੁੱਤਰ ਪੇਕਾਹ ਨੇ ਯੇਰੂਸ਼ਲੇਮ ਉੱਤੇ ਚੜ੍ਹਾਈ ਕੀਤੀ ਤਾਂ ਜੋ ਉਸ ਦੇ ਵਿਰੁੱਧ ਯੁੱਧ ਕਰਨ, ਪਰ ਉਹ ਨੂੰ ਜਿੱਤ ਨਾ ਸਕੇ।
ਜਦ ਦਾਵੀਦ ਦੇ ਘਰਾਣੇ ਨੂੰ ਦੱਸਿਆ ਗਿਆ ਕਿ ਅਰਾਮ ਇਫ਼ਰਾਈਮ ਰਾਜ ਨਾਲ ਮਿਲ ਗਿਆ ਹੈ, ਤਾਂ ਆਹਾਜ਼ ਦਾ ਅਤੇ ਉਹ ਦੀ ਪਰਜਾ ਦਾ ਦਿਲ ਅਜਿਹਾ ਕੰਬ ਗਿਆ, ਜਿਵੇਂ ਜੰਗਲੀ ਦਰਖਤ ਪੌਣ ਦੇ ਅੱਗੇ ਕੰਬ ਜਾਂਦੇ ਹਨ।
ਤਦ ਯਾਹਵੇਹ ਨੇ ਯਸ਼ਾਯਾਹ ਨੂੰ ਆਖਿਆ, ਤੂੰ ਅਤੇ ਤੇਰਾ ਪੁੱਤਰ ਸ਼ਆਰ ਯਾਸ਼ੂਬ1 ਉੱਪਰਲੇ ਤਲਾਬ ਦੇ ਨਦੀ ਦੇ ਸਿਰੇ ਉੱਤੇ ਧੋਬੀ ਘਾਟ ਦੇ ਰਾਹ ਤੇ ਆਹਾਜ਼ ਨੂੰ ਮਿਲੋ ਅਤੇ ਤੂੰ ਉਹ ਨੂੰ ਆਖ, ਖ਼ਬਰਦਾਰ, ਚੁੱਪ ਰਹਿ ਅਤੇ ਨਾ ਡਰ! ਇਨ੍ਹਾਂ ਚੁਆਤੀਆਂ ਦੇ ਦੋਹਾਂ ਸੁਲਗਦੇ ਟੁੰਡਾਂ ਤੋਂ ਅਰਥਾਤ ਰਮਲਯਾਹ ਦੇ ਪੁੱਤਰ ਅਰਾਮ ਅਤੇ ਰੇਜ਼ੀਨ ਦੇ ਬਲਦੇ ਕ੍ਰੋਧ ਤੋਂ ਤੇਰਾ ਦਿਲ ਘਬਰਾ ਨਾ ਜਾਵੇ। ਅਰਾਮ, ਇਫ਼ਰਾਈਮ ਅਤੇ ਰਮਲਯਾਹ ਦੇ ਪੁੱਤਰ ਨੇ ਇਹ ਕਹਿ ਕੇ ਤੁਹਾਡੀ ਤਬਾਹੀ ਦੀ ਵਿਉਂਤ ਬਣਾਈ ਹੈ, “ਆਓ ਅਸੀਂ ਯਹੂਦਾਹ ਉੱਤੇ ਹਮਲਾ ਕਰੀਏ ਅਤੇ ਇਸ ਨੂੰ ਪਾੜ ਕੇ ਆਪਸ ਵਿੱਚ ਵੰਡ ਦੇਈਏ ਅਤੇ ਤਬੀਲ ਦੇ ਪੁੱਤਰ ਨੂੰ ਇਸ ਦਾ ਰਾਜਾ ਬਣਾ ਦੇਈਏ।” ਤਾਂ ਵੀ ਯਾਹਵੇਹ ਇਹ ਆਖਦਾ ਹੈ,
“ ‘ਇਹ ਯੋਜਨਾ ਸਫ਼ਲ ਨਹੀਂ ਹੋਵੇਗੀ
ਅਤੇ ਨਾ ਹੀ ਪੂਰੀ ਹੋਵੇਗੀ,
ਅਰਾਮ ਦਾ ਮੁਖੀ ਦੰਮਿਸ਼ਕ ਹੈ,
ਅਤੇ ਦੰਮਿਸ਼ਕ ਦਾ ਮੁਖੀ ਕੇਵਲ ਰੇਜ਼ੀਨ ਹੈ।
ਪਰ ਪੈਂਹਠ ਸਾਲਾਂ ਦੇ ਅੰਦਰ
ਇਫ਼ਰਾਈਮ ਅਜਿਹਾ ਟੁੱਕੜੇ-ਟੁੱਕੜੇ ਕੀਤਾ ਜਾਵੇਗਾ।
ਇਫ਼ਰਾਈਮ ਦਾ ਮੁਖੀ ਸਾਮਰਿਯਾ ਹੈ,
ਅਤੇ ਸਾਮਰਿਯਾ ਦਾ ਮੁਖੀ ਕੇਵਲ ਰਮਲਯਾਹ ਦਾ ਪੁੱਤਰ ਹੈ।
ਜੇ ਤੁਸੀਂ ਆਪਣੀ ਨਿਹਚਾ ਵਿੱਚ ਪੱਕੇ ਨਹੀਂ ਰਹੇ,
ਤਾਂ ਤੁਸੀਂ ਬਿਲਕੁਲ ਵੀ ਖੜ੍ਹੇ ਨਹੀਂ ਰਹੋਗੇ।’ ”
ਫਿਰ ਯਾਹਵੇਹ ਨੇ ਆਹਾਜ਼ ਨਾਲ ਗੱਲ ਕੀਤੀ, “ਯਾਹਵੇਹ ਆਪਣੇ ਪਰਮੇਸ਼ਵਰ ਤੋਂ ਕੋਈ ਨਿਸ਼ਾਨ ਮੰਗ, ਭਾਵੇਂ ਡੂੰਘਿਆਈ ਵਿੱਚ ਭਾਵੇਂ ਉਤਾਹਾਂ ਉਚਿਆਈ ਵਿੱਚ ਮੰਗ।”
ਪਰ ਆਹਾਜ਼ ਨੇ ਆਖਿਆ, “ਮੈਂ ਨਹੀਂ ਮੰਗਾਂਗਾ ਅਤੇ ਮੈਂ ਯਾਹਵੇਹ ਨੂੰ ਨਹੀਂ ਪਰਤਾਵਾਂਗਾ।”
ਤਦ ਯਸ਼ਾਯਾਹ ਨੇ ਆਖਿਆ, “ਹੇ ਦਾਵੀਦ ਦੇ ਘਰਾਣੇ, ਸੁਣ। ਭਲਾ, ਮਨੁੱਖਾਂ ਨੂੰ ਖੇਚਲ ਦੇਣਾ, ਇਹ ਤੁਹਾਡੇ ਲਈ ਛੋਟੀ ਗੱਲ ਹੈ? ਕੀ ਹੁਣ ਤੁਸੀਂ ਮੇਰੇ ਪਰਮੇਸ਼ਵਰ ਨੂੰ ਵੀ ਖੇਚਲ ਦਿਓਗੇ? ਇਸ ਲਈ ਯਾਹਵੇਹ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ: ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਸਦਾ ਨਾਮ ਇੰਮਾਨੂਏਲ2 ਰੱਖੇਗੀ। ਉਹ ਦਹੀਂ ਅਤੇ ਸ਼ਹਿਦ ਖਾਵੇਗਾ ਜਿਸ ਸਮੇਂ ਤੱਕ ਉਹ ਬਦੀ ਨੂੰ ਰੱਦਣਾ ਅਤੇ ਨੇਕੀ ਨੂੰ ਚੁਣਨਾ ਨਾ ਜਾਣੇ। ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ ਬਦੀ ਨੂੰ ਰੱਦਣਾ ਅਤੇ ਨੇਕੀ ਨੂੰ ਚੁਣਨਾ ਜਾਣੇ, ਉਹ ਭੂਮੀ ਛੱਡੀ ਜਾਵੇਗੀ, ਜਿਸ ਦੇ ਦੋਹਾਂ ਰਾਜਿਆਂ ਤੋਂ ਤੂੰ ਘਬਰਾਉਂਦਾ ਹੈ। ਯਾਹਵੇਹ ਤੇਰੇ ਉੱਤੇ ਅਤੇ ਤੇਰੇ ਲੋਕਾਂ ਉੱਤੇ ਅਤੇ ਤੇਰੇ ਪਿਤਾ ਦੇ ਘਰਾਣੇ ਉੱਤੇ ਅਜਿਹਾ ਸਮਾਂ ਲਿਆਵੇਗਾ ਅਜਿਹਾ ਉਨ੍ਹਾਂ ਦਿਨਾਂ ਤੋਂ ਨਹੀਂ ਆਇਆ ਜਦੋਂ ਇਫ਼ਰਾਈਮ ਯਹੂਦਾਹ ਤੋਂ ਅਲੱਗ ਹੋ ਗਿਆ ਸੀ, ਅਰਥਾਤ ਅੱਸ਼ੂਰ ਦੇ ਰਾਜੇ ਦੇ ਦਿਨ।”
ਅੱਸ਼ੂਰ, ਯਾਹਵੇਹ ਦਾ ਸਾਜ਼
ਅਜਿਹਾ ਹੋਵੇਗਾ ਕਿ ਉਸ ਦਿਨ ਯਾਹਵੇਹ ਉਸ ਮੱਖੀ ਲਈ ਜਿਹੜੀ ਮਿਸਰ ਦੀਆਂ ਨਦੀਆਂ ਦੇ ਸਿਰੇ ਤੇ ਹੈ ਅਤੇ ਉਸ ਮਧੂਮੱਖੀ ਨੂੰ ਜਿਹੜੀ ਅੱਸ਼ੂਰ ਦੇ ਦੇਸ ਵਿੱਚ ਹੈ, ਸੀਟੀ ਵਜਾ ਕੇ ਬੁਲਾਵੇਗਾ। ਫਿਰ ਉਹ ਸਭ ਆਉਣਗੀਆਂ ਅਤੇ ਢਾਲੂ ਵਾਦੀਆਂ ਵਿੱਚ, ਚੱਟਾਨਾਂ ਦੀਆਂ ਤੇੜਾਂ ਵਿੱਚ ਅਤੇ ਸਾਰੇ ਕੰਡਿਆਂ ਉੱਤੇ ਅਤੇ ਸਾਰੀਆਂ ਝਾੜੀਆਂ ਉੱਤੇ ਬੈਠ ਜਾਣਗੀਆਂ। ਉਸ ਦਿਨ ਯਾਹਵੇਹ ਉਸ ਉਸਤਰੇ ਨਾਲ ਜਿਹੜਾ ਦਰਿਆ ਦੇ ਪਾਰੋਂ ਭਾੜੇ ਤੇ ਲਿਆ ਗਿਆ ਹੈ ਅਰਥਾਤ ਅੱਸ਼ੂਰ ਦੇ ਰਾਜੇ ਨਾਲ, ਸਿਰ ਅਤੇ ਪੈਰਾਂ ਦੇ ਵਾਲ਼ ਮੁੰਨ ਸੁੱਟੇਗਾ ਅਤੇ ਦਾੜ੍ਹੀ ਵੀ ਮੁੰਨ ਦੇਵੇਗਾ। ਉਸ ਦਿਨ ਇੱਕ ਵਿਅਕਤੀ ਇੱਕ ਗਾਂ ਅਤੇ ਦੋ ਬੱਕਰੀਆਂ ਨੂੰ ਜਿਉਂਦਾ ਰੱਖੇਗਾ। ਅਤੇ ਉਹ ਦੁੱਧ ਦੀ ਬਹੁਤਾਤ ਦੇ ਕਾਰਨ ਖਾਣ ਲਈ ਦਹੀਂ ਹੋਵੇਗੀ। ਸਾਰੇ ਜਿਹੜੇ ਦੇਸ਼ ਵਿੱਚ ਰਹਿੰਦੇ ਹਨ ਦਹੀਂ ਅਤੇ ਸ਼ਹਿਦ ਖਾਣਗੇ। ਅਤੇ ਉਸ ਦਿਨ ਹਰੇਕ ਜਗ੍ਹਾਂ ਜਿੱਥੇ ਹਜ਼ਾਰ ਅੰਗੂਰੀ ਵੇਲਾਂ ਹੁੰਦੀਆਂ ਸਨ, ਜਿਨ੍ਹਾਂ ਦਾ ਮੁੱਲ ਹਜ਼ਾਰ ਚਾਂਦੀ ਦੇ ਸ਼ਕੇਲ3 ਹੁੰਦਾ ਸੀ, ਉੱਥੇ ਕੰਡੇ ਅਤੇ ਕੰਡਿਆਲੇ ਹੀ ਹੋਣਗੇ। ਉੱਥੇ ਸ਼ਿਕਾਰੀ ਧਨੁਸ਼ ਅਤੇ ਤੀਰ ਲੈ ਕੇ ਜਾਣਗੇ, ਕਿਉਂ ਜੋ ਦੇਸ ਕੰਡਿਆਂ ਅਤੇ ਕੰਡਿਆਲਿਆਂ ਨਾਲ ਭਰਿਆ ਹੋਇਆ ਹੋਵੇਗਾ। ਅਤੇ ਸਾਰੇ ਟਿੱਬੇ ਜਿਹੜੇ ਕਹੀ ਨਾਲ ਪੁੱਟੇ ਜਾਂਦੇ ਸਨ, ਉੱਥੇ ਕੰਡਿਆਂ ਤੇ ਕੰਡਿਆਲਿਆਂ ਦੇ ਡਰ ਤੋਂ ਤੁਸੀਂ ਨਾ ਜਾਓਗੇ ਪਰ ਉਹ ਬਲਦਾਂ ਦੀਆਂ ਰੱਖਾਂ ਅਤੇ ਭੇਡਾਂ ਦੀ ਚਾਰਗਾਹ ਹੋਣਗੇ।
Source notes (3)
- Footnote ਸ਼ਆਰ ਯਾਸ਼ੂਬ ਅਰਥ ਇੱਕ ਬਚਿਆ ਹੋਇਆ ਵਾਪਸ ਆ ਜਾਵੇਗਾ
- Footnote ਇੰਮਾਨੂਏਲ ਅਰਥ ਪਰਮੇਸ਼ਵਰ ਸਾਡੇ ਨਾਲ ਹੈ
- Footnote ਸ਼ਕੇਲ ਅਰਥਾਤ 12 ਕਿੱਲੋਗ੍ਰਾਮ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.