Skip to content
BibleKenya

Biblica® Open Punjabi Contemporary Version 2025

ਰਸੂਲਾਂ 28

ਮਾਲਟਾ ਦੀਪ ਵਿੱਚ ਪੌਲੁਸ

ਜਦੋਂ ਅਸੀਂ ਸੁਰੱਖਿਅਤ ਕਿਨਾਰੇ ਤੇ ਪਹੁੰਚੇ, ਸਾਨੂੰ ਪਤਾ ਲੱਗਾ ਕਿ ਇਸ ਟਾਪੂ ਦਾ ਨਾਮ ਮਾਲਟਾ ਹੈ। ਉੱਥੋਂ ਦੇ ਵਾਸੀਆਂ ਨੇ ਸਾਡੇ ਉੱਤੇ ਵਿਸ਼ੇਸ਼ ਦਯਾ ਕੀਤੀ। ਉਸ ਵੇਲੇ ਉਨ੍ਹਾਂ ਅੱਗ ਬਾਲੀ ਸਾਡਾ ਸਾਰਿਆਂ ਦਾ ਸਵਾਗਤ ਕੀਤਾ ਕਿਉਂਕਿ ਮੀਂਹ ਦੀ ਝੜੀ ਦੇ ਕਾਰਨ ਠੰਡ ਸੀ। ਅਤੇ ਜਦੋਂ ਪੌਲੁਸ ਨੇ ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕਰਕੇ ਅੱਗ ਉੱਤੇ ਪਾਈਆਂ, ਤਾਂ ਇੱਕ ਸੱਪ ਅੱਗ ਦੇ ਸੇਕ ਕਰਕੇ ਬਾਹਰ ਨਿੱਕਲ ਆਇਆ ਅਤੇ ਉਹ ਦੇ ਹੱਥ ਨੂੰ ਚਿੰਬੜ ਗਿਆ। ਜਦੋਂ ਟਾਪੂ ਦੇ ਲੋਕਾਂ ਨੇ ਸੱਪ ਨੂੰ ਉਸ ਦੇ ਹੱਥ ਨਾਲ ਲਟਕਦਾ ਵੇਖਿਆ, ਤਾਂ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਆਦਮੀ ਇੱਕ ਕਾਤਲ ਹੈ; ਹਾਲਾਂਕਿ ਉਹ ਸਮੁੰਦਰ ਤੋਂ ਬਚ ਨਿੱਕਲਿਆ, ਪਰ ਨਿਆਂ ਇਹ ਨੂੰ ਜਿਉਂਦਾ ਨਹੀਂ ਛੱਡਦਾ।” ਪਰ ਪੌਲੁਸ ਨੇ ਸੱਪ ਨੂੰ ਅੱਗ ਵਿੱਚ ਸੁੱਟ ਦਿੱਤਾ ਅਤੇ ਕੁਝ ਨੁਕਸਾਨ ਨਾ ਹੋਇਆ। ਉਨ੍ਹਾਂ ਲੋਕਾਂ ਨੇ ਉਮੀਦ ਕੀਤੀ ਕਿ ਉਹ ਸੁੱਜ ਜਾਵੇਗਾ ਜਾਂ ਅਚਾਨਕ ਮਰ ਜਾਵੇਗਾ; ਪਰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਵੇਖਿਆ ਜੋ ਉਹ ਦਾ ਕੁਝ ਨਹੀਂ ਵਿਗੜਿਆ, ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਅਤੇ ਕਿਹਾ ਕਿ ਉਹ ਇੱਕ ਦੇਵਤਾ ਸੀ।

ਉਸ ਥਾਂ ਦੇ ਨੇੜੇ, ਉਸ ਟਾਪੂ ਦੇ ਮੁੱਖ ਅਧਿਕਾਰੀ ਪਬਲੀਅਸ ਦੀ ਜ਼ਮੀਨ ਸੀ। ਉਸ ਨੇ ਆਪਣੇ ਘਰ ਵਿੱਚ ਸਾਡਾ ਸਵਾਗਤ ਕੀਤਾ ਅਤੇ ਤਿੰਨ ਦਿਨਾਂ ਤੱਕ ਸਾਡੀ ਖੁੱਲ੍ਹੇ ਦਿਲ ਨਾਲ ਪਰਾਹੁਣਚਾਰੀ ਕੀਤੀ। ਤਾਂ ਇਸ ਤਰ੍ਹਾਂ ਹੋਇਆ ਜੋ ਪਬਲੀਅਸ ਦਾ ਪਿਤਾ ਬੁਖ਼ਾਰ ਅਤੇ ਦਸਤ ਲੱਗਣ ਕਾਰਨ ਬਿਮਾਰ ਪਿਆ ਸੀ, ਪੌਲੁਸ ਨੇ ਉਸ ਕੋਲ ਅੰਦਰ ਜਾ ਕੇ ਪ੍ਰਾਰਥਨਾ ਕੀਤੀ, ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ। ਜਦੋਂ ਇਹ ਹੋਇਆ, ਤਾਂ ਜਿਹੜੇ ਉਸ ਟਾਪੂ ਉੱਤੇ ਰਹਿੰਦੇ ਬਾਕੀ ਦੇ ਲੋਕ ਜੋ ਬਿਮਾਰ ਸਨ ਆਏ ਅਤੇ ਚੰਗੇ ਕੀਤੇ ਗਏ। ਉਸ ਟਾਪੂ ਦੇ ਲੋਕਾਂ ਨੇ ਬਹੁਤ ਸਾਰੇ ਤਰੀਕਿਆਂ ਨਾਲ ਸਾਡਾ ਸਨਮਾਨ ਕੀਤਾ; ਅਤੇ ਜਦੋਂ ਅਸੀਂ ਸਫ਼ਰ ਕਰਨ ਲਈ ਤਿਆਰ ਹੋਏ, ਉਨ੍ਹਾਂ ਨੇ ਸਾਨੂੰ ਲੋੜੀਂਦੀਆਂ ਚੀਜ਼ਾਂ ਪ੍ਰਦਾਨ ਕੀਤੀਆਂ।

ਰੋਮ ਵਿਖੇ ਪੌਲੁਸ ਦਾ ਆਗਮਨ

ਤਿੰਨ ਮਹੀਨਿਆਂ ਬਾਅਦ ਅਸੀਂ ਇੱਕ ਸਮੁੰਦਰੀ ਜਹਾਜ਼ ਵਿੱਚ ਚੜ੍ਹ ਕੇ ਰਵਾਨਾ ਹੋਏ ਅਤੇ ਉਸ ਟਾਪੂ ਵਿੱਚ ਸਰਦੀ ਸੀ, ਇਹ ਇੱਕ ਸਿਕੰਦਰੀਆ1 ਸਮੁੰਦਰੀ ਜਹਾਜ਼ ਸੀ ਜੋ ਕਿ ਦੋਵਾਂ ਦੇਵਤਿਆਂ, ਕੈਸਟਰ ਅਤੇ ਪੋਲੈਕਸ ਦੇ ਬੁੱਤ ਵਾਲਾ ਸੀ। ਅਸੀਂ ਸੈਰਾਕੁਸ ਸ਼ਹਿਰ ਵਿੱਚ ਉਤਰ ਕੇ, ਉੱਥੇ ਤਿੰਨ ਦਿਨ ਰਹੇ। ਅਸੀਂ ਉੱਥੋਂ ਜਹਾਜ਼ ਤੇ ਚੜ੍ਹੇ ਅਤੇ ਰੈਗਿਯਮ ਟਾਪੂ ਪਹੁੰਚੇ। ਅਗਲੇ ਦਿਨ ਦੱਖਣੀ ਹਵਾ ਚੱਲੀ ਅਤੇ ਦੂਜੇ ਦਿਨ ਅਸੀਂ ਪੇਟੋਲੀ ਸ਼ਹਿਰ ਪਹੁੰਚੇ। ਉੱਥੇ ਅਸੀਂ ਕੁਝ ਵਿਸ਼ਵਾਸੀਆ ਨੂੰ ਮਿਲੇ ਜਿਨ੍ਹਾਂ ਨੇ ਸਾਨੂੰ ਉਨ੍ਹਾਂ ਨਾਲ ਇੱਕ ਹਫ਼ਤਾ ਬਿਤਾਉਣ ਲਈ ਸੱਦਾ ਦਿੱਤਾ ਸੀ। ਅਤੇ ਇਸੇ ਤਰ੍ਹਾਂ ਅਸੀਂ ਰੋਮ ਸ਼ਹਿਰ ਆ ਪਹੁੰਚੇ। ਉੱਥੋਂ ਦੇ ਵਿਸ਼ਵਾਸੀਆ ਨੇ ਸੁਣਿਆ ਸੀ ਕਿ ਅਸੀਂ ਆ ਰਹੇ ਹਾਂ, ਅਤੇ ਉਹ ਸਾਡੇ ਨਾਲ ਮਿਲਣ ਲਈ ਅੱਪੀਫੋਰੁਮ ਦੇ ਬਜ਼ਾਰ ਅਤੇ ਤਿੰਨ ਸਰਾਵਾਂ ਤੱਕ ਸਫ਼ਰ ਕਰਕੇ ਆਏ। ਇਨ੍ਹਾਂ ਲੋਕਾਂ ਦੀ ਨਜ਼ਰ ਵਿੱਚ ਪੌਲੁਸ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਿਆ। ਜਦੋਂ ਅਸੀਂ ਰੋਮ ਵਿੱਚ ਪਹੁੰਚੇ ਤਾਂ ਪੌਲੁਸ ਨੂੰ ਉਸ ਸਿਪਾਹੀ ਨਾਲ ਜਿਹੜਾ ਉਸ ਦੀ ਰਾਖੀ ਕਰਦਾ ਸੀ ਅਲੱਗ ਰਹਿਣ ਦੀ ਆਗਿਆ ਹੋਈ।

ਪਹਿਰੇਦਾਰਾ ਦੀ ਅਧੀਨਗੀ ਵਿੱਚ ਪੌਲੁਸ ਦਾ ਰੋਮ ਵਿੱਚ ਪ੍ਰਚਾਰ ਕਰਨਾ

ਪੌਲੁਸ ਦੇ ਆਉਣ ਤੋਂ ਤਿੰਨ ਦਿਨ ਬਾਅਦ, ਉਸ ਨੇ ਯਹੂਦੀ ਆਗੂਆਂ ਨੂੰ ਇਕੱਠਿਆਂ ਕੀਤਾ। ਜਦੋਂ ਉਹ ਇਕੱਠੇ ਹੋਏ, ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਹੇ ਮੇਰੇ ਭਰਾਵੋ, ਹਾਲਾਂਕਿ ਮੈਂ ਆਪਣੇ ਲੋਕਾਂ ਜਾਂ ਆਪਣੇ ਪੂਰਵਜਾਂ ਦੇ ਰਿਵਾਜ ਦੇ ਵਿਰੁੱਧ ਕੁਝ ਗਲਤ ਨਹੀਂ ਕੀਤਾ, ਪਰ ਮੈਨੂੰ ਯੇਰੂਸ਼ਲੇਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਰੋਮ ਸਰਕਾਰ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਨੇ ਮੇਰੀ ਜਾਂਚ ਕੀਤੀ ਅਤੇ ਮੈਨੂੰ ਰਿਹਾ ਕਰਨਾ ਚਾਹੁੰਦੇ ਸਨ, ਕਿਉਂਕਿ ਮੈਂ ਮੌਤ ਦੇ ਯੋਗ ਕਿਸੇ ਵੀ ਅਪਰਾਧ ਲਈ ਦੋਸ਼ੀ ਨਹੀਂ ਸੀ। ਯਹੂਦੀ ਆਗੂਆਂ ਨੇ ਇਤਰਾਜ਼ ਜਤਾਇਆ, ਇਸ ਲਈ ਮੈਨੂੰ ਰੋਮੀ ਪਾਤਸ਼ਾਹ ਕੈਸਰ ਨੂੰ ਅਪੀਲ ਕਰਨ ਲਈ ਮਜ਼ਬੂਰ ਕੀਤਾ ਗਿਆ। ਮੈਂ ਨਿਸ਼ਚਤ ਤੌਰ ਤੇ ਆਪਣੇ ਲੋਕਾਂ ਵਿਰੁੱਧ ਕੋਈ ਦੋਸ਼ ਲਾਉਣ ਦਾ ਇਰਾਦਾ ਨਹੀਂ ਕੀਤਾ ਸੀ। ਇਸੇ ਕਰਕੇ ਮੈਂ ਤੁਹਾਡੀ ਮਿੰਨਤ ਕੀਤੀ ਜੋ ਮੈਨੂੰ ਮਿਲੋ ਅਤੇ ਗੱਲਬਾਤ ਕਰੋ, ਇਸਰਾਏਲ ਦੀ ਉਮੀਦ ਸਦਕਾ ਹੀ ਮੈਂ ਇਸ ਸੰਗਲ ਨਾਲ ਬੰਨ੍ਹਿਆ ਹੋਇਆ ਹਾਂ।”

ਉਨ੍ਹਾਂ ਉਸ ਨੂੰ ਆਖਿਆ, “ਕਿ ਨਾ ਸਾਨੂੰ ਯਹੂਦਿਯਾ ਤੋਂ ਤੇਰੇ ਬਾਰੇ ਕੋਈ ਪੱਤਰ ਮਿਲਿਆ, ਨਾ ਹੀ ਭਰਾਵਾਂ ਵਿੱਚੋਂ ਕਿਸੇ ਨੇ ਆ ਕੇ ਤੇਰੀ ਖ਼ਬਰ ਦਿੱਤੀ ਅਤੇ ਨਾ ਤੇਰੀ ਕੁਝ ਬੁਰਾਈ ਦੱਸੀਂ। ਪਰ ਅਸੀਂ ਸੁਣਨਾ ਚਾਹੁੰਦੇ ਹਾਂ ਕਿ ਤੇਰੇ ਵਿਚਾਰ ਕੀ ਹਨ, ਕਿਉਂਕਿ ਅਸੀਂ ਜਾਣਦੇ ਹਾਂ ਕਿ ਹਰ ਜਗ੍ਹਾ ਲੋਕ ਇਸ ਸੰਪਰਦਾ ਦੇ ਵਿਰੁੱਧ ਗੱਲਾਂ ਕਰ ਰਹੇ ਹਨ।”

ਉਨ੍ਹਾਂ ਨੇ ਇੱਕ ਖਾਸ ਦਿਨ ਪੌਲੁਸ ਨੂੰ ਮਿਲਣ ਨੂੰ ਠਹਿਰਾਇਆ, ਅਤੇ ਉਹ ਵੱਡੀ ਗਿਣਤੀ ਵਿੱਚ ਉਸ ਜਗ੍ਹਾ ਪਹੁੰਚੇ ਜਿੱਥੇ ਉਹ ਠਹਿਰ ਰਿਹਾ ਸੀ। ਉਸ ਨੇ ਉਨ੍ਹਾਂ ਨੂੰ ਸਵੇਰ ਤੋਂ ਸ਼ਾਮ ਤੱਕ ਪਰਮੇਸ਼ਵਰ ਦੇ ਰਾਜ ਬਾਰੇ ਗਵਾਹੀ ਦੇ ਕੇ ਅਤੇ ਮੋਸ਼ੇਹ ਦੀ ਬਿਵਸਥਾ ਅਤੇ ਨਬੀਆਂ ਤੋਂ ਵੀ ਸਮਝਾਉਂਦੇ ਹੋਏ ਯਿਸ਼ੂ ਬਾਰੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਕੁਝ ਲੋਕਾਂ ਨੇ ਉਸ ਦੀਆਂ ਗੱਲਾਂ ਤੇ ਯਕੀਨ ਕੀਤਾ, ਪਰ ਦੂਸਰਿਆ ਨੇ ਵਿਸ਼ਵਾਸ ਨਾ ਕੀਤਾ। ਉਹ ਆਪਸ ਵਿੱਚ ਅਸਹਿਮਤ ਹੋਏ ਅਤੇ ਪੌਲੁਸ ਦੁਆਰਾ ਇਹ ਅੰਤਿਮ ਬਿਆਨ ਦੇਣ ਤੋਂ ਬਾਅਦ ਚਲੇ ਜਾਣ ਲੱਗੇ: “ਕਿ ਪਵਿੱਤਰ ਆਤਮਾ ਤੁਹਾਡੇ ਪੂਰਵਜਾਂ ਨੂੰ ਸੱਚ ਬੋਲਿਆ ਜਦੋਂ ਉਸ ਨੇ ਯਸ਼ਾਯਾਹ ਨਬੀ ਰਾਹੀਂ ਕਿਹਾ:

“ ‘ਇਨ੍ਹਾਂ ਲੋਕਾਂ ਦੇ ਕੋਲ ਜਾ ਅਤੇ ਆਖ,

“ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਗੇ;

ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ ਪਰ ਬੁਝੋਗੇ ਨਹੀਂ।”

ਕਿਉਂ ਜੋ ਇਸ ਪਰਜਾ ਦੇ ਲੋਕਾਂ ਦਾ ਦਿਲ ਕਠੋਰ ਹੋ ਗਿਆ ਹੈ;

ਅਤੇ ਉਹ ਮੁਸ਼ਕਿਲ ਨਾਲ ਆਪਣੇ ਕੰਨਾਂ ਨਾਲ ਸੁਣਦੇ ਹਨ,

ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ।

ਨਹੀਂ ਤਾਂ ਉਹ ਆਪਣੀਆਂ ਅੱਖਾਂ ਨਾਲ ਦੇਖਦੇ,

ਅਤੇ ਆਪਣੇ ਕੰਨਾਂ ਨਾਲ ਸੁਣਦੇ,

ਉਹ ਦਿਲ ਨਾਲ ਸਮਝਦੇ

ਅਤੇ ਮੁੜ ਆਉਣ, ਤਾਂ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ।’2

“ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਦੀ ਮੁਕਤੀ ਗ਼ੈਰ-ਯਹੂਦੀਆਂ ਨੂੰ ਭੇਜੀ ਗਈ ਹੈ, ਅਤੇ ਉਹ ਸੁਣਨਗੇ!” ਜਦੋਂ ਉਸ ਨੇ ਇਹ ਆਖਿਆ ਤਾਂ ਯਹੂਦੀ ਲੋਕ ਆਪਸ ਵਿੱਚ ਵਾਦ-ਵਿਵਾਦ ਕਰਨ ਲੱਗੇ, ਅਤੇ ਉਸ ਜਗਾ ਤੋਂ ਚਲੇ ਗਏ।3

ਪੌਲੁਸ ਉੱਥੇ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਮਕਾਨ ਵਿੱਚ ਰਿਹਾ। ਉਸ ਨੇ ਪੂਰੇ ਦਿਲ ਨਾਲ ਉਨ੍ਹਾਂ ਸਭਨਾਂ ਦਾ ਨਿੱਘਾ ਸਵਾਗਤ ਕਰਦਾ ਜੋ ਉਸ ਨੂੰ ਮਿਲਣ ਲਈ ਆਉਂਦੇ ਸਨ। ਉਸ ਨੇ ਪਰਮੇਸ਼ਵਰ ਦੇ ਰਾਜ ਦਾ ਪ੍ਰਚਾਰ ਕੀਤਾ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਬਾਰੇ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਦਲੇਰੀ ਨਾਲ ਸਿਖਾਉਂਦਾ।

Source notes (3)
  1. Footnote ਇੱਕ ਜਹਾਜ਼ ਜੋ ਸਿਕੰਦਰੀਆ ਸ਼ਹਿਰ ਤੋਂ ਆ ਰਿਹਾ ਸੀ।
  2. Footnote ਯਸ਼ਾ 6:9,10 (ਸੈਪਟੁਜਿੰਟ ਦੇਖੋ)
  3. Footnote ਕੁਝ ਖਰੜੇ ਇਸ ਵਿੱਚ ਸ਼ਾਮਲ ਹਨ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.