Skip to content
BibleKenya

Biblica® Open Punjabi Contemporary Version 2025

1 ਰਾਜਿਆਂ 1

ਅਦੋਨੀਯਾਹ ਨੇ ਆਪਣੇ ਆਪ ਨੂੰ ਰਾਜਾ ਬਣਾਇਆ

ਜਦੋਂ ਰਾਜਾ ਦਾਵੀਦ ਬਹੁਤ ਉਮਰ ਦਾ ਹੋ ਗਿਆ ਸੀ, ਉਸ ਨੂੰ ਜ਼ਿਆਦਾ ਕੱਪੜੇ ਪਹਿਨਾਉਣ ਤੇ ਵੀ ਉਹ ਗਰਮ ਨਹੀਂ ਹੁੰਦਾ ਸੀ। ਇਸ ਲਈ ਉਸ ਦੇ ਸੇਵਕਾਂ ਨੇ ਉਸ ਨੂੰ ਕਿਹਾ, “ਆਓ ਅਸੀਂ ਰਾਜੇ ਦੀ ਸੇਵਾ ਕਰਨ ਅਤੇ ਉਸਦੀ ਦੇਖਭਾਲ ਕਰਨ ਲਈ ਇੱਕ ਜਵਾਨ ਕੁਆਰੀ ਲੱਭੀਏ ਜੋ ਰਾਜੇ ਦੇ ਸਨਮੁੱਖ ਖੜ੍ਹੀ ਰਿਹਾ ਕਰੇ, ਉਸ ਦੀ ਸੇਵਾ ਕਰਿਆ ਕਰੇ ਅਤੇ ਹਿੱਕ ਨਾਲ ਲੱਗ ਕੇ ਲੇਟਿਆ ਕਰੇ, ਤਾਂ ਜੋ ਮੇਰਾ ਮਾਲਕ ਪਾਤਸ਼ਾਹ ਗਰਮ ਹੋਵੇ।”

ਤਦ ਉਹਨਾਂ ਨੇ ਸਾਰੇ ਇਸਰਾਏਲ ਵਿੱਚ ਇੱਕ ਸੋਹਣੀ ਮੁਟਿਆਰ ਦੀ ਭਾਲ ਕੀਤੀ ਅਤੇ ਅਬੀਸ਼ਗ ਨਾਂ ਦੀ ਸ਼ੂਨੰਮੀ ਨੂੰ ਲੱਭਿਆ ਅਤੇ ਉਸ ਨੂੰ ਰਾਜੇ ਕੋਲ ਲੈ ਆਏ। ਉਹ ਔਰਤ ਬਹੁਤ ਸੋਹਣੀ ਸੀ; ਉਸਨੇ ਰਾਜੇ ਦੀ ਦੇਖਭਾਲ ਕੀਤੀ ਅਤੇ ਉਸਦੀ ਖ਼ਬਰ ਰੱਖਦੀ, ਪਰ ਰਾਜੇ ਨੇ ਉਸ ਨਾਲ ਸੰਬੰਧ ਨਾ ਬਣਾਇਆ।

ਹੁਣ ਅਦੋਨੀਯਾਹ, ਜਿਸ ਦੀ ਮਾਤਾ ਹੇਗੀਥ1 ਸੀ ਜੋ ਦਾਵੀਦ ਦੀ ਪਤਨੀ ਸੀ ਅਤੇ ਉਸ ਨੇ ਆਪਣੇ ਆਪ ਨੂੰ ਉੱਚਾ ਕੀਤਾ ਅਤੇ ਆਖਿਆ, “ਮੈਂ ਰਾਜਾ ਬਣਾਗਾ।” ਇਸ ਲਈ ਉਸਨੇ ਰੱਥ ਅਤੇ ਘੋੜੇ ਤਿਆਰ ਕੀਤੇ, ਪੰਜਾਹ ਆਦਮੀ ਆਪਣੇ ਅੱਗੇ-ਅੱਗੇ ਭੱਜਣ ਲਈ ਤਿਆਰ ਕੀਤੇ। (ਉਸ ਦੇ ਪਿਤਾ ਨੇ ਉਸ ਨੂੰ ਇਹ ਪੁੱਛ ਕੇ ਕਦੇ ਝਿੜਕਿਆ ਨਹੀਂ ਸੀ, “ਤੂੰ ਇਸ ਤਰ੍ਹਾਂ ਕਿਉਂ ਕੀਤਾ?” ਉਹ ਬਹੁਤ ਸੁੰਦਰ ਸੀ ਅਤੇ ਅਬਸ਼ਾਲੋਮ ਤੋਂ ਬਾਅਦ ਪੈਦਾ ਹੋਇਆ ਸੀ।)

ਅਦੋਨੀਯਾਹ ਨੇ ਜ਼ੇਰੂਇਯਾਹ2 ਦੇ ਪੁੱਤਰ ਯੋਆਬ ਅਤੇ ਜਾਜਕ ਅਬੀਯਾਥਰ ਨਾਲ ਗੱਲਾਂ ਕਰਦਾ ਸੀ ਅਤੇ ਉਹਨਾਂ ਨੇ ਉਸ ਨੂੰ ਆਪਣਾ ਸਮਰਥਨ ਦਿੱਤਾ। ਪਰ ਸਾਦੋਕ ਜਾਜਕ, ਯਹੋਯਾਦਾ ਦਾ ਪੁੱਤਰ ਬਨਾਯਾਹ, ਨਾਥਾਨ ਨਬੀ, ਸ਼ਿਮਈ ਅਤੇ ਰੇਈ ਅਤੇ ਦਾਵੀਦ ਦੇ ਖਾਸ ਪਹਿਰੇਦਾਰ ਅਦੋਨੀਯਾਹ ਦੇ ਨਾਲ ਨਾ ਆਏ।

ਤਦ ਅਦੋਨੀਯਾਹ ਨੇ ਏਨ-ਰੋਗੇਲ ਦੇ ਨੇੜੇ ਜ਼ੋਹੇਲਥ ਦੇ ਪੱਥਰ ਉੱਤੇ ਭੇਡਾਂ, ਪਸ਼ੂਆਂ ਅਤੇ ਮੋਟੇ ਵੱਛਿਆਂ ਦੀ ਬਲੀ ਦਿੱਤੀ। ਉਸ ਨੇ ਆਪਣੇ ਸਾਰੇ ਭਰਾਵਾਂ, ਪਾਤਸ਼ਾਹ ਦੇ ਪੁੱਤਰਾਂ ਅਤੇ ਯਹੂਦਾਹ ਦੇ ਸਾਰੇ ਸ਼ਾਹੀ ਅਧਿਕਾਰੀਆਂ ਨੂੰ ਸੱਦਿਆ। ਪਰ ਉਸ ਨੇ ਨਾਥਾਨ ਨਬੀ ਜਾਂ ਬਨਾਯਾਹ ਸੂਰਬੀਰ ਜਾਂ ਖਾਸ ਪਹਿਰੇਦਾਰ ਜਾਂ ਉਹ ਦੇ ਭਰਾ ਸ਼ਲੋਮੋਨ ਨੂੰ ਨਾ ਸੱਦਿਆ।

ਤਦ ਨਾਥਾਨ ਨੇ ਸ਼ਲੋਮੋਨ ਦੀ ਮਾਤਾ ਬੈਥਸ਼ੇਬਾ ਨੂੰ ਪੁੱਛਿਆ, “ਕੀ ਤੁਸੀਂ ਨਹੀਂ ਸੁਣਿਆ ਜੋ ਹੇਗੀਥ ਦਾ ਪੁੱਤਰ ਅਦੋਨੀਯਾਹ ਰਾਜਾ ਬਣ ਗਿਆ ਹੈ ਅਤੇ ਸਾਡੇ ਸੁਆਮੀ ਦਾਵੀਦ ਰਾਜਾ ਨੂੰ ਇਸਦੀ ਕੋਈ ਖ਼ਬਰ ਨਹੀਂ? ਤਾਂ ਹੁਣ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਆਪਣੀ ਅਤੇ ਆਪਣੇ ਪੁੱਤਰ ਸ਼ਲੋਮੋਨ ਦੀ ਜਾਨ ਕਿਵੇਂ ਬਚਾ ਸਕਦੇ ਹੋ। ਦਾਵੀਦ ਪਾਤਸ਼ਾਹ ਕੋਲ ਜਾ ਕੇ ਉਹ ਨੂੰ ਆਖ, ‘ਹੇ ਮੇਰੇ ਮਹਾਰਾਜ ਪਾਤਸ਼ਾਹ, ਕੀ ਤੂੰ ਮੇਰੇ ਨਾਲ ਆਪਣੇ ਸੇਵਕ ਦੀ ਸਹੁੰ ਨਹੀਂ ਖਾਧੀ ਸੀ, “ਕਿ ਸੱਚ-ਮੁੱਚ ਤੇਰਾ ਪੁੱਤਰ ਸ਼ਲੋਮੋਨ ਮੇਰੇ ਮਗਰੋਂ ਪਾਤਸ਼ਾਹ ਹੋਵੇਗਾ ਅਤੇ ਉਹ ਮੇਰੇ ਸਿੰਘਾਸਣ ਉੱਤੇ ਬੈਠੇਗਾ”? ਤਾਂ ਫਿਰ ਅਦੋਨੀਯਾਹ ਰਾਜਾ ਕਿਉਂ ਬਣਿਆ ਹੈ?’ ਜਦੋਂ ਤੁਸੀਂ ਉੱਥੇ ਰਾਜੇ ਨਾਲ ਗੱਲਾਂ ਕਰਦੇ ਹੋਵੋਗੇ, ਮੈਂ ਤੁਹਾਡੇ ਮਗਰ ਅੰਦਰ ਆਵਾਂਗਾ ਅਤੇ ਤੁਹਾਡੀਆਂ ਗੱਲਾਂ ਦੇ ਬਾਰੇ ਗੱਲ ਕਰਾਂਗਾ।”

ਤਾਂ ਬੈਥਸ਼ੇਬਾ ਬਿਰਧ ਰਾਜੇ ਨੂੰ ਉਸ ਦੀ ਕੋਠੜੀ ਦੇ ਅੰਦਰ ਵੇਖਣ ਗਈ ਜਿੱਥੇ ਸ਼ੂਨੰਮੀ ਅਬੀਸ਼ਗ ਮੁਟਿਆਰ ਪਾਤਸ਼ਾਹ ਦੀ ਸੇਵਾ ਕਰ ਰਹੀ ਸੀ। ਬੈਥਸ਼ੇਬਾ ਨੇ ਰਾਜੇ ਦੇ ਅੱਗੇ ਮੱਥਾ ਟੇਕਿਆ।

ਰਾਜੇ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦੀ ਹੈ?”

ਉਸ ਨੇ ਕਿਹਾ, “ਹੇ ਮੇਰੇ ਮਾਲਕ ਪਾਤਸ਼ਾਹ, ਤੁਸੀਂ ਆਪਣੀ ਦਾਸੀ ਨੂੰ ਆਪਣੇ ਯਾਹਵੇਹ ਦੇ ਨਾਮ ਦੀ ਸਹੁੰ ਖਾ ਕੇ ਆਖਿਆ ਸੀ, ‘ਮੇਰੇ ਮਗਰੋਂ ਤੇਰਾ ਪੁੱਤਰ ਸ਼ਲੋਮੋਨ ਰਾਜਾ ਹੋਵੇਗਾ ਅਤੇ ਉਹ ਮੇਰੇ ਸਿੰਘਾਸਣ ਉੱਤੇ ਬੈਠੇਗਾ।’ ਪਰ ਹੁਣ ਅਦੋਨੀਯਾਹ ਰਾਜਾ ਬਣ ਗਿਆ ਹੈ ਅਤੇ ਹੇ ਮੇਰੇ ਸੁਆਮੀ ਪਾਤਸ਼ਾਹ, ਕੀ ਤੁਹਾਨੂੰ ਇਸ ਬਾਰੇ ਖ਼ਬਰ ਨਹੀਂ। ਉਸ ਨੇ ਬਹੁਤ ਸਾਰੇ ਡੰਗਰ, ਮੋਟੇ ਵੱਛੇ ਅਤੇ ਭੇਡਾਂ ਵੱਢੀਆਂ ਅਤੇ ਪਾਤਸ਼ਾਹ ਦੇ ਪੁੱਤਰਾਂ ਨੂੂੰ, ਅਬੀਯਾਥਰ ਜਾਜਕ ਅਤੇ ਸੈਨਾਪਤੀ ਯੋਆਬ ਨੂੰ ਸੱਦਿਆ ਹੈ, ਪਰ ਉਸ ਨੇ ਤੇਰੇ ਸੇਵਕ ਸ਼ਲੋਮੋਨ ਨੂੰ ਨਹੀਂ ਸੱਦਿਆ। ਮੇਰੇ ਮਹਾਰਾਜ ਪਾਤਸ਼ਾਹ, ਸਾਰੇ ਇਸਰਾਏਲ ਦੀਆਂ ਨਿਗਾਹਾਂ ਤੁਹਾਡੇ ਉੱਤੇ ਲੱਗੀਆਂ ਹੋਈਆਂ ਹਨ, ਤੁਸੀਂ ਉਹਨਾਂ ਨੂੰ ਦੱਸੋ, ਕਿ ਮੇਰੇ ਮਾਲਕ ਪਾਤਸ਼ਾਹ ਦੀ ਰਾਜ ਗੱਦੀ ਉੱਤੇ ਤੁਹਾਡੇ ਪਿੱਛੋਂ ਕੌਣ ਬਿਰਾਜਮਾਨ ਹੋਵੇਗਾ। ਨਹੀਂ ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦੋਂ ਮੇਰਾ ਮਹਾਰਾਜ ਰਾਜਾ ਆਪਣੇ ਪੁਰਖਿਆਂ ਨਾਲ ਦਫ਼ਨਾਇਆ ਜਾਵੇਗਾ, ਮੈਂ ਅਤੇ ਮੇਰਾ ਪੁੱਤਰ ਸ਼ਲੋਮੋਨ ਅਪਰਾਧੀ ਸਮਝੇ ਜਾਵੇਗਾ।”

ਉਹ ਅਜੇ ਰਾਜੇ ਨਾਲ ਗੱਲਾਂ ਹੀ ਕਰ ਰਹੀ ਸੀ ਕਿ ਨਾਥਾਨ ਨਬੀ ਅੰਦਰ ਆ ਗਿਆ। ਰਾਜੇ ਨੂੰ ਦੱਸਿਆ ਗਿਆ, “ਨਾਥਾਨ ਨਬੀ ਇੱਥੇ ਹੈ।” ਇਸ ਲਈ ਉਹ ਰਾਜੇ ਦੇ ਅੱਗੇ ਗਿਆ ਅਤੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾ ਕੇ ਮੱਥਾ ਟੇਕਿਆ।

ਨਾਥਾਨ ਨੇ ਆਖਿਆ, “ਹੇ ਮੇਰੇ ਮਹਾਰਾਜ ਪਾਤਸ਼ਾਹ, ਕੀ ਤੁਸੀਂ ਐਲਾਨ ਕੀਤਾ ਹੈ ਕਿ ਅਦੋਨੀਯਾਹ ਤੁਹਾਡੇ ਮਗਰੋਂ ਰਾਜਾ ਬਣੇਗਾ ਅਤੇ ਉਹ ਤੁਹਾਡੀ ਗੱਦੀ ਉੱਤੇ ਬੈਠੇਗਾ? ਅੱਜ ਉਸ ਨੇ ਹੇਠਾਂ ਜਾ ਕੇ ਬਹੁਤ ਸਾਰੇ ਡੰਗਰ, ਮੋਟੇ ਵੱਛੇ ਅਤੇ ਭੇਡਾਂ ਦੀ ਬਲੀ ਦਿੱਤੀ ਹੈ। ਉਸਨੇ ਸਾਰੇ ਰਾਜੇ ਦੇ ਪੁੱਤਰਾਂ, ਸੈਨਾ ਦੇ ਸਰਦਾਰਾਂ ਅਤੇ ਅਬੀਯਾਥਰ ਜਾਜਕ ਨੂੰ ਸੱਦਾ ਦਿੱਤਾ ਹੈ। ਇਸ ਵੇਲੇ ਉਹ ਉਸ ਦੇ ਨਾਲ ਖਾਂਦੇ-ਪੀਂਦੇ ਹਨ ਅਤੇ ਕਹਿ ਰਹੇ ਹਨ, ‘ਰਾਜਾ ਅਦੋਨੀਯਾਹ ਜਿਉਂਦਾ ਰਹੇ!’ ਪਰ ਮੈਨੂੰ ਤੇਰੇ ਸੇਵਕ ਨੂੰ ਅਰਥਾਤ ਸਾਦੋਕ ਜਾਜਕ ਨੂੰ, ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਅਤੇ ਤੇਰੇ ਸੇਵਕ ਸ਼ਲੋਮੋਨ ਨੂੰ ਉਸ ਨੇ ਨਹੀਂ ਸੱਦਿਆ। ਕੀ ਇਹ ਮੇਰੇ ਮਹਾਰਾਜ ਪਾਤਸ਼ਾਹ ਨੇ ਆਪਣੇ ਸੇਵਕਾਂ ਨੂੰ ਦੱਸਣ ਤੋਂ ਬਿਨਾਂ ਕੀਤਾ ਹੈ ਕਿ ਮੇਰੇ ਮਹਾਰਾਜ ਪਾਤਸ਼ਾਹ ਦੇ ਮਗਰੋਂ ਉਸ ਦੀ ਰਾਜ ਗੱਦੀ ਉੱਤੇ ਕੌਣ ਬੈਠੇਗਾ?”

ਦਾਵੀਦ ਦਾ ਸ਼ਲੋਮੋਨ ਨੂੰ ਰਾਜਾ ਬਣਾਉਣਾ

ਤਦ ਦਾਵੀਦ ਪਾਤਸ਼ਾਹ ਨੇ ਕਿਹਾ, “ਬੈਥਸ਼ੇਬਾ ਨੂੰ ਬੁਲਾਓ।” ਇਸ ਲਈ ਉਹ ਰਾਜੇ ਦੀ ਹਜ਼ੂਰੀ ਵਿੱਚ ਆਈ ਅਤੇ ਉਸਦੇ ਸਾਹਮਣੇ ਖੜ੍ਹੀ ਰਹੀ।

ਤਦ ਰਾਜੇ ਨੇ ਸਹੁੰ ਖਾਧੀ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਮੈਨੂੰ ਹਰ ਮੁਸੀਬਤ ਵਿੱਚੋਂ ਛੁਡਾਇਆ ਹੈ, ਜਿਵੇਂ ਮੈਂ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਅੱਗੇ ਸਹੁੰ ਖਾ ਕੇ ਤੈਨੂੰ ਆਖਿਆ ਸੀ ਕਿ ਸੱਚ-ਮੁੱਚ ਤੇਰਾ ਪੁੱਤਰ ਸ਼ਲੋਮੋਨ ਮੇਰੇ ਪਿੱਛੋਂ ਪਾਤਸ਼ਾਹ ਬਣੇਗਾ ਅਤੇ ਮੇਰੇ ਥਾਂ ਰਾਜ ਗੱਦੀ ਉੱਤੇ ਉਹੀ ਬੈਠੇਗਾ, ਮੈਂ ਅੱਜ ਦੇ ਦਿਨ ਉਸੇ ਤਰ੍ਹਾਂ ਹੀ ਕਰਾਂਗਾ।”

ਤਦ ਬੈਥਸ਼ੇਬਾ ਨੇ ਆਪਣਾ ਮੂੰਹ ਧਰਤੀ ਉੱਤੇ ਝੁਕਾਇਆ ਅਤੇ ਰਾਜੇ ਦੇ ਅੱਗੇ ਮੱਥਾ ਟੇਕਿਆ ਅਤੇ ਕਿਹਾ, “ਮੇਰਾ ਮਹਾਰਾਜਾ ਦਾਵੀਦ ਸਦਾ ਜਿਉਂਦਾ ਰਹੇ!”

ਰਾਜਾ ਦਾਵੀਦ ਨੇ ਕਿਹਾ, “ਸਾਦੋਕ ਜਾਜਕ, ਨਾਥਾਨ ਨਬੀ ਅਤੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਬੁਲਾਓ।” ਜਦੋਂ ਉਹ ਰਾਜੇ ਦੇ ਸਾਹਮਣੇ ਆਏ, ਰਾਜੇ ਨੇ ਉਹਨਾਂ ਨੂੰ ਆਖਿਆ, “ਤੁਸੀਂ ਆਪਣੇ ਸੁਆਮੀ ਦੇ ਸੇਵਕਾਂ ਨੂੰ ਆਪਣੇ ਨਾਲ ਲੈ ਜਾਓ ਅਤੇ ਮੇਰੇ ਪੁੱਤਰ ਸ਼ਲੋਮੋਨ ਨੂੰ ਮੇਰੇ ਖੱਚਰ ਉੱਤੇ ਚੜ੍ਹਾ ਕੇ ਗੀਹੋਨ ਸੋਤੇ ਕੋਲ ਲੈ ਜਾਓ। ਉੱਥੇ ਸਾਦੋਕ ਜਾਜਕ ਅਤੇ ਨਾਥਾਨ ਨਬੀ ਉਸ ਨੂੰ ਮਸਹ ਕਰਕੇ ਇਸਰਾਏਲ ਦਾ ਰਾਜਾ ਬਣਾਉਣ ਅਤੇ ਤੁਰ੍ਹੀ ਵਜਾ ਕੇ ਆਖੋ, ‘ਸ਼ਲੋਮੋਨ ਰਾਜਾ ਜਿਉਂਦਾ ਰਹੇ!’ ਤਦ ਤੁਸੀਂ ਉਹ ਦੇ ਨਾਲ ਚੜ੍ਹ ਜਾਓ ਅਤੇ ਉਹ ਆ ਕੇ ਮੇਰੇ ਸਿੰਘਾਸਣ ਉੱਤੇ ਬਿਰਾਜਮਾਨ ਹੋਵੇਗਾ ਅਤੇ ਮੇਰੇ ਸਥਾਨ ਉੱਤੇ ਰਾਜ ਕਰੇਗਾ। ਮੈਂ ਉਸਨੂੰ ਇਸਰਾਏਲ ਅਤੇ ਯਹੂਦਾਹ ਦਾ ਪਾਤਸ਼ਾਹ ਨਿਯੁਕਤ ਕੀਤਾ ਹੈ।”

ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਆਮੀਨ! ਯਾਹਵੇਹ, ਮੇਰੇ ਸੁਆਮੀ ਪਾਤਸ਼ਾਹ ਦਾ ਪਰਮੇਸ਼ਵਰ ਇਸੇ ਤਰ੍ਹਾਂ ਹੀ ਆਖੇ। ਜਿਵੇਂ ਯਾਹਵੇਹ ਮੇਰੇ ਮਹਾਰਾਜ ਦੇ ਨਾਲ ਸੀ, ਉਸੇ ਤਰ੍ਹਾਂ ਉਹ ਸ਼ਲੋਮੋਨ ਦੇ ਨਾਲ ਹੋਵੇ ਤਾਂ ਜੋ ਉਹ ਆਪਣੀ ਗੱਦੀ ਨੂੰ ਮੇਰੇ ਮਹਾਰਾਜ ਦਾਵੀਦ ਦੇ ਸਿੰਘਾਸਣ ਨਾਲੋਂ ਵੀ ਵੱਡਾ ਬਣਾਵੇ!”

ਸੋ ਸਾਦੋਕ ਜਾਜਕ, ਨਾਥਾਨ ਨਬੀ, ਯਹੋਯਾਦਾ ਦਾ ਪੁੱਤਰ ਬਨਾਯਾਹ, ਕਰੇਥੀ ਅਤੇ ਪਲੇਥੀ ਉੱਤਰੇ ਅਤੇ ਸ਼ਲੋਮੋਨ ਦੇ ਕੋਲ ਦਾਵੀਦ ਪਾਤਸ਼ਾਹ ਦਾ ਖੱਚਰ ਸੀ ਅਤੇ ਉਹ ਉਸ ਨੂੰ ਗੀਹੋਨ ਵੱਲ ਲੈ ਗਏ। ਸਾਦੋਕ ਜਾਜਕ ਨੇ ਪਵਿੱਤਰ ਤੰਬੂ ਵਿੱਚੋਂ ਤੇਲ ਦਾ ਸਿੰਗ ਲਿਆ ਅਤੇ ਸ਼ਲੋਮੋਨ ਨੂੰ ਮਸਹ ਕੀਤਾ। ਫਿਰ ਉਹਨਾਂ ਨੇ ਤੁਰ੍ਹੀ ਵਜਾਈ ਅਤੇ ਸਾਰੇ ਲੋਕ ਉੱਚੀ-ਉੱਚੀ ਬੋਲੇ, “ਰਾਜਾ ਸ਼ਲੋਮੋਨ ਜਿਉਂਦਾ ਰਹੇ!” ਅਤੇ ਸਾਰੇ ਲੋਕ ਵੰਝਲੀਆਂ ਵਜਾਉਂਦੇ ਅਤੇ ਬਹੁਤ ਅਨੰਦ ਕਰਦੇ ਹੋਏ ਉਹ ਦੇ ਮਗਰ ਤੁਰੇ ਜਾਂਦੇ ਸਨ, ਅਜਿਹੀ ਜੋ ਧਰਤੀ ਉਹਨਾਂ ਦੀ ਆਵਾਜ਼ ਨਾਲ ਹਿੱਲ ਗਈ।

ਅਦੋਨੀਯਾਹ ਅਤੇ ਉਸ ਦੇ ਨਾਲ ਸਾਰੇ ਮਹਿਮਾਨਾਂ ਨੇ ਇਹ ਸੁਣਿਆ ਜਦੋਂ ਉਹ ਆਪਣੀ ਦਾਅਵਤ ਪੂਰੀ ਕਰ ਰਹੇ ਸਨ ਅਤੇ ਜਦ ਯੋਆਬ ਨੇ ਤੁਰ੍ਹੀ ਦੀ ਆਵਾਜ਼ ਸੁਣੀ ਤਾਂ ਉਸ ਨੇ ਆਖਿਆ, “ਸ਼ਹਿਰ ਵਿੱਚ ਇਹ ਰੌਲੇ ਦੀ ਆਵਾਜ਼ ਕਿਉਂ ਹੈ?”

ਜਦੋਂ ਉਹ ਬੋਲ ਹੀ ਰਿਹਾ ਸੀ ਤਾਂ ਅਬੀਯਾਥਰ ਜਾਜਕ ਦਾ ਪੁੱਤਰ ਯੋਨਾਥਨ ਆ ਗਿਆ। ਅਦੋਨੀਯਾਹ ਨੇ ਕਿਹਾ, “ਅੰਦਰ ਆ ਜਾ ਕਿਉਂ ਜੋ ਤੂੰ ਸੂਰਮਾ ਮਨੁੱਖ ਹੈ ਅਤੇ ਚੰਗੀ ਖ਼ਬਰ ਲਿਆਇਆ ਹੋਵੇਗਾ।”

ਯੋਨਾਥਨ ਨੇ ਜਵਾਬ ਦਿੱਤਾ, “ਬਿਲਕੁਲ ਨਹੀਂ! ਸਾਡੇ ਪਾਤਸ਼ਾਹ ਰਾਜਾ ਦਾਵੀਦ ਨੇ ਸ਼ਲੋਮੋਨ ਨੂੰ ਰਾਜਾ ਬਣਾ ਦਿੱਤਾ। ਰਾਜੇ ਨੇ ਆਪਣੇ ਨਾਲ ਸਾਦੋਕ ਜਾਜਕ, ਨਾਥਾਨ ਨਬੀ, ਯਹੋਯਾਦਾ ਦੇ ਪੁੱਤਰ ਬਨਾਯਾਹ, ਕਰੇਥੀਆਂ ਅਤੇ ਪਲੇਥੀਆਂ ਨੂੰ ਭੇਜਿਆ ਅਤੇ ਉਹਨਾਂ ਨੇ ਉਹ ਨੂੰ ਰਾਜੇ ਦੀ ਖੱਚਰ ਉੱਤੇ ਬਿਠਾ ਦਿੱਤਾ, ਅਤੇ ਸਾਦੋਕ ਜਾਜਕ ਅਤੇ ਨਾਥਾਨ ਨਬੀ ਨੇ ਉਹ ਨੂੰ ਗੀਹੋਨ ਵਿੱਚ ਰਾਜਾ ਹੋਣ ਲਈ ਮਸਹ ਕੀਤਾ ਹੈ। ਉੱਥੋਂ ਉਹ ਅਨੰਦ ਕਰਦੇ ਹੋਏ ਮੁੜੇ ਹਨ, ਅਤੇ ਸ਼ਹਿਰ ਇਸ ਨਾਲ ਗੂੰਜਦਾ ਹੈ। ਇਹ ਉਹ ਰੌਲਾ ਹੈ ਜੋ ਤੁਸੀਂ ਸੁਣਦੇ ਹੋ। ਇਸ ਤੋਂ ਇਲਾਵਾ, ਸ਼ਲੋਮੋਨ ਸ਼ਾਹੀ ਸਿੰਘਾਸਣ ਉੱਤੇ ਬੈਠ ਗਿਆ ਹੈ। ਪਾਤਸ਼ਾਹ ਦੇ ਸੇਵਕ ਆ ਕੇ ਸਾਡੇ ਮਾਲਕ ਪਾਤਸ਼ਾਹ ਦਾਵੀਦ ਨੂੰ ਵਧਾਈਆਂ ਦੇ ਰਹੇ ਹਨ, ‘ਕਿ ਤੁਹਾਡਾ ਪਰਮੇਸ਼ਵਰ ਸ਼ਲੋਮੋਨ ਦਾ ਨਾਮ ਤੇਰੇ ਨਾਲੋਂ ਵੱਧ ਅਤੇ ਉਹ ਦੇ ਸਿੰਘਾਸਣ ਨੂੰ ਤੇਰੇ ਨਾਲੋਂ ਵੱਡਾ ਕਰੇ!’ ਅਤੇ ਪਾਤਸ਼ਾਹ ਨੇ ਆਪਣੇ ਬਿਸਤਰੇ ਉੱਤੇ ਮੱਥਾ ਟੇਕਿਆ। ਅਤੇ ਆਖਿਆ, ‘ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਮੁਬਾਰਕ ਹੋਵੇ, ਜਿਸ ਨੇ ਮੈਨੂੰ ਪੁੱਤਰ ਦਿੱਤਾ ਜਿਹੜਾ ਮੇਰੀਆਂ ਅੱਖਾਂ ਦੇ ਵੇਖਦਿਆਂ ਮੇਰੀ ਰਾਜ ਗੱਦੀ ਉੱਤੇ ਬੈਠਾ ਹੈ।’ ”

ਇਹ ਸੁਣ ਕੇ ਅਦੋਨੀਯਾਹ ਦੇ ਸਾਰੇ ਮਹਿਮਾਨ ਘਬਰਾ ਗਏ ਅਤੇ ਆਪਣੇ-ਆਪਣੇ ਰਾਹ ਤੁਰ ਪਏ। ਪਰ ਅਦੋਨੀਯਾਹ ਨੇ ਸ਼ਲੋਮੋਨ ਤੋਂ ਡਰ ਦੇ ਹੋਏ ਜਾ ਕੇ ਜਗਵੇਦੀ ਦੇ ਸਿੰਗਾਂ ਨੂੰ ਫੜ ਲਿਆ। ਤਦ ਸ਼ਲੋਮੋਨ ਨੂੰ ਦੱਸਿਆ ਗਿਆ, “ਅਦੋਨੀਯਾਹ ਰਾਜਾ ਸ਼ਲੋਮੋਨ ਤੋਂ ਡਰਦਾ ਹੈ ਅਤੇ ਜਗਵੇਦੀ ਦੇ ਸਿੰਗਾਂ ਨਾਲ ਚਿੰਬੜਿਆ ਹੋਇਆ ਹੈ। ਉਹ ਆਖਦਾ ਹੈ, ‘ਸ਼ਲੋਮੋਨ ਰਾਜਾ ਅੱਜ ਮੇਰੇ ਨਾਲ ਸਹੁੰ ਖਾਵੇ ਕਿ ਉਹ ਆਪਣੇ ਸੇਵਕ ਨੂੰ ਤਲਵਾਰ ਨਾਲ ਨਹੀਂ ਵੱਢੇਗਾ।’ ”

ਸ਼ਲੋਮੋਨ ਨੇ ਉੱਤਰ ਦਿੱਤਾ, “ਜੇ ਉਹ ਆਪਣੇ ਆਪ ਨੂੰ ਭਲਾ ਮਨੁੱਖ ਬਣਾਵੇ ਤਾਂ ਉਸ ਦੇ ਸਿਰ ਦਾ ਇੱਕ ਵਾਲ ਵੀ ਜ਼ਮੀਨ ਉੱਤੇ ਨਾ ਡਿੱਗੇਗਾ। ਪਰ ਜੇ ਉਸ ਵਿੱਚ ਬੁਰਾਈ ਪਾਈ ਜਾਂਦੀ ਹੈ, ਤਾਂ ਉਹ ਮਰ ਜਾਵੇਗਾ।” ਤਦ ਸ਼ਲੋਮੋਨ ਪਾਤਸ਼ਾਹ ਨੇ ਮਨੁੱਖ ਭੇਜੇ ਅਤੇ ਉਹ ਉਸ ਨੂੰ ਜਗਵੇਦੀ ਤੋਂ ਹੇਠਾਂ ਲੈ ਆਏ ਅਤੇ ਅਦੋਨੀਯਾਹ ਨੇ ਆ ਕੇ ਸ਼ਲੋਮੋਨ ਪਾਤਸ਼ਾਹ ਨੂੰ ਮੱਥਾ ਟੇਕਿਆ ਅਤੇ ਸ਼ਲੋਮੋਨ ਨੇ ਆਖਿਆ, ਆਪਣੇ ਘਰ ਜਾ।

Source notes (2)
  1. Footnote ਹੇਗੀਥ ਅਰਥਾਤ ਦਾਵੀਦ ਦੀ ਪਤਨੀ
  2. Footnote ਜ਼ੇਰੂਇਯਾਹ ਅਰਥਾਤ ਦਾਵੀਦ ਦੀ ਭੈਣ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.