Skip to content
BibleKenya

Biblica® Open Punjabi Contemporary Version 2025

ਯਸ਼ਾਯਾਹ 43

ਸਿਰਫ ਇਸਰਾਏਲ ਦਾ ਮੁਕਤੀਦਾਤਾ

ਪਰ ਹੁਣ, ਯਾਹਵੇਹ ਇਹ ਆਖਦਾ ਹੈ,

ਹੇ ਯਾਕੋਬ, ਜਿਸ ਨੇ ਤੈਨੂੰ ਰਚਿਆ,

ਹੇ ਇਸਰਾਏਲ, ਜਿਸ ਨੇ ਤੈਨੂੰ ਬਣਾਇਆ,

“ਡਰ ਨਾ, ਕਿਉਂਕਿ ਮੈਂ ਤੈਨੂੰ ਛੁਡਾਇਆ ਹੈ,

ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ; ਤੂੰ ਮੇਰੀ ਹੀ ਹੈ।

ਜਦੋਂ ਤੂੰ ਪਾਣੀਆਂ ਵਿੱਚੋਂ ਦੀ ਲੰਘੇਗਾ,

ਮੈਂ ਤੇਰੇ ਨਾਲ ਹੋਵਾਂਗਾ;

ਅਤੇ ਜਦੋਂ ਤੂੰ ਦਰਿਆਵਾਂ ਵਿੱਚੋਂ ਦੀ ਲੰਘੇਗਾ,

ਉਹ ਤੈਨੂੰ ਨਾ ਡੋਬਣਗੀਆਂ।

ਜਦੋਂ ਤੂੰ ਅੱਗ ਵਿੱਚੋਂ ਦੀ ਲੰਘੇਗਾ,

ਉਹ ਤੈਨੂੰ ਨਾ ਸਾੜੇਗੀ;

ਅੱਗ ਦੀਆਂ ਲਾਟਾਂ ਤੈਨੂੰ ਨਹੀਂ ਸਾੜਨਗੀਆਂ।

ਕਿਉਂ ਜੋ ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂ,

ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਮੁਕਤੀਦਾਤਾ;

ਮੈਂ ਮਿਸਰ ਨੂੰ ਤੇਰੀ ਰਿਹਾਈ ਲਈ ਅਤੇ ਕੂਸ਼1

ਅਤੇ ਸ਼ਬਾ ਨੂੰ ਤੇਰੇ ਵਟਾਂਦਰੇ ਵਿੱਚ ਦਿੰਦਾ ਹਾਂ।

ਕਿਉਂਕਿ ਤੂੰ ਮੇਰੀ ਨਿਗਾਹ ਵਿੱਚ ਕੀਮਤੀ ਅਤੇ ਆਦਰਯੋਗ ਹੈ,

ਅਤੇ ਕਿਉਂਕਿ ਮੈਂ ਤੈਨੂੰ ਪਿਆਰ ਕੀਤਾ,

ਮੈਂ ਤੇਰੇ ਬਦਲੇ ਮਨੁੱਖ

ਅਤੇ ਤੇਰੀ ਜਾਨ ਦੇ ਵਟਾਂਦਰੇ ਵਿੱਚ ਕੌਮਾਂ ਦਿਆਂਗਾ।

ਨਾ ਡਰ, ਮੈਂ ਤੇਰੇ ਨਾਲ ਹਾਂ;

ਮੈਂ ਤੇਰੇ ਬੱਚਿਆਂ ਨੂੰ ਪੂਰਬ ਤੋਂ ਲਿਆਵਾਂਗਾ

ਅਤੇ ਤੁਹਾਨੂੰ ਪੱਛਮ ਤੋਂ ਇਕੱਠਾ ਕਰਾਂਗਾ।

ਮੈਂ ਉੱਤਰ ਨੂੰ ਆਖਾਂਗਾ, ‘ਉਨ੍ਹਾਂ ਨੂੰ ਛੱਡ ਦਿਓ’

ਅਤੇ ਦੱਖਣ ਨੂੰ, ‘ਉਨ੍ਹਾਂ ਨੂੰ ਨਾ ਰੋਕ।’

ਤੂੰ ਮੇਰੇ ਪੁੱਤਰਾਂ ਨੂੰ ਦੂਰ ਤੋਂ ਲਿਆ,

ਅਤੇ ਮੇਰੀਆਂ ਧੀਆਂ ਨੂੰ ਧਰਤੀ ਦੀ ਹੱਦ ਤੋਂ ਲਿਆ।

ਹਰ ਕੋਈ ਜੋ ਮੇਰੇ ਨਾਮ ਨਾਲ ਬੁਲਾਇਆ ਜਾਂਦਾ ਹੈ,

ਜਿਸਨੂੰ ਮੈਂ ਆਪਣੇ ਲਈ ਉਤਪੰਨ ਕੀਤਾ ਹੈ,

ਜਿਸਨੂੰ ਮੈਂ ਸਿਰਜਿਆ ਅਤੇ ਬਣਾਇਆ ਹੈ।”

ਉਨ੍ਹਾਂ ਨੂੰ ਬਾਹਰ ਕੱਢੋ ਜਿਨ੍ਹਾਂ ਦੀਆਂ ਅੱਖਾਂ ਹਨ ਪਰ ਅੰਨ੍ਹੇ ਹਨ,

ਜਿਨ੍ਹਾਂ ਦੇ ਕੰਨ ਹਨ ਪਰ ਬੋਲੇ ਹਨ।

ਸਾਰੀਆਂ ਕੌਮਾਂ ਇਕੱਠੀਆਂ ਹੋਣ

ਅਤੇ ਲੋਕ ਇਕੱਠੇ ਹੋਣ।

ਉਨ੍ਹਾਂ ਦੇ ਦੇਵਤਿਆਂ ਵਿੱਚੋਂ ਕਿਸ ਨੇ ਇਸ ਬਾਰੇ ਭਵਿੱਖਬਾਣੀ ਕੀਤੀ

ਅਤੇ ਸਾਨੂੰ ਪਹਿਲੀਆਂ ਗੱਲਾਂ ਬਾਰੇ ਦੱਸੇ?

ਉਹ ਆਪਣੇ ਗਵਾਹਾਂ ਨੂੰ ਲਿਆ ਕੇ ਇਹ ਸਾਬਤ ਕਰਨ ਕਿ ਉਹ ਸਹੀ ਸਨ,

ਤਾਂ ਜੋ ਦੂਸਰੇ ਸੁਣ ਸਕਣ ਅਤੇ ਕਹਿਣ, “ਇਹ ਸੱਚ ਹੈ।”

ਯਾਹਵੇਹ ਆਖਦਾ ਹੈ “ਤੁਸੀਂ ਮੇਰੇ ਗਵਾਹ ਹੋ,

ਅਤੇ ਮੇਰਾ ਸੇਵਕ ਜਿਸ ਨੂੰ ਮੈਂ ਇਸ ਲਈ ਚੁਣਿਆ,

ਤਾਂ ਜੋ ਤੁਸੀਂ ਜਾਣ ਸਕੋ ਅਤੇ ਮੇਰੇ ਉੱਤੇ ਵਿਸ਼ਵਾਸ ਕਰੋ

ਅਤੇ ਸਮਝੋ ਕਿ ਮੈਂ ਉਹ ਹਾਂ।

ਮੇਰੇ ਤੋਂ ਪਹਿਲਾਂ ਨਾ ਕੋਈ ਦੇਵਤਾ ਸਾਜਿਆ ਗਿਆ,

ਨਾ ਮੇਰੇ ਤੋਂ ਬਾਅਦ ਕੋਈ ਹੋਵੇਗਾ।

ਮੈਂ, ਹਾਂ, ਮੈਂ ਹੀ ਯਾਹਵੇਹ ਹਾਂ,

ਅਤੇ ਮੇਰੇ ਤੋਂ ਬਿਨਾਂ ਕੋਈ ਬਚਾਉਣ ਵਾਲਾ ਨਹੀਂ ਹੈ।

ਮੈਂ ਪ੍ਰਗਟ ਕੀਤਾ ਅਤੇ ਬਚਾਇਆ ਅਤੇ ਪਰਚਾਰ ਕੀਤਾ,

ਮੈਂ, ਨਾ ਕਿ ਤੁਹਾਡੇ ਵਿੱਚ ਕੋਈ ਵਿਦੇਸ਼ੀ ਦੇਵਤਾ ਹਾਂ।

ਤੁਸੀਂ ਮੇਰੇ ਗਵਾਹ ਹੋ,” ਯਾਹਵੇਹ ਦਾ ਵਾਕ ਹੈ, “ਮੈਂ ਹੀ ਪਰਮੇਸ਼ਵਰ ਹਾਂ।

ਹਾਂ, ਪ੍ਰਾਚੀਨ ਦਿਨਾਂ ਤੋਂ ਲੈ ਕੇ ਮੈਂ ਹੀ ਉਹ ਹਾਂ।

ਕੋਈ ਵੀ ਮੇਰੇ ਹੱਥੋਂ ਛੁਡਾ ਨਹੀਂ ਸਕਦਾ।

ਜਦੋਂ ਮੈਂ ਕੰਮ ਕਰਦਾ ਹਾਂ ਤਾਂ ਕੌਣ ਰੋਕ ਸਕਦਾ ਹੈ?”

ਪਰਮੇਸ਼ਵਰ ਦੀ ਦਇਆ ਅਤੇ ਇਸਰਾਏਲ ਦੀ ਬੇਵਫ਼ਾਈ

ਯਾਹਵੇਹ ਤੁਹਾਡਾ ਛੁਡਾਉਣ ਵਾਲਾ

ਇਸਰਾਏਲ ਦਾ ਪਵਿੱਤਰ ਪੁਰਖ ਇਹ ਫ਼ਰਮਾਉਂਦਾ ਹੈ,

“ਤੁਹਾਡੇ ਨਮਿੱਤ ਮੈਂ ਬਾਬੇਲ ਵੱਲ ਭੇਜਿਆ

ਅਤੇ ਉਸ ਦੇ ਸਾਰੇ ਵਾਸੀਆਂ ਨੂੰ ਭਗੌੜਿਆਂ ਵਾਂਗੂੰ ਲੈ ਆਵਾਂਗਾ,

ਅਤੇ ਕਸਦੀਆਂ ਨੂੰ ਉਨ੍ਹਾਂ ਦੇ ਜਹਾਜ਼ਾਂ ਉੱਤੇ ਚੜ੍ਹਾ ਕੇ ਲੈ ਆਵਾਂਗਾ, ਜਿਨ੍ਹਾਂ ਉੱਤੇ ਉਹ ਵੱਡਾ ਘਮੰਡ ਕਰਦੇ ਹਨ।

ਮੈਂ ਯਾਹਵੇਹ ਹਾਂ, ਤੁਹਾਡਾ ਪਵਿੱਤਰ ਪੁਰਖ,

ਇਸਰਾਏਲ ਦਾ ਸਿਰਜਣਹਾਰ, ਤੁਹਾਡਾ ਰਾਜਾ ਹਾਂ।”

ਇਹੀ ਹੈ ਜੋ ਯਾਹਵੇਹ ਆਖਦਾ ਹੈ,

ਉਹ ਜਿਸ ਨੇ ਸਮੁੰਦਰ ਵਿੱਚੋਂ ਇੱਕ ਰਸਤਾ ਬਣਾਇਆ,

ਸ਼ਕਤੀਸ਼ਾਲੀ ਪਾਣੀਆਂ ਵਿੱਚੋਂ ਇੱਕ ਰਸਤਾ,

ਉਹ ਜੋ ਰਥ ਅਤੇ ਘੋੜਾ,

ਫੌਜ ਅਤੇ ਸੂਰਬੀਰ ਬਾਹਰ ਲੈ ਆਉਂਦਾ ਹੈ,

ਉਹ ਇਕੱਠੇ ਲੇਟ ਜਾਂਦੇ, ਉਹ ਉੱਠਣਗੇ ਨਹੀਂ, ਉਹ ਮੰਦੇ ਪੈ ਗਏ,

ਉਹ ਬੱਤੀ ਵਾਂਗੂੰ ਬੁਝ ਗਏ:

“ਪਹਿਲੀਆਂ ਚੀਜ਼ਾਂ ਨੂੰ ਭੁੱਲ ਜਾਓ;

ਅਤੀਤ ਵਿੱਚ ਨਾ ਸੋਚੋ।

ਵੇਖੋ, ਮੈਂ ਇੱਕ ਨਵਾਂ ਕੰਮ ਕਰ ਰਿਹਾ ਹਾਂ!

ਹੁਣ ਇਹ ਉੱਗਦਾ ਹੈ; ਕੀ ਤੁਸੀਂ ਇਸ ਨੂੰ ਨਹੀਂ ਸਮਝਦੇ?

ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ,

ਅਤੇ ਥਲ ਵਿੱਚ ਨਦੀਆਂ।

ਜੰਗਲੀ ਜਾਨਵਰ ਮੇਰਾ ਆਦਰ ਕਰਦੇ ਹਨ,

ਗਿੱਦੜ ਅਤੇ ਉੱਲੂ,

ਕਿਉਂਕਿ ਮੈਂ ਉਜਾੜ ਵਿੱਚ ਪਾਣੀ ਦਿੰਦਾ ਹਾਂ

ਅਤੇ ਉਜਾੜ ਵਿੱਚ ਨਦੀਆਂ,

ਆਪਣੇ ਚੁਣੇ ਹੋਏ ਲੋਕਾਂ ਨੂੰ ਪੀਣ ਲਈ।

ਜਿਨ੍ਹਾਂ ਲੋਕਾਂ ਨੂੰ ਮੈਂ ਆਪਣੇ ਲਈ ਬਣਾਇਆ

ਤਾਂ ਜੋ ਉਹ ਮੇਰੀ ਉਸਤਤ ਸੁਣਾਉਣ।

“ਹੇ ਯਾਕੋਬ, ਤੂੰ ਮੈਨੂੰ ਨਹੀਂ ਪੁਕਾਰਿਆ,

ਹੇ ਇਸਰਾਏਲ, ਤੁਸੀਂ ਮੇਰੇ ਉੱਤੇ ਜ਼ਬਰਦਸਤੀ ਕਰਕੇ ਨਹੀਂ ਥੱਕੇ।

ਤੁਸੀਂ ਮੇਰੇ ਲਈ ਹੋਮ ਦੀਆਂ ਭੇਟਾਂ ਲਈ ਭੇਡਾਂ ਨਹੀਂ ਲਿਆਂਦੀਆਂ,

ਨਾ ਹੀ ਆਪਣੀਆਂ ਬਲੀਆਂ ਨਾਲ ਮੇਰਾ ਆਦਰ ਕੀਤਾ।

ਮੈਂ ਤੁਹਾਡੇ ਉੱਤੇ ਅਨਾਜ ਦੀਆਂ ਭੇਟਾਂ ਦਾ ਬੋਝ ਨਹੀਂ ਪਾਇਆ

ਅਤੇ ਨਾ ਹੀ ਧੂਪ ਦੀਆਂ ਮੰਗਾਂ ਨਾਲ ਤੁਹਾਨੂੰ ਥੱਕਿਆ ਹੈ।

ਤੁਸੀਂ ਮੇਰੇ ਲਈ ਕੋਈ ਸੁਗੰਧਿਤ ਕਲਮ ਨਹੀਂ ਖਰੀਦਿਆ,

ਨਾ ਮੇਰੇ ਉੱਤੇ ਤੇਰੀ ਬਲੀਆਂ ਦੀ ਚਰਬੀ ਪਾਈ ਹੈ।

ਪਰ ਤੁਸੀਂ ਮੇਰੇ ਉੱਤੇ ਆਪਣੇ ਪਾਪਾਂ ਦਾ ਬੋਝ ਪਾਇਆ ਹੈ

ਅਤੇ ਆਪਣੇ ਅਪਰਾਧਾਂ ਨਾਲ ਮੈਨੂੰ ਥੱਕਿਆ ਹੈ।

“ਮੈਂ, ਹਾਂ, ਮੈਂ ਹੀ ਉਹ ਹਾਂ,

ਜੋ ਤੇਰੇ ਅਪਰਾਧਾਂ ਨੂੰ ਆਪਣੇ ਨਾਮ ਦੇ ਨਮਿੱਤ ਮਿਟਾਉਂਦਾ ਹਾਂ,

ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।

ਮੈਨੂੰ ਯਾਦ ਕਰਾਓ,

ਕਿ ਆਓ ਆਪਾਂ ਇਕੱਠੇ ਬਹਿਸ ਕਰੀਏ;

ਤੂੰ ਹੀ ਆਪਣਾ ਨਿਰਣਾ ਕਰ ਤਾਂ ਜੋ ਤੂੰ ਧਰਮੀ ਠਹਿਰੇਂ।

ਤੁਹਾਡੇ ਪਹਿਲੇ ਪਿਤਾ ਨੇ ਪਾਪ ਕੀਤਾ ਸੀ;

ਜਿਨ੍ਹਾਂ ਨੂੰ ਮੈਂ ਤੁਹਾਨੂੰ ਉਪਦੇਸ਼ ਦੇਣ ਲਈ ਭੇਜਿਆ ਸੀ, ਉਨ੍ਹਾਂ ਨੇ ਮੇਰੇ ਵਿਰੁੱਧ ਬਗਾਵਤ ਕੀਤੀ।

ਇਸ ਲਈ ਮੈਂ ਪਵਿੱਤਰ ਅਸਥਾਨ ਦੇ ਉੱਚ-ਅਧਿਕਾਰੀਆਂ ਨੂੰ ਭਰਿਸ਼ਟ ਠਹਿਰਾਇਆ,

ਅਤੇ ਮੈਂ ਯਾਕੋਬ ਨੂੰ ਫਿਟਕਾਰ, ਅਤੇ ਇਸਰਾਏਲ ਨੂੰ ਦੁਰਬਚਨ ਦਾ ਕਾਰਨ ਬਣਾ ਦਿੱਤਾ।

Source notes (1)
  1. Footnote ਕੂਸ਼ ਅਰਥਾਤ ਨੀਲ ਨਦੀ ਦਾ ਉੱਪਰਲਾ ਖੇਤਰ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.