Skip to content
BibleKenya

Biblica® Open Punjabi Contemporary Version 2025

2 ਸ਼ਮੁਏਲ 24

ਦਾਵੀਦ ਦੁਆਰਾ ਲੜਨ ਵਾਲੇ ਆਦਮੀਆਂ ਨੂੰ ਭਰਤੀ ਕਰਨਾ

ਫੇਰ ਯਾਹਵੇਹ ਦਾ ਕ੍ਰੋਧ ਇਸਰਾਏਲ ਦੇ ਵਿਰੁੱਧ ਭੜਕਿਆ ਅਤੇ ਉਸ ਨੇ ਦਾਵੀਦ ਦੇ ਮਨ ਨੂੰ ਉਨ੍ਹਾਂ ਦੇ ਵਿਰੁੱਧ ਭੜਕਾਇਆ ਅਤੇ ਕਿਹਾ, “ਜਾਓ ਅਤੇ ਇਸਰਾਏਲ ਅਤੇ ਯਹੂਦਾਹ ਦੀ ਮਰਦਮਸ਼ੁਮਾਰੀ ਕਰੋ।”

ਤਾਂ ਪਾਤਸ਼ਾਹ ਨੇ ਯੋਆਬ ਅਤੇ ਉਸਦੇ ਨਾਲ ਦੇ ਸੈਨਾਪਤੀਆਂ ਨੂੰ ਆਖਿਆ, “ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਇਸਰਾਏਲ ਦੇ ਸਾਰੇ ਗੋਤਾਂ ਵਿੱਚ ਜਾਹ ਅਤੇ ਲੜਾਕੂਆਂ ਦੀ ਗਿਣਤੀ ਕਰ, ਤਾਂ ਜੋ ਮੈਨੂੰ ਪਤਾ ਲੱਗੇ ਕਿ ਉੱਥੇ ਕਿੰਨੇ ਹਨ।”

ਪਰ ਯੋਆਬ ਨੇ ਰਾਜੇ ਨੂੰ ਉੱਤਰ ਦਿੱਤਾ, “ਯਾਹਵੇਹ ਤੁਹਾਡਾ ਪਰਮੇਸ਼ਵਰ ਫ਼ੌਜਾਂ ਨੂੰ ਸੌ ਗੁਣਾ ਵਧਾਵੇ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀਆਂ ਅੱਖਾਂ ਇਸ ਨੂੰ ਵੇਖਣ, ਪਰ ਹੇ ਮੇਰੇ ਮਹਾਰਾਜ! ਅਜਿਹਾ ਕਿਉਂ ਕਰਨਾ ਚਾਹੁੰਦਾ ਹੈ?”

ਫਿਰ ਰਾਜੇ ਦੇ ਬਚਨ ਨੇ ਯੋਆਬ ਉੱਤੇ ਅਤੇ ਦਲ ਦੇ ਪ੍ਰਧਾਨਾ ਉੱਤੇ ਪਰਬਲ ਹੋਈ। ਇਸ ਲਈ ਉਨ੍ਹਾਂ ਨੇ ਇਸਰਾਏਲ ਦੇ ਲੜਾਕਿਆਂ ਨੂੰ ਭਰਤੀ ਕਰਨ ਲਈ ਰਾਜੇ ਦੀ ਮੌਜੂਦਗੀ ਵਿਚੋਂ ਚਲੇ ਗਏ।

ਉਹ ਯਰਦਨ ਪਾਰ ਕਰਕੇ, ਉਨ੍ਹਾਂ ਨੇ ਅਰੋਏਰ ਦੇ ਨੇੜੇ ਡੇਰੇ ਲਾਏ ਜੋ ਕਿ ਦੱਖਣ ਦੇ ਕਸਬੇ ਦੀ ਖੱਡ ਵੱਲ ਹੈ, ਅਤੇ ਫਿਰ ਗਾਦ ਤੋਂ ਹੋ ਕੇ ਯਾਜ਼ਰ ਨੂੰ ਗਏ। ਉਹ ਗਿਲਆਦ ਅਤੇ ਤਾਹਤੀਮ ਹੋਦਸ਼ੀ ਦੇ ਇਲਾਕੇ ਨੂੰ ਦਾਨ ਯਾਨ ਨੂੰ ਆਏ ਅਤੇ ਆਲੇ-ਦੁਆਲੇ ਘੁੰਮ ਕੇ ਸੀਦੋਨ ਤੱਕ ਪਹੁੰਚੇ। ਤਦ ਉਹ ਸੂਰ ਦੇ ਕਿਲ੍ਹੇ ਵੱਲ ਅਤੇ ਹਿੱਤੀਆਂ ਅਤੇ ਕਨਾਨੀਆਂ ਦੇ ਸਾਰੇ ਨਗਰਾਂ ਵੱਲ ਗਏ। ਅੰਤ ਵਿੱਚ, ਉਹ ਯਹੂਦਾਹ ਦੇ ਨੇਗੇਵ ਵਿੱਚ ਬੇਰਸ਼ੇਬਾ ਨੂੰ ਚਲੇ ਗਏ।

ਉਹ ਸਾਰੇ ਦੇਸ਼ ਵਿੱਚੋਂ ਲੰਘਣ ਤੋਂ ਬਾਅਦ, ਨੌਂ ਮਹੀਨੇ ਅਤੇ ਵੀਹ ਦਿਨਾਂ ਦੇ ਅੰਤ ਵਿੱਚ ਯੇਰੂਸ਼ਲੇਮ ਨੂੰ ਵਾਪਸ ਆਏ।

ਯੋਆਬ ਨੇ ਰਾਜੇ ਨੂੰ ਲੜਨ ਵਾਲੇ ਆਦਮੀਆਂ ਦੀ ਗਿਣਤੀ ਦੱਸੀ: ਇਸਰਾਏਲ ਵਿੱਚ ਅੱਠ ਲੱਖ ਤਲਵਾਰ ਚਲਾਉਣ ਵਾਲੇ ਸਨ ਅਤੇ ਯਹੂਦਾਹ ਵਿੱਚ ਪੰਜ ਲੱਖ ਸਨ।

ਲੜਨ ਵਾਲੇ ਆਦਮੀਆਂ ਦੀ ਗਿਣਤੀ ਕਰਨ ਤੋਂ ਬਾਅਦ ਦਾਵੀਦ ਦੇ ਮਨ ਨੇ ਉਸਨੂੰ ਸਤਾਇਆ ਅਤੇ ਉਸਨੇ ਯਾਹਵੇਹ ਨੂੰ ਕਿਹਾ, “ਮੈਂ ਜੋ ਕੁਝ ਕੀਤਾ ਹੈ ਉਹ ਬਹੁਤ ਵੱਡਾ ਪਾਪ ਕੀਤਾ ਹੈ। ਹੁਣ ਯਾਹਵੇਹ, ਮੈਂ ਬੇਨਤੀ ਕਰਦਾ ਹਾਂ, ਆਪਣੇ ਸੇਵਕ ਦੇ ਦੋਸ਼ ਨੂੰ ਦੂਰ ਕਰ ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ।”

ਅਗਲੀ ਸਵੇਰ ਦਾਵੀਦ ਦੇ ਉੱਠਣ ਤੋਂ ਪਹਿਲਾਂ, ਯਾਹਵੇਹ ਦਾ ਬਚਨ ਗਾਦ ਨਬੀ ਨੂੰ ਜੋ ਦਾਵੀਦ ਦਾ ਅਗੰਮ ਗਿਆਨੀ ਸੀ ਆਇਆ ਅਤੇ ਉਸ ਨੂੰ ਆਖਿਆ, “ਤੂੰ ਜਾ ਅਤੇ ਦਾਵੀਦ ਨੂੰ ਇਸ ਤਰ੍ਹਾਂ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਤੇਰੇ ਅੱਗੇ ਤਿੰਨ ਬਿਪਤਾਵਾਂ ਰੱਖਦਾ ਹਾਂ। ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ ਜੋ ਮੈਂ ਤੇਰੇ ਉੱਤੇ ਕਿਹੜੀ ਬਿਪਤਾ ਪਾਵਾਂ।’ ”

ਤਦ ਗਾਦ ਦਾਵੀਦ ਕੋਲ ਗਿਆ ਅਤੇ ਉਸ ਨੂੰ ਆਖਿਆ, “ਤੂੰ ਕੀ ਚਾਹੁੰਦਾ ਕਿ ਤੇਰੇ ਦੇਸ਼ ਵਿੱਚ ਤਿੰਨ ਸਾਲ ਦਾ ਕਾਲ ਪੈ ਜਾਵੇ? ਜਾਂ ਤਿੰਨ ਮਹੀਨੇ ਤੱਕ ਤੂੰ ਆਪਣੇ ਵੈਰੀਆਂ ਅੱਗਿਓਂ ਭੱਜੇ ਅਤੇ ਉਹ ਤੇਰੇ ਪਿੱਛੇ ਲੱਗਣ? ਜਾਂ ਤੇਰੇ ਦੇਸ਼ ਵਿੱਚ ਤਿੰਨ ਦਿਨਾਂ ਦੀ ਮਹਾਂਮਾਰੀ ਪਵੇ? ਹੁਣ ਇਸ ਬਾਰੇ ਸੋਚ ਅਤੇ ਫੈਸਲਾ ਕਰ ਲੈ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਕੀ ਜਵਾਬ ਦੇਵਾਂ।”

ਦਾਵੀਦ ਨੇ ਗਾਦ ਨੂੰ ਆਖਿਆ, “ਮੈਂ ਬਹੁਤ ਦੁਖੀ ਹਾਂ। ਆਓ ਅਸੀਂ ਯਾਹਵੇਹ ਦੇ ਹੱਥ ਵਿੱਚ ਪਈਏ, ਕਿਉਂਕਿ ਉਸਦੀ ਦਇਆ ਮਹਾਨ ਹੈ ਪਰ ਮੈਨੂੰ ਮਨੁੱਖਾਂ ਦੇ ਹੱਥਾਂ ਵਿੱਚ ਨਾ ਪੈਣ ਦਿਓ।”

ਇਸ ਲਈ ਯਾਹਵੇਹ ਨੇ ਇਸਰਾਏਲ ਉੱਤੇ ਉਸ ਸਵੇਰ ਤੋਂ ਲੈ ਕੇ ਨਿਰਧਾਰਤ ਸਮੇਂ ਦੇ ਅੰਤ ਤੱਕ ਇੱਕ ਬਵਾ ਭੇਜੀ ਅਤੇ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਸੱਤਰ ਹਜ਼ਾਰ ਲੋਕ ਮਰ ਗਏ। ਜਦੋਂ ਦੂਤ ਨੇ ਯੇਰੂਸ਼ਲੇਮ ਨੂੰ ਨਾਸ਼ ਕਰਨ ਲਈ ਆਪਣਾ ਹੱਥ ਵਧਾਇਆ, ਤਾਂ ਯਾਹਵੇਹ ਉਸ ਸਾਰੀ ਬਿਪਤਾ ਦੇ ਕਾਰਨ ਪਛਤਾਇਆ ਅਤੇ ਉਸ ਨੇ ਦੂਤ ਨੂੰ ਕਿਹਾ ਜੋ ਲੋਕਾਂ ਨੂੰ ਹੋਰ ਦੁਖੀ ਨਾ ਕਰ, ਬਸ, “ਬਹੁਤ ਹੋ ਗਿਆ! ਆਪਣਾ ਹੱਥ ਵਾਪਸ ਖਿੱਚ ਲੈ।” ਯਾਹਵੇਹ ਦਾ ਦੂਤ ਉਸ ਸਮੇਂ ਯਬੂਸੀ ਅਰਵਨਾਹ ਦੇ ਪਿੜ ਵਿੱਚ ਸੀ।

ਜਦੋਂ ਦਾਵੀਦ ਨੇ ਉਸ ਦੂਤ ਨੂੰ ਦੇਖਿਆ ਜੋ ਲੋਕਾਂ ਨੂੰ ਮਾਰ ਰਿਹਾ ਸੀ, ਤਾਂ ਉਸਨੇ ਯਾਹਵੇਹ ਨੂੰ ਕਿਹਾ, “ਮੈਂ ਪਾਪ ਕੀਤਾ ਹੈ ਅਤੇ ਬੁਰਿਆਈ ਵੀ ਮੇਰੇ ਕੋਲੋਂ ਹੋਈ ਹੈ, ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼ ਹੈ ਉਨ੍ਹਾਂ ਨੇ ਕੀ ਕੀਤਾ ਹੈ? ਆਪਣਾ ਹੱਥ ਮੇਰੇ ਅਤੇ ਮੇਰੇ ਪਰਿਵਾਰ ਉੱਤੇ ਚਲਾ।”

ਦਾਵੀਦ ਇੱਕ ਵੇਦੀ ਬਣਾਉਂਦਾ ਹੈ

ਉਸ ਦਿਨ ਗਾਦ ਦਾਵੀਦ ਕੋਲ ਗਿਆ ਅਤੇ ਉਸ ਨੂੰ ਆਖਿਆ, “ਉੱਪਰ ਜਾ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਾਹਵੇਹ ਲਈ ਇੱਕ ਜਗਵੇਦੀ ਬਣਾ।” ਇਸ ਲਈ ਦਾਵੀਦ ਉੱਪਰ ਗਿਆ, ਜਿਵੇਂ ਕਿ ਯਾਹਵੇਹ ਨੇ ਗਾਦ ਰਾਹੀਂ ਹੁਕਮ ਦਿੱਤਾ ਸੀ। ਜਦੋਂ ਅਰਵਨਾਹ ਨੇ ਨਿਗਾਹ ਕੀਤੀ ਅਤੇ ਵੇਖਿਆ ਰਾਜਾ ਅਤੇ ਉਸ ਦੇ ਅਧਿਕਾਰੀ ਉਸ ਵੱਲ ਆਉਂਦੇ ਸਨ, ਤਾਂ ਉਹ ਬਾਹਰ ਗਿਆ ਅਤੇ ਪਾਤਸ਼ਾਹ ਦੇ ਅੱਗੇ ਮੂੰਹ ਭਾਰ ਝੁੱਕ ਕੇ ਨਮਸਕਾਰ ਕੀਤਾ।

ਅਰਵਨਾਹ ਨੇ ਕਿਹਾ, “ਮੇਰਾ ਮਹਾਰਾਜ ਰਾਜਾ ਆਪਣੇ ਸੇਵਕ ਕੋਲ ਕਿਉਂ ਆਇਆ ਹੈ?”

ਦਾਵੀਦ ਨੇ ਜਵਾਬ ਦਿੱਤਾ, “ਤੇਰਾ ਪਿੜ ਮੈਂ ਤੇਰੇ ਕੋਲ ਮੁੱਲ ਲੈਣ ਲਈ, ਤਾਂ ਜੋ ਮੈਂ ਯਾਹਵੇਹ ਲਈ ਇੱਕ ਜਗਵੇਦੀ ਬਣਾਵਾਂ, ਤਾਂ ਜੋ ਲੋਕਾਂ ਉੱਤੋਂ ਬਿਪਤਾ ਬੰਦ ਹੋ ਜਾਵੇ।”

ਅਰਵਨਾਹ ਨੇ ਦਾਵੀਦ ਨੂੰ ਆਖਿਆ, “ਮੇਰੇ ਸੁਆਮੀ ਪਾਤਸ਼ਾਹ ਨੂੰ ਜੋ ਚਾਹੇ ਲੈ ਲਵੇ ਅਤੇ ਚੜ੍ਹਾਵੇ। ਇੱਥੇ ਬਲਦ ਹੋਮ ਦੀ ਭੇਟ ਲਈ ਹਨ, ਅਤੇ ਇੱਥੇ ਲੱਕੜਾਂ ਲਈ ਪਿੜ ਅਤੇ ਬਲਦਾਂ ਦੇ ਜੂਲੇ ਹਨ। ਇਹ ਸਭ ਕੁਝ ਅਰਵਨਾਹ ਦੇ ਰਾਜੇ ਨੂੰ ਦੇ ਦਿੱਤਾ।” ਅਰਵਨਾਹ ਨੇ ਉਸ ਨੂੰ ਇਹ ਵੀ ਕਿਹਾ, “ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਤੋਂ ਪਰਸੰਨ ਹੋਵੇ।”

ਪਰ ਰਾਜੇ ਨੇ ਅਰਵਨਾਹ ਨੂੰ ਜਵਾਬ ਦਿੱਤਾ, “ਨਹੀਂ, ਸੱਚ-ਮੁੱਚ ਮੈਂ ਤੈਨੂੰ ਮੁੱਲ ਦੇ ਕੇ ਇਹ ਪਿੜ ਲਵਾਂਗਾ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਹੋਮ ਦੀਆਂ ਭੇਟਾਂ ਦੀ ਬਲੀ ਨਹੀਂ ਚੜ੍ਹਾਵਾਂਗਾ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ।”

ਇਸ ਲਈ ਦਾਵੀਦ ਨੇ ਪਿੜ ਅਤੇ ਬਲਦਾਂ ਨੂੰ ਖਰੀਦ ਲਿਆ ਅਤੇ ਉਨ੍ਹਾਂ ਲਈ ਪੰਜਾਹ ਸ਼ੈਕੇਲ1 ਚਾਂਦੀ ਦੇ ਦਿੱਤੀ। ਦਾਵੀਦ ਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਸੋ ਯਾਹਵੇਹ ਨੇ ਦੇਸ਼ ਦੇ ਲਈ ਉਸਦੀ ਪ੍ਰਾਰਥਨਾ ਦਾ ਜਵਾਬ ਦਿੱਤਾ, ਅਤੇ ਇਸਰਾਏਲ ਉੱਤੇ ਬਵਾ ਨੂੰ ਰੋਕ ਦਿੱਤਾ ਗਿਆ।

Source notes (1)
  1. Footnote ਇਹ ਲਗਭਗ 575 ਗ੍ਰਾਮ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.