Skip to content
BibleKenya

Biblica® Open Punjabi Contemporary Version 2025

ਯਸ਼ਾਯਾਹ 41:10

Verse 10 is marked below, with the whole chapter around it. Read from the start

ਇਸਰਾਏਲ ਦਾ ਸਹਾਇਕ

ਹੇ ਟਾਪੂਆਂ ਦੇ ਲੋਕੋ, ਮੇਰੇ ਅੱਗੇ ਚੁੱਪ ਰਹੋ!

ਕੌਮਾਂ ਆਪਣੀ ਤਾਕਤ ਨੂੰ ਨਵੇਂ ਸਿਰਿਓਂ ਪਾਉਣ!

ਉਹ ਅੱਗੇ ਆਉਣ ਅਤੇ ਬੋਲਣ;

ਅਸੀਂ ਇਕੱਠੇ ਹੋ ਕੇ ਨਿਆਂ ਦੇ ਲਈ ਨੇੜੇ ਆਈਏ।

“ਕਿਸ ਨੇ ਪੂਰਬ ਤੋਂ ਇੱਕ ਨੂੰ ਭੜਕਾਇਆ ਹੈ,

ਉਹ ਨੂੰ ਧਰਮ ਵਿੱਚ ਉਸਦੀ ਸੇਵਾ ਲਈ ਬੁਲਾਇਆ ਹੈ?

ਉਹ ਕੌਮਾਂ ਨੂੰ ਉਸ ਦੇ ਹਵਾਲੇ ਕਰਦਾ ਹੈ

ਤਾਂ ਉਹ ਰਾਜਿਆਂ ਨੂੰ ਆਪਣੇ ਅਧੀਨ ਕਰੇ,

ਉਹ ਉਨ੍ਹਾਂ ਨੂੰ ਆਪਣੀ ਤਲਵਾਰ ਨਾਲ ਮਿੱਟੀ ਵਿੱਚ ਬਦਲ ਦਿੰਦਾ ਹੈ,

ਆਪਣੇ ਧਣੁੱਖ ਨਾਲ ਉਡਾਏ ਹੋਏ ਕੱਖ ਵਾਂਗੂੰ ਕਰ ਦਿੰਦਾ ਹੈ।

ਉਹ ਉਨ੍ਹਾਂ ਦਾ ਪਿੱਛਾ ਕਰਦਾ ਹੈ ਅਤੇ ਬਿਨਾਂ ਕਿਸੇ ਰੋਕ-ਟੋਕ ਦੇ ਅੱਗੇ ਵਧਦਾ ਹੈ,

ਜਿਸ ਰਾਹ ਤੋਂ ਉਹ ਦੇ ਪੈਰ ਪਹਿਲਾਂ ਨਹੀਂ ਤੁਰੇ ਸਨ।

ਇਹ ਕਿਸ ਨੇ ਕੀਤਾ ਅਤੇ ਕਿਸ ਨੇ ਇਸ ਨੂੰ ਪੂਰਾ ਕੀਤਾ,

ਅਤੇ ਪੀੜ੍ਹੀਆਂ ਨੂੰ ਆਦ ਤੋਂ ਬੁਲਾ ਕੇ ਮੁਕਾਇਆ?

ਮੈਂ, ਯਾਹਵੇਹ ਹੀ!

ਆਦ ਤੋਂ ਅੰਤ ਤੱਕ ਮੈਂ ਉਹੀ ਹਾਂ।”

ਟਾਪੂਆਂ ਨੇ ਇਸ ਨੂੰ ਦੇਖਿਆ ਅਤੇ ਡਰ ਗਏ।

ਧਰਤੀ ਦੇ ਸਿਰੇ ਕੰਬਦੇ ਹਨ,

ਉਹ ਨੇੜੇ ਹੋ ਕੇ ਅੱਗੇ ਆਉਂਦੇ ਹਨ।

ਉਹ ਇੱਕ-ਦੂਜੇ ਦੀ ਮਦਦ ਕਰਦੇ ਹਨ

ਅਤੇ ਆਪਣੇ ਸਾਥੀਆਂ ਨੂੰ ਕਹਿੰਦੇ ਹਨ, “ਤਕੜੇ ਹੋਵੋ!”

ਇਸੇ ਤਰ੍ਹਾਂ ਕਾਰੀਗਰ ਸੁਨਿਆਰੇ ਨੂੰ ਵੀ ਹਿੰਮਤ ਦਿੰਦਾ ਹੈ,

ਜੋ ਹਥੌੜੇ ਨਾਲ ਧਾਤ ਨੂੰ ਸਮਤਲ ਕਰਦਾ ਹੈ

ਅਤੇ ਮੇਖਾਂ ਨੂੰ ਮਾਰ ਕੇ ਹਿੰਮਤ ਦਿੰਦਾ ਹੈ।

ਹਥੌੜਾ ਨਾਹੀ ਨੂੰ ਮਾਰਦਾ ਹੈ।

ਉਹ ਹਥੌੜੇ ਮਾਰ ਕੇ ਕਿੱਲਾਂ ਨਾਲ ਪੱਕਿਆਂ ਕਰਦਾ ਹੈ ਭਈ ਉਹ ਹਿੱਲੇ ਨਾ।

“ਪਰ ਤੂੰ, ਹੇ ਇਸਰਾਏਲ, ਮੇਰੇ ਸੇਵਕ,

ਯਾਕੋਬ, ਜਿਸ ਨੂੰ ਮੈਂ ਚੁਣਿਆ ਹੈ,

ਮੇਰੇ ਮਿੱਤਰ ਅਬਰਾਹਾਮ ਦੀ ਸੰਤਾਨ,

ਮੈਂ ਤੁਹਾਨੂੰ ਧਰਤੀ ਦੇ ਸਿਰੇ ਤੋਂ ਲੈ ਲਿਆ,

ਇਸ ਦੇ ਸਭ ਤੋਂ ਦੂਰ ਦੇ ਕੋਨਿਆਂ ਤੋਂ ਮੈਂ ਤੁਹਾਨੂੰ ਬੁਲਾਇਆ ਹੈ।

ਮੈਂ ਕਿਹਾ, ‘ਤੂੰ ਮੇਰਾ ਸੇਵਕ ਹੈ’;

ਮੈਂ ਤੁਹਾਨੂੰ ਚੁਣਿਆ ਹੈ ਅਤੇ ਤੁਹਾਨੂੰ ਰੱਦ ਨਹੀਂ ਕੀਤਾ ਹੈ।

ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ,

ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ਵਰ ਹਾਂ,

ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ,

ਮੈਂ ਤੈਨੂੰ ਆਪਣੇ ਫ਼ਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।

“ਸਾਰੇ ਲੋਕ ਜਿਹੜੇ ਤੁਹਾਡੇ ਵਿਰੁੱਧ ਗੁੱਸੇ ਹਨ

ਜ਼ਰੂਰ ਸ਼ਰਮਿੰਦਾ ਅਤੇ ਬੇਇੱਜ਼ਤ ਹੋਣਗੇ,

ਜੋ ਤੁਹਾਡਾ ਵਿਰੋਧ ਕਰਦੇ ਹਨ

ਉਹ ਨਾ ਜਿਹੇ ਹੋ ਕੇ ਨਾਸ ਹੋ ਜਾਣਗੇ।

ਭਾਵੇਂ ਤੁਸੀਂ ਆਪਣੇ ਵੈਰੀਆਂ ਨੂੰ ਲੱਭਦੇ ਹੋ,

ਤੂੰ ਉਨ੍ਹਾਂ ਨੂੰ ਨਹੀਂ ਲੱਭੇਗਾ।

ਜਿਹੜੇ ਤੇਰੇ ਵਿਰੁੱਧ ਲੜਦੇ ਹਨ,

ਉਹ ਕੁਝ ਵੀ ਨਹੀਂ ਹੋਣਗੇ।

ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂ

ਜੋ ਤੇਰਾ ਸੱਜਾ ਹੱਥ ਫੜ੍ਹੀ ਬੈਠਾ ਹਾਂ,

ਅਤੇ ਤੈਨੂੰ ਆਖਦਾ ਹੈ, ਨਾ ਡਰ;

ਮੈਂ ਤੇਰੀ ਮਦਦ ਕਰਾਂਗਾ।

ਹੇ ਕੀੜੇ ਵਰਗੇ ਯਾਕੋਬ, ਨਾ ਡਰ,

ਹੇ ਛੋਟੇ ਇਸਰਾਏਲ, ਨਾ ਡਰ,

ਕਿਉਂ ਜੋ ਮੈਂ ਆਪ ਤੇਰੀ ਸਹਾਇਤਾ ਕਰਾਂਗਾ,”

ਤੇਰਾ ਛੁਟਕਾਰਾ ਦੇਣ ਵਾਲਾ, ਇਸਰਾਏਲ ਦੇ ਪਵਿੱਤਰ ਯਾਹਵੇਹ ਦਾ ਵਾਕ ਹੈ।

“ਵੇਖੋ, ਮੈਂ ਤੈਨੂੰ ਨਵੇਂ ਤਿੱਖੇ ਗਾਹ ਪਾਉਣ ਵਾਲੇ ਫਲ੍ਹੇ,

ਜਿਹਾ ਜਿਸ ਦੇ ਦੰਦ ਵੀ ਹਨ, ਠਹਿਰਾਵਾਂਗਾ।

ਤੂੰ ਪਹਾੜਾਂ ਨੂੰ ਗਾਹੇਂਗਾ ਅਤੇ ਉਹਨਾਂ ਨੂੰ ਮਹੀਨ ਕਰੇਂਗਾ,

ਅਤੇ ਤੂੰ ਟਿੱਬਿਆਂ ਨੂੰ ਕੱਖ ਵਾਂਗੂੰ ਬਣਾ ਦੇਵੇਂਗਾ।

ਤੂੰ ਉਹਨਾਂ ਨੂੰ ਛੱਟੇਂਗਾ ਅਤੇ ਹਵਾ ਉਹਨਾਂ ਨੂੰ ਉਡਾ ਕੇ ਲੈ ਜਾਵੇਗੀ,

ਅਤੇ ਤੁਫ਼ਾਨ ਉਹਨਾਂ ਨੂੰ ਖਿਲਾਰ ਦੇਵੇਗਾ।

ਪਰ ਤੂੰ ਯਾਹਵੇਹ ਵਿੱਚ ਅਨੰਦ ਕਰੇਗਾ

ਅਤੇ ਇਸਰਾਏਲ ਦੇ ਪਵਿੱਤਰ ਪੁਰਖ ਵਿੱਚ ਮਹਿਮਾ ਕਰੋਗੇ।

“ਗਰੀਬ ਅਤੇ ਲੋੜਵੰਦ ਪਾਣੀ ਨੂੰ ਭਾਲਦੇ ਹਨ,

ਪਰ ਕੋਈ ਨਹੀਂ ਹੈ;

ਉਨ੍ਹਾਂ ਦੀਆਂ ਜੀਭਾਂ ਪਿਆਸ ਨਾਲ ਸੁੱਕੀਆਂ ਹੋਈਆਂ ਹਨ।

ਪਰ ਮੈਂ ਯਾਹਵੇਹ ਉਨ੍ਹਾਂ ਨੂੰ ਉੱਤਰ ਦਿਆਂਗਾ;

ਮੈਂ, ਇਸਰਾਏਲ ਦਾ ਪਰਮੇਸ਼ਵਰ, ਉਨ੍ਹਾਂ ਨੂੰ ਨਹੀਂ ਤਿਆਗਾਂਗਾ।

ਮੈਂ ਬੰਜਰ ਉਚਾਈਆਂ ਉੱਤੇ ਨਦੀਆਂ,

ਅਤੇ ਘਾਟੀਆਂ ਦੇ ਵਿਚਲੇ ਸੋਤੇ ਖੋਲ੍ਹਾਂਗਾ।

ਮੈਂ ਉਜਾੜ ਨੂੰ ਪਾਣੀ ਦੇ ਕੁੰਡ,

ਅਤੇ ਸੁੱਕੀ ਜ਼ਮੀਨ ਨੂੰ ਚਸ਼ਮੇ ਬਣਾ ਦਿਆਂਗਾ।

ਮੈਂ ਉਜਾੜ ਵਿੱਚ ਦਿਆਰ

ਅਤੇ ਬਬੂਲ, ਮਹਿੰਦੀ ਅਤੇ ਜ਼ੈਤੂਨ ਦੇ ਰੁੱਖ ਲਵਾਂਗਾ।

ਮੈਂ ਮੈਦਾਨ ਵਿੱਚ ਸਰੂ ਦੇ ਰੁੱਖ,

ਚੀਲ ਅਤੇ ਚਨਾਰ ਦੇ ਰੁੱਖ ਇਕੱਠੇ ਰੱਖਾਂਗਾ,

ਤਾਂ ਜੋ ਲੋਕ ਵੇਖਣ ਅਤੇ ਜਾਣ ਸਕਣ,

ਵਿਚਾਰ ਕਰਨ ਅਤੇ ਸਮਝ ਸਕਣ,

ਕਿ ਯਾਹਵੇਹ ਦੇ ਹੱਥ ਨੇ ਇਹ ਕੀਤਾ ਹੈ,

ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੇ ਇਸ ਨੂੰ ਬਣਾਇਆ ਹੈ।

“ਆਪਣਾ ਦਾਵਾ ਪੇਸ਼ ਕਰੋ,”

ਯਾਹਵੇਹ ਆਖਦਾ ਹੈ।

“ਆਪਣੀਆਂ ਦਲੀਲਾਂ ਪੇਸ਼ ਕਰੋ,”

ਯਾਕੋਬ ਦਾ ਰਾਜਾ ਕਹਿੰਦਾ ਹੈ।

“ਉਹ ਮੂਰਤੀਆਂ, ਸਾਨੂੰ ਦੱਸਣ ਕੀ ਹੋਣ ਵਾਲਾ ਹੈ,

ਸਾਨੂੰ ਦੱਸੋ ਕਿ ਪਹਿਲੀਆਂ ਚੀਜ਼ਾਂ ਕੀ ਸਨ,

ਤਾਂ ਜੋ ਅਸੀਂ ਉਨ੍ਹਾਂ ਤੇ ਵਿਚਾਰ ਕਰ ਸਕੀਏ ਅਤੇ ਉਨ੍ਹਾਂ ਦਾ ਅੰਤਿਮ ਨਤੀਜਾ ਜਾਣ ਸਕੀਏ,

ਜਾਂ ਸਾਨੂੰ ਆਉਣ ਵਾਲੀਆਂ ਗੱਲਾਂ ਦਾ ਵਰਣਨ ਕਰੋ।

ਸਾਨੂੰ ਦੱਸੋ ਕਿ ਭਵਿੱਖ ਵਿੱਚ ਕੀ ਹੋਵੇਗਾ,

ਤਾਂ ਜੋ ਅਸੀਂ ਜਾਣ ਸਕੀਏ ਕਿ ਤੁਸੀਂ ਦੇਵਤੇ ਹੋ।

ਕੁਝ ਅਜਿਹਾ ਕਰੋ, ਭਾਵੇਂ ਚੰਗਾ ਹੋਵੇ ਜਾਂ ਮਾੜਾ,

ਤਾਂ ਜੋ ਅਸੀਂ ਨਿਰਾਸ਼ ਅਤੇ ਡਰ ਨਾਲ ਭਰ ਜਾਈਏ।

ਪਰ ਤੁਸੀਂ ਕਿਸੇ ਤੋਂ ਵੀ ਘੱਟ ਨਹੀਂ ਹੋ

ਅਤੇ ਤੁਹਾਡੇ ਕੰਮ ਬਿਲਕੁਲ ਵਿਅਰਥ ਹਨ।

ਜੋ ਕੋਈ ਤੁਹਾਨੂੰ ਚੁਣਦਾ ਹੈ, ਉਹ ਘਿਣਾਉਣਾ ਹੈ।

“ਮੈਂ ਇੱਕ ਮਨੁੱਖ ਨੂੰ ਉੱਤਰ ਵੱਲੋਂ ਉਕਸਾਇਆ ਅਤੇ ਉਹ ਆ ਗਿਆ ਹੈ,

ਇੱਕ ਚੜ੍ਹਦੇ ਸੂਰਜ ਵਿੱਚੋਂ ਜਿਹੜਾ ਮੇਰਾ ਨਾਮ ਪੁਕਾਰਦਾ ਹੈ।

ਉਹ ਹਾਕਮਾਂ ਨੂੰ ਇਸ ਤਰ੍ਹਾਂ ਆਵੇਗਾ ਜਿਵੇਂ ਗਾਰੇ ਉੱਤੇ,

ਜਿਵੇਂ ਉਹ ਮਿੱਟੀ ਨੂੰ ਮਿੱਧਣ ਵਾਲਾ ਘੁਮਿਆਰ ਹੋਵੇ।

ਇਹ ਗੱਲ ਸ਼ੁਰੂ ਤੋਂ ਕਿਸ ਨੇ ਦੱਸੀ, ਤਾਂ ਜੋ ਅਸੀਂ ਜਾਣ ਸਕੀਏ,

ਜਾਂ ਪਹਿਲਾਂ, ਤਾਂ ਅਸੀਂ ਕਹਿ ਸਕੀਏ, ‘ਉਹ ਸਹੀ ਸੀ’?

ਕਿਸੇ ਨੇ ਇਸ ਬਾਰੇ ਨਹੀਂ ਦੱਸਿਆ,

ਕਿਸੇ ਨੇ ਇਹ ਭਵਿੱਖਬਾਣੀ ਨਹੀਂ ਕੀਤੀ,

ਕਿਸੇ ਨੇ ਤੁਹਾਡੇ ਕੋਲੋਂ ਕੋਈ ਸ਼ਬਦ ਨਹੀਂ ਸੁਣਿਆ।

ਮੈਂ ਸਭ ਤੋਂ ਪਹਿਲਾਂ ਸੀਯੋਨ ਨੂੰ ਕਿਹਾ, ‘ਵੇਖੋ, ਉਹ ਇੱਥੇ ਹਨ!’

ਮੈਂ ਯੇਰੂਸ਼ਲੇਮ ਨੂੰ ਖੁਸ਼ਖਬਰੀ ਦਾ ਸੰਦੇਸ਼ਵਾਹਕ ਦਿੱਤਾ।

ਮੈਂ ਵੇਖਦਾ ਹਾਂ ਪਰ ਕੋਈ ਨਹੀਂ ਹੈ,

ਦੇਵਤਿਆਂ ਵਿੱਚ ਕੋਈ ਸਲਾਹ ਦੇਣ ਵਾਲਾ ਨਹੀਂ,

ਜਦੋਂ ਮੈਂ ਉਨ੍ਹਾਂ ਨੂੰ ਪੁੱਛਦਾ ਹਾਂ ਤਾਂ ਕੋਈ ਉੱਤਰ ਦੇਣ ਵਾਲਾ ਨਹੀਂ ਹੈ।

ਵੇਖੋ, ਉਹ ਸਭ ਝੂਠੇ ਹਨ!

ਉਨ੍ਹਾਂ ਦੇ ਕੰਮ ਬੇਕਾਰ ਹਨ;

ਉਹਨਾਂ ਦੀਆਂ ਤਸਵੀਰਾਂ ਹਵਾ ਅਤੇ ਉਲਝਣ ਹਨ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.