Biblica® Open Punjabi Contemporary Version 2025
ਹਿਜ਼ਕੀਏਲ 13
ਝੂਠੇ ਨਬੀਆਂ ਦੀ ਨਿੰਦਾ ਕੀਤੀ ਗਈ
ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਨਬੀ ਜਿਹੜੇ ਭਵਿੱਖਬਾਣੀ ਕਰਦੇ ਹਨ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਜੋ ਆਪਣੇ ਹੀ ਮਨ ਤੋਂ ਭਵਿੱਖਬਾਣੀ ਕਰਦੇ ਹਨ ਤੂੰ ਉਹਨਾਂ ਨੂੰ ਆਖ, ‘ਕਿ ਯਾਹਵੇਹ ਦਾ ਬਚਨ ਸੁਣੋ! ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਮੂਰਖ ਨਬੀਆਂ ਉੱਤੇ ਹਾਏ ਹਾਏ! ਜਿਹੜੇ ਆਪਣੀ ਆਤਮਾ ਦੀ ਪਾਲਣਾ ਕਰਦੇ ਹਨ ਅਤੇ ਉਹਨਾਂ ਨੇ ਕੁਝ ਨਹੀਂ ਵੇਖਿਆ! ਇਸਰਾਏਲ, ਤੁਹਾਡੇ ਨਬੀ ਉਹਨਾਂ ਲੂੰਬੜੀਆਂ ਵਰਗੇ ਸਨ, ਜਿਹੜੀਆਂ ਉਜਾੜਾਂ ਵਿੱਚ ਰਹਿੰਦੀਆਂ ਹਨ। ਤੁਸੀਂ ਇਸਰਾਏਲ ਦੇ ਲੋਕਾਂ ਲਈ ਇਸ ਕੰਧ ਦੀਆਂ ਤਰੇੜਾ ਦੀ ਮੁਰੰਮਤ ਕਰਨ ਲਈ ਉੱਪਰ ਨਹੀਂ ਗਏ ਤਾਂ ਜੋ ਇਹ ਯਾਹਵੇਹ ਦੇ ਦਿਨ ਦੀ ਲੜਾਈ ਵਿੱਚ ਮਜ਼ਬੂਤ ਰਹੇ। ਉਹਨਾਂ ਨੇ ਝੂਠੇ ਦਰਸ਼ਣ ਵੇਖੇ ਅਤੇ ਉਹਨਾਂ ਨੇ ਝੂਠੀਆਂ ਭਵਿੱਖਬਾਣੀਆਂ ਕੀਤੀਆਂ। ਹਾਲਾਂਕਿ ਯਾਹਵੇਹ ਨੇ ਉਹਨਾਂ ਨੂੰ ਨਹੀਂ ਭੇਜਿਆ ਪਰ ਫਿਰ ਵੀ ਉਹ ਕਹਿੰਦੇ ਹਨ, “ਯਾਹਵੇਹ ਇਹ ਘੋਸ਼ਣਾ ਕਰਦਾ ਹੈ,” ਅਤੇ ਉਹ ਲੋਕਾਂ ਨੂੰ ਆਸ ਦਿਵਾਉਂਦੇ ਹਨ ਕਿ ਉਹਨਾਂ ਦੀ ਭਵਿੱਖਬਾਣੀ ਪੂਰੀ ਹੋ ਜਾਵੇਗੀ। ਕੀ ਤੁਸੀਂ ਝੂਠੇ ਦਰਸ਼ਣ ਨਹੀਂ ਵੇਖੇ ਅਤੇ ਝੂਠੀਆਂ ਗੱਲਾਂ ਨਹੀਂ ਕੀਤੀਆਂ ਜਦੋਂ ਤੁਸੀਂ ਕਹਿੰਦੇ ਹੋ, “ਯਾਹਵੇਹ ਦਾ ਵਾਕ ਹੈ,” ਭਾਵੇਂ ਮੈਂ ਨਹੀਂ ਬੋਲਿਆ?
“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਤੁਹਾਡੇ ਝੂਠੇ ਸ਼ਬਦਾਂ ਅਤੇ ਝੂਠੇ ਦਰਸ਼ਣਾ ਦੇ ਕਾਰਨ, ਮੈਂ ਤੁਹਾਡੇ ਵਿਰੁੱਧ ਹਾਂ, ਯਾਹਵੇਹ ਦਾ ਵਾਕ ਹੈ। ਮੇਰਾ ਹੱਥ ਉਹਨਾਂ ਨਬੀਆਂ ਦੇ ਵਿਰੁੱਧ ਹੋਵੇਗਾ ਜੋ ਝੂਠੇ ਦਰਸ਼ਣ ਵੇਖਦੇ ਅਤੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ। ਉਹ ਨਾ ਤਾਂ ਮੇਰੀ ਪਰਜਾ ਦੀ ਸਭਾ ਵਿੱਚ ਸ਼ਾਮਲ ਹੋਣਗੇ, ਨਾ ਇਸਰਾਏਲ ਦੇ ਲੇਖੇ ਵਿੱਚ ਦਰਜ ਹੋਣਗੇ, ਨਾ ਉਹ ਇਸਰਾਏਲ ਦੀ ਧਰਤੀ ਵਿੱਚ ਵੜਨਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਸਰਬਸ਼ਕਤੀਮਾਨ ਯਾਹਵੇਹ ਹਾਂ।
“ ‘ਕਿਉਂਕਿ ਉਹ ਮੇਰੇ ਲੋਕਾਂ ਨੂੰ ਇਹ ਕਹਿ ਕੇ ਕੁਰਾਹੇ ਪਾਉਂਦੇ ਹਨ, “ਸ਼ਾਂਤੀ,” ਜਦੋਂ ਸ਼ਾਂਤੀ ਨਹੀਂ ਹੁੰਦੀ, ਅਤੇ ਜਦੋਂ ਕੋਈ ਕੰਧ ਬਣਾਉਂਦਾ ਹੈ, ਤਾਂ ਉਹ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ, ਉਹਨਾਂ ਨੂੰ ਜੋ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ ਆਖ, ਉਹ ਡਿੱਗ ਪਏਗੀ। ਕਿਉਂ ਜੋ ਮੋਹਲੇਧਾਰ ਵਰਖਾ ਪਵੇਗੀ ਅਤੇ ਵੱਡੇ-ਵੱਡੇ ਗੜੇ ਪੈਣਗੇ ਅਤੇ ਹਨੇਰੀ ਉਹ ਨੂੰ ਡੇਗ ਦੇਵੇਗੀ। ਜਦੋਂ ਕੰਧ ਢਹਿ ਜਾਵੇਗੀ, ਤਾਂ ਕੀ ਲੋਕ ਤੁਹਾਨੂੰ ਨਹੀਂ ਪੁੱਛਣਗੇ, “ਉਹ ਲਿਪਾਈ ਕਿੱਥੇ ਹੈ ਜਿਹੜੀ ਤੁਸੀਂ ਉਸ ਉੱਤੇ ਕੀਤੀ ਸੀ?”
“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਮੈਂ ਆਪਣੇ ਕਹਿਰ ਦੇ ਜ਼ੋਰ ਦੀ ਹਨੇਰੀ ਨਾਲ ਉਹ ਨੂੰ ਭੰਨ ਸੁੱਟਾਂਗਾ, ਮੇਰੇ ਕਹਿਰ ਕਰਕੇ ਛਮ-ਛਮ ਵਰਖਾ ਵਰ੍ਹੇਗੀ ਅਤੇ ਮੇਰੇ ਕਹਿਰ ਦੇ ਵੱਡੇ ਗੜੇ ਪੈਣਗੇ, ਤਾਂ ਜੋ ਉਹ ਨੂੰ ਪੂਰੀ ਤਰ੍ਹਾਂ ਨਾਸ ਕਰ ਦੇਣ। ਇਸ ਲਈ ਮੈਂ ਉਸ ਕੰਧ ਨੂੰ ਜਿਸ ਉੱਤੇ ਤੁਸੀਂ ਕੱਚੀ ਲਿਪਾਈ ਕੀਤੀ ਸੀ, ਤੋੜ ਸੁੱਟਾਂਗਾ ਅਤੇ ਧਰਤੀ ਤੇ ਢਾਹ ਦਿਆਂਗਾ ਇੱਥੋਂ ਤੱਕ ਕਿ ਉਹ ਦੀਆਂ ਨੀਹਾਂ ਨੰਗੀਆਂ ਹੋ ਜਾਣਗੀਆਂ, ਹਾਂ, ਉਹ ਡਿੱਗੇਗੀ ਅਤੇ ਤੁਸੀਂ ਉਸੇ ਵਿੱਚ ਮਾਰੇ ਜਾਓਗੇ, ਤਦ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ। ਮੈਂ ਆਪਣਾ ਕਹਿਰ ਉਸ ਕੰਧ ਉੱਤੇ ਅਤੇ ਉਹਨਾਂ ਉੱਤੇ ਜਿਹਨਾਂ ਨੇ ਉਸ ਉੱਤੇ ਕੱਚੀ ਲਿਪਾਈ ਕੀਤੀ, ਪੂਰਾ ਕਰਾਂਗਾ। ਤਦ ਮੈਂ ਤੁਹਾਨੂੰ ਆਖਾਂਗਾ, “ਕਿ ਨਾ ਕੰਧ ਰਹੀ ਅਤੇ ਨਾ ਉਹ ਰਹੇ ਜਿਹਨਾਂ ਨੇ ਉਸ ਉੱਤੇ ਕੱਚੀ ਲਿਪਾਈ ਕੀਤੀ, ਇਸਰਾਏਲ ਦੇ ਉਹ ਨਬੀਆਂ ਜਿਨ੍ਹਾਂ ਨੇ ਯੇਰੂਸ਼ਲੇਮ ਲਈ ਭਵਿੱਖਬਾਣੀ ਕੀਤੀ ਅਤੇ ਉਸ ਲਈ ਸ਼ਾਂਤੀ ਦੇ ਦਰਸ਼ਨ ਦੇਖੇ ਜਦੋਂ ਉੱਥੇ ਸ਼ਾਂਤੀ ਨਹੀਂ ਸੀ, ਯਾਹਵੇਹ ਦਾ ਵਾਕ ਹੈ।” ’
“ਹੁਣ, ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀਆਂ ਧੀਆਂ ਵੱਲ ਜਿਹੜੀਆਂ ਮਨ ਘੜਤ ਗੱਲਾਂ ਬਣਾ ਕੇ ਭਵਿੱਖਬਾਣੀ ਕਰਦੀਆਂ ਹਨ, ਮੂੰਹ ਮੋੜ ਅਤੇ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ। ਅਤੇ ਆਖ ਕਿ ਪ੍ਰਭੂ ਯਾਹਵੇਹ ਇਹ ਆਖਦਾ ਹੈ ਕਿ ਤੁਹਾਡੇ ਉੱਤੇ ਅਫ਼ਸੋਸ! ਜੋ ਆਪਣਿਆਂ ਡੋਲਿਆਂ ਉੱਤੇ ਜਾਦੂ ਦੇ ਤਾਬੀਜ਼ ਬੰਨ੍ਹਦੀਆਂ ਹਨ ਅਤੇ ਹਰ ਕੱਦ ਦੇ ਅਨੁਸਾਰ ਸਿਰ ਦੇ ਲਈ ਬੁਰਕੇ ਬਣਾਉਂਦੀਆਂ ਹੋ, ਤਾਂ ਜੋ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰ ਸਕਣ। ਕੀ ਤੁਸੀਂ ਮੇਰੇ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰੋਗੀਆਂ? ਅਤੇ ਆਪਣੀ ਜਾਨ ਬਚਾਓਗੀਆਂ? ਤੂੰ ਮੇਰੇ ਲੋਕਾਂ ਵਿੱਚ ਕੁਝ ਮੁੱਠੀ ਜੌਂ ਅਤੇ ਰੋਟੀਆਂ ਦੇ ਟੁਕੜਿਆਂ ਲਈ ਮੈਨੂੰ ਅਪਵਿੱਤਰ ਕੀਤਾ ਹੈ। ਝੂਠ ਸੁਣਨ ਵਾਲੇ ਮੇਰੇ ਲੋਕਾਂ ਨੂੰ ਝੂਠ ਬੋਲ ਕੇ, ਤੁਸੀਂ ਉਹਨਾਂ ਨੂੰ ਮਾਰ ਦਿੱਤਾ ਹੈ ਜਿਨ੍ਹਾਂ ਨੂੰ ਨਹੀਂ ਮਰਨਾ ਚਾਹੀਦਾ ਸੀ ਅਤੇ ਜਿਨ੍ਹਾਂ ਨੂੰ ਜੀਣਾ ਨਹੀਂ ਚਾਹੀਦਾ ਸੀ, ਉਹਨਾਂ ਨੂੰ ਬਖਸ਼ਿਆ ਹੈ।
“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਮੈਂ ਤੁਹਾਡੇ ਤਵੀਜ਼ਾ ਦੇ ਵਿਰੁੱਧ ਹਾਂ, ਜਿਹਨਾਂ ਨਾਲ ਤੁਸੀਂ ਜਾਨਾਂ ਨੂੰ ਪੰਛੀਆਂ ਵਾਂਗੂੰ ਫਾਹ ਲੈਂਦੀਆਂ ਹੋ ਅਤੇ ਮੈਂ ਉਹਨਾਂ ਨੂੰ ਤੁਹਾਡਿਆਂ ਡੋਲਿਆ ਤੋਂ ਪਾੜ ਸੁੱਟਾਂਗਾ ਅਤੇ ਉਹਨਾਂ ਜਾਨਾਂ ਨੂੰ ਜਿਹਨਾਂ ਨੂੰ ਤੁਸੀਂ ਪੰਛੀਆਂ ਵਾਂਗੂੰ ਫਾਹ ਲੈਂਦੀਆਂ ਹੋ, ਛੁਡਾ ਦਿਆਂਗਾ। ਮੈਂ ਤੇਰੇ ਪਰਦੇ ਪਾੜਾਂਗਾ ਅਤੇ ਆਪਣੇ ਲੋਕਾਂ ਨੂੰ ਤੇਰੇ ਹੱਥੋਂ ਬਚਾਵਾਂਗਾ, ਅਤੇ ਉਹ ਫੇਰ ਤੇਰੀ ਸ਼ਕਤੀ ਦਾ ਸ਼ਿਕਾਰ ਨਹੀਂ ਹੋਣਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ। ਇਸ ਲਈ ਕਿ ਤੁਸੀਂ ਝੂਠ ਮਾਰ ਕੇ ਧਰਮੀ ਦੇ ਦਿਲ ਨੂੰ ਉਦਾਸ ਕੀਤਾ ਹੈ, ਜਿਹ ਨੂੰ ਮੈਂ ਦੁੱਖੀ ਨਹੀਂ ਕੀਤਾ ਅਤੇ ਤੁਸੀਂ ਦੁਸ਼ਟ ਦੇ ਹੱਥ ਨੂੰ ਤਕੜਾ ਕੀਤਾ, ਤਾਂ ਜੋ ਉਹ ਆਪਣੀ ਜਾਨ ਬਚਾਉਣ ਲਈ ਆਪਣੇ ਬੁਰੇ ਰਾਹ ਤੋਂ ਨਾ ਮੁੜੇ, ਇਸ ਲਈ ਤੁਸੀਂ ਹੁਣ ਝੂਠੇ ਦਰਸ਼ਣ ਜਾਂ ਭਵਿੱਖਬਾਣੀ ਨਹੀਂ ਵੇਖੋਂਗੇ। ਮੈਂ ਆਪਣੇ ਲੋਕਾਂ ਨੂੰ ਤੇਰੇ ਹੱਥੋਂ ਬਚਾਵਾਂਗਾ ਅਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’ ”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.