Skip to content
BibleKenya

Biblica® Open Punjabi Contemporary Version 2025

ਹਿਜ਼ਕੀਏਲ 10

ਪਰਮੇਸ਼ਵਰ ਦੀ ਮਹਿਮਾ ਮੰਦਰ ਤੋਂ ਚਲੀ ਜਾਂਦੀ ਹੈ

ਤਦ ਮੈਂ ਵੇਖਿਆ ਅਤੇ ਵੇਖੋ, ਉਸ ਅੰਬਰ ਵਿੱਚ ਜੋ ਕਰੂਬੀਆਂ ਦੇ ਸਿਰ ਉੱਤੇ ਸੀ, ਇੱਕ ਵਸਤੂ ਨੀਲਮ ਵਰਗੀ ਦਿਖਾਈ ਦਿੱਤੀ ਅਤੇ ਉਸ ਦੀ ਬਣਾਵਟ ਸਿੰਘਾਸਣ ਵਰਗੀ ਸੀ। ਉਹ ਨੇ ਉਸ ਮਨੁੱਖ ਨੂੰ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਆਖਿਆ ਕਿ ਉਹਨਾਂ ਘੁੰਮਣ ਵਾਲੇ ਪਹੀਆਂ ਦੇ ਅੰਦਰ ਜਾ, ਜੋ ਕਰੂਬੀਆਂ ਦੇ ਥੱਲੇ ਹਨ ਅਤੇ ਅੱਗ ਦੇ ਅੰਗਿਆਰੇ ਜਿਹੜੇ ਕਰੂਬੀਆਂ ਦੇ ਵਿਚਾਲੇ ਹਨ ਮੁੱਠ ਭਰ ਕੇ ਚੁੱਕ ਅਤੇ ਸ਼ਹਿਰ ਦੇ ਉੱਪਰ ਖਿਲਾਰ ਦੇ, ਤਾਂ ਉਹ ਮੇਰੇ ਵੇਖਦਿਆਂ ਅੰਦਰ ਗਿਆ।

ਹੁਣ ਜਦੋਂ ਉਹ ਆਦਮੀ ਅੰਦਰ ਗਿਆ ਤਾਂ ਕਰੂਬੀ ਹੈਕਲ ਦੇ ਦੱਖਣ ਵਾਲੇ ਪਾਸੇ ਖੜ੍ਹੇ ਸਨ, ਅਤੇ ਅੰਦਰਲੇ ਵੇਹੜੇ ਵਿੱਚ ਬੱਦਲ ਛਾ ਗਿਆ। ਤਦ ਯਾਹਵੇਹ ਦੀ ਮਹਿਮਾ ਕਰੂਬੀਆਂ ਦੇ ਉੱਪਰੋਂ ਉੱਠੀ ਅਤੇ ਹੈਕਲ ਦੀ ਦਹਿਲੀਜ਼ ਤੱਕ ਚਲੀ ਗਈ। ਬੱਦਲ ਨੇ ਹੈਕਲ ਨੂੰ ਭਰ ਦਿੱਤਾ, ਅਤੇ ਵਿਹੜਾ ਯਾਹਵੇਹ ਦੀ ਮਹਿਮਾ ਦੀ ਚਮਕ ਨਾਲ ਭਰਿਆ ਹੋਇਆ ਸੀ। ਤਦ ਕਰੂਬੀਆਂ ਦੇ ਖੰਭਾਂ ਦੀ ਆਵਾਜ਼ ਬਾਹਰ ਦੇ ਵੇਹੜੇ ਤੱਕ ਸੁਣਾਈ ਦਿੰਦੀ ਸੀ, ਜਿਵੇਂ ਸਰਵਸ਼ਕਤੀਮਾਨ ਦੀ ਆਵਾਜ਼ ਹੋਵੇ, ਜਦੋਂ ਉਹ ਬਚਨ ਕਰਦਾ ਹੈ।

ਜਦੋਂ ਯਾਹਵੇਹ ਨੇ ਉਸ ਮਨੁੱਖ ਨੂੰ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਹੁਕਮ ਦਿੱਤਾ ਕਿ ਉਹ ਘੁੰਮਣ ਵਾਲੇ ਪਹੀਆਂ ਦੇ ਅੰਦਰੋਂ ਅਤੇ ਕਰੂਬੀਆਂ ਦੇ ਵਿਚਕਾਰੋਂ ਅੱਗ ਲਵੇ, ਤਦ ਉਹ ਅੰਦਰ ਗਿਆ ਅਤੇ ਇੱਕ ਪਹੀਏ ਦੇ ਕੋਲ ਜਾ ਕੇ ਖੜ੍ਹਾ ਹੋ ਗਿਆ। ਤਦ ਕਰੂਬੀਆਂ ਵਿੱਚੋਂ ਇੱਕ ਕਰੂਬੀ ਨੇ ਆਪਣਾ ਹੱਥ ਉਸ ਅੱਗ ਵੱਲ ਵਧਾਇਆ ਜੋ ਉਹਨਾਂ ਵਿੱਚਕਾਰ ਸੀ। ਉਸ ਨੇ ਉਸ ਵਿੱਚੋਂ ਕੁਝ ਚੁੱਕ ਕੇ ਉਸ ਮਨੁੱਖ ਦੇ ਹੱਥਾਂ ਵਿੱਚ ਦਿੱਤਾ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਉਹ ਉਸ ਨੂੰ ਲੈ ਕੇ ਬਾਹਰ ਚਲਾ ਗਿਆ। (ਕਰੂਬੀਆਂ ਦੇ ਵਿਚਾਲੇ ਉਹਨਾਂ ਦੇ ਖੰਭਾਂ ਦੇ ਹੇਠਾਂ ਮਨੁੱਖ ਦੇ ਹੱਥ ਵਰਗਾ ਕੁਝ ਦਿਖਾਈ ਦਿੰਦਾ ਸੀ।)

ਮੈਂ ਵੇਖਿਆ ਤਾਂ ਵੇਖੋ, ਚਾਰ ਪਹੀਏ ਕਰੂਬੀਆਂ ਦੇ ਆਲੇ-ਦੁਆਲੇ ਸਨ। ਇੱਕ ਕਰੂਬੀ ਦੇ ਲਾਗੇ ਦੂਜਾ ਪਹੀਆ ਸੀ ਅਤੇ ਉਹਨਾਂ ਪਹੀਆਂ ਦਾ ਰੰਗ ਵੇਖਣ ਵਿੱਚ ਸੁਨਹਿਰੇ ਪੱਥਰ ਵਾਂਗੂੰ ਸੀ। ਉਹਨਾਂ ਦਾ ਰੂਪ ਇੱਕੋ ਜਿਹਾ ਸੀ, ਜਿਵੇਂ ਇੱਕ ਪਹੀਆ ਦੂਸਰੇ ਪਹੀਏ ਦੇ ਅੰਦਰ ਹੋਵੇ। ਜਦੋਂ ਉਹ ਚੱਲਦੇ ਸਨ ਤਾਂ ਆਪਣੇ ਚਾਰੇ ਪਾਸੇ ਤੁਰਦੇ ਸਨ, ਉਹ ਤੁਰਦੇ ਹੋਏ ਮੁੜਦੇ ਨਹੀਂ ਸਨ। ਜਿਸ ਪਾਸੇ ਵੱਲ ਉਹਨਾਂ ਦਾ ਸਿਰ ਹੁੰਦਾ ਸੀ ਉਸੇ ਪਾਸੇ ਵੱਲ ਉਸ ਦੇ ਪਿੱਛੇ-ਪਿੱਛੇ ਜਾਂਦੇ ਸਨ। ਉਹ ਤੁਰਦਿਆਂ ਹੋਇਆ ਮੁੜਦੇ ਨਹੀਂ ਸਨ। ਉਹਨਾਂ ਦਾ ਸਾਰਾ ਸਰੀਰ, ਉਹਨਾਂ ਦੀ ਪਿੱਠ, ਉਹਨਾਂ ਦੇ ਹੱਥ ਅਤੇ ਉਹਨਾਂ ਦੇ ਖੰਭਾਂ ਸਮੇਤ, ਪੂਰੀ ਤਰ੍ਹਾਂ ਅੱਖਾਂ ਨਾਲ ਭਰੇ ਹੋਏ ਸਨ, ਜਿਵੇਂ ਉਹਨਾਂ ਦੇ ਚਾਰ ਪਹੀਏ ਸਨ। ਇਹਨਾਂ ਪਹੀਆਂ ਨੂੰ ਮੇਰੇ ਸੁਣਦਿਆਂ “ਘੁੰਮਣ ਵਾਲੇ ਪਹੀਏ” ਆਖਿਆ ਗਿਆ। ਹਰੇਕ ਕਰੂਬੀ ਦੇ ਚਾਰ ਚਿਹਰੇ ਸਨ: ਇੱਕ ਚਿਹਰਾ ਕਰੂਬੀ ਦਾ, ਦੂਜਾ ਮਨੁੱਖ ਦਾ ਚਿਹਰਾ, ਤੀਜਾ ਸ਼ੇਰ ਦਾ ਚਿਹਰਾ ਅਤੇ ਚੌਥਾ ਬਾਜ਼ ਦਾ ਚਿਹਰਾ।

ਫਿਰ ਕਰੂਬੀ ਉੱਪਰ ਵੱਲ ਉੱਠੇ। ਇਹ ਉਹ ਜੀਵਤ ਪ੍ਰਾਣੀ ਸਨ ਜਿਨ੍ਹਾਂ ਨੂੰ ਮੈਂ ਕੇਬਰ ਨਦੀ ਦੇ ਕੰਢੇ ਵੇਖਿਆ ਸੀ। ਜਦੋਂ ਕਰੂਬੀ ਚੱਲਦੇ ਸਨ ਤਾਂ ਪਹੀਏ ਵੀ ਉਹਨਾਂ ਦੇ ਨਾਲ-ਨਾਲ ਚੱਲਦੇ ਸਨ, ਅਤੇ ਜਦ ਕਰੂਬੀਆਂ ਨੇ ਆਪਣੇ ਖੰਭ ਚੁੱਕੇ ਤਾਂ ਜੋ ਧਰਤੀ ਤੋਂ ਉੱਤੇ ਨੂੰ ਉੱਡਣ, ਤਾਂ ਉਹ ਪਹੀਏ ਉਹਨਾਂ ਨਾਲ ਹੀ ਰਹਿੰਦੇ ਸਨ। ਜਦ ਉਹ ਖੜ੍ਹੇ ਹੁੰਦੇ ਸਨ ਤਾਂ ਇਹ ਵੀ ਖੜ੍ਹੇ ਹੁੰਦੇ ਸਨ ਅਤੇ ਜਦੋਂ ਉਹ ਉਤਾਹਾਂ ਨੂੰ ਉੱਡਦੇ ਸਨ ਤਾਂ ਇਹ ਵੀ ਉਹਨਾਂ ਨਾਲ ਉਤਾਹਾਂ ਨੂੰ ਚੜ੍ਹਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਉਹਨਾਂ ਵਿੱਚ ਸੀ।

ਤਦ ਯਾਹਵੇਹ ਦੀ ਮਹਿਮਾ ਹੈਕਲ ਦੀ ਡਿਉੜੀ ਤੋਂ ਚਲੀ ਗਈ ਅਤੇ ਕਰੂਬੀਆਂ ਦੇ ਉੱਪਰ ਠਹਿਰ ਗਈ। ਤਦ ਕਰੂਬੀਆਂ ਨੇ ਆਪਣੇ ਖੰਭ ਚੁੱਕੇ, ਮੇਰੇ ਵੇਖਦਿਆਂ ਧਰਤੀ ਤੋਂ ਉੱਚੇ ਉੱਠੇ ਅਤੇ ਚਲੇ ਗਏ। ਪਹੀਏ ਉਹਨਾਂ ਦੇ ਨਾਲ-ਨਾਲ ਸਨ ਅਤੇ ਉਹ ਯਾਹਵੇਹ ਦੇ ਭਵਨ ਦੇ ਪੂਰਬੀ ਫਾਟਕ ਦੇ ਦਰਵਾਜ਼ੇ ਉੱਤੇ ਖੜ੍ਹੇ ਹੋ ਗਏ, ਤਾਂ ਇਸਰਾਏਲ ਦੇ ਪਰਮੇਸ਼ਵਰ ਦਾ ਤੇਜ ਉਹਨਾਂ ਉੱਤੇ ਸੀ।

ਇਹ ਉਹ ਜੀਵ-ਜੰਤੂ ਸਨ ਜਿਨ੍ਹਾਂ ਨੂੰ ਮੈਂ ਇਸਰਾਏਲ ਦੇ ਪਰਮੇਸ਼ਵਰ ਦੇ ਹੇਠਾਂ ਕੇਬਰ ਨਦੀ ਦੇ ਕੰਢੇ ਵੇਖਿਆ ਸੀ, ਅਤੇ ਮੈਨੂੰ ਅਹਿਸਾਸ ਹੋਇਆ ਕਿ ਉਹ ਕਰੂਬੀ ਸਨ। ਹਰ ਇੱਕ ਦੇ ਚਾਰ ਚਿਹਰੇ ਅਤੇ ਚਾਰ ਖੰਭ ਸਨ, ਅਤੇ ਉਹਨਾਂ ਦੇ ਖੰਭਾਂ ਦੇ ਹੇਠਾਂ ਮਨੁੱਖੀ ਹੱਥਾਂ ਵਰਗਾ ਵਿਖਾਈ ਦਿੰਦਾ ਸੀ। ਉਹਨਾਂ ਦੇ ਚਿਹਰਿਆਂ ਦਾ ਰੂਪ ਓਹੋ ਹੀ ਹੈ ਜੋ ਮੈਂ ਕੇਬਰ ਨਦੀ ਦੇ ਉੱਤੇ ਵੇਖੇ ਸਨ, ਅਰਥਾਤ ਉਹਨਾਂ ਦਾ ਰੂਪ ਅਤੇ ਉਹ ਆਪ। ਉਹ ਸਾਰੇ ਸਿੱਧੇ ਅੱਗੇ ਹੀ ਅੱਗੇ ਤੁਰਦੇ ਜਾਂਦੇ ਸਨ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.