Biblica® Open Punjabi Contemporary Version 2025
ਕੂਚ 8
ਫਿਰ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਫ਼ਿਰਾਊਨ ਕੋਲ ਜਾ ਅਤੇ ਉਸਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਅਰਾਧਨਾ ਕਰਨ। ਜੇਕਰ ਤੂੰ ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰੇਂਗਾ, ਤਾਂ ਮੈਂ ਤੇਰੇ ਸਾਰੇ ਦੇਸ਼ ਵਿੱਚ ਡੱਡੂਆਂ ਦੀ ਮਹਾਂਮਾਰੀ ਭੇਜਾਂਗਾ। ਨੀਲ ਨਦੀ ਡੱਡੂਆਂ ਨਾਲ ਭਰ ਜਾਵੇਗੀ। ਉਹ ਤੁਹਾਡੇ ਮਹਿਲ ਅਤੇ ਤੁਹਾਡੇ ਸੌਣ ਵਾਲੇ ਕਮਰੇ ਵਿੱਚ ਅਤੇ ਤੁਹਾਡੇ ਬਿਸਤਰੇ ਉੱਤੇ, ਤੁਹਾਡੇ ਅਧਿਕਾਰੀਆਂ ਦੇ ਘਰਾਂ ਵਿੱਚ ਅਤੇ ਤੁਹਾਡੇ ਲੋਕਾਂ ਦੇ ਘਰਾਂ ਵਿੱਚ ਅਤੇ ਤੁਹਾਡੇ ਤੰਦੂਰਾਂ ਅਤੇ ਤੁਹਾਡੇ ਗੁੰਨ੍ਹਣ ਦੀਆਂ ਪਰਾਤਾਂ ਵਿੱਚ ਆਉਣਗੇ। ਡੱਡੂ ਤੇਰੇ ਅਤੇ ਤੇਰੇ ਲੋਕਾਂ ਅਤੇ ਤੇਰੇ ਸਾਰੇ ਅਧਿਕਾਰੀਆਂ ਉੱਤੇ ਚੜ੍ਹ ਆਉਣਗੇ।’ ”
ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਨੂੰ ਆਖ, ‘ਆਪਣੀ ਸੋਟੀ ਨਾਲ ਨਦੀਆਂ, ਨਹਿਰਾਂ ਅਤੇ ਤਾਲਾਬਾਂ ਉੱਤੇ ਆਪਣਾ ਹੱਥ ਵਧਾ ਅਤੇ ਮਿਸਰ ਦੀ ਧਰਤੀ ਉੱਤੇ ਡੱਡੂਆਂ ਨੂੰ ਚੜ੍ਹਾ।’ ”
ਇਸ ਲਈ ਹਾਰੋਨ ਨੇ ਮਿਸਰ ਦੇ ਪਾਣੀਆਂ ਉੱਤੇ ਆਪਣਾ ਹੱਥ ਪਸਾਰਿਆ ਅਤੇ ਡੱਡੂ ਆਏ ਅਤੇ ਧਰਤੀ ਨੂੰ ਢੱਕ ਲਿਆ। ਪਰ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਦੁਆਰਾ ਉਹੀ ਕੰਮ ਕੀਤੇ, ਉਹਨਾਂ ਨੇ ਵੀ ਮਿਸਰ ਦੀ ਧਰਤੀ ਉੱਤੇ ਡੱਡੂਆਂ ਨੂੰ ਚੜ੍ਹਾਇਆ।
ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਯਾਹਵੇਹ ਅੱਗੇ ਬੇਨਤੀ ਕਰੋ ਕਿ ਉਹ ਡੱਡੂਆਂ ਨੂੰ ਮੇਰੇ ਅਤੇ ਮੇਰੇ ਲੋਕਾਂ ਤੋਂ ਦੂਰ ਕਰ ਦੇਵੇ ਅਤੇ ਮੈਂ ਤੁਹਾਡੇ ਲੋਕਾਂ ਨੂੰ ਯਾਹਵੇਹ ਨੂੰ ਬਲੀਆਂ ਚੜ੍ਹਾਉਣ ਲਈ ਜਾਣ ਦੇਵਾਂਗਾ।”
ਮੋਸ਼ੇਹ ਨੇ ਫ਼ਿਰਾਊਨ ਨੂੰ ਕਿਹਾ, “ਮੈਨੂੰ ਦੱਸੋ, ਮੈਂ ਤੁਹਾਡੇ ਲਈ ਕਦੋਂ ਪ੍ਰਾਰਥਨਾ ਕਰਾਂ ਤਾਂ ਜੋ ਇਹ ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ ਨੂੰ ਛੱਡ ਕੇ ਸਿਰਫ ਨੀਲ ਨਦੀ ਵਿੱਚ ਹੀ ਰਹਿਣ।”
ਫ਼ਿਰਾਊਨ ਨੇ ਕਿਹਾ, “ਕੱਲ ਤੋਂ ਕਰਾਂਗੇ।”
ਮੋਸ਼ੇਹ ਨੇ ਉੱਤਰ ਦਿੱਤਾ, “ਜਿਵੇਂ ਤੂੰ ਆਖਦਾ ਹੈ, ਉਸੇ ਤਰ੍ਹਾਂ ਹੀ ਹੋਵੇਗਾ, ਤਾਂ ਜੋ ਤੂੰ ਜਾਣੇ ਸਾਡੇ ਪਰਮੇਸ਼ਵਰ ਵਰਗਾ ਕੋਈ ਨਹੀਂ ਹੈ। ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ, ਤੁਹਾਡੇ ਅਧਿਕਾਰੀਆਂ ਅਤੇ ਤੁਹਾਡੇ ਲੋਕਾਂ ਨੂੰ ਛੱਡ ਜਾਣਗੇ; ਉਹ ਸਿਰਫ ਨੀਲ ਨਦੀ ਵਿੱਚ ਹੀ ਰਹਿਣਗੇ।”
ਮੋਸ਼ੇਹ ਅਤੇ ਹਾਰੋਨ ਨੇ ਫ਼ਿਰਾਊਨ ਨੂੰ ਛੱਡਣ ਤੋਂ ਬਾਅਦ, ਡੱਡੂ ਲਈ ਯਾਹਵੇਹ ਅੱਗੇ ਦੁਹਾਈ ਦਿੱਤੀ ਜੋ ਉਹ ਫ਼ਿਰਾਊਨ ਉੱਤੇ ਲਿਆਇਆ ਸੀ। ਅਤੇ ਯਾਹਵੇਹ ਨੇ ਉਹੀ ਕੀਤਾ ਜੋ ਮੋਸ਼ੇਹ ਨੇ ਕਿਹਾ ਘਰਾਂ ਵਿੱਚ, ਵਿਹੜਿਆਂ ਵਿੱਚ ਅਤੇ ਖੇਤਾਂ ਵਿੱਚ ਡੱਡੂ ਮੁੱਕ ਗਏ। ਉਹ ਢੇਰਾਂ ਦੇ ਢੇਰ ਹੋ ਗਏ ਸਨ, ਜਿਹਦੇ ਨਾਲ ਪੂਰੇ ਦੇਸ਼ ਵਿੱਚ ਬਦਬੂ ਫੈਲ ਗਈ ਸੀ। ਪਰ ਜਦੋਂ ਫ਼ਿਰਾਊਨ ਨੇ ਦੇਖਿਆ ਕਿ ਸਾਰੇ ਡੱਡੂ ਮਰੇ ਗਏ ਹਨ ਤਾਂ ਉਸਨੇ ਆਪਣਾ ਦਿਲ ਕਠੋਰ ਕਰ ਲਿਆ ਅਤੇ ਮੋਸ਼ੇਹ ਅਤੇ ਹਾਰੋਨ ਦੀ ਗੱਲ ਨਾ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।
ਜੂੰਆਂ ਦੀ ਮਹਾਂਮਾਰੀ
ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਨੂੰ ਆਖ, ‘ਆਪਣੀ ਸੋਟੀ ਫੈਲਾ ਕੇ ਜ਼ਮੀਨ ਦੀ ਧੂੜ ਨੂੰ ਮਾਰ,’ ਅਤੇ ਤਾਂ ਜੋ ਉਹ ਸਾਰੇ ਮਿਸਰ ਦੇਸ਼ ਵਿੱਚ ਜੂੰਆਂ ਬਣ ਜਾਵੇ।” ਉਹਨਾਂ ਨੇ ਅਜਿਹਾ ਹੀ ਕੀਤਾ ਅਤੇ ਜਦੋਂ ਹਾਰੋਨ ਨੇ ਸੋਟੀ ਨਾਲ ਆਪਣਾ ਹੱਥ ਵਧਾਇਆ ਅਤੇ ਜ਼ਮੀਨ ਦੀ ਧੂੜ ਨੂੰ ਮਾਰਿਆ, ਤਾਂ ਲੋਕਾਂ ਅਤੇ ਜਾਨਵਰਾਂ ਉੱਤੇ ਜੂੰਆਂ ਆ ਗਈਆਂ। ਮਿਸਰ ਦੀ ਸਾਰੀ ਧਰਤੀ ਤੇ ਜੂੰਆਂ ਹੋ ਗਈਆਂ।
ਪਰ ਜਦੋਂ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਦੁਆਰਾ ਕੋਸ਼ਿਸ਼ ਕੀਤੀ, ਕਿ ਜੂੰਆਂ ਨੂੰ ਲੈ ਆਉਣ ਪਰ ਉਹ ਨਾ ਲਿਆ ਸਕੇ, ਅਤੇ ਆਦਮੀ ਅਤੇ ਡੰਗਰਾਂ ਉੱਤੇ ਜੂੰਆਂ ਹੀ ਜੂੰਆਂ ਸਨ। ਜਾਦੂਗਰਾਂ ਨੇ ਫ਼ਿਰਾਊਨ ਨੂੰ ਕਿਹਾ, “ਇਹ ਪਰਮੇਸ਼ਵਰ ਦੀ ਉਂਗਲ ਹੈ।” ਪਰ ਫ਼ਿਰਾਊਨ ਦਾ ਦਿਲ ਕਠੋਰ ਸੀ ਅਤੇ ਉਸ ਨੇ ਨਾ ਸੁਣੀ, ਜਿਵੇਂ ਯਾਹਵੇਹ ਨੇ ਕਿਹਾ ਸੀ।
ਮੱਖੀਆਂ ਦੀ ਮਹਾਂਮਾਰੀ
ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਤੜਕੇ ਉੱਠ ਅਤੇ ਨਦੀ ਉੱਤੇ ਜਦ ਫ਼ਿਰਾਊਨ ਜਾਂਦਾ ਹੈ ਉਸਨੂੰ ਮਿਲ ਅਤੇ ਉਸਨੂੰ ਆਖ, ‘ਯਾਹਵੇਹ ਇਹ ਆਖਦਾ ਹੈ: ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰ ਸਕਣ। ਜੇ ਤੂੰ ਮੇਰੇ ਲੋਕਾਂ ਨੂੰ ਨਾ ਜਾਣ ਦੇਵੇਂਗਾ ਤਾਂ ਮੈਂ ਤੇਰੇ ਉੱਤੇ ਅਤੇ ਤੇਰੇ ਅਧਿਕਾਰੀਆਂ ਉੱਤੇ, ਤੇਰੇ ਲੋਕਾਂ ਉੱਤੇ ਅਤੇ ਤੁਹਾਡੇ ਘਰਾਂ ਵਿੱਚ ਮੱਖੀਆਂ ਦੇ ਝੁੰਡ ਭੇਜਾਂਗਾ। ਮਿਸਰੀਆਂ ਦੇ ਘਰ ਮੱਖੀਆਂ ਨਾਲ ਭਰ ਜਾਣਗੇ, ਇੱਥੋਂ ਤੱਕ ਕਿ ਜ਼ਮੀਨ ਉਹਨਾਂ ਨਾਲ ਢੱਕੀ ਜਾਵੇਗੀ।
“ ‘ਪਰ ਉਸ ਦਿਨ ਮੈਂ ਗੋਸ਼ੇਨ ਦੇਸ਼ ਦੀ ਧਰਤੀ ਨਾਲ ਵੱਖਰਾ ਵਿਹਾਰ ਕਰਾਂਗਾ, ਜਿੱਥੇ ਮੇਰੇ ਲੋਕ ਰਹਿੰਦੇ ਹਨ; ਉੱਥੇ ਮੱਖੀਆਂ ਦੇ ਝੁੰਡ ਨਹੀਂ ਹੋਣਗੇ, ਤਾਂ ਜੋ ਤੁਸੀਂ ਜਾਣ ਸਕੋ ਕਿ ਮੈਂ, ਯਾਹਵੇਹ, ਇਸ ਧਰਤੀ ਵਿੱਚ ਹਾਂ। ਮੈਂ ਆਪਣੇ ਲੋਕਾਂ ਅਤੇ ਤੁਹਾਡੇ ਲੋਕਾਂ ਵਿੱਚ ਫ਼ਰਕ ਬਣਾਵਾਂਗਾ। ਇਹ ਚਿੰਨ੍ਹ ਕੱਲ੍ਹ ਹੋਵੇਗਾ।’ ”
ਅਤੇ ਯਾਹਵੇਹ ਨੇ ਇਹ ਹੀ ਕੀਤਾ। ਮੱਖੀਆਂ ਦੇ ਸੰਘਣੇ ਝੁੰਡ ਫ਼ਿਰਾਊਨ ਦੇ ਮਹਿਲ ਅਤੇ ਉਸ ਦੇ ਅਧਿਕਾਰੀਆਂ ਦੇ ਘਰਾਂ ਵਿੱਚ ਵਹਿ ਗਏ; ਮਿਸਰ ਦੇ ਸਾਰੇ ਦੇਸ਼ ਨੂੰ ਮੱਖੀਆਂ ਨੇ ਤਬਾਹ ਕਰ ਦਿੱਤਾ ਸੀ।
ਤਦ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਜਾਓ, ਇਸ ਦੇਸ਼ ਵਿੱਚ ਆਪਣੇ ਪਰਮੇਸ਼ਵਰ ਨੂੰ ਬਲੀ ਚੜ੍ਹਾਓ।”
ਪਰ ਮੋਸ਼ੇਹ ਨੇ ਕਿਹਾ, “ਇਹ ਠੀਕ ਨਹੀਂ ਹੋਵੇਗਾ। ਜੋ ਬਲੀਦਾਨ ਅਸੀਂ ਯਾਹਵੇਹ ਨੂੰ ਚੜ੍ਹਾਉਂਦੇ ਹਾਂ, ਉਹ ਮਿਸਰੀਆਂ ਲਈ ਘਿਣਾਉਣੇ ਹੋਣਗੇ, ਅਤੇ ਜੇ ਅਸੀਂ ਉਹ ਬਲੀਆਂ ਚੜ੍ਹਾਉਂਦੇ ਹਾਂ ਜੋ ਉਹਨਾਂ ਦੀ ਨਿਗਾਹ ਵਿੱਚ ਘਿਣਾਉਣੀਆਂ ਹਨ, ਤਾਂ ਕੀ ਉਹ ਸਾਨੂੰ ਪੱਥਰ ਨਹੀਂ ਮਾਰਨਗੇ? ਸਾਨੂੰ ਯਾਹਵੇਹ ਸਾਡੇ ਪਰਮੇਸ਼ਵਰ ਨੂੰ ਬਲੀਆਂ ਚੜ੍ਹਾਉਣ ਲਈ ਉਜਾੜ ਵਿੱਚ ਤਿੰਨ ਦਿਨਾਂ ਦੀ ਯਾਤਰਾ ਕਰਨੀ ਹੈ, ਜਿਵੇਂ ਉਹ ਸਾਨੂੰ ਹੁਕਮ ਦਿੰਦਾ ਹੈ।”
ਫ਼ਿਰਾਊਨ ਨੇ ਆਖਿਆ, “ਮੈਂ ਤੁਹਾਨੂੰ ਉਜਾੜ ਵਿੱਚ ਆਪਣੇ ਯਾਹਵੇਹ ਪਰਮੇਸ਼ਵਰ ਨੂੰ ਬਲੀਆਂ ਚੜ੍ਹਾਉਣ ਲਈ ਜਾਣ ਦੇਵਾਂਗਾ, ਪਰ ਤੁਸੀਂ ਬਹੁਤ ਦੂਰ ਨਾ ਜਾਣਾ। ਹੁਣ ਮੇਰੇ ਲਈ ਪ੍ਰਾਰਥਨਾ ਕਰੋ।”
ਮੋਸ਼ੇਹ ਨੇ ਜਵਾਬ ਦਿੱਤਾ, “ਜਿਵੇਂ ਹੀ ਮੈਂ ਜਾਵਾਂਗਾ, ਮੈਂ ਯਾਹਵੇਹ ਅੱਗੇ ਪ੍ਰਾਰਥਨਾ ਕਰਾਂਗਾ, ਅਤੇ ਕੱਲ੍ਹ ਮੱਖੀਆਂ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਅਤੇ ਉਸਦੇ ਲੋਕਾਂ ਨੂੰ ਛੱਡ ਦੇਣਗੀਆਂ। ਸਿਰਫ ਫ਼ਿਰਾਊਨ ਨੂੰ ਇਹ ਯਕੀਨ ਦੇਵੇ ਕਿ ਉਹ ਲੋਕਾਂ ਨੂੰ ਯਾਹਵੇਹ ਨੂੰ ਬਲੀਆਂ ਚੜ੍ਹਾਉਣ ਤੋਂ ਨਾ ਰੁਕੇ ਅਤੇ ਦੁਬਾਰਾ ਧੋਖੇ ਨਾਲ ਕੰਮ ਨਾ ਕਰੇ।”
ਤਦ ਮੋਸ਼ੇਹ ਫ਼ਿਰਾਊਨ ਕੋਲੋਂ ਚਲਾ ਗਿਆ ਅਤੇ ਉਸਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, ਅਤੇ ਯਾਹਵੇਹ ਨੇ ਉਹੀ ਕੀਤਾ ਜੋ ਮੋਸ਼ੇਹ ਨੇ ਕਿਹਾ। ਮੱਖੀਆਂ ਨੇ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਅਤੇ ਉਸਦੇ ਲੋਕਾਂ ਨੂੰ ਛੱਡ ਦਿੱਤਾ; ਇੱਕ ਵੀ ਮੱਖੀ ਨਹੀਂ ਬਚੀ। ਪਰ ਇਸ ਵਾਰ ਵੀ ਫ਼ਿਰਾਊਨ ਨੇ ਆਪਣਾ ਦਿਲ ਕਠੋਰ ਕਰ ਲਿਆ ਅਤੇ ਲੋਕਾਂ ਨੂੰ ਜਾਣ ਨਾ ਦਿੱਤਾ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.