Biblica® Open Punjabi Contemporary Version 2025
ਹਿਜ਼ਕੀਏਲ 16
ਯੇਰੂਸ਼ਲੇਮ ਇੱਕ ਵਿਭਚਾਰੀ ਪਤਨੀ ਵਜੋਂ
ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਹੇ ਮਨੁੱਖ ਦੇ ਪੁੱਤਰ, ਯੇਰੂਸ਼ਲੇਮ ਨੂੰ ਉਸ ਦੇ ਘਿਣਾਉਣੇ ਕੰਮਾਂ ਬਾਰੇ ਦੱਸ ਅਤੇ ਆਖ, ‘ਸਰਬਸ਼ਕਤੀਮਾਨ ਯਾਹਵੇਹ ਯੇਰੂਸ਼ਲੇਮ ਨੂੰ ਇਹ ਆਖਦਾ ਹੈ ਕਿ ਤੁਹਾਡਾ ਵੰਸ਼ ਅਤੇ ਜਨਮ ਕਨਾਨੀਆਂ ਦੇ ਦੇਸ਼ ਵਿੱਚ ਸੀ; ਤੇਰਾ ਪਿਤਾ ਅਮੋਰੀ ਸੀ ਅਤੇ ਤੇਰੀ ਮਾਂ ਹਿੱਤੀ ਸੀ। ਜਿਸ ਦਿਨ ਤੇਰਾ ਜਨਮ ਹੋਇਆ, ਉਸ ਦਿਨ ਤੇਰਾ ਨਾੜੂ ਨਾ ਕੱਟਿਆ ਗਿਆ, ਨਾ ਤੈਨੂੰ ਸ਼ੁੱਧ ਕਰਨ ਲਈ ਪਾਣੀ ਨਾਲ ਧੋਤਾ ਗਿਆ, ਨਾ ਤੇਰੇ ਉੱਤੇ ਲੂਣ ਮਲਿਆ ਗਿਆ ਅਤੇ ਨਾ ਹੀ ਕੱਪੜੇ ਵਿੱਚ ਲਪੇਟਿਆ ਗਿਆ। ਕਿਸੇ ਨੇ ਵੀ ਤੇਰੇ ਵੱਲ ਤਰਸ ਦੀ ਨਜ਼ਰ ਨਾਲ ਨਹੀਂ ਵੇਖਿਆ ਤਾਂ ਜੋ ਇਹਨਾਂ ਕੰਮਾਂ ਵਿੱਚੋਂ ਤੇਰੇ ਲਈ ਇੱਕ ਵੀ ਕੰਮ ਕੀਤਾ ਜਾਂਦਾ, ਸਗੋਂ ਤੂੰ ਆਪਣੇ ਜਨਮ ਦੇ ਦਿਨ ਬਾਹਰ ਮੈਦਾਨ ਵਿੱਚ ਸੁੱਟ ਦਿੱਤੀ ਗਈ, ਕਿਉਂ ਜੋ ਤੇਰੇ ਤੋਂ ਘਿਰਣਾ ਕਰਦੇ ਸਨ।
“ ‘ਫਿਰ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਤੇਰੇ ਲਹੂ ਵਿੱਚ ਲਿੱਬੜਿਆ ਹੋਇਆ ਵੇਖਿਆ ਅਤੇ ਮੈਂ ਤੈਨੂੰ ਆਖਿਆ ਕਿ ਤੂੰ ਜੋ ਲਹੂ ਵਿੱਚ ਲਿੱਬੜੀ ਹੋਈ ਹੈ, ਜੀਉਂਦੀ ਰਹਿ! ਹਾਂ ਮੈਂ ਤੈਨੂੰ ਹੀ ਕਿਹਾ ਕਿ ਤੂੰ ਜੋ ਲਹੂ ਵਿੱਚ ਲਿੱਬੜੀ ਹੋਈ ਹੈ, “ਜੀਉਂਦੀ ਰਹਿ!” ਮੈਂ ਤੈਨੂੰ ਖੇਤ ਦੇ ਪੌਦੇ ਵਾਂਗ ਉਗਾਇਆ। ਇਸ ਲਈ ਤੂੰ ਵਧੀ ਅਤੇ ਮੁਟਿਆਰ ਹੋਈ ਅਤੇ ਸੁੰਦਰ ਜਵਾਨੀ ਵਾਲੀ ਬਣੀ, ਤੇਰੀਆਂ ਛਾਤੀਆਂ ਸੁਡੌਲ ਹੋ ਗਈਆਂ ਅਤੇ ਤੇਰੇ ਵਾਲ ਵਧੇ, ਪਰ ਤੂੰ ਨੰਗੀ ਧੜੰਗੀ ਸੀ।
“ ‘ਬਾਅਦ ਵਿੱਚ ਮੈਂ ਲੰਘਿਆ, ਅਤੇ ਜਦੋਂ ਮੈਂ ਤੇਰੇ ਵੱਲ ਵੇਖਿਆ ਤਾਂ ਵੇਖੋ ਤੇਰੇ ਲਈ ਪਿਆਰ ਦਾ ਸਮਾਂ ਆ ਗਿਆ ਸੀ, ਇਸ ਲਈ ਮੈਂ ਆਪਣਾ ਕੱਪੜਾ ਤੇਰੇ ਉੱਤੇ ਪਾਇਆ ਅਤੇ ਤੇਰੇ ਨੰਗੇਜ਼ ਨੂੰ ਢੱਕਿਆ, ਹਾਂ, ਸਹੁੰ ਖਾ ਕੇ ਤੇਰੇ ਨਾਲ ਨੇਮ ਬੰਨ੍ਹਿਆ ਅਤੇ ਤੂੰ ਮੇਰੀ ਹੋ ਗਈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
“ ‘ਮੈਂ ਤੈਨੂੰ ਪਾਣੀ ਨਾਲ ਨਹਿਲਾ ਕੇ ਤੇਰੇ ਉੱਤੋਂ ਲਹੂ ਨੂੰ ਪੂਰੀ ਤਰ੍ਹਾਂ ਦੇ ਨਾਲ ਧੋ ਸੁੱਟਿਆ ਅਤੇ ਤੇਰੇ ਉੱਤੇ ਸੁਗੰਧ ਵਾਲਾ ਤੇਲ ਮਲਿਆ। ਮੈਂ ਤੈਨੂੰ ਕਢਾਈ ਵਾਲਾ ਪਹਿਰਾਵਾ ਪਹਿਨਾਇਆ ਅਤੇ ਚਮੜੇ ਦੀ ਜੁੱਤੀ ਪਵਾਈ, ਵਧੀਆ ਕਤਾਨ ਦੀ ਤੇਰੀ ਪੇਟੀ ਬਣਵਾਈ ਅਤੇ ਤੈਨੂੰ ਮਹਿੰਗੇ ਰੇਸ਼ਮ ਨਾਲ ਢੱਕਿਆ। ਮੈਂ ਤੈਨੂੰ ਗਹਿਣਿਆਂ ਨਾਲ ਸ਼ਿੰਗਾਰਿਆ: ਮੈਂ ਤੇਰੀਆਂ ਬਾਹਾਂ ਵਿੱਚ ਕੰਗਣ ਅਤੇ ਤੇਰੇ ਗਲੇ ਵਿੱਚ ਇੱਕ ਹਾਰ ਪਾਇਆ, ਅਤੇ ਮੈਂ ਤੇਰੇ ਨੱਕ ਵਿੱਚ ਨੱਥ, ਤੇਰੇ ਕੰਨਾਂ ਵਿੱਚ ਮੁੰਦਰੀਆਂ ਅਤੇ ਤੇਰੇ ਸਿਰ ਉੱਤੇ ਇੱਕ ਸੁੰਦਰ ਤਾਜ ਰੱਖਿਆ। ਇਸ ਲਈ ਤੈਨੂੰ ਸੋਨੇ ਅਤੇ ਚਾਂਦੀ ਨਾਲ ਸ਼ਿੰਗਾਰਿਆ ਗਿਆ ਸੀ; ਅਤੇ ਤੇਰੇ ਕੱਪੜੇ ਕਤਾਨੀ, ਮਹਿੰਗੀ ਰੇਸ਼ਮੀ ਅਤੇ ਕਸੀਦਾਕਾਰੀ ਦੇ ਸਨ। ਤੇਰਾ ਭੋਜਨ ਸ਼ਹਿਦ, ਜ਼ੈਤੂਨ ਦਾ ਤੇਲ ਅਤੇ ਵਧੀਆ ਆਟਾ ਸੀ। ਤੂੰ ਬਹੁਤ ਸੁੰਦਰ ਸੀ ਅਤੇ ਤੂੰ ਰਾਣੀ ਬਣ ਗਈ। ਅਤੇ ਤੇਰੀ ਸੁੰਦਰਤਾ ਦੇ ਕਾਰਨ ਕੌਮਾਂ ਵਿੱਚ ਤੇਰੀ ਪ੍ਰਸਿੱਧੀ ਫੈਲ ਗਈ, ਕਿ ਤੂੰ ਮੇਰੇ ਉਸ ਪਰਤਾਪ ਨਾਲ ਜੋ ਮੈਂ ਤੈਨੂੰ ਬਖਸ਼ਿਆ ਸੀ, ਸੰਪੂਰਨ ਹੋ ਗਈ, ਦਾ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
“ ‘ਪਰ ਤੂੰ ਆਪਣੀ ਸੁੰਦਰਤਾ ਤੇ ਭਰੋਸਾ ਕੀਤਾ ਅਤੇ ਆਪਣੀ ਮਸ਼ਹੂਰੀ ਕਰਕੇ ਵਿਭਚਾਰ ਕਰਨ ਲੱਗੀ। ਹਰੇਕ ਦੇ ਨਾਲ ਜਿਹੜਾ ਤੇਰੇ ਨੇੜਿਓਂ ਲੰਘਿਆ, ਉਸੇ ਨਾਲ ਤੂੰ ਵਿਭਚਾਰ ਕਰਕੇ ਤੂੰ ਉਸੇ ਦੀ ਹੀ ਬਣ ਗਈ। ਆਪਣੇ ਕੱਪੜੇ ਲੈ ਕੇ ਅਤੇ ਕਈ ਪ੍ਰਕਾਰ ਦੇ ਰੰਗਾਂ ਨਾਲ ਉੱਚੇ ਸਥਾਨਾਂ ਨੂੰ ਸਜਾਇਆ ਅਤੇ ਉਹਨਾਂ ਉੱਚੇ ਸਥਾਨਾਂ ਉੱਤੇ ਅਜਿਹੇ ਵਿਭਚਾਰ ਕੀਤੇ, ਜੋ ਨਾ ਕਦੀ ਹੋਏ ਤੇ ਨਾ ਹੋਣਗੇ। ਤੂੰ ਮੇਰੇ ਸੋਨੇ, ਚਾਂਦੀ ਦੇ ਕੀਮਤੀ ਗਹਿਣਿਆਂ ਤੋਂ ਜੋ ਮੈਂ ਤੈਨੂੰ ਦਿੱਤੇ ਸਨ, ਆਪਣੇ ਲਈ ਮਰਦਾਂ ਦੀਆਂ ਮੂਰਤੀਆਂ ਬਣਾਈਆਂ ਅਤੇ ਉਹਨਾਂ ਨਾਲ ਵਿਭਚਾਰ ਕੀਤਾ। ਅਤੇ ਤੂੰ ਉਹਨਾਂ ਨੂੰ ਪਹਿਨਣ ਲਈ ਆਪਣੇ ਕਢਾਈ ਵਾਲੇ ਕੱਪੜੇ ਲਏ ਅਤੇ ਤੂੰ ਉਹਨਾਂ ਦੇ ਅੱਗੇ ਮੇਰਾ ਤੇਲ ਅਤੇ ਧੂਪ ਚੜ੍ਹਾਈ। ਨਾਲੇ ਉਹ ਭੋਜਨ ਜੋ ਮੈਂ ਤੈਨੂੰ ਦਿੱਤਾ, ਅਰਥਾਤ ਮੈਦਾ, ਤੇਲ ਤੇ ਸ਼ਹਿਦ ਜੋ ਮੈਂ ਤੈਨੂੰ ਖੁਆਉਂਦਾ ਸੀ, ਤੂੰ ਉਹਨਾਂ ਦੇ ਸਾਹਮਣੇ ਸੁਗੰਧੀ ਦੇ ਲਈ ਰੱਖਿਆ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
“ ‘ਤੂੰ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਜਿਹਨਾਂ ਨੂੰ ਤੂੰ ਮੇਰੇ ਲਈ ਜਨਮ ਦਿੱਤਾ ਸੀ, ਲੈ ਕੇ ਉਹਨਾਂ ਅੱਗੇ ਬਲੀਦਾਨ ਕੀਤਾ, ਤਾਂ ਜੋ ਉਹ ਉਹਨਾਂ ਨੂੰ ਖਾ ਜਾਣ! ਕੀ ਤੇਰੀ ਜ਼ਨਾਹਕਾਰੀ ਕੋਈ ਨਿੱਕੀ ਗੱਲ ਸੀ? ਤੂੰ ਮੇਰੇ ਬੱਚਿਆਂ ਨੂੰ ਵੱਢ ਕੇ ਮੂਰਤੀਆਂ ਅੱਗੇ ਚੜ੍ਹਾ ਦਿੱਤਾ। ਤੂੰ ਆਪਣੇ ਸਾਰੇ ਘਿਣਾਉਣੇ ਕੰਮਾਂ ਵਿੱਚ ਅਤੇ ਵਿਭਚਾਰ ਕਰਦੇ ਹੋਏ, ਆਪਣੇ ਬਚਪਨ ਦੇ ਦਿਨਾਂ ਨੂੰ ਕਦੇ ਵੀ ਯਾਦ ਨਾ ਕੀਤਾ, ਜਦੋਂ ਤੂੰ ਨੰਗੀ ਧੜੰਗੀ ਤੇ ਆਪਣੇ ਲਹੂ ਵਿੱਚ ਲਿੱਬੜੀ ਹੋਈ ਸੀ।
“ ‘ਤੁਹਾਡੇ ਉੱਤੇ ਹਾਏ ਹਾਏ! ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਤੂੰ ਹੋਰ ਸਾਰੀਆਂ ਬੁਰਾਈਆਂ ਤੋਂ ਇਲਾਵਾ, ਤੂੰ ਆਪਣੇ ਲਈ ਇੱਕ ਟਿੱਲਾ ਬਣਾਇਆ ਅਤੇ ਹਰ ਇੱਕ ਚੌਂਕ ਵਿੱਚ ਇੱਕ ਉੱਚਾ ਅਸਥਾਨ ਬਣਾਇਆ। ਹਰ ਗਲੀ ਦੇ ਨੁੱਕਰ ਤੇ ਤੂੰ ਆਪਣੇ ਉੱਚੇ ਤੀਰਥ ਅਸਥਾਨ ਬਣਾਏ ਅਤੇ ਤੁੂੰ ਸੁੰਦਰਤਾ ਨੂੰ ਘਟਾਇਆ, ਤੁਹਾਡੇ ਕੋਲੋਂ ਲੰਘਣ ਵਾਲੇ ਕਿਸੇ ਵੀ ਵਿਅਕਤੀ ਨਾਲ ਆਪਣੇ ਪੈਰ ਪਸਾਰ ਲਏ। ਤੂੰ ਆਪਣੇ ਗੁਆਂਢੀ ਮਿਸਰੀਆਂ ਦੇ ਨਾਲ ਜੋ ਮੋਟੇ ਡਾਢੇ ਸਨ ਵਿਭਚਾਰ ਕੀਤਾ ਅਤੇ ਆਪਣੇ ਬਹੁਤੇ ਵਿਭਚਾਰ ਕਰਕੇ ਮੈਨੂੰ ਕ੍ਰੋਧਿਤ ਕੀਤਾ। ਇਸ ਲਈ ਮੈਂ ਤੇਰੇ ਵਿਰੁੱਧ ਆਪਣਾ ਹੱਥ ਚੁੱਕਿਆ ਅਤੇ ਤੇਰੇ ਇਲਾਕੇ ਨੂੰ ਘਟਾ ਦਿੱਤਾ; ਮੈਂ ਤੈਨੂੰ ਤੇਰੇ ਦੁਸ਼ਮਣ, ਫ਼ਲਿਸਤੀਆਂ ਦੀਆਂ ਧੀਆਂ ਦੇ ਲਾਲਚ ਦੇ ਹਵਾਲੇ ਕਰ ਦਿੱਤਾ, ਜੋ ਤੇਰੇ ਗੰਦੇ ਚਾਲ-ਚਲਣ ਤੋਂ ਹੈਰਾਨ ਸਨ। ਤੂੰ ਅੱਸ਼ੂਰੀਆਂ ਨਾਲ ਵੀ ਵਿਭਚਾਰ ਕੀਤਾ, ਕਿਉਂਕਿ ਤੂੰ ਸੰਤੁਸ਼ਟ ਨਹੀਂ ਹੁੰਦੀ ਸੀ; ਅਤੇ ਉਹਨਾਂ ਨਾਲ ਵਿਭਚਾਰ ਕਰਨ ਤੋਂ ਬਾਅਦ ਵੀ ਤੂੰ ਸੰਤੁਸ਼ਟ ਨਹੀਂ ਹੋਈ ਸੀ। ਫਿਰ ਤੂੰ ਕਸਦੀਆਂ ਦੇ ਦੇਸ ਤੱਕ ਆਪਣੇ ਵਿਭਚਾਰ ਨੂੰ ਖਿਲਾਰਿਆ, ਪਰ ਉਸ ਨਾਲ ਵੀ ਤੂੰ ਸੰਤੁਸ਼ਟ ਨਹੀਂ ਹੋਈ।
“ ‘ਮੈਂ ਤੇਰੇ ਵਿਰੁੱਧ ਗੁੱਸੇ ਨਾਲ ਭਰਿਆ ਹੋਇਆ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਤੇਰਾ ਮਨ ਕਿੰਨਾ ਨਿਰਬਲ ਹੈ ਕਿ ਤੂੰ ਇਹ ਸਭ ਕੁਝ ਕਰਦੀ ਹੈ, ਜੋ ਇੱਕ ਬੇਸ਼ਰਮ ਅਤੇ ਵੇਸਵਾ ਦਾ ਕੰਮ ਹੈ! ਜਦੋਂ ਤੂੰ ਹਰ ਗਲੀ ਦੇ ਕੋਨੇ ਵਿੱਚ ਆਪਣੇ ਟਿੱਲੇ ਬਣਾਇਆ ਅਤੇ ਹਰ ਜਨਤਕ ਚੌਂਕ ਵਿੱਚ ਆਪਣਾ ਉੱਚਾ ਧਰਮ ਅਸਥਾਨ ਬਣਾਇਆ, ਤੂੰ ਅਸਲ ਵਿੱਚ ਇੱਕ ਵੇਸਵਾ ਨਹੀਂ ਹੈ, ਕਿਉਂ ਜੋ ਆਪਣੇ ਕੰਮ ਲਈ ਖਰਚਾ ਨਹੀਂ ਲੈਂਦੀ।
“ ‘ਤੂੰ ਵਿਭਚਾਰਨ ਪਤਨੀ ਹੈ! ਜਿਹੜੀ ਆਪਣੇ ਪਤੀ ਦੇ ਥਾਂ ਓਪਰੇ ਨੂੰ ਕਬੂਲ ਕਰਦੀ ਹੈ! ਸਾਰੀਆਂ ਵੇਸਵਾਵਾਂ ਨੂੰ ਤੋਹਫ਼ੇ ਮਿਲਦੇ ਹਨ, ਪਰ ਤੂੰ ਆਪਣੇ ਸਾਰੇ ਪ੍ਰੇਮੀਆਂ ਨੂੰ ਤੋਹਫ਼ੇ ਦਿੰਦੀ ਹੈ, ਉਹਨਾਂ ਨੂੰ ਰਿਸ਼ਵਤ ਦਿੰਦੀ ਹੈ ਤਾਂ ਜੋ ਉਹ ਚੁਫ਼ੇਰਿਓਂ ਤੇਰੇ ਕੋਲ ਆਉਣ ਅਤੇ ਤੇਰੇ ਨਾਲ ਵਿਭਚਾਰ ਕਰਨ। ਇਸ ਲਈ ਤੂੰ ਵਿਭਚਾਰ ਵਿੱਚ ਹੋਰਨਾਂ ਔਰਤਾਂ ਦੇ ਵਾਂਗੂੰ ਨਹੀਂ, ਕਿਉਂ ਜੋ ਵਿਭਚਾਰ ਦੇ ਲਈ ਤੇਰੇ ਪਿੱਛੇ ਕੋਈ ਨਹੀਂ ਆਉਂਦਾ, ਤੂੰ ਪੈਸੇ ਨਹੀਂ ਲੈਂਦੀ ਸਗੋਂ ਆਪ ਦਿੰਦੀ ਹੈ, ਸੋ ਤੂੰ ਓਪਰੀ ਹੈ।
“ ‘ਇਸ ਲਈ, ਹੇ ਵਿਭਚਾਰਨ, ਯਾਹਵੇਹ ਦਾ ਬਚਨ ਸੁਣ! ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਤੂੰ ਆਪਣੀ ਲਾਲਸਾ ਨੂੰ ਵਧਾਇਆ ਅਤੇ ਆਪਣਾ ਨੰਗੇਜ਼ ਆਪਣੇ ਵਿਭਚਾਰ ਦੇ ਕਾਰਨ, ਤੂੰ ਆਪਣੇ ਪ੍ਰੇਮਿਆ ਅੱਗੇ ਖੋਲ੍ਹ ਦਿੱਤਾ ਅਤੇ ਆਪਣੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਦੇ ਕਾਰਨ ਅਤੇ ਤੇਰੇ ਬੱਚਿਆਂ ਦੇ ਲਹੂ ਦੇ ਕਾਰਨ ਜੋ ਤੂੰ ਉਹਨਾਂ ਦੇ ਅੱਗੇ ਚੜ੍ਹਾਇਆ, ਇਸ ਲਈ ਮੈਂ ਤੇਰੇ ਸਾਰੇ ਪ੍ਰੇਮੀਆਂ ਨੂੰ ਇਕੱਠਾ ਕਰਨ ਜਾ ਰਿਹਾ ਹਾਂ, ਜਿਨ੍ਹਾਂ ਨਾਲ ਤੂੰ ਸੰਬੰਧ ਬਣਾਏ, ਜਿਨ੍ਹਾਂ ਨੂੰ ਤੂੰ ਪਿਆਰ ਕੀਤਾ ਅਤੇ ਜਿਨ੍ਹਾਂ ਨੂੰ ਤੂੰ ਨਫ਼ਰਤ ਕੀਤੀ। ਮੈਂ ਉਹਨਾਂ ਨੂੰ ਚਾਰੇ ਪਾਸਿਓਂ ਤੇਰੇ ਵਿਰੁੱਧ ਇਕੱਠਾ ਕਰਾਂਗਾ ਅਤੇ ਉਹਨਾਂ ਦੇ ਸਾਹਮਣੇ ਮੈਂ ਤੇਰਾ ਪੜਦਾ ਖੋਲ੍ਹਾਂਗਾ ਤਾਂ ਜੋ ਉਹ ਤੇਰੇ ਨੰਗੇਜ ਨੂੰ ਵੇਖਣ। ਮੈਂ ਤੇਰਾ ਨਿਆਂ ਕਰਾਂਗਾ, ਜਿਵੇਂ ਵਿਭਚਾਰਨ ਔਰਤ ਦਾ ਅਤੇ ਲਹੂ ਵਗਦੀ ਔਰਤ ਦਾ ਨਿਆਂ ਕੀਤਾ ਜਾਂਦਾ ਹੈ ਅਤੇ ਮੈਂ ਕਹਿਰ ਅਤੇ ਅਣਖ ਦਾ ਲਹੂ ਤੇਰੇ ਉੱਤੇ ਲਿਆਵਾਂਗਾ। ਫਿਰ ਮੈਂ ਤੈਨੂੰ ਤੇਰੇ ਪ੍ਰੇਮੀਆਂ ਦੇ ਹਵਾਲੇ ਕਰ ਦਿਆਂਗਾ, ਅਤੇ ਉਹ ਤੇਰੇ ਟਿੱਲੇ ਢਾਹ ਦੇਣਗੇ ਅਤੇ ਤੇਰੇ ਉੱਚੇ ਸਥਾਨਾਂ ਨੂੰ ਤਬਾਹ ਕਰ ਦੇਣਗੇ। ਉਹ ਤੇਰੇ ਕੱਪੜੇ ਉਤਾਰ ਦੇਣਗੇ ਅਤੇ ਤੇਰੇ ਸਭ ਤੋਂ ਵਧੀਆ ਗਹਿਣੇ ਲੈ ਜਾਣਗੇ ਅਤੇ ਤੈਨੂੰ ਪੂਰੀ ਤਰ੍ਹਾਂ ਨੰਗਾ ਛੱਡ ਦੇਣਗੇ। ਉਹ ਤੇਰੇ ਵਿਰੁੱਧ ਇੱਕ ਭੀੜ ਲਿਆਉਣਗੇ, ਜੋ ਤੈਨੂੰ ਪੱਥਰ ਮਾਰਨਗੇ ਅਤੇ ਆਪਣੀਆਂ ਤਲਵਾਰਾਂ ਨਾਲ ਤੇਰੇ ਟੁਕੜੇ-ਟੁਕੜੇ ਕਰਨਗੇ। ਉਹ ਤੇਰੇ ਘਰਾਂ ਨੂੰ ਸਾੜ ਦੇਣਗੇ ਅਤੇ ਬਹੁਤ ਸਾਰੀਆਂ ਔਰਤਾਂ ਦੇ ਸਾਹਮਣੇ ਤੈਨੂੰ ਸਜ਼ਾ ਦੇਣਗੇ। ਮੈਂ ਤੇਰੇ ਵਿਭਚਾਰ ਨੂੰ ਰੋਕ ਦਿਆਂਗਾ, ਅਤੇ ਤੂੰ ਹੁਣ ਆਪਣੇ ਪ੍ਰੇਮੀਆਂ ਨੂੰ ਭੁਗਤਾਨ ਨਹੀਂ ਕਰੇਂਗਾ। ਫਿਰ ਤੇਰੇ ਵਿਰੁੱਧ ਮੇਰਾ ਕ੍ਰੋਧ ਘੱਟ ਜਾਵੇਗਾ ਅਤੇ ਮੇਰਾ ਈਰਖਾਲੂ ਕ੍ਰੋਧ ਤੇਰੇ ਤੋਂ ਹਟ ਜਾਵੇਗਾ। ਮੈਂ ਸ਼ਾਂਤ ਰਹਾਂਗਾ ਅਤੇ ਹੁਣ ਗੁੱਸੇ ਨਹੀਂ ਹੋਵਾਂਗਾ।
“ ‘ਕਿਉਂਕਿ ਤੂੰ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਨਹੀਂ ਕੀਤਾ ਪਰ ਇਨ੍ਹਾਂ ਸਾਰੀਆਂ ਗੱਲਾਂ ਨਾਲ ਮੈਨੂੰ ਕ੍ਰੋਧਿਤ ਕੀਤਾ, ਮੈਂ ਤੇਰੇ ਸਿਰ ਉੱਤੇ ਜੋ ਕੁਝ ਤੂੰ ਕੀਤਾ ਹੈ ਉਹ ਜ਼ਰੂਰ ਹੇਠਾਂ ਲਿਆਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਕੀ ਤੂੰ ਆਪਣੇ ਹੋਰ ਸਾਰੇ ਘਿਣਾਉਣੇ ਕੰਮਾਂ ਵਿੱਚ ਅਸ਼ਲੀਲਤਾ ਨਹੀਂ ਜੋੜੀ?
“ ‘ਸਾਰੇ ਕਹਾਉਤਾਂ ਆਖਣ ਵਾਲੇ ਤੇਰੇ ਵਿਰੁੱਧ ਇਹ ਕਹਾਵਤ ਆਖਣਗੇ ਕਿ “ਜਿਵੇਂ ਦੀ ਮਾਂ ਉਸੇ ਤਰ੍ਹਾਂ ਦੀ ਧੀ।” ਤੂੰ ਆਪਣੀ ਮਾਂ ਦੀ ਸੱਚੀ ਧੀ ਹੈ, ਜਿਸ ਨੇ ਆਪਣੇ ਪਤੀ ਅਤੇ ਆਪਣੇ ਬੱਚਿਆਂ ਨੂੰ ਤੁੱਛ ਸਮਝਿਆ; ਅਤੇ ਤੂੰ ਆਪਣੀਆਂ ਭੈਣਾਂ ਦੀ ਸੱਚੀ ਭੈਣ ਹੈ, ਜਿਸ ਨੇ ਆਪਣੇ ਪਤੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਤੁੱਛ ਸਮਝਿਆ ਸੀ। ਤੇਰੀ ਮਾਤਾ ਹਿੱਤੀ ਸੀ ਅਤੇ ਤੇਰਾ ਪਿਤਾ ਅਮੋਰੀ ਸੀ। ਤੇਰੀ ਵੱਡੀ ਭੈਣ ਸਾਮਰਿਯਾ ਹੈ, ਜੋ ਤੇਰੇ ਖੱਬੇ ਪਾਸੇ ਵੱਸਦੀ ਹੈ, ਉਹ ਅਤੇ ਉਹ ਦੀਆਂ ਧੀਆਂ, ਅਤੇ ਤੇਰੀ ਛੋਟੀ ਭੈਣ ਜੋ ਤੇਰੇ ਸੱਜੇ ਪਾਸੇ ਵੱਸਦੀ ਹੈ, ਸੋਦੋਮ ਅਤੇ ਉਸ ਦੀਆਂ ਧੀਆਂ ਹਨ। ਤੂੰ ਕੇਵਲ ਉਹਨਾਂ ਦੇ ਰਾਹਾਂ ਉੱਤੇ ਨਹੀਂ ਤੁਰ੍ਹੀ ਅਤੇ ਕੇਵਲ ਉਹਨਾਂ ਵਰਗੇ ਘਿਣਾਉਣੇ ਕੰਮ ਨਹੀਂ ਕੀਤੇ, ਜਾਣੋ ਇਹ ਤਾਂ ਇੱਕ ਨਿੱਕੀ ਜਿਹੀ ਗੱਲ ਸੀ, ਸਗੋਂ ਤੂੰ ਉਹਨਾਂ ਨਾਲੋਂ ਆਪਣਿਆਂ ਸਾਰਿਆਂ ਮਾਰਗਾਂ ਵਿੱਚ ਬਹੁਤ ਭੈੜੀ ਨਿੱਕਲੀ। ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ ਕਿ ਮੈਂ ਜਿਉਂਦਾ ਹਾਂ, ਸੱਚਮੁੱਚ, ਤੇਰੀ ਭੈਣ ਸੋਦੋਮ ਅਤੇ ਉਸ ਦੀਆਂ ਧੀਆਂ ਨੇ ਕਦੇ ਵੀ ਉਹ ਨਹੀਂ ਕੀਤਾ ਜੋ ਤੂੰ ਅਤੇ ਤੇਰੀਆਂ ਧੀਆਂ ਨੇ ਕੀਤਾ ਹੈ।
“ ‘ਹੁਣ ਤੇਰੀ ਭੈਣ ਸੋਦੋਮ ਦਾ ਇਹ ਪਾਪ ਸੀ: ਉਹ ਅਤੇ ਉਸ ਦੀਆਂ ਧੀਆਂ ਹੰਕਾਰੀ, ਬਹੁਤ ਜ਼ਿਆਦਾ ਅਤੇ ਬੇਫਿਕਰ ਸਨ; ਉਹਨਾਂ ਨੇ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਨਹੀਂ ਕੀਤੀ। ਉਹ ਹੰਕਾਰੀ ਸਨ ਅਤੇ ਮੇਰੇ ਸਾਹਮਣੇ ਘਿਣਾਉਣੀਆਂ ਗੱਲਾਂ ਕਰਦੀਆਂ ਸਨ। ਇਸ ਲਈ ਮੈਂ ਉਹਨਾਂ ਨੂੰ ਦੂਰ ਕਰ ਦਿੱਤਾ ਜਿਵੇਂ ਤੂੰ ਦੇਖਿਆ ਹੈ। ਸਾਮਰਿਯਾ ਨੇ ਤੇਰੇ ਨਾਲੋਂ ਅੱਧੇ ਪਾਪ ਵੀ ਨਹੀਂ ਕੀਤੇ। ਤੂੰ ਉਹਨਾਂ ਨਾਲੋਂ ਵੀ ਵੱਧ ਘਿਣਾਉਣੇ ਕੰਮ ਕੀਤੇ ਹਨ, ਅਤੇ ਆਪਣੀਆਂ ਭੈਣਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੁਆਰਾ ਧਰਮੀ ਬਣਾਇਆ ਹੈ। ਇਸ ਲਈ ਤੂੰ ਆਪ ਜੋ ਆਪਣੀਆਂ ਭੈਣਾਂ ਨੂੰ ਦੋਸ਼ੀ ਠਹਿਰਉਂਦੀ ਹੈ, ਇਹਨਾਂ ਪਾਪਾਂ ਦੇ ਕਾਰਨ ਜੋ ਤੂੰ ਕੀਤੇ, ਜੋ ਉਹਨਾਂ ਦੇ ਪਾਪਾਂ ਨਾਲੋਂ ਬਹੁਤ ਘਿਣਾਉਣੇ ਹਨ, ਤੂੰ ਸ਼ਰਮਿੰਦੀ ਹੋ। ਉਹ ਤੇਰੇ ਨਾਲੋਂ ਧਰਮੀ ਹਨ, ਇਸ ਲਈ ਤੂੰ ਸ਼ਰਮਿੰਦੀ ਹੋ ਅਤੇ ਸ਼ਰਮ ਕਰ ਕਿਉਂ ਜੋ ਤੇਰੀਆਂ ਭੈਣਾਂ ਤੇਰੇ ਨਾਲੋਂ ਧਰਮੀ ਜਾਪਦੀਆਂ ਹਨ।
“ ‘ਪਰ ਮੈਂ ਸੋਦੋਮ ਅਤੇ ਉਸ ਦੀਆਂ ਧੀਆਂ ਅਤੇ ਸਾਮਰਿਯਾ ਅਤੇ ਉਸ ਦੀਆਂ ਧੀਆਂ ਅਤੇ ਤੇਰੀ ਕਿਸਮਤ ਨੂੰ ਉਹਨਾਂ ਦੇ ਨਾਲ ਬਹਾਲ ਕਰ ਦਿਆਂਗਾ, ਤਾਂ ਜੋ ਤੁਸੀਂ ਆਪਣੀ ਬੇਇੱਜ਼ਤੀ ਆਪ ਝੱਲ ਸਕੇ ਅਤੇ ਉਹਨਾਂ ਨੂੰ ਦਿਲਾਸਾ ਦੇਣ ਲਈ ਜੋ ਕੁਝ ਕੀਤਾ ਹੈ ਉਸ ਤੋਂ ਸ਼ਰਮਿੰਦਾ ਹੋਵੋ। ਤੇਰੀਆਂ ਭੈਣਾਂ ਸੋਦੋਮ ਅਤੇ ਸਾਮਰਿਯਾ ਆਪਣੀਆਂ ਧੀਆਂ ਸਮੇਤ ਮੁੜ ਪਹਿਲੀ ਹਾਲਤ ਤੇ ਆ ਜਾਣਗੀਆਂ, ਤੂੰ ਅਤੇ ਤੇਰੀਆਂ ਧੀਆਂ ਮੁੜ ਆਪਣੀ ਪਹਿਲੀ ਹਾਲਤ ਤੇ ਆ ਜਾਣਗੀਆਂ। ਤੂੰ ਆਪਣੇ ਘਮੰਡ ਦੇ ਦਿਨਾਂ ਵਿੱਚ ਆਪਣੀ ਭੈਣ ਸੋਦੋਮ ਦਾ ਨਾਮ ਆਪਣੇ ਮੂੰਹ ਨਾਲ ਨਹੀਂ ਲੈਂਦੀ ਸੀ ਆਪਣੀ ਦੁਸ਼ਟਤਾ ਦੇ ਪਰਦਾਫਾਸ਼ ਹੋਣ ਤੋਂ ਪਹਿਲਾਂ, ਅਰਾਮ ਦੀਆਂ ਧੀਆਂ ਨੇ ਅਤੇ ਉਹਨਾਂ ਸਾਰੀਆਂ ਨੇ ਜੋ ਉਹਨਾਂ ਦੇ ਆਲੇ-ਦੁਆਲੇ ਸਨ ਤੈਨੂੰ ਨਫ਼ਰਤ ਕੀਤੀ ਅਤੇ ਫ਼ਲਿਸਤੀਆਂ ਦੀਆਂ ਧੀਆਂ ਨੇ ਚਾਰੇ ਪਾਸਿਓਂ ਤੋਂ ਤੈਨੂੰ ਬੁਰਾ ਆਖਿਆ। ਤੂੰ ਆਪਣੇ ਲੁੱਚ-ਪੁਣੇ ਨੂੰ ਅਤੇ ਘਿਰਣਾ ਜੋਗ ਕੰਮਾਂ ਨੂੰ ਚੁੱਕਿਆ ਹੈ, ਯਾਹਵੇਹ ਦਾ ਐਲਾਨ ਹੈ।
“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਤੇਰੇ ਨਾਲ ਇਹੋ ਜਿਹਾ ਵਰਤਾਓ ਕਰਾਂਗਾ ਜਿਹੋ ਜਿਹੇ ਕੰਮ ਤੂੰ ਕੀਤੇ, ਇਸ ਲਈ ਕਿ ਤੂੰ ਨੇਮ ਦੇ ਤੋੜਨ ਵਿੱਚ ਸਹੁੰ ਨੂੰ ਤੁੱਛ ਸਮਝਿਆ। ਫਿਰ ਵੀ ਮੈਂ ਉਸ ਨੇਮ ਨੂੰ ਚੇਤੇ ਰੱਖਾਂਗਾ ਜੋ ਮੈਂ ਤੇਰੇ ਨਾਲ ਤੇਰੀ ਜਵਾਨੀ ਦੇ ਦਿਨਾਂ ਵਿੱਚ ਕੀਤਾ ਸੀ, ਅਤੇ ਮੈਂ ਤੇਰੇ ਨਾਲ ਇੱਕ ਸਦੀਵੀ ਨੇਮ ਕਾਇਮ ਕਰਾਂਗਾ। ਜਦੋਂ ਤੂੰ ਆਪਣੀ ਛੋਟੀ ਤੇ ਵੱਡੀ ਭੈਣ ਨੂੰ ਆਪਣੇ ਨਾਲ ਮਿਲਾਵੇਂਗੀ, ਤਦ ਤੂੰ ਆਪਣੀਆਂ ਪਿੱਛਲੀਆਂ ਚਾਲਾਂ ਨੂੰ ਚੇਤੇ ਕਰਕੇ ਸ਼ਰਮਿੰਦਾ ਹੋਵੇਗੀ ਅਤੇ ਮੈਂ ਉਹਨਾਂ ਨੂੰ ਧੀਆਂ ਕਰਕੇ ਤੈਨੂੰ ਦਿਆਂਗਾ, ਪਰ ਇਹ ਤੇਰੇ ਨੇਮ ਦੇ ਅਨੁਸਾਰ ਨਹੀਂ ਹੈ। ਇਸ ਲਈ ਮੈਂ ਤੇਰੇ ਨਾਲ ਆਪਣਾ ਨੇਮ ਕਾਇਮ ਕਰਾਂਗਾ, ਅਤੇ ਤੂੰ ਜਾਣੇਗੀ ਕਿ ਮੈਂ ਯਾਹਵੇਹ ਹਾਂ। ਫਿਰ, ਜਦੋਂ ਮੈਂ ਤੇਰੇ ਲਈ ਤੇਰੇ ਕੀਤੇ ਸਾਰੇ ਕੰਮਾਂ ਲਈ ਪ੍ਰਾਸਚਿਤ ਕਰਾਂਗਾ, ਤਾਂ ਤੂੰ ਚੇਤੇ ਕਰੇਗੀ ਅਤੇ ਸ਼ਰਮਿੰਦਾ ਹੋਵੋਗੇ ਅਤੇ ਆਪਣੀ ਬੇਇੱਜ਼ਤੀ ਦੇ ਕਾਰਨ ਕਦੇ ਵੀ ਆਪਣਾ ਮੂੰਹ ਨਹੀਂ ਖੋਲ੍ਹੋਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.