Skip to content
BibleKenya

Biblica® Open Punjabi Contemporary Version 2025

ਰਸੂਲਾਂ 27

ਰੋਮ ਨੂੰ ਪੌਲੁਸ ਦੀ ਜਹਾਜ਼ੀ ਬੇੜ੍ਹੇ ਦੁਆਰਾ ਯਾਤਰਾ

ਜਦੋਂ ਫੇਸਤੁਸ ਨੇ ਫ਼ੈਸਲਾ ਲਿਆ ਕਿ ਅਸੀਂ ਇਟਲੀ ਦੇਸ਼ ਲਈ ਰਵਾਨਾ ਹੋਵਾਂਗੇ, ਤਾਂ ਪੌਲੁਸ ਅਤੇ ਕੁਝ ਹੋਰ ਕੈਦੀਆਂ ਨੂੰ ਜੂਲੀਅਸ ਨਾਂ ਦੇ ਸੂਬੇਦਾਰ ਦੇ ਹਵਾਲੇ ਕਰ ਦਿੱਤਾ ਗਿਆ, ਜੋ ਪਾਤਸ਼ਾਹੀ ਪਲਟਣ ਨਾਲ ਸਬੰਧਤ ਸੀ। ਅਸੀਂ ਅਦ੍ਰਮੁਤਿਯੁਮ ਸ਼ਹਿਰ ਤੋਂ ਇੱਕ ਜਹਾਜ਼ ਤੇ ਚੜ੍ਹੇ ਜੋ ਕਿ ਏਸ਼ੀਆ ਦੇ ਪ੍ਰਾਂਤ ਦੇ ਤੱਟ ਦੇ ਨਾਲ ਬੰਦਰਗਾਹਾਂ ਦੇ ਵੱਲ ਰਵਾਨਾ ਹੋਣ ਜਾ ਰਹੇ ਸੀ, ਅਤੇ ਅਸੀਂ ਸਮੁੰਦਰ ਵਿੱਚ ਸਵਾਰ ਹੋ ਕੇ ਚਲੇ ਗਏ। ਅਰਿਸਤਰਖੁਸ ਥੱਸਲੁਨੀਕੀਆਂ ਸ਼ਹਿਰ ਦਾ ਇੱਕ ਮਕਦੂਨਿਯਾ ਪ੍ਰਾਂਤ ਦਾ ਵਸਨੀਕ ਜੋ ਸਾਡੇ ਨਾਲ ਸੀ।

ਅਗਲੇ ਦਿਨ ਅਸੀਂ ਸਿਦੋਨ ਸ਼ਹਿਰ ਪਹੁੰਚੇ; ਅਤੇ ਜੂਲੀਅਸ ਪੌਲੁਸ ਤੇ ਮਿਹਰਬਾਨ ਹੋਇਆ, ਉਸ ਨੇ ਉਸ ਨੂੰ ਆਪਣੇ ਦੋਸਤਾਂ ਕੋਲ ਜਾਣ ਦੀ ਆਗਿਆ ਦਿੱਤੀ ਤਾਂ ਜੋ ਉਹ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ। ਅਸੀਂ ਫਿਰ ਸਮੁੰਦਰ ਵੱਲ ਚਲੇ ਗਏ ਅਤੇ ਉਥੋਂ ਅਸੀਂ ਸਾਈਪ੍ਰਸ ਟਾਪੂ ਦੀ ਝੀਲ ਵਿੱਚ ਚਲ ਪਏ ਕਿਉਂ ਜੋ ਹਵਾ ਸਾਹਮਣੀ ਸੀ। ਜਦੋਂ ਅਸੀਂ ਕਿਲਕਿਆ ਅਤੇ ਪੈਮਫੀਲੀਆ ਦੇ ਤੱਟ ਦੇ ਬਾਹਰ ਸਮੁੰਦਰ ਤੋਂ ਪਾਰ ਲੰਘੇ, ਤਾਂ ਅਸੀਂ ਲਿਸਿਯਾ ਦੇ ਮਾਈਰਾ ਪਹੁੰਚੇ। ਉੱਥੇ ਸੂਬੇਦਾਰ ਨੂੰ ਇੱਕ ਸਿਕੰਦਰੀਆ ਦਾ ਜਹਾਜ਼ ਮਿਲਿਆ ਜੋ ਇਟਲੀ ਦੇ ਲਈ ਰਵਾਨਾ ਹੋ ਰਿਹਾ ਸੀ ਅਤੇ ਸਾਨੂੰ ਜਹਾਜ਼ ਵਿੱਚ ਬਿਠਾ ਦਿੱਤਾ। ਅਸੀਂ ਕਈ ਦਿਨਾਂ ਤੋਂ ਹੌਲੀ-ਹੌਲੀ ਅੱਗੇ ਵਧੇ ਅਤੇ ਕਨੀਡਸ ਸ਼ਹਿਰ ਪਹੁੰਚਣ ਵਿੱਚ ਮੁਸ਼ਕਲ ਆਈ। ਜਦੋਂ ਤੇਜ਼ ਹਵਾ ਨੇ ਸਾਨੂੰ ਅੱਗੇ ਵਧਣ ਨਹੀਂ ਦਿੱਤਾ, ਤਾਂ ਅਸੀਂ ਸੈਲਮੋਨੀ ਸ਼ਹਿਰ ਦੇ ਬਿਲਕੁਲ ਉਲਟ, ਕਰੇਤ ਟਾਪੂ ਦੀ ਝੀਲ ਵੱਲ ਚਲੇ ਗਏ। ਅਤੇ ਮੁਸ਼ਕਲ ਨਾਲ ਸਮੁੰਦਰੀ ਕੰਢੇ ਦੇ ਨੇੜੇ ਹੋ ਕੇ ਸੁੰਦਰ ਘਾਟ ਨਾਮ ਦੀ ਇੱਕ ਥਾਂ ਪਹੁੰਚੇ। ਉੱਥੋਂ ਲਿਸਿਯਾ ਨਗਰ ਨੇੜੇ ਹੀ ਸੀ।

ਬਹੁਤ ਸਾਰੇ ਦਿਨ ਖਰਾਬ ਹੋ ਗਏ ਸਨ, ਅਤੇ ਯਾਤਰਾ ਪਹਿਲਾਂ ਹੀ ਖ਼ਤਰਨਾਕ ਹੋ ਚੁੱਕੀ ਸੀ ਕਿਉਂਕਿ ਹੁਣ ਇਹ ਪ੍ਰਾਸਚਿਤ ਦੇ ਦਿਨ1 ਤੋਂ ਬਾਅਦ ਸੀ। ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ, “ਹੇ ਆਦਮੀਓ, ਮੈਂ ਵੇਖ ਸਕਦਾ ਹਾਂ ਕਿ ਸਾਡੀ ਸਮੁੰਦਰ ਦੀ ਯਾਤਰਾ ਬੁਰੀ ਹੋਣ ਵਾਲੀ ਹੈ ਅਤੇ ਬਹੁਤ ਨੁਕਸਾਨ ਹੋਣ ਵਾਲਾ ਹੈ ਕੇਵਲ ਮਾਲ ਅਤੇ ਜਹਾਜ਼ ਦਾ ਹੀ ਨਹੀਂ ਸਗੋਂ ਸਾਡੀਆਂ ਆਪਣੀਆਂ ਜਾਨਾਂ ਦਾ ਵੀ।” ਪਰ ਸੂਬੇਦਾਰ ਨੇ ਪੌਲੁਸ ਦੀਆਂ ਗੱਲਾਂ ਨੂੰ ਸੁਣਨ ਦੀ ਬਜਾਏ ਮਲਾਹਾਂ ਅਤੇ ਜਹਾਜ਼ ਦੇ ਮਾਲਕ ਦੀ ਸਲਾਹ ਮੰਨ ਲਈ। ਅਤੇ ਇਸ ਲਈ ਕਿ ਉਹ ਬੰਦਰਗਾਹ ਸਿਆਲ ਕੱਟਣ ਲਈ ਚੰਗੀ ਨਹੀਂ ਸੀ, ਬਹੁਤਿਆਂ ਨੇ ਇਹ ਸਲਾਹ ਦਿੱਤੀ ਜੋ ਇੱਥੋਂ ਆਪਾਂ ਚੱਲੇ ਚੱਲੀਏ ਜਿਵੇਂ ਵੀ ਹੋ ਸਕੇ ਤਾਂ ਫ਼ਿਨਿਕਸ ਸ਼ਹਿਰ ਵਿੱਚ ਪਹੁੰਚ ਕੇ ਸਿਆਲ ਕੱਟੀਏ, ਜੋ ਕਰੇਤ ਦੀ ਇੱਕ ਬੰਦਰਗਾਹ ਸੀ ਜਿਹੜੀ ਉੱਤਰ ਪੂਰਬ ਅਤੇ ਦੱਖਣ ਪੂਰਬ ਦੇ ਕੋਨੇ ਦੀ ਵੱਲ ਹੈ।

ਤੂਫ਼ਾਨ

ਜਦੋਂ ਇੱਕ ਕੋਮਲ ਦੱਖਣੀ ਹਵਾ ਵਗਣ ਲੱਗੀ, ਉਨ੍ਹਾਂ ਨੇ ਆਪਣਾ ਮੌਕਾ ਵੇਖਿਆ; ਇਸ ਲਈ ਉਨ੍ਹਾਂ ਨੇ ਜਹਾਜ਼ ਲੰਗਰ ਚੁੱਕ ਲਿਆ ਅਤੇ ਕਰੇਤ ਟਾਪੂ ਦੇ ਕੰਢੇ ਵੱਲ ਚੱਲ ਪਏ। ਬਹੁਤ ਲੰਬੇ ਸਮੇਂ ਤੋਂ ਪਹਿਲਾਂ, ਤੂਫ਼ਾਨ ਦੀ ਇੱਕ ਹਵਾ, ਜਿਸ ਨੂੰ ਉੱਤਰ ਪੱਛਮੀ ਕਿਹਾ ਜਾਂਦਾ ਹੈ, ਟਾਪੂ ਤੋਂ ਹੇਠਾਂ ਵੱਲ ਗਈ। ਸਮੁੰਦਰੀ ਜਹਾਜ਼ ਨੂੰ ਤੂਫ਼ਾਨ ਨੇ ਵੱਸ ਵਿੱਚ ਕਰ ਲਿਆ ਅਤੇ ਉਹ ਹਵਾ ਵੱਲ ਨਹੀਂ ਜਾ ਸਕਿਆ; ਤਾਂ ਸਾਡੀ ਕੋਈ ਕੋਸ਼ਿਸ਼ ਕਾਮਯਾਬ ਨਾ ਹੋਈ ਅਤੇ ਅਸੀਂ ਰੁੜ੍ਹਦੇ ਚਲੇ ਗਏ। ਅਤੇ ਕਲੌਦਾ ਨਾਮ ਦੇ ਇੱਕ ਛੋਟੇ ਟਾਪੂ ਹੇਠ ਜਾ ਕੇ ਅਸੀਂ ਮੁਸ਼ਕਿਲ ਨਾਲ ਜਹਾਜ਼ ਦੀ ਢੋਗੀ ਨੂੰ ਕਾਬੂ ਵਿੱਚ ਕੀਤਾ, ਸੋ ਜਦੋਂ ਉਨ੍ਹਾਂ ਉਸ ਨੂੰ ਚੁੱਕ ਲਿਆ ਤਾਂ ਸਹਾਰਾ ਦੇ ਕੇ ਜਹਾਜ਼ ਨੂੰ ਥੱਲਿਓਂ ਬੰਨਿਆ ਅਤੇ ਇਸ ਡਰ ਦੇ ਕਾਰਨ ਕਿ ਕਿਤੇ ਸੁਰਤਿਸ ਵਿੱਚ ਨਾ ਜਾ ਫਸੀਏ, ਪਾਲ ਲਾਹ ਦਿੱਤੇ ਅਤੇ ਐਂਵੇਂ ਰੁੜ੍ਹਦੇ ਚਲੇ ਗਏ। ਅਸੀਂ ਤੂਫ਼ਾਨ ਦੇ ਕਾਰਨ ਬਹੁਤ ਹਿਚਕੋਲੇ ਖਾਧੇ ਤਾਂ ਅਗਲੇ ਦਿਨ ਉਨ੍ਹਾਂ ਨੇ ਜਹਾਜ਼ ਦਾ ਕੁਝ ਮਾਲ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਅਤੇ ਤੀਜੇ ਦਿਨ, ਉਨ੍ਹਾਂ ਆਪਣੇ ਹੱਥੀਂ ਜਹਾਜ਼ ਦਾ ਸਮਾਨ2 ਵੀ ਉਤਾਰ ਸੁੱਟਿਆ। ਜਦੋਂ ਬਹੁਤ ਦਿਨਾਂ ਤੱਕ ਨਾ ਸੂਰਜ ਨਾ ਤਾਰੇ ਦਿਖਾਈ ਦਿੱਤੇ ਅਤੇ ਤੇਜ਼ ਤੂਫ਼ਾਨ ਚਲਦਾ ਰਿਹਾ, ਆਖ਼ਿਰ ਵਿੱਚ ਸਾਡੇ ਬਚਣ ਦੀ ਸਾਰੀ ਉਮੀਦ ਖ਼ਤਮ ਹੋ ਗਈ।

ਲੰਬਾ ਸਮਾਂ ਬਿਨਾਂ ਕੁਝ ਖਾਣਾ ਖਾਂਦੇ ਰਹਿਣ ਤੋਂ ਬਗੈਰ, ਪੌਲੁਸ ਉਨ੍ਹਾਂ ਦੇ ਸਾਹਮਣੇ ਖੜਾ ਹੋ ਗਿਆ ਅਤੇ ਕਿਹਾ: “ਹੇ ਆਦਮੀਓ, ਤੁਹਾਨੂੰ ਮੇਰੀ ਸਲਾਹ ਲੈਣੀ ਚਾਹੀਦੀ ਸੀ ਕਰੇਤ ਤੋਂ ਜਹਾਜ਼ ਨਾ ਚਲਾਉਂਦੇ; ਫਿਰ ਤੁਸੀਂ ਆਪਣੇ ਆਪ ਨੂੰ ਇਸ ਹਾਨੀ ਅਤੇ ਨੁਕਸਾਨ ਤੋਂ ਬਚਾ ਲੈਂਦੇ। ਪਰ ਹੁਣ ਮੈਂ ਤੁਹਾਨੂੰ ਹੌਸਲਾ ਰੱਖਣ ਦੀ ਤਾਕੀਦ ਕਰਦਾ ਹਾਂ, ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ; ਸਿਰਫ ਜਹਾਜ਼ ਨਸ਼ਟ ਹੋ ਜਾਵੇਗਾ। ਕੱਲ੍ਹ ਰਾਤ ਉਸ ਪਰਮੇਸ਼ਵਰ ਦਾ ਸਵਰਗਦੂਤ ਜਿਸ ਦਾ ਮੈਂ ਹਾਂ ਅਤੇ ਜਿਸ ਦੀ ਮੈਂ ਸੇਵਾ ਕਰਦਾ ਹਾਂ ਮੇਰੇ ਕੋਲ ਖੜ੍ਹਾ ਹੋ ਗਿਆ ਅਤੇ ਕਿਹਾ, ‘ਪੌਲੁਸ, ਨਾ ਡਰ! ਤੈਨੂੰ ਲਾਜ਼ਮੀ ਹੈ ਕਿ ਤੂੰ ਰੋਮ ਦੇ ਪਾਤਸ਼ਾਹ ਕੈਸਰ ਦੇ ਸਾਹਮਣੇ ਖੜ੍ਹਾ ਹੋਵੇਗਾ; ਅਤੇ ਪਰਮੇਸ਼ਵਰ ਨੇ ਆਪਣੀ ਕਿਰਪਾ ਨਾਲ ਤੁਹਾਨੂੰ ਉਨ੍ਹਾਂ ਸਾਰਿਆਂ ਦੀਆਂ ਜ਼ਿੰਦਗੀਆਂ ਦਿੱਤੀਆਂ ਹਨ ਜੋ ਤੇਰੇ ਨਾਲ ਜਹਾਜ਼ ਵਿੱਚ ਹਨ।’ ਇਸ ਲਈ, ਹੇ ਦੋਸਤੋ, ਹੌਸਲਾ ਰੱਖੋ, ਕਿਉਂਕਿ ਮੈਨੂੰ ਪਰਮੇਸ਼ਵਰ ਉੱਤੇ ਵਿਸ਼ਵਾਸ ਹੈ ਕਿ ਇਹ ਉਵੇਂ ਹੀ ਵਾਪਰੇਗਾ ਜਿਵੇਂ ਉਸ ਨੇ ਮੈਨੂੰ ਕਿਹਾ ਸੀ। ਫਿਰ ਵੀ, ਸਾਨੂੰ ਜ਼ਰੂਰ ਕਿਸੇ ਟਾਪੂ ਵੱਲ ਦੌੜਨਾ ਪਏਗਾ।”

ਜਹਾਜ਼ ਦਾ ਟੁੱਟਣਾ

ਤੂਫਾਨ ਸ਼ੁਰੂ ਹੋਣ ਤੋਂ ਬਾਅਦ ਚੌਧਵੀਂ ਰਾਤ ਨੂੰ ਅਸੀਂ ਅਜੇ ਵੀ ਐਡਰੈਟਿਕ ਸਮੁੰਦਰ ਦੇ ਵਿੱਚ ਇਧਰ-ਉਧਰ ਰੁੜ੍ਹਦੇ ਜਾ ਰਹੇ ਸੀ, ਜਦੋਂ ਅੱਧੀ ਰਾਤ ਦੇ ਕਰੀਬ ਮਲਾਹਾਂ ਨੇ ਮਹਿਸੂਸ ਕੀਤਾ ਕਿ ਉਹ ਜ਼ਮੀਨ ਦੇ ਨੇੜੇ ਪਹੁੰਚ ਗਏ ਹਨ। ਤਾਂ ਪਾਣੀ ਦੀ ਗਹਿਰਾਈ ਨੂੰ ਨਾਪਿਆ ਜੋ ਇੱਕ ਸੌ ਵੀਹ ਫੁੱਟ ਨਿੱਕਲਿਆ। ਅਤੇ ਕੁਝ ਅੱਗੇ ਵੱਧ ਕੇ ਫੇਰ ਗਹਿਰਾਈ ਨੂੰ ਨਾਪਿਆ ਤਾਂ ਨੱਬੇ ਫੁੱਟ ਨਿੱਕਲਿਆ। ਡਰ ਦੇ ਮਾਰੇ ਕਿ ਅਸੀਂ ਕਿਤੇ ਚੱਟਾਨਾਂ ਵਾਲੇ ਥਾਂ ਨਾ ਜਾ ਪਈਏ, ਉਨ੍ਹਾਂ ਨੇ ਜਹਾਜ਼ ਦੇ ਪਿੱਛਲੇ ਪਾਸਿਓਂ ਚਾਰ ਲੰਗਰ ਸੁੱਟੇ ਅਤੇ ਦਿਨ ਦੀ ਰੌਸ਼ਨੀ ਲਈ ਪ੍ਰਾਰਥਨਾ ਕੀਤੀ। ਜਦੋਂ ਮਲਾਹਾਂ ਨੇ ਜਹਾਜ਼ ਉੱਤੋਂ ਭੱਜਣਾ ਚਾਹਿਆ ਅਤੇ ਅਗਲੇ ਪਾਸਿਓਂ ਜਹਾਜ਼ ਦਾ ਲੰਗਰ ਪਾਉਣ ਦੇ ਬਹਾਨੇ ਨਾਲ ਢੋਗੀ ਨੂੰ ਸਮੁੰਦਰ ਵਿੱਚ ਉਤਾਰਿਆ। ਤਦ ਪੌਲੁਸ ਨੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਕਿਹਾ, “ਜਦ ਤੱਕ ਇਹ ਆਦਮੀ ਜਹਾਜ਼ ਉੱਤੇ ਨਾ ਰਹਿਣ, ਤਾਂ ਤੁਸੀਂ ਬਚ ਨਹੀਂ ਸਕਦੇ।” ਤਦ ਸਿਪਾਹੀਆਂ ਨੇ ਢੋਗੀ ਦੇ ਰੱਸੇ ਵੱਢ ਕੇ ਉਹ ਨੂੰ ਡੇਗ ਦਿੱਤਾ।

ਸਵੇਰ ਹੋਣ ਤੋਂ ਪਹਿਲਾਂ ਪੌਲੁਸ ਨੇ ਉਨ੍ਹਾਂ ਸਾਰਿਆਂ ਨੂੰ ਖਾਣ ਦੀ ਤਾਕੀਦ ਕੀਤੀ। ਉਸ ਨੇ ਕਿਹਾ, “ਪਿਛਲੇ ਚੌਦਾਂ ਦਿਨਾਂ ਤੋਂ ਤੁਸੀਂ ਲਗਾਤਾਰ ਦੁਬਿਧਾ ਵਿੱਚ ਰਹੇ ਅਤੇ ਬਿਨਾਂ ਭੋਜਨ ਦੇ ਗਏ, ਤੁਸੀਂ ਕੁਝ ਨਹੀਂ ਖਾਧਾ ਸੀ। ਹੁਣ ਮੈਂ ਤੁਹਾਨੂੰ ਕੁਝ ਖਾਣ ਦੀ ਤਾਕੀਦ ਕਰਦਾ ਹਾਂ। ਤੁਹਾਨੂੰ ਬਚਣ ਲਈ ਇਸਦੀ ਜ਼ਰੂਰਤ ਹੈ। ਤੁਹਾਡੇ ਵਿੱਚੋਂ ਕਿਸੇ ਦੇ ਸਿਰ ਦਾ ਇੱਕ ਵਾਲ਼ ਵੀ ਵਿੰਗਾ ਨਾ ਹੋਵੇਗਾ।” ਇਹ ਕਹਿਣ ਤੋਂ ਬਾਅਦ, ਉਸ ਨੇ ਕੁਝ ਰੋਟੀ ਲਈ ਅਤੇ ਉਨ੍ਹਾਂ ਸਾਰਿਆਂ ਦੇ ਅੱਗੇ ਪਰਮੇਸ਼ਵਰ ਦਾ ਧੰਨਵਾਦ ਕੀਤਾ। ਫਿਰ ਉਸ ਨੇ ਰੋਟੀ ਤੋੜੀ ਅਤੇ ਖਾਣਾ ਸ਼ੁਰੂ ਕੀਤਾ। ਉਹ ਸਾਰੇ ਬਹੁਤ ਉਤਸ਼ਾਹਿਤ ਹੋਏ ਅਤੇ ਕੁਝ ਖਾਣਾ ਖੁਦ ਖਾਧਾ। ਕੁੱਲ ਮਿਲਾ ਕੇ ਸਾਡੇ ਵਿੱਚੋਂ 276 ਲੋਕ ਜਹਾਜ਼ ਵਿੱਚ ਸਵਾਰ ਸਨ। ਜਦੋਂ ਉਹ ਆਪਣੀ ਮਰਜ਼ੀ ਅਨੁਸਾਰ ਭੋਜਨ ਖਾ ਕੇ ਰੱਜ ਗਏ, ਉਨ੍ਹਾਂ ਨੇ ਅਨਾਜ ਨੂੰ ਸਮੁੰਦਰ ਵਿੱਚ ਸੁੱਟ ਕੇ ਜਹਾਜ਼ ਨੂੰ ਹਲਕਾ ਕੀਤਾ।

ਜਦੋਂ ਦਿਨ ਦੀ ਰੋਸ਼ਨੀ ਆਈ, ਤਾਂ ਉਨ੍ਹਾਂ ਨੇ ਜ਼ਮੀਨ ਨੂੰ ਨਾ ਪਛਾਣਿਆ, ਪਰ ਉਨ੍ਹਾਂ ਨੇ ਰੇਤਲੇ ਸਮੁੰਦਰੀ ਕੰਢੇ ਵਾਲੀ ਖਾੜੀ ਵੇਖੀ, ਜਿੱਥੇ ਉਨ੍ਹਾਂ ਨੇ ਜਹਾਜ਼ ਨੂੰ ਜ਼ਮੀਨ ਦੇ ਨਾਲ ਲਾਉਣ ਦਾ ਫੈਸਲਾ ਕੀਤਾ ਜੇ ਉਹ ਕਰ ਸਕਦੇ ਸਨ। ਅਤੇ ਉਨ੍ਹਾਂ ਜਹਾਜ਼ ਦਾ ਲੰਗਰ ਖੋਲ੍ਹ ਕੇ ਸਮੁੰਦਰ ਵਿੱਚ ਛੱਡ ਦਿੱਤੇ, ਪਤਵਾਰਾਂ ਦੇ ਰੱਸੇ ਖੋਲੇ ਅਤੇ ਪੌਣ ਦੀ ਦਿਸ਼ਾ ਅਨੁਸਾਰ ਅਗਲੇ ਪਾਸੇ ਦਾ ਪਾਲ ਚੜ੍ਹਾ ਕੇ ਕੰਢੇ ਦੀ ਵੱਲ ਚੱਲ ਪਏ। ਅਤੇ ਇੱਕ ਥਾਂ ਪਹੁੰਚ ਕੇ ਜਿੱਥੇ ਦੋ ਸਮੁੰਦਰ ਮਿਲਦੇ ਸਨ, ਉਨ੍ਹਾਂ ਨੇ ਜਹਾਜ਼ ਨੂੰ ਘੱਟ ਪਾਣੀ ਵਿੱਚ ਚਲਾ ਦਿੱਤਾ ਤਾਂ ਅਗਲਾ ਪਾਸਾ ਖੁੱਭ ਕੇ ਫਸਿਆ ਹੀ ਰਿਹਾ ਪਰ ਜਹਾਜ਼ ਦਾ ਪਿਛਲਾ ਪਾਸਾ ਲਹਿਰਾਂ ਦੇ ਜ਼ੋਰ ਨਾਲ ਟੁੱਟ ਗਿਆ।

ਸਿਪਾਹੀਆਂ ਨੇ ਕੈਦੀਆਂ ਨੂੰ ਮਾਰਨ ਦੀ ਯੋਜਨਾ ਬਣਾਈ ਤਾਂ ਜੋ ਉਨ੍ਹਾਂ ਵਿੱਚੋਂ ਕਿਤੇ ਕੋਈ ਤੈਰ ਕੇ ਨਾ ਭੱਜ ਜਾਵੇ। ਪਰ ਸੂਬੇਦਾਰ ਪੌਲੁਸ ਦੀ ਜਾਨ ਬਚਾਉਣਾ ਚਾਹੁੰਦਾ ਸੀ ਅਤੇ ਉਨ੍ਹਾਂ ਨੂੰ ਆਪਣੀ ਯੋਜਨਾ ਨੂੰ ਪੂਰਾ ਕਰਨ ਤੋਂ ਰੋਕ ਦਿੱਤਾ। ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਜੋ ਤੈਰ ਸਕਦੇ ਸਨ ਉਹ ਪਹਿਲਾਂ ਜਹਾਜ਼ ਚੋਂ ਛਾਲ ਮਾਰ ਕੇ ਧਰਤੀ ਤੇ ਜਾ ਪਹੁੰਚਣ। ਅਤੇ ਬਾਕੀ ਦੇ ਕਈ ਫੱਟਿਆਂ ਉੱਤੇ ਅਤੇ ਕਈ ਜਹਾਜ਼ ਦੀਆਂ ਹੋਰ ਚੀਜ਼ਾਂ ਉੱਤੇ ਬੈਠੇ। ਇਸ ਤਰ੍ਹਾਂ ਹਰ ਕੋਈ ਸੁਰੱਖਿਅਤ ਧਰਤੀ ਤੇ ਪਹੁੰਚ ਗਿਆ।

Source notes (2)
  1. Footnote ਪ੍ਰਾਸਚਿਤ ਦੇ ਦਿਨ “ਉਹ ਦਿਨ ਜਿਹੜਾ ਪਾਪਾਂ ਦੀ ਮਾਫ਼ੀ ਵਜੋਂ ਮਨਾਇਆ ਜਾਂਦਾ ਹੈ।”
  2. Footnote ਲੱਕੜ ਅਤੇ ਰੱਸੀ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.