Biblica® Open Punjabi Contemporary Version 2025
ਹਿਜ਼ਕੀਏਲ 9
ਮੂਰਤੀ ਪੂਜਕਾਂ ਤੇ ਨਿਰਣਾ
ਫਿਰ ਉਸ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਮੇਰੇ ਕੰਨਾਂ ਵਿੱਚ ਆਖਿਆ, “ਉਹਨਾਂ ਨੂੰ ਨੇੜੇ ਲਿਆਓ ਜਿਹੜੇ ਸ਼ਹਿਰ ਉੱਤੇ ਨਿਆਂ ਕਰਨ ਲਈ ਨਿਯੁਕਤ ਕੀਤੇ ਗਏ ਹਨ, ਹਰ ਇੱਕ ਦੇ ਹੱਥ ਵਿੱਚ ਇੱਕ ਹਥਿਆਰ ਹੈ।” ਵੇਖੋ, ਛੇ ਮਨੁੱਖ ਉੱਪਰ ਦੇ ਦਰਵਾਜ਼ੇ ਵਿੱਚੋਂ ਦੀ ਜੋ ਉੱਤਰ ਵੱਲ ਹੈ, ਲੰਘ ਆਏ ਅਤੇ ਹਰੇਕ ਮਨੁੱਖ ਦੇ ਹੱਥ ਵਿੱਚ ਉਸ ਦਾ ਵੱਢਣ ਵਾਲਾ ਸ਼ਸਤਰ ਸੀ। ਉਹਨਾਂ ਦੇ ਵਿੱਚੋਂ ਇੱਕ ਮਨੁੱਖ ਨੇ ਕਤਾਨੀ ਕੱਪੜੇ ਪਹਿਨੇ ਹੋਏ ਸਨ ਅਤੇ ਉਹ ਦੇ ਇੱਕ ਪਾਸੇ ਤੇ ਲਿਖਣ ਵਾਲੀ ਦਵਾਤ ਲਮਕਦੀ ਸੀ, ਸੋ ਉਹ ਅੰਦਰ ਗਏ ਅਤੇ ਪਿੱਤਲ ਦੀ ਜਗਵੇਦੀ ਦੇ ਕੋਲ ਖੜ੍ਹੇ ਹੋਏ।
ਹੁਣ ਇਸਰਾਏਲ ਦੇ ਪਰਮੇਸ਼ਵਰ ਦਾ ਤੇਜ ਕਰੂਬੀ ਦੇ ਉੱਤੋਂ ਜਿਸ ਉੱਪਰ ਉਹ ਸੀ, ਉੱਠ ਕੇ ਘਰ ਦੀ ਡਿਉੜੀ ਤੇ ਗਿਆ ਅਤੇ ਉਹ ਨੇ ਉਸ ਮਨੁੱਖ ਨੂੰ ਜਿਸ ਨੇ ਕਤਾਨੀ ਕੱਪੜੇ ਪਾਏ ਹੇ ਸਨ ਅਤੇ ਜਿਸ ਦੇ ਕੋਲ ਲਿਖਣ ਵਾਲੀ ਦਵਾਤ ਸੀ, ਬੁਲਾਇਆ ਅਤੇ ਉਸ ਨੂੰ ਕਿਹਾ, “ਯੇਰੂਸ਼ਲੇਮ ਦੇ ਸਾਰੇ ਸ਼ਹਿਰ ਵਿੱਚ ਜਾ ਅਤੇ ਸੋਗ ਕਰਨ ਵਾਲਿਆਂ ਦੇ ਮੱਥੇ ਉੱਤੇ ਨਿਸ਼ਾਨ ਲਗਾ। ਉਹਨਾਂ ਸਾਰੀਆਂ ਘਿਣਾਉਣੀਆਂ ਗੱਲਾਂ ਲਈ ਜੋ ਇਸ ਵਿੱਚ ਕੀਤੀਆਂ ਗਈਆਂ ਹਨ ਸੋਗ ਕਰ।”
ਉਸ ਨੇ ਮੇਰੇ ਸੁਣਦਿਆਂ ਦੂਜਿਆਂ ਨੂੰ ਆਖਿਆ, “ਉਹ ਦੇ ਪਿੱਛੇ-ਪਿੱਛੇ ਸ਼ਹਿਰ ਵਿੱਚੋਂ ਲੰਘਦੇ ਅਤੇ ਮਾਰਦੇ ਜਾਓ, ਤੁਹਾਡੀਆਂ ਅੱਖਾਂ ਦਯਾ ਨਾ ਕਰਨ, ਨਾ ਤੁਸੀਂ ਤਰਸ ਕਰੋ। ਬੁੱਢਿਆਂ, ਜਵਾਨਾਂ ਅਤੇ ਔਰਤਾਂ, ਮਾਵਾਂ ਅਤੇ ਬੱਚਿਆਂ ਨੂੰ ਮਾਰੋ, ਪਰ ਕਿਸੇ ਨੂੰ ਵੀ ਨਾ ਛੂਹੋ ਜਿਸਦਾ ਨਿਸ਼ਾਨ ਹੋਵੇ। ਮੇਰੇ ਪਵਿੱਤਰ ਅਸਥਾਨ ਤੋਂ ਸ਼ੁਰੂ ਕਰੋ।” ਇਸ ਲਈ ਉਹ ਉਹਨਾਂ ਬਜ਼ੁਰਗਾਂ ਨਾਲ ਸ਼ੁਰੂ ਹੋਏ ਜੋ ਭਵਨ ਦੇ ਸਾਮ੍ਹਣੇ ਸਨ।
ਉਸ ਨੇ ਉਹਨਾਂ ਨੂੰ ਆਖਿਆ ਕਿ ਭਵਨ ਨੂੰ ਭਰਿਸ਼ਟ ਕਰੋ ਅਤੇ ਵੇਹੜਿਆਂ ਨੂੰ ਵੱਢਿਆ ਹੋਇਆਂ ਨਾਲ ਭਰ ਦਿਓ! ਅੱਗੇ ਵਧੋ! ਇਸ ਲਈ ਉਹ ਤੁਰ ਪਏ ਅਤੇ ਸ਼ਹਿਰ ਉੱਤੇ ਹਮਲਾ ਕੀਤਾ। ਜਦੋਂ ਉਹ ਮਾਰ ਰਹੇ ਸਨ ਅਤੇ ਮੈਂ ਇਕੱਲਾ ਰਹਿ ਗਿਆ ਸੀ, ਮੈਂ ਮੂੰਹ ਹੇਠਾਂ ਡਿੱਗ ਪਿਆ, ਅਤੇ ਦੁਹਾਈ ਦੇ ਕੇ ਆਖਿਆ, “ਹਾਏ! ਹੇ ਸਰਬਸ਼ਕਤੀਮਾਨ ਯਾਹਵੇਹ! ਕੀ ਤੂੰ ਆਪਣਾ ਵੱਡਾ ਕਹਿਰ ਯੇਰੂਸ਼ਲੇਮ ਉੱਤੇ ਪਾ ਕੇ ਇਸਰਾਏਲ ਦੇ ਸਾਰੇ ਬਚੇ ਹੋਏ ਲੋਕਾਂ ਨੂੰ ਮਾਰ ਦੇਵੇਂਗਾ?”
ਉਸਨੇ ਮੈਨੂੰ ਉੱਤਰ ਦਿੱਤਾ, “ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਦਾ ਪਾਪ ਬਹੁਤ ਵੱਡਾ ਹੈ; ਧਰਤੀ ਲਹੂ ਨਾਲ ਭਰੀ ਹੋਈ ਹੈ ਅਤੇ ਸ਼ਹਿਰ ਅਨਿਆਂ ਨਾਲ ਭਰਿਆ ਹੋਇਆ ਹੈ, ਕਿਉਂ ਜੋ ਉਹ ਆਖਦੇ ਹਨ, ‘ਕਿ ਯਾਹਵੇਹ ਨੇ ਦੇਸ ਨੂੰ ਛੱਡ ਦਿੱਤਾ ਹੈ; ਅਤੇ ਯਾਹਵੇਹ ਨਹੀਂ ਵੇਖਦਾ ਹੈ।’ ਇਸ ਲਈ ਮੈਂ ਉਹਨਾਂ ਨੂੰ ਤਰਸ ਦੀ ਨਜ਼ਰ ਨਾਲ ਨਹੀਂ ਵੇਖਾਂਗਾ ਅਤੇ ਨਾ ਹੀ ਉਹਨਾਂ ਨੂੰ ਬਖ਼ਸ਼ਾਗਾ, ਪਰ ਮੈਂ ਉਹਨਾਂ ਦੇ ਆਪਣੇ ਸਿਰਾਂ ਉੱਤੇ ਜੋ ਉਹਨਾਂ ਨੇ ਕੀਤਾ ਹੈ ਹੇਠਾਂ ਲਿਆਵਾਂਗਾ।”
ਵੇਖੋ, ਉਸ ਮਨੁੱਖ ਨੇ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਹਨ ਅਤੇ ਜਿਸ ਦੇ ਪਾਸੇ ਤੇ ਲਿਖਣ ਵਾਲੀ ਦਵਾਤ ਸੀ, ਮੁੜ ਇਸ ਗੱਲ ਦੀ ਖ਼ਬਰ ਦਿੱਤੀ, “ਕਿ ਜਿਵੇਂ ਤੂੰ ਮੈਨੂੰ ਹੁਕਮ ਦਿੱਤਾ, ਮੈਂ ਉਸੇ ਤਰ੍ਹਾਂ ਕੀਤਾ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.