Skip to content
BibleKenya

Biblica® Open Punjabi Contemporary Version 2025

ਹਿਜ਼ਕੀਏਲ 12

ਗੁਲਾਮੀ ਦਾ ਪ੍ਰਤੀਕ

ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਹੇ ਮਨੁੱਖ ਦੇ ਪੁੱਤਰ, ਤੂੰ ਬਾਗ਼ੀ ਲੋਕਾਂ ਵਿੱਚ ਰਹਿ ਰਿਹਾ ਹੈ। ਜਿਹਨਾਂ ਦੀਆਂ ਅੱਖਾਂ ਹਨ ਕਿ ਉਹ ਵੇਖਣ ਪਰ ਉਹ ਨਹੀਂ ਵੇਖਦੇ ਅਤੇ ਉਹਨਾਂ ਦੇ ਕੰਨ ਹਨ ਕਿ ਉਹ ਸੁਣਨ ਪਰ ਉਹ ਨਹੀਂ ਸੁਣਦੇ, ਕਿਉਂ ਜੋ ਉਹ ਵਿਦਰੋਹੀ ਘਰਾਣਾ ਹੈ।

“ਇਸ ਲਈ, ਹੇ ਮਨੁੱਖ ਦੇ ਪੁੱਤਰ, ਦੇਸ ਨਿਕਾਲੇ ਲਈ ਸਮਾਨ ਬੰਨ੍ਹ ਅਤੇ ਦਿਨ ਨੂੰ ਉਹਨਾਂ ਦੇ ਵੇਖਦਿਆਂ ਦੇਸੋਂ ਨਿੱਕਲ ਜਾ। ਤੂੰ ਉਹਨਾਂ ਦੇ ਸਾਹਮਣੇ ਆਪਣੇ ਸਥਾਨ ਤੋਂ ਦੂਜੇ ਸਥਾਨ ਵੱਲ ਦੇਸ ਨਿਕਾਲੇ ਵਾਂਗੂੰ ਨਿੱਕਲ ਜਾ। ਸ਼ਾਇਦ ਉਹ ਵੇਖਣ, ਪਰ ਉਹ ਤਾਂ ਇੱਕ ਵਿਦਰੋਹੀ ਘਰਾਣਾ ਹੈ। ਤੂੰ ਦਿਨ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆਪਣਾ ਸਮਾਨ ਬਾਹਰ ਕੱਢ, ਜਿਵੇਂ ਦੇਸ ਨਿਕਾਲੇ ਦਾ ਸਮਾਨ ਅਤੇ ਸ਼ਾਮ ਨੂੰ ਉਹਨਾਂ ਦੇ ਸਾਹਮਣੇ ਉਹਨਾਂ ਵਾਂਗੂੰ ਨਿੱਕਲ ਜਾ, ਜੋ ਗੁਲਾਮੀ ਲਈ ਨਿੱਕਲ ਜਾਂ, ਜਿਵੇਂ ਦੇਸ ਨਿਕਾਲੇ ਦਾ ਸਮਾਨ ਅਤੇ ਸ਼ਾਮ ਨੂੰ ਉਹਨਾਂ ਦੇ ਸਾਹਮਣੇ ਉਹਨਾਂ ਵਾਂਗੂੰ ਨਿੱਕਲ ਜਾ, ਜੋ ਗੁਲਾਮੀ ਲਈ ਨਿੱਕਲ ਜਾਂਦੇ ਹਨ। ਜਦੋਂ ਉਹ ਵੇਖਦੇ ਹਨ, ਕੰਧ ਨੂੰ ਖੋਦ ਅਤੇ ਇਸ ਰਾਹੀਂ ਆਪਣਾ ਸਮਾਨ ਲੈ ਕੇ ਨਿੱਕਲ ਜਾ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੂੰ ਉਹ ਨੂੰ ਆਪਣੇ ਮੋਢੇ ਤੇ ਚੁੱਕ ਅਤੇ ਹਨ੍ਹੇਰੇ ਵਿੱਚ ਉਹ ਨੂੰ ਕੱਢ ਲੈ ਜਾ। ਤੂੰ ਆਪਣਾ ਚਿਹਰਾ ਢੱਕ ਤਾਂ ਜੋ ਤੂੰ ਦੇਸ ਨੂੰ ਨਾ ਵੇਖ ਸਕੇ, ਕਿਉਂ ਜੋ ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਇੱਕ ਨਿਸ਼ਾਨ ਠਹਿਰਾਇਆ ਹੈ।”

ਇਸ ਲਈ ਜਿਵੇਂ ਮੈਨੂੰ ਹੁਕਮ ਹੋਇਆ ਸੀ, ਮੈਂ ਉਸੇ ਤਰ੍ਹਾਂ ਕੀਤਾ। ਮੈਂ ਦਿਨ ਵੇਲੇ ਆਪਣਾ ਸਮਾਨ ਕੱਢਿਆ ਜਿਵੇਂ ਦੇਸ ਨਿਕਾਲੇ ਲਈ ਕੱਢਦੇ ਹਨ। ਫਿਰ ਸ਼ਾਮ ਨੂੰ ਮੈਂ ਆਪਣੇ ਹੱਥਾਂ ਨਾਲ ਕੰਧ ਖੋਦ ਕੇ। ਮੈਂ ਸ਼ਾਮ ਵੇਲੇ ਆਪਣਾ ਸਮਾਨ ਬਾਹਰ ਕੱਢਿਆ, ਜਦੋਂ ਉਹ ਵੇਖਦੇ ਸਨ, ਉਸ ਨੂੰ ਆਪਣੇ ਮੋਢਿਆਂ ਤੇ ਚੁੱਕ ਲਿਆਂ।

ਸਵੇਰ ਨੂੰ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਹੇ ਮਨੁੱਖ ਦੇ ਪੁੱਤਰ, ਕੀ ਇਸਰਾਏਲ ਦੇ ਘਰਾਣੇ ਨੇ ਜੋ ਵਿਦਰੋਹੀ ਘਰਾਣਾ ਹੈ, ਤੇਰੇ ਕੋਲੋਂ ਇਹ ਨਹੀਂ ਪੁੱਛਿਆ, ‘ਕਿ ਤੂੰ ਕੀ ਕਰਦਾ ਹੈ?’

“ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਹ ਭਵਿੱਖਬਾਣੀ ਯੇਰੂਸ਼ਲੇਮ ਦੇ ਰਾਜਕੁਮਾਰ ਅਤੇ ਉੱਥੇ ਮੌਜੂਦ ਸਾਰੇ ਇਸਰਾਏਲੀਆਂ ਬਾਰੇ ਹੈ।’ ਉਹਨਾਂ ਨੂੰ ਆਖੋ, ‘ਮੈਂ ਤੁਹਾਡੇ ਲਈ ਇੱਕ ਨਿਸ਼ਾਨ ਹਾਂ।’

“ਜਿਵੇਂ ਮੈਂ ਕੀਤਾ ਹੈ, ਉਸੇ ਤਰ੍ਹਾਂ ਹੀ ਉਹਨਾਂ ਨਾਲ ਕੀਤਾ ਜਾਵੇਗਾ। ਉਹ ਗ਼ੁਲਾਮਾਂ ਵਜੋਂ ਗ਼ੁਲਾਮੀ ਵਿੱਚ ਚਲੇ ਜਾਣਗੇ।

“ਉਹਨਾਂ ਵਿੱਚੋਂ ਰਾਜਕੁਮਾਰ ਸ਼ਾਮ ਵੇਲੇ ਆਪਣੀਆਂ ਚੀਜ਼ਾਂ ਆਪਣੇ ਮੋਢੇ ਉੱਤੇ ਰੱਖ ਕੇ ਚਲਾ ਜਾਵੇਗਾ, ਅਤੇ ਉਸ ਦੇ ਲੰਘਣ ਲਈ ਕੰਧ ਵਿੱਚ ਇੱਕ ਟੋਆ ਪੁੱਟਿਆ ਜਾਵੇਗਾ। ਉਹ ਆਪਣਾ ਮੂੰਹ ਢੱਕ ਲਵੇਗਾ ਤਾਂ ਜੋ ਉਹ ਧਰਤੀ ਨੂੰ ਨਾ ਦੇਖ ਸਕੇ। ਮੈਂ ਉਹ ਦੇ ਲਈ ਆਪਣਾ ਜਾਲ ਵਿਛਾਵਾਂਗਾ ਅਤੇ ਉਹ ਮੇਰੇ ਫੰਦੇ ਵਿੱਚ ਫਸ ਜਾਵੇਗਾ। ਮੈਂ ਉਸ ਨੂੰ ਕਸਦੀਆਂ ਦੇ ਦੇਸ਼ ਬਾਬੇਲ ਵਿੱਚ ਲਿਆਵਾਂਗਾ, ਪਰ ਉਹ ਉਸ ਨੂੰ ਨਹੀਂ ਵੇਖੇਗਾ ਅਤੇ ਉੱਥੇ ਉਹ ਮਰ ਜਾਵੇਗਾ। ਮੈਂ ਉਸ ਦੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਅਰਥਾਤ ਉਸ ਦੀ ਲਾਠੀ ਅਤੇ ਉਸ ਦੀਆਂ ਸਾਰੀਆਂ ਫ਼ੌਜਾਂ ਨੂੰ ਹਵਾ ਵਿੱਚ ਖਿਲਾਰ ਦਿਆਂਗਾ ਅਤੇ ਖਿੱਚੀ ਹੋਈ ਤਲਵਾਰ ਨਾਲ ਉਹਨਾਂ ਦਾ ਪਿੱਛਾ ਕਰਾਂਗਾ।

“ਜਦੋਂ ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦੇਵਾਂਗਾ ਤਾਂ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ। ਪਰ ਮੈਂ ਉਹਨਾਂ ਵਿੱਚੋਂ ਥੋੜ੍ਹੇ ਨੂੰ ਤਲਵਾਰ, ਕਾਲ ਅਤੇ ਬਵਾ ਤੋਂ ਬਚਾਵਾਂਗਾ, ਤਾਂ ਜੋ ਉਹਨਾਂ ਕੌਮਾਂ ਵਿੱਚ ਜਿੱਥੇ ਉਹ ਜਾਣ ਉਹਨਾਂ ਦੇ ਸਾਰੇ ਘਿਣਾਉਣੇ ਕੰਮਾਂ ਨੂੰ ਸਵੀਕਾਰ ਕਰਨ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”

ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਹੇ ਮਨੁੱਖ ਦੇ ਪੁੱਤਰ, ਤੂੰ ਆਪਣੀ ਰੋਟੀ ਕੰਬਦੇ ਹੋਏ ਖਾ ਅਤੇ ਕੰਬਦੇ ਹੋਏ ਤੇ ਡਰਦੇ ਹੋਏ ਪਾਣੀ ਪੀ। ਦੇਸ਼ ਦੇ ਲੋਕਾਂ ਨੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਯੇਰੂਸ਼ਲੇਮ ਅਤੇ ਇਸਰਾਏਲ ਦੇ ਦੇਸ਼ ਵਿੱਚ ਰਹਿਣ ਵਾਲਿਆਂ ਬਾਰੇ ਇਹ ਆਖਦਾ ਹੈ: ਕਿ ਉਹ ਆਪਣੀ ਰੋਟੀ ਫ਼ਿਕਰ ਨਾਲ ਖਾਣਗੇ ਅਤੇ ਆਪਣਾ ਪਾਣੀ ਚਿੰਤਾ ਨਾਲ ਪੀਣਗੇ, ਕਿਉਂ ਜੋ ਉਸ ਦਾ ਦੇਸ ਉਹ ਦੇ ਵਾਸੀਆਂ ਦੇ ਜ਼ੁਲਮ ਦੇ ਕਾਰਨ ਉਹ ਦੀ ਭਰਪੂਰੀ ਤੋਂ ਖਾਲੀ ਕੀਤਾ ਜਾਵੇਗਾ। ਵਸੇ ਹੋਏ ਨਗਰ ਉਜਾੜ ਦਿੱਤੇ ਜਾਣਗੇ ਅਤੇ ਜ਼ਮੀਨ ਵਿਰਾਨ ਹੋ ਜਾਵੇਗੀ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’ ”

ਕੋਈ ਦੇਰੀ ਨਹੀਂ ਹੋਵੇਗੀ

ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਹੇ ਮਨੁੱਖ ਦੇ ਪੁੱਤਰ, ਇਸਰਾਏਲੀਆਂ ਦੀ ਭੂਮੀ ਵਿੱਚ ਇਹ ਕਹਾਵਤ ਹੈ, ‘ਕਿ ਸਮਾਂ ਲੰਘਦਾ ਜਾਂਦਾ ਹੈ ਅਤੇ ਹਰ ਦਰਸ਼ਣ ਮਿਟ ਜਾਂਦਾ ਹੈ’? ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ। ਮੈਂ ਇਸ ਕਹਾਵਤ ਨੂੰ ਖਤਮ ਕਰਨ ਜਾ ਰਿਹਾ ਹਾਂ ਅਤੇ ਉਹ ਇਸਰਾਏਲ ਵਿੱਚ ਇਸ ਦਾ ਹਵਾਲਾ ਨਹੀਂ ਦੇਣਗੇ, ਉਹ ਦਿਨ ਨੇੜੇ ਹਨ ਜਦੋਂ ਹਰ ਦਰਸ਼ਣ ਪੂਰਾ ਹੋਵੇਗਾ। ਕਿਉਂ ਜੋ ਅੱਗੇ ਤੋਂ ਇਸਰਾਏਲ ਦੇ ਘਰਾਣੇ ਵਿੱਚ ਕੋਈ ਝੂਠਾ ਦਰਸ਼ਣ ਨਾ ਵੇਖੇਗਾ ਅਤੇ ਚਾਪਲੂਸੀ ਨਾਲ ਵਿਭਾਜਨ ਨਹੀਂ ਹੋਵੇਗਾ। ਪਰ ਮੈਂ ਯਾਹਵੇਹ ਉਹੀ ਕਹਾਂਗਾ ਜੋ ਮੈਂ ਚਾਹਾਂਗਾ ਅਤੇ ਇਹ ਬਿਨਾਂ ਦੇਰ ਕੀਤੇ ਪੂਰਾ ਹੋਵੇਗਾ। ਕਿਉਂ ਜੋ ਤੁਹਾਡੇ ਦਿਨਾਂ ਵਿੱਚ, ਹੇ ਬਾਗ਼ੀ ਲੋਕੋ, ਮੈਂ ਜੋ ਵੀ ਕਹਾਂਗਾ, ਮੈਂ ਉਸ ਨੂੰ ਪੂਰਾ ਕਰਾਂਗਾ, ਸਰਬਸ਼ਕਤੀਮਾਨ ਦਾ ਵਾਕ ਹੈ।’ ”

ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਹੇ ਮਨੁੱਖ ਦੇ ਪੁੱਤਰ, ਇਸਰਾਏਲੀ ਆਖ ਰਹੇ ਹਨ, ‘ਜੋ ਦਰਸ਼ਣ ਉਹ ਵੇਖਦਾ ਹੈ ਉਹ ਹੁਣ ਤੋਂ ਕਈ ਸਾਲਾਂ ਤੋਂ ਹੈ, ਅਤੇ ਉਹ ਦੂਰ ਦੇ ਭਵਿੱਖ ਬਾਰੇ ਭਵਿੱਖਬਾਣੀ ਕਰਦਾ ਹੈ।’

“ਇਸੇ ਲਈ ਆਖੋ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਅੱਗੇ ਲਈ ਮੇਰੀ ਕਿਸੇ ਬਚਨ ਦੇ ਪੂਰੇ ਹੋਣ ਵਿੱਚ ਢਿੱਲ ਨਾ ਪਵੇਗੀ; ਸਗੋਂ ਪ੍ਰਭੂ ਯਾਹਵੇਹ ਦਾ ਵਾਕ ਹੈ ਕਿ ਜਿਹੜੀ ਗੱਲ ਮੈਂ ਆਖਾਂਗਾ, ਉਹ ਪੂਰੀ ਹੋ ਜਾਵੇਗੀ।’ ”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.