Skip to content
BibleKenya

Biblica® Open Punjabi Contemporary Version 2025

ਉਤਪਤ 35

ਯਾਕੋਬ ਬੈਤਏਲ ਨੂੰ ਮੁੜਿਆ

ਤਦ ਪਰਮੇਸ਼ਵਰ ਨੇ ਯਾਕੋਬ ਨੂੰ ਕਿਹਾ, “ਬੈਤਏਲ ਵਿੱਚ ਜਾ, ਉੱਥੇ ਵੱਸ ਜਾ ਅਤੇ ਉੱਥੇ ਪਰਮੇਸ਼ਵਰ ਲਈ ਇੱਕ ਜਗਵੇਦੀ ਬਣਾ ਜੋ ਤੈਨੂੰ ਉਸ ਵੇਲੇ ਦਰਸ਼ਣ ਹੋਇਆ ਸੀ ਜਦੋਂ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜਿਆ ਸੀ।”

ਇਸ ਲਈ ਯਾਕੋਬ ਨੇ ਆਪਣੇ ਘਰਾਣੇ ਨੂੰ ਅਤੇ ਆਪਣੇ ਨਾਲ ਦੇ ਸਾਰੇ ਲੋਕਾਂ ਨੂੰ ਆਖਿਆ, “ਆਪਣੇ ਨਾਲ ਦੇ ਪਰਾਏ ਦੇਵਤਿਆਂ ਨੂੰ ਛੱਡ ਦਿਓ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਆਪਣੇ ਬਸਤਰ ਬਦਲੋ। ਹੁਣ ਆਓ, ਅਸੀਂ ਬੈਤਏਲ ਨੂੰ ਚੱਲੀਏ ਜਿੱਥੇ ਮੈਂ ਪਰਮੇਸ਼ਵਰ ਲਈ ਇੱਕ ਜਗਵੇਦੀ ਬਣਾਵਾਂਗਾ, ਜਿਸ ਨੇ ਮੇਰੀ ਬਿਪਤਾ ਦੇ ਦਿਨ ਮੈਨੂੰ ਉੱਤਰ ਦਿੱਤਾ ਅਤੇ ਜਿੱਥੇ ਵੀ ਮੈਂ ਗਿਆ ਹਾਂ ਮੇਰੇ ਨਾਲ ਹੈ।” ਸੋ ਉਹਨਾਂ ਨੇ ਯਾਕੋਬ ਨੂੰ ਉਹ ਸਾਰੇ ਪਰਾਏ ਦੇਵਤੇ ਦਿੱਤੇ ਜੋ ਉਹਨਾਂ ਕੋਲ ਸਨ ਅਤੇ ਕੰਨਾਂ ਵਿੱਚ ਮੁੰਦਰੀਆਂ ਅਤੇ ਯਾਕੋਬ ਨੇ ਉਹਨਾਂ ਨੂੰ ਸ਼ੇਕੇਮ ਵਿੱਚ ਬਲੂਤ ਦੇ ਰੁੱਖ ਦੇ ਹੇਠਾਂ ਦੱਬ ਦਿੱਤਾ। ਤਦ ਉਹ ਤੁਰ ਪਏ ਅਤੇ ਪਰਮੇਸ਼ਵਰ ਦਾ ਭੈ ਉਹਨਾਂ ਦੇ ਆਲੇ-ਦੁਆਲੇ ਦੇ ਨਗਰਾਂ ਉੱਤੇ ਛਾ ਗਿਆ, ਇਸ ਲਈ ਕਿਸੇ ਨੇ ਵੀ ਯਾਕੋਬ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਨਾ ਕੀਤਾ।

ਯਾਕੋਬ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਕਨਾਨ ਦੇਸ਼ ਵਿੱਚ ਲੂਜ਼ (ਯਾਨੀ ਬੈਤਏਲ) ਵਿੱਚ ਆਏ। ਉੱਥੇ ਉਸ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਥਾਂ ਦਾ ਨਾਮ ਏਲ ਬੈਤਏਲ1 ਰੱਖਿਆ ਕਿਉਂ ਜੋ ਉੱਥੇ ਪਰਮੇਸ਼ਵਰ ਨੇ ਆਪਣੇ ਆਪ ਨੂੰ ਉਸ ਉੱਤੇ ਪ੍ਰਗਟ ਕੀਤਾ ਜਦੋਂ ਉਹ ਆਪਣੇ ਭਰਾ ਤੋਂ ਭੱਜ ਰਿਹਾ ਸੀ।

ਹੁਣ ਰਿਬਕਾਹ ਦੀ ਦਾਈ ਦਬੋਰਾਹ ਮਰ ਗਈ ਅਤੇ ਬੈਤਏਲ ਦੇ ਬਾਹਰ ਬਲੂਤ ਦੇ ਰੁੱਖ ਹੇਠਾਂ ਦਫ਼ਨਾਈ ਗਈ, ਇਸ ਲਈ ਇਸਦਾ ਨਾਮ ਐਲੋਨ ਬਕੁਥ2 ਰੱਖਿਆ ਗਿਆ।

ਯਾਕੋਬ ਦੇ ਪਦਨ ਅਰਾਮ ਤੋਂ ਵਾਪਸ ਆਉਣ ਤੋਂ ਬਾਅਦ ਪਰਮੇਸ਼ਵਰ ਨੇ ਉਸਨੂੰ ਦੁਬਾਰਾ ਦਰਸ਼ਨ ਦਿੱਤਾ ਅਤੇ ਉਸਨੂੰ ਬਰਕਤ ਦਿੱਤੀ। ਪਰਮੇਸ਼ਵਰ ਨੇ ਉਹ ਨੂੰ ਆਖਿਆ, “ਤੇਰਾ ਨਾਮ ਯਾਕੋਬ ਹੈ ਪਰ ਤੈਨੂੰ ਫੇਰ ਯਾਕੋਬ ਨਹੀਂ ਸੱਦਿਆ ਜਾਵੇਗਾ। ਤੇਰਾ ਨਾਮ ਇਸਰਾਏਲ ਹੋਵੇਗਾ।” ਇਸ ਲਈ ਉਸਨੇ ਉਸਦਾ ਨਾਮ ਇਸਰਾਏਲ ਰੱਖਿਆ।

ਪਰਮੇਸ਼ਵਰ ਨੇ ਉਸ ਨੂੰ ਆਖਿਆ, “ਮੈਂ ਸਰਵਸ਼ਕਤੀਮਾਨ ਪਰਮੇਸ਼ਵਰ ਹਾਂ। ਫਲਦਾਇਕ ਬਣ ਅਤੇ ਗਿਣਤੀ ਵਿੱਚ ਵੱਧ ਅਤੇ ਤੇਰੇ ਵਿੱਚੋਂ ਇੱਕ ਕੌਮ ਸਗੋਂ ਕੌਮਾਂ ਦੇ ਦਲ ਪੈਦਾ ਹੋਣਗੇ, ਅਤੇ ਰਾਜੇ ਤੇਰੇ ਉੱਤਰਾਧਿਕਾਰੀਆਂ ਵਿੱਚੋਂ ਹੋਣਗੇ। ਜਿਹੜੀ ਧਰਤੀ ਮੈਂ ਅਬਰਾਹਾਮ ਅਤੇ ਇਸਹਾਕ ਨੂੰ ਦਿੱਤੀ ਸੀ, ਮੈਂ ਤੈਨੂੰ ਵੀ ਦੇਵਾਂਗਾ ਅਤੇ ਮੈਂ ਇਹ ਧਰਤੀ ਤੇਰੇ ਤੋਂ ਬਾਅਦ ਤੇਰੀ ਸੰਤਾਨ ਨੂੰ ਦਿਆਂਗਾ।” ਤਦ ਪਰਮੇਸ਼ਵਰ ਉਹ ਦੇ ਕੋਲੋਂ ਉਸ ਥਾਂ ਤੋਂ ਜਿੱਥੇ ਉਹ ਉਸਦੇ ਨਾਲ ਗੱਲ ਕਰਦਾ ਸੀ ਉਤਾਹਾਂ ਚਲਾ ਗਿਆ।

ਯਾਕੋਬ ਨੇ ਉੱਥੇ ਇੱਕ ਪੱਥਰ ਦਾ ਥੰਮ੍ਹ ਖੜ੍ਹਾ ਕੀਤਾ ਜਿੱਥੇ ਪਰਮੇਸ਼ਵਰ ਨੇ ਉਸ ਨਾਲ ਗੱਲ ਕੀਤੀ ਸੀ ਅਤੇ ਉਸ ਉੱਤੇ ਪੀਣ ਦੀ ਭੇਟ ਚੜ੍ਹਾਈ ਉਸ ਨੇ ਇਸ ਉੱਤੇ ਤੇਲ ਵੀ ਡੋਲ੍ਹਿਆ। ਯਾਕੋਬ ਨੇ ਉਸ ਥਾਂ ਦਾ ਨਾਮ ਬੈਤਏਲ ਰੱਖਿਆ ਜਿੱਥੇ ਪਰਮੇਸ਼ਵਰ ਨੇ ਉਸ ਨਾਲ ਗੱਲ ਕੀਤੀ ਸੀ।

ਰਾਖ਼ੇਲ ਅਤੇ ਇਸਹਾਕ ਦੀ ਮੌਤ

ਤਦ ਉਹ ਬੈਤਏਲ ਤੋਂ ਚੱਲ ਪਏ, ਜਦੋਂ ਉਹ ਅਜੇ ਅਫ਼ਰਾਥ ਤੋਂ ਕੁਝ ਦੂਰ ਹੀ ਸਨ, ਤਾਂ ਰਾਖ਼ੇਲ ਨੂੰ ਜਣਨ ਦੀਆਂ ਪੀੜਾਂ ਹੋਣ ਲੱਗੀਆਂ ਅਤੇ ਉਸ ਨੂੰ ਜਣਨ ਦਾ ਸਖ਼ਤ ਕਸ਼ਟ ਹੋਇਆ। ਅਤੇ ਜਦੋਂ ਉਸ ਨੂੰ ਜਣੇਪੇ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ, ਦਾਈ ਨੇ ਉਸ ਨੂੰ ਕਿਹਾ, “ਨਿਰਾਸ਼ ਨਾ ਹੋ, ਕਿਉਂਕਿ ਤੇਰਾ ਇੱਕ ਹੋਰ ਪੁੱਤਰ ਹੈ।” ਜਦੋਂ ਉਸਨੇ ਆਖਰੀ ਸਾਹ ਲਿਆ, ਕਿਉਂਕਿ ਉਹ ਮਰ ਰਹੀ ਸੀ, ਉਸਨੇ ਆਪਣੇ ਪੁੱਤਰ ਦਾ ਨਾਮ ਬੇਨ-ਓਨੀਹ3 ਰੱਖਿਆ, ਪਰ ਉਸਦੇ ਪਿਤਾ ਨੇ ਉਸਦਾ ਨਾਮ ਬਿਨਯਾਮੀਨ4 ਰੱਖਿਆ।

ਇਸ ਲਈ ਰਾਖ਼ੇਲ ਮਰ ਗਈ ਅਤੇ ਅਫ਼ਰਾਥ ਦੇ ਰਾਹ ਵਿੱਚ ਦਫ਼ਨਾਈ ਗਈ। ਇਹੋ ਹੀ ਬੈਤਲਹਮ ਹੈ। ਉਸ ਦੀ ਕਬਰ ਉੱਤੇ ਯਾਕੋਬ ਨੇ ਇੱਕ ਥੰਮ੍ਹ ਖੜਾ ਕੀਤਾ ਅਤੇ ਰਾਖ਼ੇਲ ਦੀ ਕਬਰ ਦਾ ਥੰਮ੍ਹ ਅੱਜ ਤੱਕ ਹੈ।

ਫਿਰ ਇਸਰਾਏਲ ਅੱਗੇ ਵਧਿਆ ਅਤੇ ਮਿਗਦਾਲ ਏਦਰ ਦੇ ਪਾਰ ਆਪਣਾ ਤੰਬੂ ਲਾਇਆ। ਜਦੋਂ ਇਸਰਾਏਲ ਉਸ ਇਲਾਕੇ ਵਿੱਚ ਰਹਿੰਦਾ ਸੀ ਤਾਂ ਰਊਬੇਨ ਅੰਦਰ ਗਿਆ ਅਤੇ ਆਪਣੇ ਪਿਤਾ ਦੀ ਦਾਸੀ ਬਿਲਹਾਹ ਨਾਲ ਸੌਂ ਗਿਆ ਅਤੇ ਇਸਰਾਏਲ ਨੂੰ ਇਸ ਦੀ ਖ਼ਬਰ ਹੋਈ।

ਯਾਕੋਬ ਦੇ ਬਾਰਾਂ ਪੁੱਤਰ ਸਨ।

ਲੇਆਹ ਦੇ ਪੁੱਤਰ ਇਹ ਸਨ:

ਯਾਕੋਬ ਦਾ ਜੇਠਾ ਪੁੱਤਰ ਰਊਬੇਨ,

ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੂਲੁਨ।

ਰਾਖ਼ੇਲ ਦੇ ਪੁੱਤਰ:

ਯੋਸੇਫ਼ ਅਤੇ ਬਿਨਯਾਮੀਨ।

ਰਾਖ਼ੇਲ ਦੀ ਦਾਸੀ ਬਿਲਹਾਹ ਦੇ ਪੁੱਤਰ: ਦਾਨ ਅਤੇ ਨਫ਼ਤਾਲੀ।

ਲੇਆਹ ਦੀ ਦਾਸੀ ਜ਼ਿਲਫ਼ਾਹ ਦੇ ਪੁੱਤਰ: ਗਾਦ ਅਤੇ ਆਸ਼ੇਰ।

ਇਹ ਯਾਕੋਬ ਦੇ ਪੁੱਤਰ ਸਨ, ਜਿਹੜੇ ਉਸ ਤੋਂ ਪਦਨ ਅਰਾਮ ਵਿੱਚ ਜੰਮੇ ਸਨ।

ਯਾਕੋਬ ਆਪਣੇ ਪਿਤਾ ਇਸਹਾਕ ਦੇ ਘਰ ਕਿਰਯਥ ਅਰਬਾ (ਅਰਥਾਤ ਹੇਬਰੋਨ) ਦੇ ਨੇੜੇ ਮਮਰੇ ਵਿੱਚ ਆਇਆ, ਜਿੱਥੇ ਅਬਰਾਹਾਮ ਅਤੇ ਇਸਹਾਕ ਠਹਿਰੇ ਹੋਏ ਸਨ। ਇਸਹਾਕ ਇੱਕ ਸੌ ਅੱਸੀ ਸਾਲ ਜੀਉਂਦਾ ਰਿਹਾ। ਤਦ ਇਸਹਾਕ ਨੇ ਆਖਰੀ ਸਾਹ ਲਿਆ ਅਤੇ ਮਰ ਗਿਆ ਉਹ ਚੰਗਾ ਬਿਰਧ ਹੋ ਕੇ ਬੁਢਾਪੇ ਵਿੱਚ ਆਪਣੇ ਲੋਕਾਂ ਵਿੱਚ ਮਿਲਿਆ ਅਤੇ ਉਸਦੇ ਪੁੱਤਰਾਂ ਏਸਾਓ ਅਤੇ ਯਾਕੋਬ ਨੇ ਉਸਨੂੰ ਦਫ਼ਨਾਇਆ।

Source notes (4)
  1. Footnote ਏਲ ਬੈਤਏਲ ਬੈਤਏਲ ਦਾ ਪਰਮੇਸ਼ਵਰ
  2. Footnote ਐਲੋਨ ਬਕੁਥ ਰੋਣ ਦਾ ਬਲੂਤ
  3. Footnote ਬੇਨ-ਓਨੀਹ ਮੇਰੀ ਪੀੜਾ ਦਾ ਪੁੱਤਰ
  4. Footnote ਬਿਨਯਾਮੀਨ ਮੇਰੇ ਸੱਜੇ ਹੱਥ ਦਾ ਪੁੱਤਰ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.