Skip to content
BibleKenya

Biblica® Open Punjabi Contemporary Version 2025

ਕੂਚ 33:14

Verse 14 is marked below, with the whole chapter around it. Read from the start

ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਤੂੰ ਇਸ ਥਾਂ ਨੂੰ ਛੱਡ ਅਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਮਿਸਰ ਦੇਸ਼ ਵਿੱਚੋਂ ਲਿਆਇਆ ਸੀ ਅਤੇ ਉਸ ਧਰਤੀ ਉੱਤੇ ਲੈ ਜਾ ਜਿਸਦਾ ਮੈਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ, ‘ਕਿ ਮੈਂ ਇਹ ਦੇਸ਼ ਤੁਹਾਡੀ ਅੰਸ ਨੂੰ ਦੇਵਾਂਗਾ।’ ਮੈਂ ਤੁਹਾਡੇ ਅੱਗੇ ਇੱਕ ਦੂਤ ਭੇਜਾਂਗਾ ਅਤੇ ਕਨਾਨੀਆਂ, ਅਮੋਰੀਆਂ, ਹਿੱਤੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦਿਆਂਗਾ। ਦੁੱਧ ਅਤੇ ਸ਼ਹਿਦ ਨਾਲ ਵਗਣ ਵਾਲੀ ਧਰਤੀ ਉੱਤੇ ਜਾਓ। ਪਰ ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ, ਕਿਉਂਕਿ ਤੁਸੀਂ ਇੱਕ ਕਠੋਰ ਲੋਕ ਹੋ ਅਤੇ ਮੈਂ ਤੁਹਾਨੂੰ ਰਸਤੇ ਵਿੱਚ ਤਬਾਹ ਕਰ ਦਿਆਂਗਾ।”

ਜਦੋਂ ਲੋਕਾਂ ਨੇ ਇਹ ਦੁਖਦਾਈ ਬਚਨ ਸੁਣੇ, ਤਾਂ ਉਹ ਸੋਗ ਕਰਨ ਲੱਗੇ ਅਤੇ ਕਿਸੇ ਨੇ ਕੋਈ ਗਹਿਣਾ ਨਹੀਂ ਪਾਇਆ। ਕਿਉਂਕਿ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਇਸਰਾਏਲ ਦੇ ਲੋਕਾਂ ਨੂੰ ਆਖੋ, ‘ਤੁਸੀਂ ਕਠੋਰ ਲੋਕ ਹੋ ਅਤੇ ਜੇ ਮੈਂ ਇੱਕ ਪਲ ਲਈ ਵੀ ਤੁਹਾਡੇ ਨਾਲ ਜਾਂਵਾਂ, ਤਾਂ ਮੈਂ ਤੁਹਾਨੂੰ ਤਬਾਹ ਕਰ ਦੇਵਾਂਗਾ ਇਸ ਲਈ ਹੁਣ ਆਪਣੇ ਗਹਿਣੇ ਉਤਾਰ ਦਿਓ ਅਤੇ ਮੈਂ ਫੈਸਲਾ ਕਰਾਂਗਾ ਕਿ ਤੁਹਾਡੇ ਨਾਲ ਕੀ ਕਰਨਾ ਹੈ।’ ” ਇਸ ਲਈ ਇਸਰਾਏਲੀਆਂ ਨੇ ਹੋਰੇਬ ਪਹਾੜ ਉੱਤੇ ਆਪਣੇ ਗਹਿਣੇ ਲਾਹ ਲਏ।

ਮੰਡਲੀ ਦਾ ਤੰਬੂ

ਹੁਣ ਮੋਸ਼ੇਹ ਨੇ ਡੇਰੇ ਤੋਂ ਦੂਰ ਇੱਕ ਤੰਬੂ ਲਗਾਇਆ ਅਤੇ ਉਸਨੂੰ “ਮੰਡਲੀ ਦਾ ਤੰਬੂ” ਆਖਿਆ। ਤਾਂ ਇਸ ਤਰ੍ਹਾਂ ਹੋਇਆ ਕਿ ਜੋ ਕੋਈ ਯਾਹਵੇਹ ਨੂੰ ਭਾਲਦਾ ਸੀ ਸੋ ਡੇਰੇ ਦੇ ਬਾਹਰ ਮੰਡਲੀ ਦੇ ਤੰਬੂ ਵਿੱਚ ਜਾਂਦਾ ਸੀ। ਅਤੇ ਜਦੋਂ ਵੀ ਮੋਸ਼ੇਹ ਤੰਬੂ ਦੇ ਬਾਹਰ ਜਾਂਦਾ ਸੀ, ਤਾਂ ਸਾਰੇ ਲੋਕ ਉੱਠ ਕੇ ਆਪਣੇ ਤੰਬੂਆਂ ਦੇ ਦਰਵਾਜ਼ਿਆਂ ਉੱਤੇ ਖੜ੍ਹੇ ਰਹਿੰਦੇ ਸਨ ਅਤੇ ਮੋਸ਼ੇਹ ਨੂੰ ਤੰਬੂ ਵਿੱਚ ਜਾਣ ਤੱਕ ਦੇਖਦੇ ਰਹਿੰਦੇ ਸਨ। ਜਿਵੇਂ ਹੀ ਮੋਸ਼ੇਹ ਤੰਬੂ ਵਿੱਚ ਜਾਂਦਾ ਸੀ, ਬੱਦਲ ਦਾ ਥੰਮ੍ਹ ਹੇਠਾਂ ਆ ਜਾਂਦਾ ਸੀ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਠਹਿਰ ਜਾਂਦਾ ਸੀ, ਜਦੋਂ ਕਿ ਯਾਹਵੇਹ ਮੋਸ਼ੇਹ ਨਾਲ ਗੱਲ ਕਰਦਾ ਸੀ। ਜਦੋਂ ਵੀ ਲੋਕਾਂ ਨੇ ਬੱਦਲ ਦੇ ਥੰਮ੍ਹ ਨੂੰ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹਾ ਦੇਖਿਆ, ਤਾਂ ਉਹ ਸਾਰੇ ਆਪਣੇ-ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖੜ੍ਹੇ ਹੋ ਕੇ ਮੱਥਾ ਟੇਕਦੇ ਸਨ। ਯਾਹਵੇਹ ਮੋਸ਼ੇਹ ਨਾਲ ਆਹਮੋ-ਸਾਹਮਣੇ ਗੱਲ ਕਰਦਾ ਸੀ, ਜਿਵੇਂ ਕੋਈ ਇੱਕ ਦੋਸਤ ਨਾਲ ਗੱਲ ਕਰਦਾ ਹੈ। ਫਿਰ ਮੋਸ਼ੇਹ ਡੇਰੇ ਵਿੱਚ ਵਾਪਸ ਆ ਜਾਂਦਾ ਸੀ, ਪਰ ਉਸ ਦਾ ਜਵਾਨ ਸੇਵਾਦਾਰ ਨੂਨ ਦਾ ਪੁੱਤਰ ਯੇਹੋਸ਼ੁਆ ਤੰਬੂ ਵਿੱਚ ਹੀ ਰਹਿੰਦਾ ਸੀ।

ਮੋਸ਼ੇਹ ਅਤੇ ਯਾਹਵੇਹ ਦੀ ਮਹਿਮਾ

ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਤੂੰ ਮੈਨੂੰ ਆਖਦਾ ਹੈ, ‘ਕਿ ਇਨ੍ਹਾਂ ਲੋਕਾਂ ਦੀ ਅਗਵਾਈ ਕਰ,’ ਪਰ ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਤੂੰ ਮੇਰੇ ਨਾਲ ਕਿਸ ਨੂੰ ਭੇਜੇਗਾ। ਤੂੰ ਕਿਹਾ ਹੈ, ‘ਮੈਂ ਤੈਨੂੰ ਤੇਰੇ ਨਾਮ ਨਾਲ ਜਾਣਦਾ ਹਾਂ ਅਤੇ ਤੂੰ ਮੇਰੇ ਉੱਤੇ ਕਿਰਪਾ ਕੀਤੀ ਹੈ।’ ਜੇ ਤੂੰ ਮੇਰੇ ਤੋਂ ਪ੍ਰਸੰਨ ਹੈ, ਤਾਂ ਮੈਨੂੰ ਆਪਣੇ ਤਰੀਕੇ ਸਿਖਾ ਤਾਂ ਜੋ ਮੈਂ ਤੈਨੂੰ ਜਾਣ ਸਕਾਂ ਅਤੇ ਤੇਰੀ ਕਿਰਪਾ ਪ੍ਰਾਪਤ ਕਰ ਸਕਾਂ ਨਾਲੇ ਯਾਦ ਰੱਖ ਕਿ ਇਹ ਕੌਮ ਦੇ ਲੋਕ ਤੇਰੇ ਹੀ ਹਨ।”

ਯਾਹਵੇਹ ਨੇ ਜਵਾਬ ਦਿੱਤਾ, “ਮੇਰੀ ਹਜ਼ੂਰੀ ਤੇਰੇ ਨਾਲ ਜਾਵੇਗੀ ਅਤੇ ਮੈਂ ਤੈਨੂੰ ਆਰਾਮ ਦਿਆਂਗਾ।”

ਤਦ ਮੋਸ਼ੇਹ ਨੇ ਉਸਨੂੰ ਆਖਿਆ, “ਜੇ ਤੇਰੀ ਹਜ਼ੂਰੀ ਸਾਡੇ ਨਾਲ ਨਹੀਂ ਜਾਂਦੀ, ਤਾਂ ਸਾਨੂੰ ਇੱਥੋਂ ਅੱਗੇ ਨਾ ਜਾਣ ਦਿਓ। ਕਿਸੇ ਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਮੇਰੇ ਅਤੇ ਆਪਣੇ ਲੋਕਾਂ ਨਾਲ ਪ੍ਰਸੰਨ ਹੋ ਜਦੋਂ ਤੱਕ ਤੂੰ ਸਾਡੇ ਨਾਲ ਨਹੀਂ ਜਾਂਦਾ? ਤੇਰੀ ਹਜ਼ੂਰੀ ਹੀ ਮੈਨੂੰ ਅਤੇ ਤੇਰੇ ਲੋਕਾਂ ਨੂੰ ਧਰਤੀ ਦੇ ਸਾਰੇ ਲੋਕਾਂ ਨਾਲੋਂ ਵੱਖਰਾ ਕਰੇਗੀ?”

ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਮੈਂ ਉਹੀ ਕਰਾਂਗਾ ਜੋ ਤੂੰ ਮੰਗਿਆ ਹੈ, ਕਿਉਂਕਿ ਮੈਂ ਤੇਰੇ ਤੋਂ ਪ੍ਰਸੰਨ ਹਾਂ ਅਤੇ ਮੈਂ ਤੈਨੂੰ ਤੇਰੇ ਨਾਮ ਨਾਲ ਜਾਣਦਾ ਹਾਂ।”

ਤਦ ਮੋਸ਼ੇਹ ਨੇ ਆਖਿਆ, “ਹੁਣ ਮੈਨੂੰ ਆਪਣੀ ਮਹਿਮਾ ਵਿਖਾ।”

ਅਤੇ ਯਾਹਵੇਹ ਨੇ ਕਿਹਾ, “ਮੈਂ ਆਪਣੀ ਸਾਰੀ ਭਲਿਆਈ ਨੂੰ ਤੇਰੇ ਸਾਹਮਣੇ ਪੇਸ਼ ਕਰ ਦਿਆਂਗਾ, ਅਤੇ ਮੈਂ ਤੇਰੇ ਅੱਗੇ ਆਪਣੇ ਨਾਮ ਦਾ ਪ੍ਰਚਾਰ ਕਰਾਂਗਾ। ਮੈਂ ਉਸ ਉੱਤੇ ਦਯਾ ਕਰਾਂਗਾ ਜਿਸ ਉੱਤੇ ਮੈਂ ਦਯਾ ਕੀਤੀ ਹੈ, ਅਤੇ ਉਸ ਉੱਤੇ ਤਰਸ ਕਰਾਂਗਾ ਜਿਸ ਉੱਤੇ ਮੈਨੂੰ ਤਰਸ ਆਉਂਦਾ ਹੈ।” ਪਰ ਉਸਨੇ ਕਿਹਾ, “ਤੂੰ ਮੇਰਾ ਚਿਹਰਾ ਨਹੀਂ ਦੇਖ ਸਕਦਾ ਕਿਉਂਕਿ ਕੋਈ ਵੀ ਮੈਨੂੰ ਦੇਖ ਕੇ ਜਿਉਂਦਾ ਨਹੀਂ ਰਹਿ ਸਕਦਾ।”

ਤਦ ਯਾਹਵੇਹ ਨੇ ਕਿਹਾ, “ਮੇਰੇ ਨੇੜੇ ਇੱਕ ਜਗ੍ਹਾ ਹੈ ਅਤੇ ਉੱਥੇ ਤੂੰ ਇੱਕ ਚੱਟਾਨ ਉੱਤੇ ਖੜ੍ਹੇ ਹੋ ਜਾਵੀ। ਜਦੋਂ ਮੇਰੀ ਮਹਿਮਾ ਲੰਘੇਗੀ, ਮੈਂ ਤੈਨੂੰ ਪੱਥਰ ਦੀ ਇੱਕ ਖੰਧਰ ਵਿੱਚ ਪਾਵਾਂਗਾ ਅਤੇ ਲੰਘਣ ਦੇ ਵੇਲੇ ਤੈਨੂੰ ਆਪਣੇ ਹੱਥਾਂ ਨਾਲ ਢੱਕਾਂਗਾ। ਫਿਰ ਮੈਂ ਆਪਣਾ ਹੱਥ ਹਟਾ ਦਿਆਂਗਾ ਅਤੇ ਤੂੰ ਮੇਰੀ ਪਿੱਠ ਵੇਖੇਗਾ ਪਰ ਮੇਰਾ ਚਿਹਰਾ ਨਹੀਂ ਦਿੱਸੇਗਾ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.