Biblica® Open Punjabi Contemporary Version 2025
ਏਸਤੇਰ 9
ਬਾਰ੍ਹਵੇਂ ਮਹੀਨੇ ਅਰਥਾਤ ਅਦਾਰ ਦੇ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਰਾਜਾ ਦਾ ਹੁਕਮ ਪੂਰਾ ਕੀਤਾ ਜਾਣਾ ਸੀ। ਇਸ ਦਿਨ ਯਹੂਦੀਆਂ ਦੇ ਦੁਸ਼ਮਣਾਂ ਨੇ ਉਨ੍ਹਾਂ ਉੱਤੇ ਕਬਜ਼ਾ ਕਰਨ ਦੀ ਉਮੀਦ ਕੀਤੀ ਸੀ, ਪਰ ਹੁਣ ਹਾਲਾਤ ਬਦਲ ਗਏ ਸਨ ਅਤੇ ਯਹੂਦੀਆਂ ਨੇ ਉਨ੍ਹਾਂ ਨਾਲ ਨਫ਼ਰਤ ਕਰਨ ਵਾਲਿਆਂ ਉੱਤੇ ਕਬਜ਼ਾ ਕਰ ਲਿਆ ਸੀ। ਯਹੂਦੀ ਰਾਜੇ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਉਨ੍ਹਾਂ ਦੇ ਸ਼ਹਿਰਾਂ ਵਿੱਚ ਇਕੱਠੇ ਹੋਏ ਜੋ ਉਨ੍ਹਾਂ ਉੱਤੇ ਹਮਲਾ ਕਰਨ ਜੋ ਉਨ੍ਹਾਂ ਨੂੰ ਤਬਾਹ ਕਰਨਾ ਚਾਹੁੰਦੇ ਸਨ। ਕੋਈ ਵੀ ਉਨ੍ਹਾਂ ਦੇ ਵਿਰੁੱਧ ਖੜ੍ਹਾ ਨਹੀਂ ਹੋ ਸਕਦਾ ਸੀ, ਕਿਉਂਕਿ ਬਾਕੀ ਸਾਰੀਆਂ ਕੌਮਾਂ ਦੇ ਲੋਕ ਉਨ੍ਹਾਂ ਤੋਂ ਡਰਦੇ ਸਨ। ਅਤੇ ਪ੍ਰਾਂਤਾਂ ਦੇ ਸਾਰੇ ਅਧਿਕਾਰੀਆਂ, ਆਗੂਆਂ ਅਤੇ ਰਾਜੇ ਦੇ ਰਾਜਪਾਲਾਂ ਅਤੇ ਕਰਮਚਾਰੀਆਂ ਨੇ ਯਹੂਦੀਆਂ ਦੀ ਸਹਾਇਤਾ ਕੀਤੀ ਕਿਉਂਕਿ ਉਹ ਸਾਰੇ ਮਾਰਦਕਈ ਤੋਂ ਡਰਦੇ ਸਨ। ਮਾਰਦਕਈ ਮਹਿਲ ਵਿੱਚ ਪ੍ਰਮੁੱਖ ਸੀ; ਉਸ ਦੀ ਨੇਕਨਾਮੀ ਸਾਰੇ ਸੂਬਿਆਂ ਵਿੱਚ ਫੈਲ ਗਈ, ਅਤੇ ਉਹ ਵੱਧ ਤੋਂ ਵੱਧ ਤਾਕਤਵਰ ਹੁੰਦਾ ਗਿਆ।
ਇਸ ਤਰ੍ਹਾਂ ਯਹੂਦੀਆਂ ਨੇ ਆਪਣੇ ਸਾਰੇ ਵੈਰੀਆਂ ਨੂੰ ਤਲਵਾਰ ਦੀ ਧਾਰ ਨਾਲ ਮਾਰ ਕੇ ਨਾਸ ਕਰ ਦਿੱਤਾ, ਮਿਟਾ ਦਿੱਤਾ ਅਤੇ ਆਪਣੇ ਸਾਰੇ ਵੈਰੀਆਂ ਨਾਲ ਆਪਣੀ ਇੱਛਾ ਅਨੁਸਾਰ ਵਰਤਾਉ ਕੀਤਾ। ਸ਼ੂਸ਼ਨ ਦੇ ਗੜ੍ਹ ਵਿੱਚ, ਯਹੂਦੀਆਂ ਨੇ ਪੰਜ ਸੌ ਮਨੁੱਖਾਂ ਨੂੰ ਮਾਰਿਆ ਅਤੇ ਤਬਾਹ ਕਰ ਦਿੱਤਾ। ਉਨ੍ਹਾਂ ਨੇ ਪਰਸ਼ੰਦਥਾ, ਦਲਫੋਨ, ਅਸਪਥਾ, ਪੋਰਥਾ, ਅਦਲੀਆ, ਅਰੀਦਾਥਾ, ਪਰਮਾਸ਼ਤਾ, ਅਰਿਸਈ, ਅਰੀਦਈ ਅਤੇ ਵੈਜ਼ਾਥਾ, ਯਹੂਦੀਆਂ ਦੇ ਵੈਰੀ ਹਮਦਾਥਾ ਦੇ ਪੁੱਤਰ ਹਾਮਾਨ ਦੇ ਦਸ ਪੁੱਤਰਾਂ ਨੂੰ ਵੀ ਮਾਰ ਦਿੱਤਾ। ਪਰ ਯਹੂਦੀਆਂ ਨੇ ਉਨ੍ਹਾਂ ਦੀ ਜਾਇਦਾਦ ਨਹੀਂ ਲੁੱਟੀ।
ਸ਼ੂਸ਼ਨ ਦੇ ਗੜ੍ਹ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਉਸੇ ਦਿਨ ਰਾਜੇ ਨੂੰ ਦੱਸੀ ਗਈ। ਰਾਜੇ ਨੇ ਰਾਣੀ ਏਸਤੇਰ ਨੂੰ ਆਖਿਆ, “ਯਹੂਦੀਆਂ ਨੇ ਸ਼ੂਸ਼ਨ ਦੇ ਗੜ੍ਹ ਵਿੱਚ ਪੰਜ ਸੌ ਮਨੁੱਖਾਂ ਅਤੇ ਹਾਮਾਨ ਦੇ ਦਸ ਪੁੱਤਰਾਂ ਨੂੰ ਮਾਰ ਸੁੱਟਿਆ ਹੈ। ਉਨ੍ਹਾਂ ਨੇ ਰਾਜੇ ਦੇ ਬਾਕੀ ਸੂਬਿਆਂ ਵਿੱਚ ਕੀ ਕੀਤਾ ਹੈ? ਹੁਣ ਤੇਰੀ ਕੀ ਬੇਨਤੀ ਹੈ? ਇਹ ਤੈਨੂੰ ਦਿੱਤਾ ਜਾਵੇਗਾ। ਤੇਰੀ ਕੀ ਮੰਗ ਹੈ? ਉਹ ਤੇਰੇ ਲਈ ਕੀਤਾ ਜਾਵੇਗਾ।”
ਏਸਤੇਰ ਨੇ ਉੱਤਰ ਦਿੱਤਾ, “ਜੇਕਰ ਇਹ ਰਾਜੇ ਨੂੰ ਚੰਗਾ ਲੱਗਦਾ ਹੈ, ਤਾਂ ਸ਼ੂਸ਼ਨ ਦੇ ਯਹੂਦੀਆਂ ਨੂੰ ਇਹ ਕਰਨ ਦੀ ਇਜਾਜ਼ਤ ਦੇ ਦਿਓ ਕਿ ਹਾਮਾਨ ਦੇ ਦਸ ਪੁੱਤਰਾਂ ਨੂੰ ਸੂਲੀ ਉੱਤੇ ਚੜ੍ਹਾ ਦਿੱਤਾ ਜਾਵੇ।”
ਤਾਂ ਰਾਜੇ ਨੇ ਹੁਕਮ ਦਿੱਤਾ ਕਿ ਇਹ ਕੀਤਾ ਜਾਵੇ। ਸ਼ੂਸ਼ਨ ਵਿੱਚ ਇੱਕ ਫ਼ਰਮਾਨ ਜਾਰੀ ਕੀਤਾ ਗਿਆ ਸੀ, ਅਤੇ ਉਨ੍ਹਾਂ ਨੇ ਹਾਮਾਨ ਦੇ ਦਸ ਪੁੱਤਰਾਂ ਨੂੰ ਸੂਲੀ ਉੱਤੇ ਚੜ੍ਹਾ ਦਿੱਤਾ। ਅਦਾਰ ਦੇ ਮਹੀਨੇ ਦੀ ਚੌਦ੍ਹਵੀਂ ਤਾਰੀਖ਼ ਨੂੰ ਸ਼ੂਸ਼ਨ ਵਿੱਚ ਯਹੂਦੀ ਇਕੱਠੇ ਹੋਏ ਅਤੇ ਉਨ੍ਹਾਂ ਨੇ ਸ਼ੂਸ਼ਨ ਵਿੱਚ ਤਿੰਨ ਸੌ ਮਨੁੱਖਾਂ ਨੂੰ ਵੱਢ ਸੁੱਟਿਆ ਪਰ ਉਨ੍ਹਾਂ ਦੀ ਜਾਇਦਾਦ ਨਹੀਂ ਲੁੱਟੀ।
ਇਸ ਦੌਰਾਨ, ਬਾਕੀ ਦੇ ਯਹੂਦੀ ਜਿਹੜੇ ਰਾਜੇ ਦੇ ਸੂਬਿਆਂ ਵਿੱਚ ਸਨ, ਉਹ ਵੀ ਆਪਣੀ ਰੱਖਿਆ ਕਰਨ ਅਤੇ ਆਪਣੇ ਦੁਸ਼ਮਣਾਂ ਤੋਂ ਛੁਟਕਾਰਾ ਪਾਉਣ ਲਈ ਇਕੱਠੇ ਹੋਏ। ਉਨ੍ਹਾਂ ਨੇ 75 ਹਜ਼ਾਰ ਨੂੰ ਮਾਰ ਦਿੱਤਾ ਪਰ ਉਨ੍ਹਾਂ ਦੀ ਜਾਇਦਾਦ ਨਹੀਂ ਲੁੱਟੀ। ਇਹ ਅਦਾਰ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਹੋਇਆ ਅਤੇ ਚੌਦ੍ਹਵੇਂ ਦਿਨ ਉਨ੍ਹਾਂ ਨੇ ਆਰਾਮ ਕੀਤਾ ਅਤੇ ਦਾਵਤ ਅਤੇ ਅਨੰਦ ਦਾ ਦਿਨ ਬਣਾਇਆ।
ਪਰ ਸ਼ੂਸ਼ਨ ਵਿੱਚ ਯਹੂਦੀ ਤੇਰ੍ਹਵੀਂ ਅਤੇ ਚੌਧਵੀਂ ਨੂੰ ਇਕੱਠੇ ਹੋਏ ਸਨ ਅਤੇ ਫਿਰ ਪੰਦਰਵੀਂ ਤਾਰੀਖ਼ ਨੂੰ ਅਰਾਮ ਕੀਤਾ ਅਤੇ ਦਾਵਤ ਅਤੇ ਅਨੰਦ ਦਾ ਦਿਨ ਬਣਾਇਆ।
ਇਸੇ ਕਰਕੇ ਪੇਂਡੂ ਯਹੂਦੀ ਜਿਹੜੇ ਪਿੰਡਾਂ ਵਿੱਚ ਰਹਿੰਦੇ ਹਨ, ਅਦਾਰ ਮਹੀਨੇ ਦੀ ਚੌਧਵੀਂ ਨੂੰ ਖੁਸ਼ੀ ਅਤੇ ਦਾਵਤ ਦੇ ਦਿਨ ਵਜੋਂ ਮਨਾਉਂਦੇ ਹਨ ਅਤੇ ਇੱਕ-ਦੂਜੇ ਨੂੰ ਤੋਹਫ਼ੇ ਦਿੰਦੇ ਸਨ।
ਪੁਰੀਮ ਦੀ ਸਥਾਪਨਾ
ਮਾਰਦਕਈ ਨੇ ਇਹਨਾਂ ਘਟਨਾਵਾਂ ਨੂੰ ਦਰਜ ਕੀਤਾ ਅਤੇ ਉਸਨੇ ਸਾਰੇ ਯਹੂਦੀਆਂ ਨੂੰ ਰਾਜੇ ਅਹਸ਼ਵੇਰੋਸ਼ ਦੇ ਨੇੜੇ ਅਤੇ ਦੂਰ ਦੇ ਸਾਰੇ ਸੂਬਿਆਂ ਵਿੱਚ ਚਿੱਠੀਆਂ ਭੇਜੀਆਂ, ਤਾਂ ਜੋ ਉਹ ਹਰ ਸਾਲ ਅਦਾਰ ਦੇ ਮਹੀਨੇ ਦਾ ਚੌਧਵਾਂ ਅਤੇ ਪੰਦਰਵਾਂ ਦਿਨ ਮਨਾਉਣ। ਉਹ ਸਮਾਂ ਜਦੋਂ ਯਹੂਦੀਆਂ ਨੇ ਆਪਣੇ ਵੈਰੀਆਂ ਤੋਂ ਛੁਟਕਾਰਾ ਪਾਇਆ, ਅਤੇ ਉਹ ਮਹੀਨਾ ਜਦੋਂ ਉਹਨਾਂ ਦਾ ਰੋਣ ਖੁਸ਼ੀ ਵਿੱਚ ਅਤੇ ਉਹਨਾਂ ਦਾ ਸੋਗ ਜਸ਼ਨ ਦੇ ਦਿਨ ਵਿੱਚ ਬਦਲ ਗਿਆ। ਉਸ ਨੇ ਉਨ੍ਹਾਂ ਦਿਨਾਂ ਨੂੰ ਦਾਵਤ ਅਤੇ ਅਨੰਦ ਦੇ ਦਿਨਾਂ ਵਜੋਂ ਮਨਾਉਣ ਅਤੇ ਇੱਕ-ਦੂਜੇ ਨੂੰ ਭੋਜਨ ਅਤੇ ਪਕਵਾਨਾਂ ਦਾ ਆਦਾਨ-ਪ੍ਰਦਾਨ ਕਰਦੇ ਹਨ ਅਤੇ ਗਰੀਬਾਂ ਨੂੰ ਤੋਹਫ਼ੇ ਦਿੰਦੇ ਹਨ।
ਇਸ ਲਈ ਯਹੂਦੀ ਉਸ ਤਿਉਹਾਰ ਨੂੰ ਜਾਰੀ ਰੱਖਣ ਲਈ ਮੰਨ ਗਏ ਜੋ ਉਨ੍ਹਾਂ ਨੇ ਸ਼ੁਰੂ ਕੀਤਾ ਸੀ ਅਤੇ ਉਹੀ ਕਰਦੇ ਹੋਏ ਜੋ ਮਾਰਦਕਈ ਨੇ ਉਨ੍ਹਾਂ ਨੂੰ ਲਿਖਿਆ ਸੀ। ਕਿਉਂ ਜੋ ਹਮਦਾਥਾ ਦੇ ਪੁੱਤਰ ਹਾਮਾਨ ਨੇ ਜੋ ਸਾਰੇ ਯਹੂਦੀਆਂ ਦੇ ਵੈਰੀ ਅਗਾਗੀ ਨੇ ਯਹੂਦੀਆਂ ਦੇ ਵਿਰੁੱਧ ਵਿਉਂਤ ਬਣਾਈ ਸੀ। ਪਰ ਜਦੋਂ ਇਹ ਸਾਜ਼ਿਸ਼ ਰਾਜੇ ਦੇ ਧਿਆਨ ਵਿੱਚ ਆਈ ਤਾਂ ਉਸ ਨੇ ਲਿਖਤੀ ਹੁਕਮ ਜਾਰੀ ਕੀਤਾ ਕਿ ਜਿਹੜੀ ਬੁਰੀ ਜੁਗਤ ਹਾਮਾਨ ਨੇ ਯਹੂਦੀਆਂ ਦੇ ਵਿਰੁੱਧ ਘੜੀ ਸੀ, ਉਹ ਉਸ ਦੇ ਸਿਰ ਉੱਤੇ ਮੁੜ ਆਵੇ ਅਤੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਖੰਭਿਆਂ ਉੱਤੇ ਚੜ੍ਹਾਇਆ ਜਾਵੇ। ਇਸ ਲਈ ਇਸ ਤਿਉਹਾਰ ਨੂੰ ਪੁਰੀਮ ਕਿਹਾ ਜਾਂਦਾ ਹੈ, ਕਿਉਂਕਿ ਇਹ ਗੁਣਾ ਪਾਉਣ ਲਈ ਪ੍ਰਾਚੀਨ ਸ਼ਬਦ ਹੈ। ਇਸ ਚਿੱਠੀ ਵਿੱਚ ਲਿਖੀਆਂ ਸਾਰੀਆਂ ਗੱਲਾਂ ਦੇ ਕਾਰਨ ਅਤੇ ਜੋ ਕੁਝ ਉਨ੍ਹਾਂ ਨੇ ਵੇਖਿਆ ਅਤੇ ਜੋ ਉਨ੍ਹਾਂ ਨਾਲ ਵਾਪਰਿਆ ਸੀ। ਯਹੂਦੀਆਂ ਨੇ ਵਾਅਦਾ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਬੱਚੇ ਇਨ੍ਹਾਂ ਲਿਖਤੀ ਸੰਦੇਸ਼ਾਂ ਦੇ ਅਨੁਸਾਰ ਹਰ ਸਾਲ ਇਨ੍ਹਾਂ ਦੋ ਠਹਿਰਾਏ ਦਿਨਾਂ ਤੇ ਇਹ ਤਿਉਹਾਰ ਮਨਾਉਣਗੇ। ਇਹ ਦਿਨ ਹਰ ਪੀੜ੍ਹੀ ਵਿੱਚ ਹਰੇਕ ਘਰਾਣੇ ਵਿੱਚ ਅਤੇ ਹਰੇਕ ਸੂਬੇ ਵਿੱਚ ਅਤੇ ਹਰੇਕ ਸ਼ਹਿਰ ਵਿੱਚ ਯਾਦ ਰੱਖਣ ਅਤੇ ਮਨਾਉਣੇ ਚਾਹੀਦੇ ਹਨ ਅਤੇ ਪੁਰੀਮ ਦੇ ਇਹ ਦਿਨ ਯਹੂਦੀਆਂ ਦੁਆਰਾ ਮਨਾਏ ਜਾਣ ਵਿੱਚ ਕਦੇ ਵੀ ਅਸਫ਼ਲ ਨਹੀਂ ਹੋਣੇ ਚਾਹੀਦੇ ਅਤੇ ਨਾ ਹੀ ਇਹਨਾਂ ਦਿਨਾਂ ਦੀ ਯਾਦ ਉਹਨਾਂ ਦੇ ਬੱਚਿਆਂ ਵਿੱਚੋਂ ਖਤਮ ਹੋਣੀ ਚਾਹੀਦੀ ਹੈ।
ਸੋ ਅਬੀਹੇਲ ਦੀ ਧੀ ਰਾਣੀ ਏਸਤੇਰ ਨੇ ਮਾਰਦਕਈ ਯਹੂਦੀ ਦੇ ਨਾਲ ਪੂਰੀਮ ਦੇ ਵਿਖੇ ਇਸ ਦੂਜੀ ਚਿੱਠੀ ਦੀ ਪੁਸ਼ਟੀ ਕਰਨ ਲਈ ਪੂਰੇ ਅਧਿਕਾਰ ਨਾਲ ਲਿਖਿਆ। ਅਤੇ ਮਾਰਦਕਈ ਨੇ ਅਹਸ਼ਵੇਰੋਸ਼ ਦੇ ਰਾਜ ਦੇ 127 ਪ੍ਰਾਂਤਾਂ ਵਿੱਚ ਸਾਰੇ ਯਹੂਦੀਆਂ ਨੂੰ ਚਿੱਠੀਆਂ ਸ਼ੁਭਕਾਮਨਾਵਾਂ ਅਤੇ ਭਰੋਸੇ ਦੀਆਂ ਗੱਲਾਂ ਨਾਲ ਭੇਜੀਆਂ। ਤਾਂ ਜੋ ਪੂਰੀਮ ਦੇ ਇਨ੍ਹਾਂ ਦਿਨਾਂ ਨੂੰ ਉਨ੍ਹਾਂ ਦੇ ਠਹਿਰਾਏ ਹੋਏ ਸਮਿਆਂ ਤੇ ਸਥਾਪਿਤ ਕੀਤਾ ਜਾ ਸਕੇ, ਜਿਵੇਂ ਮਾਰਦਕਈ ਯਹੂਦੀ ਅਤੇ ਰਾਣੀ ਏਸਤੇਰ ਨੇ ਉਨ੍ਹਾਂ ਲਈ ਹੁਕਮ ਦਿੱਤਾ ਸੀ ਅਤੇ ਜਿਵੇਂ ਕਿ ਉਹਨਾਂ ਨੇ ਆਪਣੇ ਲਈ ਅਤੇ ਉਹਨਾਂ ਦੇ ਬੱਚਿਆਂ ਲਈ ਵਰਤ ਅਤੇ ਵਿਰਲਾਪ ਦੇ ਸਮੇਂ ਦੇ ਸੰਬੰਧ ਵਿੱਚ ਸਥਾਪਿਤ ਕੀਤਾ ਸੀ। ਏਸਤੇਰ ਦੇ ਫ਼ਰਮਾਨ ਨੇ ਪੁਰੀਮ ਬਾਰੇ ਇਨ੍ਹਾਂ ਬਿਧੀਆਂ ਦੀ ਪੁਸ਼ਟੀ ਕੀਤੀ ਅਤੇ ਇਹ ਲੇਖਾਂ ਵਿੱਚ ਲਿਖਿਆ ਗਿਆ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.