Biblica® Open Punjabi Contemporary Version 2025
ਰਸੂਲਾਂ 5
ਹਨਾਨਿਯਾਹ ਅਤੇ ਸਫ਼ੀਰਾ
ਹਨਾਨਿਯਾਹ ਨਾਮ ਦੇ ਇੱਕ ਆਦਮੀ ਨੇ, ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ, ਜ਼ਮੀਨ ਦਾ ਇੱਕ ਟੁਕੜਾ ਵੇਚਿਆ। ਆਪਣੀ ਪਤਨੀ ਦੀ ਪੂਰੀ ਜਾਣਕਾਰੀ ਨਾਲ ਉਸ ਨੇ ਪੈਸੇ ਦਾ ਕੁਝ ਹਿੱਸਾ ਆਪਣੇ ਲਈ ਰੱਖ ਲਿਆ, ਪਰ ਬਾਕੀ ਬਚਿਆ ਪੈਸਾ ਰਸੂਲਾਂ ਨੂੰ ਦੇ ਦਿੱਤਾ।
ਤਦ ਪਤਰਸ ਨੇ ਆਖਿਆ, “ਹਨਾਨਿਯਾਹ, ਸ਼ੈਤਾਨ ਨੇ ਤੇਰੇ ਮਨ ਨੂੰ ਕਿਉਂ ਭਰ ਦਿੱਤਾ ਹੈ ਕਿ ਤੁਸੀਂ ਪਵਿੱਤਰ ਆਤਮਾ ਨਾਲ ਝੂਠ ਬੋਲੋ ਅਤੇ ਉਸ ਜ਼ਮੀਨ ਦੇ ਮੁੱਲ ਵਿੱਚੋਂ ਤੁਸੀਂ ਆਪਣੇ ਲਈ ਰੱਖਿਆ ਹੈ? ਕੀ ਉਹ ਜ਼ਮੀਨ ਵੇਚਣ ਤੋਂ ਪਹਿਲਾਂ ਤੁਹਾਡੀ ਨਹੀਂ ਸੀ? ਅਤੇ ਇਸ ਨੂੰ ਵੇਚਣ ਤੋਂ ਬਾਅਦ, ਕੀ ਤੁਹਾਡੇ ਕੋਲ ਪੈਸੇ ਨਹੀਂ ਸਨ? ਕਿਹੜੀ ਚੀਜ਼ ਨੇ ਤੁਹਾਨੂੰ ਅਜਿਹਾ ਸੋਚਣ ਲਈ ਮਜ਼ਬੂਰ ਕੀਤਾ? ਤੁਸੀਂ ਕੇਵਲ ਇਨਸਾਨਾਂ ਨਾਲ ਨਹੀਂ, ਪਰ ਪਰਮੇਸ਼ਵਰ ਨਾਲ ਝੂਠ ਬੋਲਿਆ ਹੈ।”
ਜਦੋਂ ਹਨਾਨਿਯਾਹ ਨੇ ਇਹ ਗੱਲਾਂ ਸੁਣੀਆਂ, ਤਾਂ ਉਹ ਡਿੱਗ ਪਿਆ ਅਤੇ ਮਰ ਗਿਆ। ਅਤੇ ਜਿਨ੍ਹਾਂ ਨੇ ਵੀ ਸੁਣਿਆ ਉਹਨਾਂ ਸਭਨਾਂ ਉੱਤੇ ਵੱਡਾ ਡਰ ਛਾ ਗਿਆ। ਅਤੇ ਕੁਝ ਜਵਾਨਾਂ ਨੇ ਉੱਠ ਕੇ ਉਸ ਨੂੰ ਕਫ਼ਨ ਪਹਿਨਾਇਆ, ਅਤੇ ਬਾਹਰ ਲੈ ਜਾ ਕੇ ਦਫਨਾ ਦਿੱਤਾ।
ਤਕਰੀਬਨ ਤਿੰਨ ਘੰਟੇ ਬਾਅਦ ਉਸ ਦੀ ਪਤਨੀ ਕਮਰੇ ਅੰਦਰ ਆਈ ਜਿਸ ਵਿੱਚ ਪਤਰਸ ਸੀ, ਪਰ ਉਸ ਨੂੰ ਪਤਾ ਨਹੀਂ ਸੀ ਕਿ ਉੱਥੇ ਕਿ ਵਾਪਰਿਆ ਸੀ। ਪਤਰਸ ਨੇ ਉਸ ਨੂੰ ਪੁੱਛਿਆ, ਮੈਨੂੰ ਦੱਸੋ, ਕੀ ਤੁਸੀਂ ਅਤੇ ਹਨਾਨਿਯਾਹ ਨੇ ਉਹ ਖੇਤ ਐਨੇ ਹੀ ਪੈਸੇ ਵਿੱਚ ਵੇਚਿਆ ਹੈ?
ਉਸ ਦੀ ਪਤਨੀ ਨੇ ਜਵਾਬ ਦਿੱਤਾ, “ਹਾਂ, ਐਨੇ ਹੀ ਪੈਸੇ ਵਿੱਚ ਵੇਚਿਆ ਹੈ।”
ਪਤਰਸ ਨੇ ਉਸ ਨੂੰ ਕਿਹਾ, “ਤੁਸੀਂ ਪ੍ਰਭੂ ਦੇ ਆਤਮਾ ਦੀ ਪਰਖ ਕਰਨ ਦੀ ਯੋਜਨਾ ਕਿਵੇਂ ਬਣਾ ਸਕਦੇ ਹੋ? ਸੁਣ! ਤੇਰੇ ਪਤੀ ਦੇ ਦਫ਼ਨਾਉਣ ਵਾਲਿਆਂ ਦੇ ਪੈਰ ਦਰਵਾਜ਼ੇ ਉੱਤੇ ਹਨ, ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ।”
ਉਸੇ ਵਕਤ ਉਹ ਪਤਰਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਮਰ ਗਈ। ਤਦ ਉਹਨਾਂ ਜਵਾਨਾਂ ਨੇ ਅੰਦਰ ਆਣ ਕੇ, ਉਸ ਨੂੰ ਮਰੀ ਹੋਈ ਨੂੰ ਵੇਖਿਆ, ਉਸ ਨੂੰ ਬਾਹਰ ਲੈ ਗਏ ਅਤੇ ਉਸ ਦੇ ਪਤੀ ਦੇ ਨਾਲ ਦਫ਼ਨਾ ਦਿੱਤਾ। ਸਾਰੀ ਕਲੀਸਿਆ ਅਤੇ ਜਿਨ੍ਹਾਂ ਨੇ ਵੀ ਇਹ ਗੱਲਾਂ ਸੁਣੀਆਂ ਉਹਨਾਂ ਸਭਨਾਂ ਨੂੰ ਬਹੁਤ ਡਰ ਲੱਗਾ।
ਰਸੂਲਾਂ ਨੇ ਬਹੁਤ ਲੋਕਾਂ ਨੂੰ ਚੰਗਾ ਕੀਤਾ
ਰਸੂਲਾਂ ਨੇ ਲੋਕਾਂ ਵਿੱਚ ਬਹੁਤ ਸਾਰੇ ਚਮਤਕਾਰ ਅਤੇ ਅਚੰਭੇ ਕੰਮ ਕੀਤੇ। ਅਤੇ ਸਾਰੇ ਵਿਸ਼ਵਾਸੀ ਸ਼ਲੋਮੋਨ ਦੀ ਬਸਤੀ ਵਿੱਚ ਇਕੱਠੇ ਹੁੰਦੇ ਸਨ। ਕਿਸੇ ਗ਼ੈਰ ਵਿਸ਼ਵਾਸੀ ਨੇ ਵੀ ਉਨ੍ਹਾਂ ਨਾਲ ਸ਼ਾਮਲ ਹੋਣ ਦੀ ਹਿੰਮਤ ਨਹੀਂ ਕੀਤੀ, ਭਾਵੇਂ ਕਿ ਦੂਸਰੇ ਸਾਰੇ ਲੋਕ ਵਿਸ਼ਵਾਸੀਆਂ ਦਾ ਬਹੁਤ ਸਤਿਕਾਰ ਕਰਦੇ ਸਨ। ਫਿਰ ਵੀ, ਵੱਧ ਤੋਂ ਵੱਧ ਆਦਮੀ ਅਤੇ ਔਰਤਾਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਦੀ ਸੰਖਿਆ ਵਿੱਚ ਸ਼ਾਮਲ ਹੋ ਗਏ। ਐਥੋਂ ਤੱਕ ਜੋ ਲੋਕ ਰੋਗੀਆਂ ਨੂੰ ਮੰਜੀਆਂ ਅਤੇ ਚਟਾਈਆਂ ਉੱਤੇ ਪਾ ਕੇ ਬਾਹਰ ਚੌਕਾਂ ਅਤੇ ਸੜਕਾਂ ਵਿੱਚ ਲਿਆਉਂਦੇ ਸਨ, ਇਸ ਲਈ ਕਿ ਜਦੋਂ ਪਤਰਸ ਉਨ੍ਹਾਂ ਰੋਗੀਆਂ ਕੋਲੋ ਗੁਜਰੇ ਤਦ ਹੋਰ ਨਹੀਂ ਤਾਂ ਉਹ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ। ਭੀੜ ਵੀ ਯੇਰੂਸ਼ਲੇਮ ਦੇ ਆਸ-ਪਾਸ ਦੇ ਨਗਰਾਂ ਤੋਂ ਇਕੱਠੀ ਹੋ ਕੇ ਆਉਂਦੀ, ਅਤੇ ਆਪਣੇ ਬਿਮਾਰ ਲੋਕਾਂ ਨੂੰ ਲਿਆਉਂਦੇ ਅਤੇ ਜਿਹੜੇ ਦੁਸ਼ਟ ਆਤਮਾਵਾਂ ਦੇ ਸਤਾਏ ਹੋਏ ਸਨ, ਅਤੇ ਉਹ ਸਾਰੇ ਚੰਗੇ ਹੋ ਕੇ ਜਾਂਦੇ ਸਨ।
ਰਸੂਲਾਂ ਦਾ ਸਤਾਇਆ ਜਾਣਾ
ਤਦ ਮਹਾਂ ਜਾਜਕ ਅਤੇ ਉਸ ਦੇ ਸਾਰੇ ਸਾਥੀ, ਜੋ ਸਦੂਕੀ ਪੰਥ ਦੇ ਮੈਂਬਰ ਸਨ, ਉਹ ਸਭ ਈਰਖਾ ਨਾਲ ਭਰ ਗਏ। ਉਨ੍ਹਾਂ ਨੇ ਰਸੂਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਜਨਤਕ ਜੇਲ੍ਹ ਵਿੱਚ ਬੰਦ ਕਰ ਦਿੱਤਾ। ਪਰ ਰਾਤ ਵੇਲੇ ਪ੍ਰਭੂ ਦੇ ਇੱਕ ਸਵਰਗਦੂਤ ਨੇ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਉਨ੍ਹਾਂ ਨੂੰ ਬਾਹਰ ਲੈ ਗਿਆ। ਉਸ ਨੇ ਕਿਹਾ, “ਜਾਓ, ਅਤੇ ਹੈਕਲ ਦੇ ਦਰਬਾਰਾਂ ਵਿੱਚ ਖਲੋਵੋ, ਅਤੇ ਲੋਕਾਂ ਨੂੰ ਇਸ ਨਵੀਂ ਜ਼ਿੰਦਗੀ ਬਾਰੇ ਦੱਸੋ।”
ਸਵੇਰ ਵੇਲੇ ਉਹ ਹੈਕਲ ਦੇ ਵਿਹੜੇ ਵਿੱਚ ਗਏ, ਜਿਵੇਂ ਕਿ ਉਹਨਾਂ ਨੂੰ ਕਿਹਾ ਗਿਆ ਸੀ, ਅਤੇ ਉਨ੍ਹਾਂ ਨੇ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ।
ਜਦੋਂ ਮਹਾਂ ਜਾਜਕ ਅਤੇ ਉਹ ਦੇ ਨਾਲ ਦੇ ਸਾਥੀ ਪਹੁੰਚੇ, ਤਾਂ ਮਹਾਂਸਭਾ ਅਤੇ ਇਸਰਾਏਲੀਆਂ ਦੀ ਸਾਰੀ ਪੰਚਾਇਤ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਰਸੂਲਾਂ ਲਈ ਜੇਲ੍ਹ ਭੇਜਿਆ। ਪਰ ਜੇਲ੍ਹ ਪਹੁੰਚਣ ਤੇ ਸਿਪਾਹੀਆਂ ਨੇ ਉਨ੍ਹਾਂ ਨੂੰ ਉੱਥੇ ਨਾ ਦੇਖਿਆ। ਸੋ ਉਹ ਵਾਪਸ ਗਏ ਅਤੇ ਦੱਸਿਆ, “ਅਸੀਂ ਜੇਲ੍ਹ ਨੂੰ ਸੁਰੱਖਿਅਤ ਤਾਲੇ ਲੱਗੇ, ਅਤੇ ਫਾਟਕਾਂ ਉੱਤੇ ਪਹਿਰੇਦਾਰ ਖੜੇ ਹੋਏ ਵੇਖੇ; ਪਰ ਜਦੋਂ ਅਸੀਂ ਉਨ੍ਹਾਂ ਨੂੰ ਖੋਲ੍ਹਿਆ, ਤਾਂ ਸਾਨੂੰ ਅੰਦਰ ਕੋਈ ਨਹੀਂ ਮਿਲਿਆ।” ਇਹ ਗੱਲਾਂ ਸੁਣਨ ਤੋਂ ਬਾਅਦ, ਹੈਕਲ ਦੇ ਚੌਕੀਦਾਰ ਦਾ ਕਪਤਾਨ ਅਤੇ ਮੁੱਖ ਜਾਜਕ ਬਹੁਤ ਹੈਰਾਨ ਸਨ ਕਿ ਰਸੂਲਾਂ ਨਾਲ ਕੀ ਹੋਇਆ ਸੀ ਦੁਬਧਾ ਵਿੱਚ ਪੈ ਗਏ, ਹੈਰਾਨ ਹੋ ਗਏ ਕਿ ਇਸ ਸਭ ਦਾ ਨਤੀਜਾ ਕੀ ਹੋ ਸਕਦਾ ਹੈ।
ਤਦ ਕਿਸੇ ਨੇ ਆ ਕੇ ਉਨ੍ਹਾਂ ਨੂੰ ਖ਼ਬਰ ਦਿੱਤੀ, “ਕਿ ਵੇਖੋ! ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਜੇਲ੍ਹ ਵਿੱਚ ਪਾ ਦਿੱਤਾ ਸੀ ਉਹ ਹੈਕਲ ਦੇ ਵਿਹੜੇ ਵਿੱਚ ਖੜੇ ਹੋ ਕੇ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ।” ਉਸੇ ਵਕਤ, ਕਪਤਾਨ ਆਪਣੇ ਹੈਕਲ ਦੇ ਕੁਝ ਪਹਿਰੇਦਾਰਾਂ ਨਾਲ ਗਿਆ ਅਤੇ ਜਾ ਕੇ ਰਸੂਲਾਂ ਨੂੰ ਲਿਆਇਆ। ਪਰ ਧੱਕੇ ਨਾਲ ਨਹੀਂ ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ ਕਿ ਉਹ ਸਾਨੂੰ ਪੱਥਰ ਨਾ ਮਾਰਨ।
ਰਸੂਲਾਂ ਨੂੰ ਲਿਆ ਕੇ ਮਹਾਂਸਭਾ ਵਿੱਚ ਖੜੇ ਕੀਤਾ ਗਿਆ ਤਾਂ ਜੋ ਮਹਾਂ ਜਾਜਕ ਕੋਲੋ ਉਨ੍ਹਾਂ ਨੂੰ ਸਵਾਲ ਪੁੱਛੇ ਜਾਣ। ਉਸ ਨੇ ਕਿਹਾ, “ਅਸੀਂ ਤਾਂ ਤੁਹਾਨੂੰ ਸਖ਼ਤ ਹੁਕਮ ਦਿੱਤੇ ਸਨ ਜੋ ਇਸ ਨਾਮ ਦੀ ਸਿੱਖਿਆ ਨਾ ਦੇਣਾ, ਫਿਰ ਵੀ ਤੁਸੀਂ ਯੇਰੂਸ਼ਲੇਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ, ਅਤੇ ਸਾਨੂੰ ਤੁਸੀਂ ਉਸ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹੋ।”
ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ: “ਕਿ ਮਨੁੱਖਾਂ ਦੇ ਹੁਕਮਾਂ ਨਾਲੋਂ ਪਰਮੇਸ਼ਵਰ ਦੀ ਆਗਿਆ ਦਾ ਮੰਨਣਾ ਜ਼ਰੂਰੀ ਹੈ!” ਸਾਡੇ ਪਿਉ ਦਾਦਿਆਂ ਦੇ ਪਰਮੇਸ਼ਵਰ ਨੇ ਯਿਸ਼ੂ ਨੂੰ ਜਿਉਂਦਾ ਕੀਤਾ, ਜਿਸ ਨੂੰ ਤੁਸੀਂ ਸਲੀਬ ਉੱਤੇ ਲਟਕਾ ਕੇ ਮਾਰ ਦਿੱਤਾ ਸੀ। ਉਸ ਨੂੰ ਪਰਮੇਸ਼ਵਰ ਨੇ ਆਪਣੇ ਸੱਜੇ ਹੱਥ ਨਾਲ ਉੱਚਾ ਚੁੱਕ ਕੇ ਸਾਡਾ ਰਾਜਾ ਅਤੇ ਮੁਕਤੀਦਾਤਾ ਠਹਿਰਾਇਆ ਹੈ। ਤਾਂ ਜੋ ਉਹ ਇਸਰਾਏਲ ਨੂੰ ਤੋਬਾ ਅਤੇ ਪਾਪਾਂ ਦੀ ਮਾਫ਼ੀ ਬਖ਼ਸ਼ੇ। ਅਸੀਂ ਇਨ੍ਹਾਂ ਗੱਲਾਂ ਦੇ ਗਵਾਹ ਹਾਂ, ਅਤੇ ਇਸ ਤਰ੍ਹਾਂ ਪਵਿੱਤਰ ਆਤਮਾ ਵੀ ਹੈ, “ਜਿਸ ਨੂੰ ਪਰਮੇਸ਼ਵਰ ਨੇ ਉਨ੍ਹਾਂ ਨੂੰ ਦਿੱਤਾ ਜੋ ਉਨ੍ਹਾਂ ਦਾ ਕਹਿਣਾ ਮੰਨਦੇ ਹਨ।”
ਜਦੋਂ ਉਹਨਾਂ ਨੇ ਇਹ ਸੁਣਿਆ, ਉਹ ਗੁੱਸੇ ਨਾਲ ਭਰ ਗਏ ਅਤੇ ਉਨ੍ਹਾਂ ਨੂੰ ਮਾਰਨ ਦੀ ਯੋਜਨਾ ਬਣਾਈ। ਪਰ ਗਮਲੀਏਲ ਨਾਮ ਦਾ ਇੱਕ ਫ਼ਰੀਸੀ, ਜੋ ਬਿਵਸਥਾ ਦਾ ਸਿਖਾਉਣ ਵਾਲਾ ਸੀ, ਅਤੇ ਸਭ ਲੋਕਾਂ ਵਿੱਚ ਆਦਰਯੋਗ ਸੀ, ਮਹਾਂਸਭਾ ਵਿੱਚ ਉੱਠ ਕੇ ਹੁਕਮ ਕੀਤਾ ਕਿ ਇਨ੍ਹਾਂ ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਕੱਢ ਦਿਓ। ਫਿਰ ਉਸ ਨੇ ਮਹਾਂਸਭਾ ਨੂੰ ਸੰਬੋਧਨ ਕੀਤਾ: “ਹੇ ਇਸਰਾਏਲ ਦੇ ਮਨੁੱਖੋ, ਧਿਆਨ ਨਾਲ ਸੋਚੋ ਕਿ ਤੁਸੀਂ ਇਨ੍ਹਾਂ ਆਦਮੀਆਂ ਨਾਲ ਕੀ ਕਰਨਾ ਚਾਹੁੰਦੇ ਹੋ।” ਕਿਉਂ ਜੋ ਕੁਝ ਸਾਲ ਪਹਿਲਾਂ ਥੇਉਦਾਸ ਉੱਠਿਆ, ਅਤੇ ਕਹਿਣ ਲੱਗਾ ਕਿ ਮੈਂ ਕੁਝ ਹਾਂ, ਅਤੇ ਗਿਣਤੀ ਵਿੱਚ ਚਾਰ ਸੌ ਆਦਮੀ ਉਸ ਦੇ ਨਾਲ ਮਿਲ ਗਏ। ਅਤੇ ਉਹ ਮਾਰਿਆ ਗਿਆ, ਅਤੇ ਸਭ ਜੋ ਉਹ ਨੂੰ ਮੰਨਦੇ ਸਨ ਖਿੱਲਰ ਗਏ, ਅਤੇ ਬੇ ਠਿਕਾਣੇ ਹੋ ਗਏ। ਉਸ ਦੇ ਬਾਅਦ, ਮਰਦਮਸ਼ੁਮਾਰੀ ਦੇ ਦਿਨਾਂ ਵਿੱਚ ਗਲੀਲੀ ਪ੍ਰਾਂਤ ਦਾ ਰਹਿਣ ਵਾਲਾ ਯਹੂਦਾ ਉੱਠਿਆ ਅਤੇ ਬਗਾਵਤ ਵਿੱਚ ਲੋਕਾਂ ਦੇ ਸਮੂਹ ਦੀ ਅਗਵਾਈ ਕੀਤੀ। ਉਹ ਦਾ ਵੀ ਨਾਸ ਹੋਇਆ, ਅਤੇ ਜਿੰਨੇ ਉਹ ਨੂੰ ਮੰਨਦੇ ਸਨ ਸਾਰੇ ਖਿੱਲਰ ਗਏ। ਇਸ ਲਈ, ਮੌਜੂਦਾ ਸਥਿਤੀ ਵਿੱਚ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ: “ਇਨ੍ਹਾਂ ਆਦਮੀਆਂ ਨੂੰ ਇਕੱਲੇ ਛੱਡ ਦੇਵੋ! ਉਨ੍ਹਾਂ ਨੂੰ ਜਾਣ ਦਿਓ! ਕਿਉਂਕਿ ਜੇ ਉਨ੍ਹਾਂ ਦਾ ਉਦੇਸ਼ ਜਾਂ ਕੰਮ ਮਨੁੱਖੀ ਮੂਲ ਅਧਾਰਿਤ ਹੈ, ਤਾਂ ਇਹ ਅਸਫ਼ਲ ਹੋ ਜਾਣਗੇ। ਪਰ ਜੇ ਪਰਮੇਸ਼ਵਰ ਵੱਲੋਂ ਹੈ, ਤਾਂ ਤੁਸੀਂ ਉਨ੍ਹਾਂ ਨੂੰ ਰੋਕ ਨਹੀਂ ਸਕਦੇ; ਕਿ ਇਸ ਤਰ੍ਹਾਂ ਨਾ ਹੋਵੇ ਜੋ ਤੁਸੀਂ ਪਰਮੇਸ਼ਵਰ ਨਾਲ ਵੀ ਲੜਨ ਵਾਲੇ ਠਹਿਰੋਂ।”
ਉਸ ਦੇ ਭਾਸ਼ਣ ਨੇ ਉਨ੍ਹਾਂ ਨੂੰ ਪ੍ਰੇਰਿਆ। ਉਨ੍ਹਾਂ ਨੇ ਰਸੂਲਾਂ ਨੂੰ ਕੋਲ ਬੁਲਾਇਆ ਅਤੇ ਉਨ੍ਹਾਂ ਨੂੰ ਕੁੱਟਿਆ। ਉਨ੍ਹਾਂ ਨੂੰ ਹੁਕਮ ਦਿੱਤਾ ਜੋ ਯਿਸ਼ੂ ਦੇ ਨਾਮ ਦਾ ਪ੍ਰਚਾਰ ਨਾ ਕਰਨਾ, ਫਿਰ ਉਨ੍ਹਾਂ ਨੂੰ ਛੱਡ ਦਿੱਤਾ।
ਰਸੂਲ ਮਹਾਂਸਭਾ ਦੇ ਸਾਹਮਣਿਓਂ ਚਲੇ ਗਏ, ਇਸ ਗੱਲ ਤੋਂ ਆਨੰਦ ਹੋਏ ਜੋ ਅਸੀਂ ਯਿਸ਼ੂ ਦੇ ਨਾਮ ਦੇ ਖ਼ਾਤਰ ਬੇਇੱਜ਼ਤ ਹੋਣ ਦੇ ਯੋਗ ਗਿਣੇ ਗਏ। ਦਿਨ ਪ੍ਰਤੀ ਦਿਨ, ਹੈਕਲ ਦੇ ਵਿਹੜੇ ਅਤੇ ਘਰ-ਘਰ ਜਾ ਕੇ, ਉਨ੍ਹਾਂ ਨੇ ਕਦੇ ਵੀ ਉਪਦੇਸ਼ ਦੇਣਾ ਅਤੇ ਖੁਸ਼ਖ਼ਬਰੀ ਦਾ ਪ੍ਰਚਾਰ ਕਰਨਾ ਨਹੀਂ ਛੱਡਿਆ ਕਿ ਯਿਸ਼ੂ ਹੀ ਮਸੀਹਾ ਹੈ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.