Biblica® Open Punjabi Contemporary Version 2025
ਯਸ਼ਾਯਾਹ 42
ਯਾਹਵੇਹ ਦਾ ਦਾਸ
“ਵੇਖੋ ਇਹ ਮੇਰਾ ਸੇਵਕ ਹੈ, ਜਿਸ ਨੂੰ ਮੈਂ ਸੰਭਾਲਦਾ ਹਾਂ,
ਮੇਰਾ ਚੁਣਿਆ ਹੋਇਆ ਜਿਸ ਤੋਂ ਮੈਂ ਪ੍ਰਸੰਨ ਹਾਂ;
ਮੈਂ ਆਪਣਾ ਆਤਮਾ ਉਸ ਉੱਤੇ ਰੱਖਾਗਾ,
ਅਤੇ ਉਹ ਕੌਮਾਂ ਵਿੱਚ ਨਿਆਂ ਲਿਆਵੇਗਾ।
ਉਹ ਨਾ ਰੌਲਾ ਪਾਵੇਗਾ, ਨਾ ਉੱਚੀ ਬੋਲੇਗਾ,
ਨਾ ਚੌਕਾਂ ਵਿੱਚ ਉਸ ਦੀ ਆਵਾਜ਼ ਉੱਠੇਗੀ।
ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ,
ਨਾ ਚਮਕਦੀ ਮੋਮਬੱਤੀ ਨੂੰ ਬੁਝਾਵੇਗਾ,
ਉਹ ਵਫ਼ਾਦਾਰੀ ਨਾਲ ਇਨਸਾਫ਼ ਕਰੇਗਾ;
ਜਦ ਤੱਕ ਉਹ ਧਰਤੀ ਉੱਤੇ ਨਿਆਂ ਕਾਇਮ ਨਾ ਕਰ ਲਵੇ
ਤਦ ਤੱਕ ਉਹ ਨਾ ਹਿੱਲੇਗਾ ਅਤੇ ਨਾ ਹੀ ਨਿਰਾਸ਼ ਹੋਵੇਗਾ,
ਉਸ ਦੇ ਉਪਦੇਸ਼ ਵਿੱਚ ਟਾਪੂ ਆਪਣੀ ਉਮੀਦ ਰੱਖਣਗੇ।”
ਇਹ ਉਹੀ ਹੈ ਜੋ ਯਾਹਵੇਹ ਪਰਮੇਸ਼ਵਰ ਆਖਦਾ ਹੈ
ਅਕਾਸ਼ ਦਾ ਸਿਰਜਣਹਾਰ, ਜੋ ਉਹਨਾਂ ਨੂੰ ਫੈਲਾਉਂਦਾ ਹੈ,
ਜੋ ਧਰਤੀ ਨੂੰ ਫੈਲਾਉਂਦਾ ਹੈ ਜੋ ਉਸ ਵਿੱਚੋਂ ਨਿਕਲਦਾ ਹੈ,
ਜੋ ਆਪਣੇ ਲੋਕਾਂ ਨੂੰ ਸਾਹ ਦਿੰਦਾ ਹੈ,
ਅਤੇ ਉਸ ਉੱਤੇ ਚੱਲਣ ਵਾਲਿਆਂ ਨੂੰ ਜੀਵਨ ਦਿੰਦਾ ਹੈ।
“ਮੈਂ ਯਾਹਵੇਹ ਨੇ ਤੁਹਾਨੂੰ ਧਾਰਮਿਕਤਾ ਵਿੱਚ ਬੁਲਾਇਆ ਹੈ;
ਮੈਂ ਤੇਰਾ ਹੱਥ ਫੜਾਂਗਾ।
ਮੈਂ ਤੇਰੀ ਰਾਖੀ ਕਰਾਂਗਾ ਅਤੇ ਤੈਨੂੰ ਲੋਕਾਂ ਲਈ ਨੇਮ ਬਣਾਵਾਂਗਾ,
ਅਤੇ ਪਰਾਈਆਂ ਕੌਮਾਂ ਲਈ ਚਾਨਣ ਠਹਿਰਾਵਾਂਗਾ,
ਅੱਖਾਂ ਖੋਲ੍ਹਣ ਲਈ ਜੋ ਅੰਨ੍ਹੇ ਹਨ,
ਕੈਦੀਆਂ ਨੂੰ ਕੈਦ ਵਿੱਚੋਂ ਛੁਡਾਉਣ ਲਈ
ਅਤੇ ਹਨੇਰੇ ਵਿੱਚ ਬੈਠੇ ਲੋਕਾਂ ਨੂੰ ਕੋਠੜੀ ਵਿੱਚੋਂ ਛੁਡਾਉਣ ਲਈ।
“ਮੈਂ ਯਾਹਵੇਹ ਹਾਂ; ਇਹ ਮੇਰਾ ਨਾਮ ਹੈ!
ਮੈਂ ਆਪਣੀ ਮਹਿਮਾ ਕਿਸੇ ਹੋਰ ਨੂੰ ਨਹੀਂ ਦਿਆਂਗਾ
ਨਾ ਮੂਰਤੀਆਂ ਨੂੰ ਆਪਣੀ ਮਹਿਮਾ ਦੇਵਾਂਗਾ।
ਵੇਖੋ, ਪਹਿਲੀਆਂ ਗੱਲਾਂ ਬੀਤ ਗਈਆਂ ਹਨ,
ਅਤੇ ਮੈਂ ਨਵੀਆਂ ਗੱਲਾਂ ਦੱਸਦਾ ਹਾਂ,
ਇਸ ਤੋਂ ਪਹਿਲਾਂ ਕਿ ਉਹ ਹੋਂਦ ਵਿੱਚ ਆਉਣ
ਮੈਂ ਤੁਹਾਨੂੰ ਦੱਸਦਾ ਹਾਂ।”
ਯਾਹਵੇਹ ਦੀ ਉਸਤਤ ਦਾ ਗੀਤ
ਯਾਹਵੇਹ ਲਈ ਇੱਕ ਨਵਾਂ ਗੀਤ ਗਾਓ,
ਧਰਤੀ ਦੇ ਸਿਰੇ ਤੋਂ ਉਸ ਦੀ ਉਸਤਤ ਕਰੋ,
ਤੁਸੀਂ ਵੀ ਜਿਹੜੇ ਸਮੁੰਦਰ ਦੀ ਡੂੰਘਿਆਈ ਵਿੱਚ ਚੱਲਦੇ ਹੋ,
ਤੁਸੀਂ ਟਾਪੂਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਸਾਰੇ।
ਉਜਾੜ ਅਤੇ ਉਸ ਦੇ ਕਸਬੇ ਆਪਣੀਆਂ ਆਵਾਜ਼ਾਂ ਉਠਾਉਣ,
ਉਹ ਬਸਤੀਆਂ ਜਿੱਥੇ ਕੇਦਾਰ ਰਹਿੰਦਾ ਹੈ ਖੁਸ਼ ਹੋਣ,
ਸਲਾ ਦੇ ਲੋਕ ਖੁਸ਼ੀ ਵਿੱਚ ਗਾਉਣ,
ਉਨ੍ਹਾਂ ਨੂੰ ਪਹਾੜ ਦੀਆਂ ਚੋਟੀਆਂ ਤੋਂ ਲਲਕਾਰਨ ਦਿਓ।
ਉਹ ਯਾਹਵੇਹ ਦੀ ਮਹਿਮਾ ਕਰਨ
ਅਤੇ ਟਾਪੂਆਂ ਵਿੱਚ ਉਸ ਦੀ ਉਸਤਤ ਦਾ ਐਲਾਨ ਕਰਨ।
ਯਾਹਵੇਹ ਇੱਕ ਜੇਤੂ ਸੂਰਮੇ ਵਾਂਗ ਨਿੱਕਲੇਗਾ,
ਇੱਕ ਯੋਧੇ ਵਾਂਗ ਉਹ ਆਪਣੇ ਜੋਸ਼ ਨੂੰ ਵਧਾਵੇਗਾ;
ਉਹ ਚੀਕ-ਚਿਹਾੜਾ ਪਾਵੇਗਾ ਅਤੇ ਜੰਗ ਦਾ ਨਾਅਰਾ ਮਾਰੇਗਾ,
ਅਤੇ ਆਪਣੇ ਦੁਸ਼ਮਣਾਂ ਉੱਤੇ ਜਿੱਤ ਪ੍ਰਾਪਤ ਕਰੇਗਾ।
“ਬਹੁਤ ਦੇਰ ਤੱਕ ਮੈਂ ਚੁੱਪ ਰਿਹਾ,
ਮੈਂ ਚੁੱਪ ਰਿਹਾ ਅਤੇ ਆਪਣੇ ਆਪ ਨੂੰ ਰੋਕ ਲਿਆ।
ਹੁਣ ਮੈਂ ਜਣਨ ਵਾਲੀ ਔਰਤ ਵਾਂਗੂੰ ਚੀਕਾਂ ਮਰਾਂਗਾ,
ਮੈਂ ਹਾਉਂਕੇ ਭਰਾਂਗਾ ਅਤੇ ਔਖੇ-ਔਖੇ ਸਾਹ ਲਵਾਂਗਾ।
ਮੈਂ ਪਹਾੜਾਂ ਅਤੇ ਟਿੱਬਿਆਂ ਨੂੰ ਉਜਾੜ ਦਿਆਂਗਾ
ਅਤੇ ਉਨ੍ਹਾਂ ਦੀ ਸਾਰੀ ਬਨਸਪਤੀ ਨੂੰ ਸੁਕਾ ਦਿਆਂਗਾ।
ਮੈਂ ਨਦੀਆਂ ਨੂੰ ਟਾਪੂਆਂ ਵਿੱਚ ਬਦਲ ਦਿਆਂਗਾ ਅਤੇ ਤਲਾਬਾਂ ਨੂੰ ਸੁਕਾ ਦਿਆਂਗਾ।
ਮੈਂ ਅੰਨ੍ਹਿਆਂ ਨੂੰ ਉਨ੍ਹਾਂ ਤਰੀਕਿਆਂ ਨਾਲ ਅਗਵਾਈ ਕਰਾਂਗਾ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ,
ਮੈਂ ਉਨ੍ਹਾਂ ਦੀ ਅਣਜਾਣ ਰਾਹਾਂ ਉੱਤੇ ਅਗਵਾਈ ਕਰਾਂਗਾ।
ਮੈਂ ਉਹਨਾਂ ਦੇ ਅੱਗੇ ਹਨੇਰੇ ਨੂੰ ਚਾਨਣ,
ਅਤੇ ਵਿੰਗਿਆਂ ਥਾਵਾਂ ਨੂੰ ਸਿੱਧਿਆਂ ਬਣਾ ਦਿਆਂਗਾ।
ਮੈਂ ਇਹ ਕੰਮ ਕਰਾਂਗਾ
ਅਤੇ ਉਹਨਾਂ ਨੂੰ ਨਾ ਤਿਆਗਾਂਗਾ।
ਪਰ ਜਿਹੜੇ ਲੋਕ ਮੂਰਤੀਆਂ ਉੱਤੇ ਭਰੋਸਾ ਰੱਖਦੇ ਹਨ,
ਜੋ ਮੂਰਤੀਆਂ ਨੂੰ ਆਖਦੇ ਹਨ, ‘ਤੁਸੀਂ ਸਾਡੇ ਦੇਵਤੇ ਹੋ,’
ਸ਼ਰਮ ਨਾਲ ਮੁੜ ਜਾਣਗੇ।
ਇਸਰਾਏਲ ਅੰਨ੍ਹੇ ਅਤੇ ਬੋਲੇ
“ਹੇ ਬੋਲ੍ਹਿਓ, ਸੁਣੋ!
ਹੇ ਅੰਨ੍ਹਿਓ ਵੇਖਣ ਲਈ ਗੌਰ ਕਰੋ!
ਮੇਰੇ ਸੇਵਕ ਤੋਂ ਬਿਨਾ ਅੰਨ੍ਹਾ ਕੌਣ ਹੈ,
ਅਤੇ ਮੇਰੇ ਭੇਜੇ ਦੂਤ ਵਰਗਾ ਬੋਲਾ ਹੈ?
ਮੇਰੇ ਨਾਲ ਇਕਰਾਰਨਾਮੇ ਵਾਲੇ ਵਰਗਾ ਅੰਨ੍ਹਾ ਕੌਣ ਹੈ,
ਜਾਂ ਯਾਹਵੇਹ ਦੇ ਸੇਵਕ ਵਰਗਾ ਅੰਨ੍ਹਾ ਕੌਣ ਹੈ?
ਤੁਸੀਂ ਬਹੁਤ ਸਾਰੀਆਂ ਗੱਲਾਂ ਵੇਖੀਆਂ ਹਨ, ਪਰ ਤੁਸੀਂ ਧਿਆਨ ਨਹੀਂ ਦਿੱਤਾ।
ਤੁਹਾਡੇ ਕੰਨ ਖੁੱਲ੍ਹੇ ਹਨ, ਪਰ ਤੁਸੀਂ ਸੁਣਦੇ ਨਹੀਂ।”
ਇਹ ਯਾਹਵੇਹ ਨੂੰ ਪ੍ਰਸੰਨ ਹੋਇਆ ਕਿ ਉਹ ਆਪਣੀ ਧਾਰਮਿਕਤਾ ਦੇ ਕਾਰਨ ਉਸਦੀ ਬਿਵਸਥਾ ਨੂੰ ਮਹਾਨ ਅਤੇ ਸ਼ਾਨਦਾਰ ਬਣਾਵੇ।
ਪਰ ਇਹ ਉਹ ਲੋਕ ਹਨ ਜੋ ਲੁੱਟੇ ਗਏ ਅਤੇ ਮੁੱਠੇ ਗਏ ਹਨ,
ਉਹ ਸਾਰੇ ਟੋਇਆਂ ਵਿੱਚ ਫਸੇ ਹੋਏ ਹਨ
ਜਾਂ ਜੇਲ੍ਹਾਂ ਵਿੱਚ ਲੁਕੇ ਹੋਏ ਹਨ।
ਉਹ ਲੁੱਟੇ ਗਏ ਹਨ,
ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ।
ਉਹ ਲੁੱਟ ਬਣ ਗਏ ਹਨ,
ਪਰ ਕੋਈ ਨਹੀਂ ਆਖਦਾ, “ਉਨ੍ਹਾਂ ਨੂੰ ਵਾਪਸ ਮੋੜ ਦਿਓ।”
ਤੁਹਾਡੇ ਵਿੱਚੋਂ ਕੌਣ ਇਸ ਨੂੰ ਸੁਣੇਗਾ ਜਾਂ
ਆਉਣ ਵਾਲੇ ਸਮੇਂ ਵਿੱਚ ਧਿਆਨ ਦੇਵੇਗਾ?
ਕਿਸ ਨੇ ਯਾਕੋਬ ਨੂੰ ਲੁੱਟਣ ਲਈ,
ਅਤੇ ਇਸਰਾਏਲ ਨੂੰ ਲੁੱਟਣ ਵਾਲਿਆਂ ਦੇ ਹਵਾਲੇ ਕੀਤਾ?
ਕੀ ਉਹ ਯਾਹਵੇਹ ਨਹੀਂ ਸੀ, ਜਿਸ ਦੇ ਵਿਰੁੱਧ ਅਸੀਂ ਪਾਪ ਕੀਤਾ ਹੈ?
ਕਿਉਂਕਿ ਉਹ ਉਸ ਦੇ ਰਾਹਾਂ ਉੱਤੇ ਨਹੀਂ ਚੱਲਣਗੇ।
ਉਨ੍ਹਾਂ ਨੇ ਉਸ ਦੀ ਬਿਵਸਥਾ ਨੂੰ ਨਹੀਂ ਮੰਨਿਆ।
ਇਸ ਲਈ ਉਹ ਨੇ ਉਸ ਉੱਤੇ ਆਪਣੇ ਕ੍ਰੋਧ ਦੀ ਤੇਜ਼ੀ
ਅਤੇ ਲੜਾਈ ਦੀ ਸ਼ਕਤੀ ਪਾ ਦਿੱਤੀ,
ਉਹ ਨੇ ਉਸ ਨੂੰ ਆਲੇ-ਦੁਆਲੇ ਅੱਗ ਲਾਈ, ਪਰ ਉਸ ਨੇ ਨਾ ਸਮਝਿਆ,
ਅਤੇ ਉਸ ਨੂੰ ਸਾੜ ਦਿੱਤਾ, ਪਰ ਉਸ ਨੇ ਦਿਲ ਉੱਤੇ ਨਾ ਲਾਇਆ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.