Skip to content
BibleKenya

Biblica® Open Punjabi Contemporary Version 2025

ਕੂਚ 7

ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਵੇਖ, ਮੈਂ ਤੈਨੂੰ ਫ਼ਿਰਾਊਨ ਲਈ ਪਰਮੇਸ਼ਵਰ ਵਰਗਾ ਬਣਾ ਦਿੱਤਾ ਹੈ ਅਤੇ ਤੇਰਾ ਭਰਾ ਹਾਰੋਨ ਤੇਰਾ ਨਬੀ ਹੋਵੇਗਾ। ਜੋ ਮੈਂ ਤੈਨੂੰ ਹੁਕਮ ਦਿੰਦਾ ਹਾਂ ਤੂੰ ਉਹ ਸਭ ਕੁਝ ਕਹਿਣਾ ਅਤੇ ਤੇਰੇ ਭਰਾ ਹਾਰੋਨ ਫ਼ਿਰਾਊਨ ਨੂੰ ਆਖੇ ਕਿ ਉਹ ਇਸਰਾਏਲੀਆਂ ਨੂੰ ਉਸਦੇ ਦੇਸ਼ ਵਿੱਚੋਂ ਬਾਹਰ ਜਾਣ ਦੇਵੇ। ਭਾਵੇਂ ਮੈਂ ਮਿਸਰ ਵਿੱਚ ਆਪਣੇ ਨਿਸ਼ਾਨ ਅਤੇ ਅਚੰਭੇ ਦਿਖਾਵਾਂਗਾ, ਪਰ ਮੈਂ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰਾਂਗਾ ਫ਼ਿਰਾਊਨ ਤੁਹਾਡੀ ਗੱਲ ਨਹੀਂ ਸੁਣੇਗਾ। ਤਦ ਮੈਂ ਮਿਸਰ ਉੱਤੇ ਆਪਣਾ ਹੱਥ ਰੱਖਾਂਗਾ ਅਤੇ ਨਿਆਉਂ ਦੇ ਸ਼ਕਤੀਸ਼ਾਲੀ ਕੰਮਾਂ ਨਾਲ ਮੈਂ ਆਪਣੇ ਦਲਾਂ ਨੂੰ ਆਪਣੀ ਪਰਜਾ ਇਸਰਾਏਲੀਆਂ ਨੂੰ ਬਾਹਰ ਲਿਆਵਾਂਗਾ। ਅਤੇ ਜਦੋਂ ਮੈਂ ਮਿਸਰ ਦੇ ਵਿਰੁੱਧ ਆਪਣਾ ਹੱਥ ਵਧਾਵਾਂਗਾ ਅਤੇ ਇਸਰਾਏਲੀਆਂ ਨੂੰ ਉਸ ਵਿੱਚੋਂ ਬਾਹਰ ਲਿਆਵਾਂਗਾ ਤਾਂ ਮਿਸਰੀ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।”

ਮੋਸ਼ੇਹ ਅਤੇ ਹਾਰੋਨ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ। ਜਦੋਂ ਉਹਨਾਂ ਨੇ ਫ਼ਿਰਾਊਨ ਨਾਲ ਗੱਲ ਕੀਤੀ ਤਾਂ ਮੋਸ਼ੇਹ ਅੱਸੀ ਸਾਲਾਂ ਦਾ ਸੀ ਅਤੇ ਹਾਰੋਨ ਤਿਰਾਸੀਆਂ ਸਾਲਾਂ ਦਾ ਸੀ।

ਹਾਰੋਨ ਦੀ ਸੋਟੀ ਦਾ ਸੱਪ ਬਣ ਜਾਣਾ

ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, “ਜਦੋਂ ਫ਼ਿਰਾਊਨ ਤੈਨੂੰ ਕਹੇ, ‘ਚਮਤਕਾਰ ਕਰ,’ ਤਾਂ ਹਾਰੋਨ ਨੂੰ ਆਖ, ‘ਆਪਣੀ ਸੋਟੀ ਲੈ ਕੇ ਫ਼ਿਰਾਊਨ ਅੱਗੇ ਸੁੱਟ ਦੇ,’ ਤਾਂ ਉਹ ਸੱਪ ਬਣ ਜਾਵੇਗਾ।”

ਇਸ ਲਈ ਮੋਸ਼ੇਹ ਅਤੇ ਹਾਰੋਨ ਫ਼ਿਰਾਊਨ ਕੋਲ ਗਏ ਅਤੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ। ਹਾਰੋਨ ਨੇ ਆਪਣੀ ਸੋਟੀ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਦੇ ਸਾਹਮਣੇ ਸੁੱਟ ਦਿੱਤੀ ਅਤੇ ਉਹ ਸੱਪ ਬਣ ਗਿਆ। ਫਿਰ ਫ਼ਿਰਾਊਨ ਨੇ ਬੁੱਧੀਮਾਨਾਂ ਅਤੇ ਜਾਦੂਗਰਾਂ ਨੂੰ ਬੁਲਾਇਆ, ਅਤੇ ਮਿਸਰੀ ਜਾਦੂਗਰਾਂ ਨੇ ਵੀ ਆਪਣੀਆਂ ਗੁਪਤ ਕਲਾਵਾਂ ਦੁਆਰਾ ਉਹੀ ਕੰਮ ਕੀਤੇ। ਹਰ ਇੱਕ ਨੇ ਆਪਣੀ ਸੋਟੀ ਸੁੱਟ ਦਿੱਤੀ ਅਤੇ ਉਹ ਸੱਪ ਬਣ ਗਿਆ। ਪਰ ਹਾਰੋਨ ਦੀ ਸੋਟੀ ਉਹਨਾਂ ਦੀਆਂ ਸੋਟੀਆਂ ਨੂੰ ਨਿਗਲ ਗਈ। ਫਿਰ ਵੀ ਫ਼ਿਰਾਊਨ ਦਾ ਮਨ ਕਠੋਰ ਹੋ ਗਿਆ ਅਤੇ ਉਸ ਨੇ ਉਹਨਾਂ ਦੀ ਨਾ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।

ਖੂਨ ਦੀ ਮਹਾਂਮਾਰੀ

ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਫ਼ਿਰਾਊਨ ਦਾ ਦਿਲ ਕਠੋਰ ਹੋ ਗਿਆ ਹੈ, ਉਹ ਲੋਕਾਂ ਨੂੰ ਜਾਣ ਦੇਣ ਤੋਂ ਇਨਕਾਰ ਕਰਦਾ ਹੈ। ਸਵੇਰੇ ਫ਼ਿਰਾਊਨ ਕੋਲ ਜਾਉ ਜਦ ਉਹ ਨਦੀ ਵੱਲ ਜਾਂਦਾ ਹੈ। ਨੀਲ ਨਦੀ ਦੇ ਕੰਢੇ ਤੇ ਉਸਨੂੰ ਮਿਲੋ ਅਤੇ ਆਪਣੇ ਹੱਥ ਵਿੱਚ ਉਹ ਡੰਡਾ ਲਓ ਜੋ ਸੱਪ ਵਿੱਚ ਬਦਲ ਗਿਆ ਸੀ। ਫਿਰ ਉਸ ਨੂੰ ਆਖੋ, ‘ਯਾਹਵੇਹ, ਇਬਰਾਨੀਆਂ ਦੇ ਪਰਮੇਸ਼ਵਰ ਨੇ ਮੈਨੂੰ ਤੇਰੇ ਕੋਲ ਇਹ ਕਹਿਣ ਲਈ ਭੇਜਿਆ ਹੈ ਕਿ ਮੇਰੇ ਲੋਕਾਂ ਨੂੰ ਜਾਣ ਦੇ ਤਾਂ ਜੋ ਉਹ ਉਜਾੜ ਵਿੱਚ ਮੇਰੀ ਉਪਾਸਨਾ ਕਰਨ, ਪਰ ਹੁਣ ਤੱਕ ਤੂੰ ਨਹੀਂ ਸੁਣੀ। ਇਹ ਉਹ ਹੈ ਜੋ ਯਾਹਵੇਹ ਆਖਦਾ ਹੈ ਕਿ ਇਸ ਦੁਆਰਾ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ ਅਤੇ ਮੇਰੇ ਹੱਥ ਵਿੱਚ ਸੋਟੀ ਨਾਲ ਮੈਂ ਨੀਲ ਦੇ ਪਾਣੀ ਨੂੰ ਮਾਰਾਂਗਾ ਅਤੇ ਉਹ ਖੂਨ ਵਿੱਚ ਬਦਲ ਜਾਵੇਗਾ। ਨੀਲ ਨਦੀ ਦੀਆਂ ਮੱਛੀਆਂ ਮਰ ਜਾਣਗੀਆਂ ਅਤੇ ਨਦੀ ਤੋਂ ਬਦਬੂ ਆਵੇਗੀ ਅਤੇ ਮਿਸਰੀ ਇਸ ਦਾ ਪਾਣੀ ਨਹੀਂ ਪੀ ਸਕਣਗੇ।’ ”

ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹਾਰੋਨ ਨੂੰ ਆਖ, ‘ਆਪਣੀ ਸੋਟੀ ਲੈ ਅਤੇ ਮਿਸਰ ਦੇ ਪਾਣੀਆਂ ਉੱਤੇ, ਨਦੀਆਂ, ਨਹਿਰਾਂ, ਤਾਲਾਬਾਂ ਅਤੇ ਸਾਰੇ ਜਲ ਭੰਡਾਰਾਂ ਉੱਤੇ ਆਪਣਾ ਹੱਥ ਵਧਾ ਅਤੇ ਉਹ ਲਹੂ ਵਿੱਚ ਬਦਲ ਜਾਣਗੇ।’ ਮਿਸਰ ਵਿੱਚ ਹਰ ਥਾਂ ਲਹੂ ਹੋਵੇਗਾ, ਇੱਥੋਂ ਤੱਕ ਕਿ ਲੱਕੜ ਅਤੇ ਪੱਥਰ ਦੇ ਭਾਂਡੇ1 ਵਿੱਚ ਵੀ।”

ਮੋਸ਼ੇਹ ਅਤੇ ਹਾਰੋਨ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ। ਉਸਨੇ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਦੇ ਸਾਹਮਣੇ ਆਪਣੀ ਸੋਟੀ ਖੜੀ ਕੀਤੀ ਅਤੇ ਨੀਲ ਨਦੀ ਦੇ ਪਾਣੀ ਨੂੰ ਮਾਰਿਆ ਅਤੇ ਸਾਰਾ ਪਾਣੀ ਲਹੂ ਵਿੱਚ ਬਦਲ ਗਿਆ। ਨੀਲ ਨਦੀ ਦੇ ਵਿਚਲੀਆਂ ਮੱਛੀਆਂ ਮਰ ਗਈਆਂ ਅਤੇ ਨਦੀ ਵਿੱਚ ਇੰਨੀ ਬਦਬੂ ਆਉਂਦੀ ਸੀ ਕਿ ਮਿਸਰੀ ਇਸ ਦਾ ਪਾਣੀ ਨਹੀਂ ਪੀ ਸਕਦੇ ਸਨ ਅਤੇ ਮਿਸਰ ਵਿੱਚ ਹਰ ਪਾਸੇ ਲਹੂ ਸੀ।

ਪਰ ਮਿਸਰੀ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਨਾਲ ਉਹੀ ਕੰਮ ਕੀਤੇ ਅਤੇ ਫ਼ਿਰਾਊਨ ਦਾ ਦਿਲ ਕਠੋਰ ਹੋ ਗਿਆ, ਉਸਨੇ ਮੋਸ਼ੇਹ ਅਤੇ ਹਾਰੋਨ ਦੀ ਗੱਲ ਨਹੀਂ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ। ਇਸ ਦੀ ਬਜਾਏ, ਫ਼ਿਰਾਊਨ ਮੁੜਿਆ ਅਤੇ ਆਪਣੇ ਮਹਿਲ ਵਿੱਚ ਚਲਾ ਗਿਆ, ਅਤੇ ਇਸ ਗੱਲ ਨੂੰ ਵੀ ਦਿਲ ਵਿੱਚ ਨਾ ਲਿਆ। ਅਤੇ ਸਾਰੇ ਮਿਸਰੀਆਂ ਨੇ ਪੀਣ ਦਾ ਪਾਣੀ ਲੈਣ ਲਈ ਨੀਲ ਨਦੀ ਦੇ ਕੰਢੇ ਪੁੱਟੇ, ਕਿਉਂਕਿ ਉਹ ਨਦੀ ਦਾ ਪਾਣੀ ਨਹੀਂ ਪੀ ਸਕਦੇ ਸਨ।

ਡੱਡੂਆਂ ਦੀ ਮਹਾਂਮਾਰੀ

ਯਾਹਵੇਹ ਰਾਹੀਂ ਨੀਲ ਨਦੀ ਦੇ ਪਾਣੀ ਨੂੰ ਲਹੂ ਵਿੱਚ ਬਦਲੇ ਸੱਤ ਦਿਨ ਹੋ ਗਏ ਸਨ।

Source notes (1)
  1. Footnote ਭਾਂਡੇ ਅਰਥ ਮੂਰਤੀਆਂ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.