Skip to content
BibleKenya

Biblica® Open Punjabi Contemporary Version 2025

ਹਿਜ਼ਕੀਏਲ 17

ਦੋ ਉਕਾਬ ਅਤੇ ਇੱਕ ਵੇਲ

ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਹੇ ਮਨੁੱਖ ਦੇ ਪੁੱਤਰ, ਇੱਕ ਬੁਝਾਰਤ ਬੁੱਝ ਅਤੇ ਇਸਰਾਏਲ ਦੇ ਘਰਾਣੇ ਅੱਗੇ ਇੱਕ ਕਹਾਵਤ ਆਖ। ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਇੱਕ ਵੱਡਾ ਉਕਾਬ, ਜਿਸ ਦੇ ਵੱਡੇ ਖੰਭ ਅਤੇ ਲੰਮੀਆਂ ਬਾਹਾਂ ਸਨ, ਜੋ ਰੰਗ-ਬਿਰੰਗੇ ਖੰਭਾਂ ਨਾਲ ਭਰਿਆ ਹੋਇਆ ਸੀ, ਉਹ ਲਬਾਨੋਨ ਕੋਲ ਆਇਆ ਅਤੇ ਉਸ ਨੇ ਦਿਆਰ ਦੇ ਰੁੱਖ ਦੀ ਸਭ ਤੋਂ ਉੱਪਰਲੀ ਟਾਹਣੀ ਨੂੰ ਫੜ ਲਿਆ। ਉਸ ਨੇ ਦਿਆਰ ਦੀ ਸਭ ਤੋਂ ਉੱਪਰਲੀ ਟਾਹਣੀ ਨੂੰ ਫੜ ਕੇ ਤੋੜ ਦਿੱਤਾ ਅਤੇ ਵਪਾਰੀਆਂ ਦੇ ਦੇਸ਼ ਵਿੱਚ ਲੈ ਗਿਆ, ਜਿੱਥੇ ਉਸ ਨੇ ਇਸ ਨੂੰ ਵਪਾਰੀਆਂ ਦੇ ਸ਼ਹਿਰ ਵਿੱਚ ਲਾਇਆ।’

“ ‘ਉਸ ਨੇ ਜ਼ਮੀਨ ਦੇ ਬੀਜਾਂ ਵਿੱਚੋਂ ਇੱਕ ਬੀਜ ਲਿਆ ਅਤੇ ਇਸ ਨੂੰ ਉਪਜਾਊ ਮਿੱਟੀ ਵਿੱਚ ਬੀਜ ਦਿੱਤਾ। ਉਸ ਨੇ ਉਹ ਨੂੰ ਬਹੁਤੇ ਪਾਣੀ ਨਾਲ ਇੱਕ ਵੇਲ ਵਾਂਗ ਲਾਇਆ, ਉਹ ਵਧਿਆ ਅਤੇ ਉਹ ਅੰਗੂਰ ਦਾ ਛਤਰੀਧਾਰ ਇੱਕ ਛੋਟਾ ਜਿਹਾ ਰੁੱਖ ਬਣ ਗਿਆ, ਉਸ ਦੀਆਂ ਟਹਿਣੀਆਂ ਉਹ ਦੇ ਵੱਲ ਝੁਕੀਆਂ ਹੋਈਆਂ ਸਨ ਅਤੇ ਉਸ ਦੀਆਂ ਜੜ੍ਹਾਂ ਉਹ ਦੇ ਹੇਠਾਂ ਸਨ, ਸੋ ਉਹ ਅੰਗੂਰੀ ਵੇਲ ਬਣੀ। ਉਸ ਦੀਆਂ ਟਹਿਣੀਆਂ ਨਿੱਕਲੀਆਂ ਅਤੇ ਉਸ ਦੀਆਂ ਪੱਤੀਆਂ ਵਧੀਆ।

“ ‘ਇੱਕ ਹੋਰ ਵੱਡਾ ਉਕਾਬ ਸੀ, ਜਿਸ ਦੇ ਖੰਭ ਵੱਡੇ ਅਤੇ ਵਾਲ਼ ਬਹੁਤ ਸਨ, ਤਾਂ ਵੇਖੋ, ਇਸ ਅੰਗੂਰੀ ਵੇਲ ਨੇ ਆਪਣੀਆਂ ਜੜ੍ਹਾਂ ਉਸ ਵੱਲ ਮੋੜੀਆਂ ਅਤੇ ਆਪਣੀ ਕਿਆਰੀ ਵਿੱਚੋਂ ਜਿੱਥੇ ਉਹ ਲਾਇਆ ਹੋਇਆ ਸੀ, ਆਪਣੀਆਂ ਟਹਿਣੀਆਂ ਉਸ ਵੱਲ ਵਧਾਈਆਂ, ਤਾਂ ਜੋ ਉਕਾਬ ਉਸ ਨੂੰ ਸਿੰਜੇ। ਇਸ ਨੂੰ ਭਰਪੂਰ ਪਾਣੀ ਨਾਲ ਚੰਗੀ ਮਿੱਟੀ ਵਿੱਚ ਲਾਇਆ ਗਿਆ ਸੀ ਤਾਂ ਜੋ ਇਹ ਟਹਿਣੀਆਂ ਨਿੱਕਲਣ, ਉਹ ਦੇ ਵਿੱਚ ਫਲ ਲੱਗਣ ਅਤੇ ਇੱਕ ਸ਼ਾਨਦਾਰ ਅੰਗੂਰਾਂ ਵੇਲ ਬਣ ਜਾਵੇ।’

“ਤੂੰ ਉਹਨਾਂ ਨੂੰ ਇਹ ਆਖ, ‘ਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, ਕੀ ਇਹ ਖੁਸ਼ਹਾਲ ਹੋਵੇਗੀ? ਕੀ ਉਹ ਉਸ ਨੂੰ ਜੜ੍ਹਾਂ ਤੋਂ ਨਾ ਪੁੱਟ ਸੁੱਟੇਗਾ ਅਤੇ ਇਸ ਦਾ ਫਲ ਨਾ ਤੋੜ ਸੁੱਟੇਗਾ ਭਈ ਇਹ ਸੁੱਕ ਜਾਵੇ ਅਤੇ ਇਹ ਦੇ ਸਾਰੇ ਹਰੇ ਪੱਤੇ ਸੁੱਕ ਜਾਣ? ਇਸ ਨੂੰ ਜੜ੍ਹਾਂ ਤੋਂ ਪੁੱਟਣ ਦੇ ਲਈ ਬਹੁਤੇ ਲੋਕਾਂ ਅਤੇ ਬਹੁਤੇ ਜ਼ੋਰ ਦੀ ਲੋੜ ਨਾ ਹੋਵੇਗੀ। ਵੇਖੋ, ਇਹ ਲਾਈ ਤਾਂ ਗਈ ਹੈ ਪਰ ਕੀ ਇਹ ਫਲ ਵੀ ਦੇਵੇਗੀ? ਕੀ ਇਹ ਪੁਰੇ ਦੀ ਹਵਾ ਲੱਗਦਿਆਂ ਹੀ ਇਹ ਪੂਰੀ ਤਰ੍ਹਾਂ ਨਾਲ ਸੁੱਕ ਨਾ ਜਾਵੇਗੀ? ਇਹ ਆਪਣੀਆਂ ਕਿਆਰੀਆਂ ਵਿੱਚ ਹੀ ਸੁੱਕ ਜਾਵੇਗੀ?’ ”

ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ ਕਿ “ਇਸ ਬਾਗ਼ੀ ਲੋਕਾਂ ਨੂੰ ਆਖ, ‘ਕੀ ਤੁਸੀਂ ਨਹੀਂ ਜਾਣਦੇ ਇਨ੍ਹਾਂ ਗੱਲਾਂ ਦਾ ਕੀ ਅਰਥ ਹੈ?’ ਉਨ੍ਹਾਂ ਨੂੰ ਦੱਸੋ, ‘ਬਾਬੇਲ ਦਾ ਰਾਜਾ ਯੇਰੂਸ਼ਲੇਮ ਗਿਆ ਅਤੇ ਉਸ ਦੇ ਰਾਜੇ ਅਤੇ ਉਸ ਦੇ ਪ੍ਰਭਾਵਸ਼ਾਲੀ ਲੋਕਾਂ ਨੂੰ ਆਪਣੇ ਨਾਲ ਬਾਬੇਲ ਵਾਪਸ ਲੈ ਆਇਆ। ਫਿਰ ਉਸ ਨੇ ਸ਼ਾਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਲਿਆ ਅਤੇ ਉਸ ਨਾਲ ਨੇਮ ਬੰਨ੍ਹਿਆ, ਉਸ ਤੋਂ ਸਹੁੰ ਲਈ ਅਤੇ ਦੇਸ ਦੇ ਸੂਰਮਿਆਂ ਨੂੰ ਵੀ ਲੈ ਗਿਆ, ਤਾਂ ਜੋ ਰਾਜ ਨੂੰ ਨੀਵਾਂ ਕਰ ਦਿੱਤਾ ਜਾਵੇ, ਜੋ ਮੁੜ ਕੇ ਉੱਠਣ ਤੋਂ ਅਸਮਰੱਥ ਰਹੇ, ਕੇਵਲ ਆਪਣੇ ਨੇਮ ਦੀ ਪਾਲਣਾ ਕਰਕੇ ਹੀ ਬਚਿਆ ਰਹੇ। ਪਰ ਰਾਜੇ ਨੇ ਘੋੜੇ ਅਤੇ ਇੱਕ ਵੱਡੀ ਫੌਜ ਲੈਣ ਲਈ ਮਿਸਰ ਵਿੱਚ ਆਪਣੇ ਸੰਦੇਸ਼ਵਾਹਕ ਭੇਜ ਕੇ ਉਸ ਦੇ ਵਿਰੁੱਧ ਬਗਾਵਤ ਕੀਤੀ। ਕੀ ਉਹ ਕਾਮਯਾਬ ਹੋਵੇਗਾ? ਕੀ ਅਜਿਹਾ ਕਰਨ ਵਾਲਾ ਬਚ ਜਾਵੇਗਾ? ਕੀ ਉਹ ਨੇਮ ਤੋੜੇਗਾ ਅਤੇ ਫਿਰ ਵੀ ਬਚ ਜਾਵੇਗਾ?

“ ‘ਜਿਵੇਂ ਕਿ ਮੈਂ ਜਿਉਂਦਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਉਹ ਬਾਬੇਲ ਵਿੱਚ ਮਰ ਜਾਵੇਗਾ, ਉਸ ਰਾਜੇ ਦੇ ਦੇਸ਼ ਵਿੱਚ ਜਿਸ ਨੇ ਉਸ ਨੂੰ ਸਿੰਘਾਸਣ ਉੱਤੇ ਬਿਠਾਇਆ, ਜਿਸ ਦੀ ਸਹੁੰ ਨੂੰ ਉਸ ਨੇ ਤੁੱਛ ਸਮਝਿਆ ਅਤੇ ਜਿਸ ਨੇਮ ਨੂੰ ਉਸ ਨੇ ਤੋੜਿਆ। ਨਾ ਫ਼ਿਰਾਊਨ ਆਪਣੇ ਵੱਡਿਆਂ ਸੂਰਮਿਆਂ ਨੂੰ ਅਤੇ ਬਹੁਤੀ ਸਭਾ ਨੂੰ ਲੈ ਕੇ ਲੜਾਈ ਵਿੱਚ ਉਹ ਦੇ ਲਈ ਕੁਝ ਕਰ ਸਕੇਗਾ, ਜਦੋਂ ਬਾਬੇਲ ਦੇ ਲੋਕ ਮੋਰਚਾ ਬੰਨ੍ਹਦੇ ਹੋਣ ਅਤੇ ਬੁਰਜ ਬਣਾਉਂਦੇ ਹੋਣ ਕਿ ਬਹੁਤ ਸਾਰੀਆਂ ਜਾਨਾਂ ਨੂੰ ਮਾਰ ਦੇਣ। ਉਸ ਨੇ ਨੇਮ ਤੋੜ ਕੇ ਸਹੁੰ ਨੂੰ ਤੁੱਛ ਸਮਝਿਆ ਕਿਉਂਕਿ ਹੱਥ ਤੇ ਹੱਥ ਮਾਰ ਕੇ ਉਸ ਨੇ ਇਹ ਸਭ ਕੁਝ ਕੀਤਾ, ਇਸ ਲਈ ਉਹ ਬਚ ਨਹੀਂ ਸਕੇਗਾ।

“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਜਿਵੇਂ ਮੈਂ ਜਿਉਂਦਾ ਹਾਂ, ਉਹ ਮੇਰੀ ਹੀ ਸਹੁੰ ਹੈ ਜਿਸ ਨੂੰ ਉਸ ਨੇ ਤੁੱਛ ਜਾਣਿਆ ਅਤੇ ਉਹ ਮੇਰਾ ਹੀ ਨੇਮ ਹੈ ਜਿਹੜਾ ਉਹ ਨੇ ਤੋੜਿਆ। ਮੈਂ ਜ਼ਰੂਰ ਇਹ ਸਭ ਕੁਝ ਉਹ ਦੇ ਸਿਰ ਉੱਤੇ ਲਿਆਵਾਂਗਾ। ਮੈਂ ਉਹ ਦੇ ਲਈ ਆਪਣਾ ਜਾਲ ਵਿਛਾਵਾਂਗਾ, ਅਤੇ ਉਹ ਮੇਰੇ ਜਾਲ ਵਿੱਚ ਫਸ ਜਾਵੇਗਾ। ਮੈਂ ਉਸ ਨੂੰ ਬਾਬੇਲ ਵਿੱਚ ਲਿਆਵਾਂਗਾ ਅਤੇ ਉੱਥੇ ਉਸ ਨੂੰ ਸਜ਼ਾ ਦੇਵਾਂਗਾ ਕਿਉਂਕਿ ਉਹ ਮੇਰੇ ਨਾਲ ਬੇਵਫ਼ਾ ਸੀ। ਉਸ ਦੀਆਂ ਸਾਰੀਆਂ ਮਨ ਪਸੰਦ ਦੀਆਂ ਫ਼ੌਜਾਂ ਤਲਵਾਰ ਨਾਲ ਡਿੱਗ ਜਾਣਗੀਆਂ, ਅਤੇ ਬਚਣ ਵਾਲੇ ਹਵਾਵਾਂ ਵਿੱਚ ਖਿੰਡ ਜਾਣਗੇ। ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਬੋਲਿਆ ਹੈ।

“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਮੈਂ ਵੀ ਦਿਆਰ ਦੀ ਟੀਸੀ ਲਵਾਂਗਾ ਅਤੇ ਉਹ ਨੂੰ ਲਾਵਾਂਗਾ, ਫੇਰ ਉਹ ਦੀਆਂ ਨਰਮ ਟਹਿਣੀਆਂ ਵਿੱਚੋਂ ਇੱਕ ਕਰੂੰਬਲ ਸਿਰ ਉੱਤੋਂ ਕੱਟ ਲਵਾਂਗਾ ਅਤੇ ਉਹ ਨੂੰ ਇੱਕ ਉੱਚੇ ਪਰਬਤ ਦੀ ਚੋਟੀ ਤੇ ਲਾਵਾਂਗਾ। ਮੈਂ ਉਹ ਨੂੰ ਇਸਰਾਏਲ ਦੇ ਉੱਚੇ ਪਰਬਤ ਉੱਤੇ ਲਾਵਾਂਗਾ ਅਤੇ ਉਹ ਕਰੂੰਬਲਾਂ ਕੱਢੇਗਾ ਅਤੇ ਫਲੇਗਾ ਅਤੇ ਵਧੀਆ ਦਿਆਰ ਹੋਵੇਗਾ ਅਤੇ ਹਰ ਪ੍ਰਕਾਰ ਦੇ ਖੰਭ ਵਾਲੇ ਪੰਛੀ ਉਹ ਦੇ ਹੇਠਾਂ ਵੱਸਣਗੇ, ਉਹ ਉਸ ਦੀਆਂ ਟਹਿਣੀਆਂ ਦੀ ਛਾਂ ਵਿੱਚ ਵੱਸਣਗੇ। ਜੰਗਲ ਦੇ ਸਾਰੇ ਰੁੱਖਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਾਹਵੇਹ ਉੱਚੇ ਰੁੱਖ ਨੂੰ ਹੇਠਾਂ ਲਿਆਉਂਦਾ ਹਾਂ ਅਤੇ ਨੀਵੇਂ ਰੁੱਖ ਨੂੰ ਉੱਚਾ ਕਰਦਾ ਹਾਂ। ਮੈਂ ਹਰੇ ਰੁੱਖ ਨੂੰ ਸੁੱਕਾ ਦਿੱਤਾ ਅਤੇ ਸੁੱਕੇ ਰੁੱਖ ਨੂੰ ਹਰਾ ਕਰਦਾ ਹਾਂ।

“ ‘ਮੈਂ ਯਾਹਵੇਹ ਬੋਲਿਆ ਹੈ, ਅਤੇ ਮੈਂ ਇਹ ਕਰਾਂਗਾ।’ ”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.