Skip to content
BibleKenya

Biblica® Open Punjabi Contemporary Version 2025

ਗਲਾਤੀਆਂ 3

ਵਿਸ਼ਵਾਸ ਜਾਂ ਬਿਵਸਥਾ ਦੇ ਕੰਮ

ਹੇ ਮੂਰਖ ਗਲਾਤੀਓ! ਕਿਸ ਨੇ ਤੁਹਾਨੂੰ ਭਰਮਾ ਲਿਆ? ਤੁਹਾਡੀਆਂ ਅੱਖਾਂ ਦੇ ਸਾਹਮਣੇ ਯਿਸ਼ੂ ਮਸੀਹ ਨੂੰ ਸਪੱਸ਼ਟ ਤੌਰ ਤੇ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਮੈਂ ਤੁਹਾਡੇ ਤੋਂ ਸਿਰਫ ਇੱਕ ਗੱਲ ਸਿੱਖਣਾ ਚਾਹੁੰਦਾ ਹਾਂ: ਕੀ ਤੁਸੀਂ ਪਰਮੇਸ਼ਵਰ ਦੀ ਆਤਮਾ ਨੂੰ ਬਿਵਸਥਾ ਦੇ ਕੰਮਾਂ ਦੁਆਰਾ ਪ੍ਰਾਪਤ ਕੀਤਾ, ਜਾਂ ਜੋ ਤੁਸੀਂ ਸੁਣਿਆ ਉਸ ਉੱਤੇ ਵਿਸ਼ਵਾਸ ਕਰਕੇ?1 ਕੀ ਤੁਸੀਂ ਇੰਨੇ ਮੂਰਖ ਹੋ? ਪਰਮੇਸ਼ਵਰ ਦੀ ਆਤਮਾ ਤੋਂ ਸ਼ੁਰੂਆਤ ਕਰਕੇ, ਤੁਸੀਂ ਹੁਣ ਸਰੀਰ ਦੁਆਰਾ ਅੰਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਕੀ ਤੁਸੀਂ ਵਿਅਰਥ ਵਿੱਚ ਹੀ ਬਹੁਤ ਸਾਰੇ ਦੁੱਖਾਂ ਨੂੰ ਝੱਲਿਆ, ਜੇ ਉਹ ਸੱਚ-ਮੁੱਚ ਵਿਅਰਥ ਹੀ ਸੀ? ਇਸ ਲਈ ਮੈਂ ਫਿਰ ਪੁੱਛਦਾ ਹਾਂ, ਕੀ ਪਰਮੇਸ਼ਵਰ ਨੇ ਤੁਹਾਨੂੰ ਆਪਣਾ ਪਵਿੱਤਰ ਆਤਮਾ ਦਿੱਤਾ ਹੈ ਅਤੇ ਬਿਵਸਥਾ ਦੇ ਕੰਮਾਂ ਦੁਆਰਾ ਤੁਹਾਡੇ ਵਿੱਚ ਚਮਤਕਾਰ ਕਰਦਾ ਹੈ, ਜਾਂ ਤੁਹਾਡੇ ਵਿਸ਼ਵਾਸ ਦੁਆਰਾ ਜੋ ਤੁਸੀਂ ਸੁਣਿਆ ਹੈ? ਇਸੇ ਤਰ੍ਹਾਂ ਅਬਰਾਹਾਮ ਨੇ “ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ, ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।”2

ਤਾਂ ਸਮਝ ਲਵੋ ਕਿ ਜਿਹੜੇ ਵਿਸ਼ਵਾਸ ਕਰਦੇ ਹਨ ਉਹ ਅਬਰਾਹਾਮ ਦੀ ਸੰਤਾਨ ਹਨ। ਪਵਿੱਤਰ ਸ਼ਾਸਤਰ ਨੇ ਪਹਿਲਾਂ ਹੀ ਵੇਖਿਆ ਸੀ ਕਿ ਪਰਮੇਸ਼ਵਰ ਗ਼ੈਰ-ਯਹੂਦੀਆਂ ਨੂੰ ਵਿਸ਼ਵਾਸ ਦੁਆਰਾ ਧਰਮੀ ਠਹਿਰਾਵੇਗਾ, ਅਤੇ ਅਬਰਾਹਾਮ ਨੂੰ ਪਹਿਲਾਂ ਹੀ ਖੁਸ਼ਖ਼ਬਰੀ ਦਾ ਐਲਾਨ ਕੀਤਾ: “ਸਾਰੀਆਂ ਕੌਮਾਂ ਤੇਰੇ ਦੁਆਰਾ ਮੁਬਾਰਕ ਹੋਣਗੀਆਂ।”3 ਇਸ ਲਈ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ, ਉਹ ਅਬਰਾਹਾਮ, ਵਿਸ਼ਵਾਸ ਦੇ ਆਦਮੀ ਦੇ ਨਾਲ ਬਰਕਤ ਪਾਉਂਦੇ ਹਨ।

ਉਨ੍ਹਾਂ ਸਾਰਿਆਂ ਲਈ ਜੋ ਬਿਵਸਥਾ ਦੇ ਕੰਮਾਂ ਤੇ ਨਿਰਭਰ ਰਹਿਦੇ ਹਨ ਉਹ ਸਰਾਪ ਦੇ ਹੇਠਾਂ ਹਨ, ਜਿਵੇਂ ਕਿ ਲਿਖਿਆ ਹੋਇਆ ਹੈ: “ਸਰਾਪੀ ਹੈ ਉਹ ਹਰ ਕੋਈ ਜਿਹੜਾ ਇਸ ਬਿਵਸਥਾ ਦੀ ਕਿਤਾਬ ਵਿੱਚ ਲਿਖੀ ਹੋਈ ਹਰ ਗੱਲ ਦੀ ਪਾਲਣਾ ਨਹੀਂ ਕਰਦਾ।”4 ਸਪੱਸ਼ਟ ਹੈ ਕਿ ਜੋ ਕੋਈ ਵੀ ਬਿਵਸਥਾ ਉੱਤੇ ਭਰੋਸਾ ਰੱਖਦਾ ਹੈ ਉਹ ਪਰਮੇਸ਼ਵਰ ਦੇ ਅੱਗੇ ਧਰਮੀ ਨਹੀਂ ਹੈ, ਕਿਉਂਕਿ “ਧਰਮੀ ਵਿਸ਼ਵਾਸ ਦੁਆਰਾ ਜੀਉਂਦਾ ਰਹੇਗਾ।” ਇਹ ਸ਼ਾਸਤਰਾਂ ਵਿੱਚ ਲਿਖਿਆ ਹੈ,5 ਬਿਵਸਥਾ ਵਿਸ਼ਵਾਸ ਤੇ ਅਧਾਰਤ ਨਹੀਂ ਹੈ; ਇਸ ਦੇ ਉਲਟ, ਇਹ ਆਖਦੀ ਹੈ, “ਜਿਹੜਾ ਵਿਅਕਤੀ ਇਹ ਬਿਵਸਥਾ ਦੀਆ ਗੱਲਾਂ ਪੂਰਾ ਕਰਦਾ ਹੈ ਉਹ ਇਹਨਾਂ ਦੁਆਰਾ ਜੀਉਂਦਾ ਰਹੇਗਾ।”6 ਮਸੀਹ ਨੇ ਸਾਨੂੰ ਮੁੱਲ ਲੈ ਕੇ ਬਿਵਸਥਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ, ਕਿਉਂ ਜੋ ਇਹ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ: “ਕਿ ਸਰਾਪੀ ਹੈ ਹਰੇਕ ਜਿਹੜਾ ਰੁੱਖ ਅਰਥਾਤ ਕਾਠ ਉੱਤੇ ਟੰਗਿਆ ਜਾਂਦਾ ਹੈ।”7 ਉਸ ਨੇ ਸਾਨੂੰ ਛੁਟਕਾਰਾ ਦਿੱਤਾ ਤਾਂ ਜੋ ਅਬਰਾਹਾਮ ਨੂੰ ਦਿੱਤੀ ਗਈ ਬਰਕਤ ਮਸੀਹ ਯਿਸ਼ੂ ਦੁਆਰਾ ਗ਼ੈਰ-ਯਹੂਦੀਆਂ ਉੱਤੇ ਵੀ ਆਵੇ, ਤਾਂ ਜੋ ਵਿਸ਼ਵਾਸ ਦੁਆਰਾ ਅਸੀਂ ਆਤਮਾ ਦਾ ਵਾਇਦਾ ਪ੍ਰਾਪਤ ਕਰ ਸਕੀਏ।

ਬਿਵਸਥਾ ਅਤੇ ਵਾਅਦਾ

ਹੇ ਭਰਾਵੋ ਅਤੇ ਭੈਣੋ, ਮੈਨੂੰ ਰੋਜ਼ਾਨਾ ਜ਼ਿੰਦਗੀ ਤੋਂ ਇੱਕ ਉਦਾਹਰਣ ਲੈਣ ਦਿਓ। ਜਿਵੇਂ ਕਿ ਕੋਈ ਵੀ ਮਨੁੱਖ ਦਾ ਨੇਮ ਹੋਵੇ ਜਦੋਂ ਉਹ ਪੱਕਾ ਹੋ ਜਾਵੇ ਤਾਂ ਕੋਈ ਵੀ ਉਸ ਨੂੰ ਟਾਲ ਨਹੀਂ ਸਕਦਾ, ਅਤੇ ਨਾ ਉਸ ਵਿੱਚ ਕੁਝ ਵਾਧਾ ਕਰਦਾ ਹੈ। ਇਹ ਗੱਲ ਵੀ ਇਸੇ ਤਰ੍ਹਾਂ ਹੈ। ਵਾਇਦੇ ਅਬਰਾਹਾਮ ਅਤੇ ਉਸ ਦੀ ਸੰਤਾਨ ਨਾਲ ਕੀਤੇ ਗਏ ਸਨ। ਪਵਿੱਤਰ ਸ਼ਾਸਤਰ ਇਹ ਨਹੀਂ ਕਹਿੰਦਾ, “ਅੰਸਾਂ ਨੂੰ,” ਜਿਸ ਦਾ ਅਰਥ ਬਹੁਤ ਸਾਰੇ ਲੋਕ ਹਨ, ਪਰ ਅਰਥਾਤ “ਤੇਰੀ ਅੰਸ ਨੂੰ,” ਭਾਵ ਇੱਕ ਵਿਅਕਤੀ, ਜੋ ਮਸੀਹ ਹੈ।8 ਪਰ ਮੈਂ ਇਹ ਆਖਦਾ ਹਾਂ: ਕਿ ਬਿਵਸਥਾ ਉਸ ਨੇਮ ਨੂੰ ਟਾਲ ਨਹੀਂ ਸਕਦੀ ਜੋ ਪਰਮੇਸ਼ਵਰ ਨੇ ਪਹਿਲਾਂ ਤੋਂ ਚਾਰ ਸੌ ਤੀਹ ਸਾਲਾਂ ਬਾਅਦ ਬੰਨ੍ਹਿਆ ਸੀ, ਤਾਂ ਜੋ ਉਹ ਵਾਇਦਾ ਕਿਤੇ ਵਿਅਰਥ ਹੋ ਜਾਵੇ।9 ਕਿਉਂਕਿ ਜੇ ਵਿਰਾਸਤ ਬਿਵਸਥਾ ਦੁਆਰਾ ਹੈ, ਤਾਂ ਵਾਅਦੇ ਦੁਆਰਾ ਨਹੀਂ, ਪਰ ਪਰਮੇਸ਼ਵਰ ਨੇ ਆਪਣੀ ਕਿਰਪਾ ਨਾਲ ਅਬਰਾਹਾਮ ਨੂੰ ਇੱਕ ਵਾਇਦੇ ਰਾਹੀਂ ਦਿੱਤਾ।

ਤਾਂ ਫਿਰ, ਬਿਵਸਥਾ ਹੀ ਕਿਉਂ ਦਿੱਤੀ ਗਈ? ਇਹ ਅਪਰਾਧਾਂ ਦੇ ਕਾਰਨ ਬਾਅਦ ਵਿੱਚ ਦਿੱਤੀ ਗਈ ਸੀ ਜਦੋਂ ਤੱਕ ਉਹ ਅੰਸ ਜਿਹ ਨੂੰ ਵਾਅਦਾ ਦਿੱਤਾ ਹੋਇਆ ਹੈ ਨਾ ਆਵੇ। ਬਿਵਸਥਾ ਦੂਤਾਂ ਰਾਹੀਂ ਦਿੱਤੀ ਗਈ ਅਤੇ ਇੱਕ ਵਿਚੋਲੇ ਨੂੰ ਸੌਂਪੀ ਗਈ ਸੀ। ਹਾਲਾਂਕਿ, ਵਿਚੋਲਾ ਇੱਕ ਧਿਰ ਦਾ ਨਹੀਂ ਹੁੰਦਾ ਹੈ; ਪਰ ਪਰਮੇਸ਼ਵਰ ਇੱਕ ਹੈ।

ਇਸ ਲਈ, ਕੀ ਬਿਵਸਥਾ, ਪਰਮੇਸ਼ਵਰ ਦੇ ਵਾਅਦਿਆਂ ਦੇ ਵਿਰੁੱਧ ਹੈ? ਬਿਲਕੁਲ ਨਹੀਂ! ਕਿਉਂਕਿ ਜੇ ਅਜਿਹੀ ਬਿਵਸਥਾ ਦਿੱਤੀ ਜਾਂਦੀ ਜੋ ਜੀਵਨ ਦੇ ਸਕਦੀ ਹੁੰਦੀ, ਤਾਂ ਨਿਸ਼ਚਤ ਤੌਰ ਤੇ ਬਿਵਸਥਾ ਦੁਆਰਾ ਧਾਰਮਿਕਤਾ ਆਉਂਦੀ। ਪਰ ਪਵਿੱਤਰ ਸ਼ਾਸਤਰ ਨੇ ਹਰ ਕਿਸੇ ਨੂੰ ਪਾਪ ਦੇ ਅਧੀਨ ਕੀਤਾ, ਤਾਂ ਉਹ ਜੋ ਵਾਇਦਾ ਕੀਤਾ ਗਿਆ ਸੀ, ਜੋ ਯਿਸ਼ੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਮਿਲਦਾ ਹੈ ਵਿਸ਼ਵਾਸ ਕਰਨ ਵਾਲਿਆਂ ਨੂੰ ਦਿੱਤਾ ਜਾਵੇ।

ਪਰਮੇਸ਼ਵਰ ਦੇ ਬੱਚੇ

ਇਸ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ, ਸਾਨੂੰ ਬਿਵਸਥਾ ਦੇ ਅਧੀਨ ਹਿਰਾਸਤ ਵਿੱਚ ਰੱਖਿਆ ਗਿਆ ਸੀ, ਜਦੋਂ ਤੱਕ ਆਉਣ ਵਾਲਾ ਵਿਸ਼ਵਾਸ ਪ੍ਰਗਟ ਨਹੀਂ ਹੋ ਜਾਂਦਾ, ਉਦੋਂ ਤੱਕ ਬੰਦ ਕਰ ਦਿੱਤਾ ਗਿਆ ਸੀ। ਇਸ ਲਈ ਬਿਵਸਥਾ ਮਸੀਹ ਦੇ ਆਉਣ ਤੱਕ ਸਾਡੇ ਲਈ ਨਿਗਾਹਬਾਨ ਬਣੀ ਕਿ ਅਸੀਂ ਵਿਸ਼ਵਾਸ ਤੋਂ ਧਰਮੀ ਠਹਿਰਾਏ ਜਾਈਏ। ਹੁਣ ਜਦੋਂ ਇਹ ਵਿਸ਼ਵਾਸ ਆ ਚੁੱਕਿਆ, ਤਾਂ ਅਸੀਂ ਹੁਣ ਕਿਸੇ ਨਿਗਾਹਬਾਨ ਦੇ ਅਧੀਨ ਨਹੀਂ ਹਾਂ।

ਇਸ ਲਈ ਮਸੀਹ ਯਿਸ਼ੂ ਵਿੱਚ ਤੁਸੀਂ ਵਿਸ਼ਵਾਸ ਦੁਆਰਾ ਸਾਰੇ ਪਰਮੇਸ਼ਵਰ ਦੇ ਬੱਚੇ ਹੋ, ਕਿਉਂਕਿ ਤੁਹਾਡੇ ਵਿੱਚੋਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਨ੍ਹਾਂ ਨੇ ਮਸੀਹ ਨੂੰ ਪਹਿਨ ਲਿਆ। ਇੱਥੇ ਨਾ ਤਾਂ ਕੋਈ ਯਹੂਦੀ ਹੈ ਅਤੇ ਨਾ ਹੀ ਗ਼ੈਰ-ਯਹੂਦੀ, ਨਾ ਹੀ ਗੁਲਾਮ ਅਤੇ ਨਾ ਹੀ ਅਜ਼ਾਦ, ਅਤੇ ਨਾ ਹੀ ਕੋਈ ਮਰਦ ਅਤੇ ਨਾ ਹੀ ਔਰਤ ਹੈ, ਕਿਉਂਕਿ ਤੁਸੀਂ ਸਾਰੇ ਮਸੀਹ ਯਿਸ਼ੂ ਵਿੱਚ ਇੱਕ ਹੋ। ਜੇ ਤੁਸੀਂ ਮਸੀਹ ਦੇ ਹੋ, ਤਾਂ ਤੁਸੀਂ ਅਬਰਾਹਾਮ ਦੀ ਅੰਸ ਹੋ, ਅਤੇ ਵਾਇਦੇ ਦੇ ਅਨੁਸਾਰ ਵਾਰਿਸ ਵੀ ਹੋ।

Source notes (9)
  1. Footnote ਗਲਾ 3:5; ਰਸੂ 15:8-10
  2. Footnote ਉਤ 15:6
  3. Footnote ਉਤ 12:3; 18:18
  4. Footnote ਬਿਵ 27:26; ਯਾਕੂ 2:12,20
  5. Footnote ਹਬੱ 2:4
  6. Footnote ਲੇਵਿ 18:5
  7. Footnote ਬਿਵ 21:23
  8. Footnote ਮੱਤੀ 1:1
  9. Footnote ਕੂਚ 12:40

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.