Skip to content
BibleKenya

Biblica® Open Punjabi Contemporary Version 2025

ਬਿਵਸਥਾ 15

ਕਰਜ਼ੇ ਨੂੰ ਰੱਦ ਕਰਨ ਦਾ ਸਾਲ

ਹਰ ਸੱਤਾਂ ਸਾਲਾਂ ਦੇ ਅੰਤ ਵਿੱਚ ਤੁਸੀਂ ਕਰਜ਼ੇ ਦਾ ਛੁਟਕਾਰਾ ਦਿਆ ਕਰੋ। ਇਹ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਕਿ ਹਰੇਕ ਲੈਣਦਾਰ ਜਿਸਨੇ ਆਪਣੇ ਕਿਸੇ ਗੁਆਂਢੀ ਇਸਰਾਏਲੀ ਨੂੰ ਕੋਈ ਕਰਜ਼ ਦਿੱਤਾ ਹੋਇਆ ਹੋਵੇ ਉਹ ਛੱਡ ਦੇਵੇ। ਉਹਨਾਂ ਨੂੰ ਆਪਣੇ ਲੋਕਾਂ ਵਿੱਚੋਂ ਕਿਸੇ ਤੋਂ ਭੁਗਤਾਨ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਕਰਜ਼ੇ ਨੂੰ ਰੱਦ ਕਰਨ ਲਈ ਯਾਹਵੇਹ ਦੇ ਸਮੇਂ ਦੀ ਘੋਸ਼ਣਾ ਕੀਤੀ ਗਈ ਹੈ। ਤੁਸੀਂ ਕਿਸੇ ਪਰਦੇਸੀ ਤੋਂ ਵਸੂਲੀ ਦੀ ਮੰਗ ਕਰ ਸਕਦੇ ਹੋ, ਪਰ ਜੋ ਕੁਝ ਤੁਹਾਡੇ ਭਰਾਂ ਕੋਲ ਹੋਵੇ ਉਹ ਤੁਸੀਂ ਆਪਣੇ ਆਪ ਛੱਡ ਦਿਓ। ਤਦ ਤੁਹਾਡੇ ਵਿੱਚੋਂ ਕੋਈ ਕੰਗਾਲ ਨਾ ਰਹੇਗਾ, ਕਿਉਂਕਿ ਜਿਹੜੀ ਧਰਤੀ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਿੱਚ ਦੇ ਰਿਹਾ ਹੈ, ਉਸ ਵਿੱਚ ਉਹ ਤੁਹਾਨੂੰ ਭਰਪੂਰ ਅਸੀਸ ਦੇਵੇਗਾ, ਜੇਕਰ ਤੁਸੀਂ ਪੂਰੀ ਤਰ੍ਹਾਂ ਆਗਿਆਕਾਰੀ ਰਹੋ ਅਤੇ ਆਪਣੇ ਯਾਹਵੇਹ ਪਰਮੇਸ਼ਵਰ ਅਤੇ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ। ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਸੀਸ ਦੇਵੇਗਾ ਜਿਵੇਂ ਉਸਨੇ ਵਾਅਦਾ ਕੀਤਾ ਹੈ ਅਤੇ ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ ਦੇਵੋਗੇ ਪਰ ਕਿਸੇ ਤੋਂ ਕਰਜ਼ ਨਹੀਂ ਲਓਗੇ। ਤੁਸੀਂ ਬਹੁਤ ਸਾਰੀਆਂ ਕੌਮਾਂ ਉੱਤੇ ਰਾਜ ਕਰੋਗੇ, ਪਰ ਕੋਈ ਵੀ ਤੁਹਾਡੇ ਉੱਤੇ ਰਾਜ ਨਹੀਂ ਕਰੇਗਾ।

ਜੇਕਰ ਤੁਹਾਡੇ ਨਾਲ ਦੇ ਇਸਰਾਏਲੀਆਂ ਵਿੱਚੋਂ ਕੋਈ ਉਸ ਦੇਸ਼ ਦੇ ਕਿਸੇ ਵੀ ਕਸਬੇ ਵਿੱਚ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ ਤੁਹਾਡੇ ਭਰਾਵਾਂ ਵਿੱਚੋਂ ਗ਼ਰੀਬ ਹੈ, ਤਾਂ ਤੁਸੀਂ ਉਹਨਾਂ ਨਾਲ ਕਠੋਰ ਦਿਲ ਨਾ ਹੋਵੋ ਅਤੇ ਨਾ ਹੀ ਤੰਗ ਹੋਵੋ। ਇਸ ਦੀ ਬਜਾਏ, ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਜੋ ਵੀ ਚਾਹੀਦਾ ਹੈ ਉਧਾਰ ਦਿਓ। ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਮਨ ਵਿੱਚ ਕੋਈ ਨਿਕੰਮਾ ਵਿਚਾਰ ਆ ਜਾਵੇ ਕਿ ਸੱਤਵਾਂ ਸਾਲ ਅਰਥਾਤ ਛੁਟਕਾਰੇ ਦਾ ਸਾਲ ਨੇੜੇ ਹੈ, ਅਤੇ ਤੁਹਾਡੀ ਨਿਗਾਹ ਤੁਹਾਡੇ ਕੰਗਾਲ ਭਰਾ ਵੱਲ ਮੰਦੀ ਹੋ ਜਾਵੇ ਕਿ ਤੁਸੀਂ ਉਸ ਨੂੰ ਕੁਝ ਨਾ ਦਿਓ ਅਤੇ ਉਹ ਤੁਹਾਡੇ ਵਿਰੁੱਧ ਯਾਹਵੇਹ ਦੇ ਅੱਗੇ ਫ਼ਰਿਆਦ ਕਰੇ ਅਤੇ ਇਹ ਤੁਹਾਡੇ ਲਈ ਪਾਪ ਠਹਿਰੇ। ਉਹਨਾਂ ਨੂੰ ਖੁੱਲ੍ਹੇ ਦਿਲ ਨਾਲ ਦਿਓ ਅਤੇ ਉਸ ਨੂੰ ਦਿੰਦੇ ਹੋਏ ਤੁਹਾਡੇ ਦਿਲ ਨੂੰ ਬੁਰਾ ਨਾ ਲੱਗੇ ਤਾਂ ਇਸ ਕਰਕੇ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਸਾਰੇ ਕੰਮ ਵਿੱਚ ਅਤੇ ਹਰ ਕੰਮ ਵਿੱਚ ਬਰਕਤ ਦੇਵੇਗਾ ਜਿਸ ਵਿੱਚ ਤੁਸੀਂ ਆਪਣਾ ਹੱਥ ਰੱਖਦੇ ਹੋ। ਦੇਸ਼ ਵਿੱਚ ਹਮੇਸ਼ਾ ਗਰੀਬ ਲੋਕ ਰਹਿਣਗੇ, ਇਸ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੇ ਸੰਗੀ ਇਸਰਾਏਲੀਆਂ ਲਈ ਜਿਹੜੇ ਤੁਹਾਡੇ ਦੇਸ਼ ਵਿੱਚ ਗਰੀਬ ਅਤੇ ਲੋੜਵੰਦ ਹਨ, ਉਹਨਾਂ ਲਈ ਖੁੱਲ੍ਹੇ-ਡੁੱਲ੍ਹੇ ਰਹੋ।

ਨੌਕਰਾਂ ਨੂੰ ਅਜ਼ਾਦ ਕਰਨਾ

ਜੇਕਰ ਤੁਹਾਡੇ ਵਿੱਚੋਂ ਕੋਈ ਵੀ ਇਬਰਾਨੀ ਆਦਮੀ ਜਾਂ ਤੀਵੀਂ ਆਪਣੇ ਆਪ ਨੂੰ ਤੁਹਾਡੇ ਕੋਲ ਵੇਚ ਦੇਵੇ ਅਤੇ ਛੇ ਸਾਲ ਤੁਹਾਡੀ ਸੇਵਾ ਕਰੇ, ਤਾਂ ਤੁਸੀਂ ਸੱਤਵੇਂ ਸਾਲ ਉਸ ਨੂੰ ਅਜ਼ਾਦ ਕਰ ਦੇਣਾ। ਅਤੇ ਜਦੋਂ ਤੁਸੀਂ ਉਹਨਾਂ ਨੂੰ ਛੱਡ ਦਿਓ ਤਾਂ ਉਹਨਾਂ ਨੂੰ ਖਾਲੀ ਹੱਥ ਨਾ ਭੇਜੋ। ਉਹਨਾਂ ਨੂੰ ਆਪਣੇ ਇੱਜੜ, ਆਪਣੇ ਪਿੜ ਅਤੇ ਆਪਣੇ ਦਾਖ਼ਰਸ ਦੇ ਚੁਬਾਰੇ ਵਿੱਚੋਂ ਖੁੱਲ੍ਹੇ ਦਿਲ ਨਾਲ ਉਸ ਨੂੰ ਦਿਓ ਜਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਸੀਸ ਦਿੱਤੀ ਹੈ ਉਸੇ ਤਰ੍ਹਾਂ ਉਹਨਾਂ ਨੂੰ ਵੀ ਦਿਓ। ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ ਅਤੇ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਛੁਡਾਇਆ ਸੀ, ਇਸ ਲਈ ਮੈਂ ਅੱਜ ਤੁਹਾਨੂੰ ਇਹ ਹੁਕਮ ਦਿੰਦਾ ਹਾਂ।

ਪਰ ਜੇ ਤੇਰਾ ਨੌਕਰ ਤੈਨੂੰ ਕਹੇ, “ਮੈਂ ਤੈਨੂੰ ਛੱਡਣਾ ਨਹੀਂ ਚਾਹੁੰਦਾ,” ਕਿਉਂਕਿ ਉਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪਿਆਰ ਕਰਦਾ ਹੈ ਅਤੇ ਤੁਹਾਡੇ ਨਾਲ ਚੰਗਾ ਰਹਿੰਦਾ ਹੈ, ਤਾਂ ਤੁਸੀਂ ਸੂਆ ਲੈ ਕੇ ਉਸ ਦੇ ਕੰਨ ਨੂੰ ਚੁਗਾਠ ਨਾਲ ਵਿੰਨ੍ਹ ਦੇਣਾ, ਤਾਂ ਉਹ ਸਦਾ ਲਈ ਤੁਹਾਡਾ ਦਾਸ ਬਣ ਜਾਵੇਗਾ, ਤੁਸੀਂ ਆਪਣੀ ਦਾਸੀ ਨਾਲ ਵੀ ਅਜਿਹਾ ਹੀ ਕਰਨਾ।

ਜਦ ਤੁਸੀਂ ਉਸਨੂੰ ਆਪਣੇ ਕੋਲੋਂ ਅਜ਼ਾਦ ਕਰਕੇ ਭੇਜੋ, ਤਾਂ ਉਸਨੂੰ ਛੱਡਣਾ ਤੁਹਾਨੂੰ ਬਹੁਤਾ ਔਖਾ ਨਾ ਲੱਗੇ, ਕਿਉ ਜੋ ਉਸ ਨੇ ਛੇ ਸਾਲਾਂ ਤੱਕ ਮਜ਼ਦੂਰ ਦੀ ਦੁੱਗਣੀ ਮਜ਼ਦੂਰੀ ਦੇ ਬਰਾਬਰ ਤੁਹਾਡੀ ਸੇਵਾ ਕੀਤੀ ਹੈ। ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਸਾਰੇ ਕੰਮਾਂ ਵਿੱਚ ਬਰਕਤ ਦੇਵੇਗਾ।

ਪਹਿਲੌਠੇ ਜਾਨਵਰ

ਤੁਹਾਡੇ ਇੱਜੜਾਂ ਅਤੇ ਇੱਜੜਾਂ ਦੇ ਹਰ ਪਹਿਲੌਠੇ ਨਰ ਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਵੱਖ ਕਰੋ ਅਤੇ ਆਪਣੀਆਂ ਗਾਂਵਾਂ ਦੇ ਪਹਿਲੌਠੇ ਨੂੰ ਕੰਮ ਵਿੱਚ ਨਾ ਲਾਓ ਅਤੇ ਨਾ ਹੀ ਆਪਣੀਆਂ ਭੇਡਾਂ ਦੇ ਪਹਿਲੌਠੇ ਨੂੰ ਵੱਢੋ। ਹਰ ਸਾਲ ਤੁਸੀਂ ਅਤੇ ਆਪਣੇ ਪਰਿਵਾਰ ਦੇ ਨਾਲ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖਾਓ, ਜਿਹੜਾ ਯਾਹਵੇਹ ਚੁਣੇਗਾ। ਜੇਕਰ ਕਿਸੇ ਜਾਨਵਰ ਵਿੱਚ ਕੋਈ ਨੁਕਸ ਹੈ ਜਿਵੇਂ ਉਹ ਲੰਗੜਾ ਜਾਂ ਅੰਨ੍ਹਾ ਜਾਂ ਉਸ ਵਿੱਚ ਕੋਈ ਗੰਭੀਰ ਨੁਕਸ ਹੋਵੇ, ਤਾਂ ਤੁਹਾਨੂੰ ਉਸ ਨੂੰ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਲੀ ਨਹੀਂ ਚੜ੍ਹਾਉਣਾ ਚਾਹੀਦਾ। ਤੁਸੀਂ ਇਸਨੂੰ ਆਪਣੇ ਨਗਰਾਂ ਵਿੱਚ ਖਾਓ। ਰਸਮੀ ਤੌਰ ਉੱਤੇ ਅਸ਼ੁੱਧ ਅਤੇ ਸ਼ੁੱਧ ਦੋਵੇਂ ਇਸ ਨੂੰ ਖਾ ਸਕਦੇ ਹਨ, ਜਿਵੇਂ ਕਿ ਇਹ ਗਜ਼ਲ ਜਾਂ ਹਿਰਨ ਸੀ। ਪਰ ਤੁਹਾਨੂੰ ਲਹੂ ਨਹੀਂ ਖਾਣਾ ਚਾਹੀਦਾ, ਇਸਨੂੰ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦਿਓ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.