Skip to content
BibleKenya

Biblica® Open Punjabi Contemporary Version 2025

2 ਸ਼ਮੁਏਲ 21

ਗਿਬਓਨੀਆਂ ਦਾ ਬਦਲਾ

ਦਾਵੀਦ ਦੇ ਰਾਜ ਵਿੱਚ ਤਿੰਨ ਸਾਲ ਲਗਾਤਾਰ ਕਾਲ ਪੈ ਗਿਆ। ਦਾਵੀਦ ਨੇ ਯਾਹਵੇਹ ਤੋਂ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ। ਯਾਹਵੇਹ ਨੇ ਉਸ ਨੂੰ ਉੱਤਰ ਦਿੱਤਾ, “ਸ਼ਾਊਲ ਅਤੇ ਉਸਦੇ ਪਰਿਵਾਰ ਉੱਤੇ ਖੂਨ ਦਾ ਦੋਸ਼ ਹੈ ਕਿਉਂਕਿ ਉਹਨਾਂ ਨੇ ਗਿਬਓਨੀਆਂ ਨੂੰ ਮਾਰ ਦਿੱਤਾ।”

ਤਾਂ ਰਾਜੇ ਨੇ ਗਿਬਓਨੀਆਂ ਨੂੰ ਗੱਲ ਕਰਨ ਲਈ ਬੁਲਾਇਆ। (ਇੱਕ ਹਕੀਕਤ ਇਹ ਸੀ ਕਿ ਗਿਬਓਨੀ ਇਸਰਾਏਲ ਦੀ ਸੰਤਾਨ ਨਹੀਂ ਸਨ, ਸਗੋਂ ਅਮੋਰੀਆਂ ਦੇ ਬਚੇ ਹੋਏ ਸਨ। ਇਸਰਾਏਲੀਆਂ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਵਾਅਦਾ ਕੀਤਾ ਸੀ। ਸ਼ਾਊਲ ਨੇ ਆਪਣੇ ਉਤਸ਼ਾਹ ਵਿੱਚ, ਇਸਰਾਏਲ ਅਤੇ ਯਹੂਦਾਹ ਦੀ ਸੰਤਾਨ ਦੇ ਹਿੱਤ ਵਿੱਚ ਉਨ੍ਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।) ਦਾਵੀਦ ਨੇ ਗਿਬਓਨੀਆਂ ਨੂੰ ਪੁੱਛਿਆ, “ਮੈਂ ਤੁਹਾਡੇ ਲਈ ਕੀ ਕਰਾ? ਮੈਂ ਕਿਸ ਵਸਤੂ ਨਾਲ ਪ੍ਰਾਸਚਿਤ ਕਰਾਂ ਤਾਂ ਜੋ ਤੁਸੀਂ ਯਾਹਵੇਹ ਦੀ ਵਿਰਾਸਤ ਨੂੰ ਅਸੀਸ ਦਿਓ?”

ਇਹ ਸੁਣ ਕੇ ਗਿਬਓਨੀਆਂ ਨੇ ਉੱਤਰ ਦਿੱਤਾ, “ਅਸੀਂ ਸ਼ਾਊਲ ਦੇ ਘਰਾਣੇ ਤੋਂ ਸੋਨਾ ਜਾਂ ਚਾਂਦੀ ਦੀ ਮੰਗ ਨਹੀਂ ਕਰਦੇ ਅਤੇ ਨਾ ਹੀ ਅਸੀਂ ਕਿਸੇ ਇਸਰਾਏਲੀ ਨੂੰ ਮਾਰਨਾ ਚਾਹੁੰਦੇ ਹਾਂ।”

ਫਿਰ ਦਾਵੀਦ ਰਾਜੇ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ?”

ਇਹ ਸੁਣ ਕੇ ਉਨ੍ਹਾਂ ਨੇ ਰਾਜੇ ਨੂੰ ਕਿਹਾ, “ਉਹ ਮਨੁੱਖ ਜਿਸ ਨੇ ਸਾਨੂੰ ਨਾਸ ਕੀਤਾ, ਜਿਸ ਨੇ ਸਾਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਤਾਂ ਜੋ ਇਸਰਾਏਲ ਵਿੱਚ ਸਾਡੀ ਕੋਈ ਜਗ੍ਹਾ ਨਾ ਹੋਵੇ, ਉਸ ਦੇ ਉੱਤਰਾਧਿਕਾਰੀਆਂ ਵਿੱਚੋਂ ਸੱਤ ਜਣੇ ਸਾਨੂੰ ਸੌਂਪ ਦਿੱਤਾ ਜਾਣ ਤਾਂ ਜੋ ਅਸੀਂ ਉਨ੍ਹਾਂ ਨੂੰ ਯਾਹਵੇਹ ਦੇ ਚੁਣੇ ਹੋਏ ਸ਼ਾਊਲ ਦੇ ਗਿਬਆਹ ਵਿੱਚ ਯਾਹਵੇਹ ਦੇ ਸਾਹਮਣੇ ਮੌਤ ਦੀ ਸਜ਼ਾ ਦੇਣ ਲਈ ਲੈ ਜਾ ਸਕੀਏ।”

ਰਾਜੇ ਨੇ ਉਨ੍ਹਾਂ ਨੂੰ ਕਿਹਾ, “ਮੈਂ ਉਨ੍ਹਾਂ ਨੂੰ ਸੌਂਪ ਦਿਆਂਗਾ।”

ਪਰ ਦਾਵੀਦ ਰਾਜੇ ਨੇ ਸ਼ਾਊਲ ਦੇ ਪੁੱਤਰ ਯੋਨਾਥਾਨ ਦੇ ਪੁੱਤਰ ਮਫ਼ੀਬੋਸ਼ਥ ਨੂੰ ਯਾਹਵੇਹ ਦੇ ਅੱਗੇ ਚੁੱਕੀ ਗਈ ਸਹੁੰ ਕਾਰਨ ਛੱਡ ਦਿੱਤਾ। ਪਰ ਰਾਜੇ ਨੇ ਅੱਯਾਹ ਦੀ ਧੀ ਰਿਜ਼ਪਾਹ ਤੋਂ, ਅਰਮੋਨੀ ਅਤੇ ਮਫ਼ੀਬੋਸ਼ਥ ਦੋ ਪੁੱਤਰ ਲਏ, ਜੋ ਸ਼ਾਊਲ ਤੋਂ ਪੈਦਾ ਹੋਏ ਸਨ ਅਤੇ ਸ਼ਾਊਲ ਦੀ ਧੀ ਮੇਰਬ ਤੋਂ ਪੰਜ ਪੁੱਤਰ, ਜੋ ਮੇਹੋਲਾਥੀ ਬਾਰਜ਼ਿੱਲਈ ਦੇ ਪੁੱਤਰ ਅਦਰੀਏਲ ਤੋਂ ਪੈਦਾ ਹੋਏ ਸਨ। ਉਸ ਨੇ ਉਨ੍ਹਾਂ ਨੂੰ ਗਿਬਓਨੀਆਂ ਦੇ ਹਵਾਲੇ ਕਰ ਦਿੱਤਾ। ਜਿਨ੍ਹਾ ਨੇ ਉਨ੍ਹਾਂ ਨੂੰ ਯਾਹਵੇਹ ਦੇ ਸਾਹਮਣੇ ਉਸ ਪਹਾੜ ਉੱਤੇ ਮਾਰ ਦਿੱਤਾ। ਇਸ ਕਾਰਨ ਸੱਤਾਂ ਦੀ ਇੱਕੋ ਸਮੇਂ ਮੌਤ ਹੋ ਗਈ। ਇਹ ਮੌਤ ਦੀ ਸਜ਼ਾ ਜੌਂ ਦੀ ਵਾਢੀ ਦੇ ਸ਼ੁਰੂਆਤੀ ਦਿਨਾਂ ਵਿੱਚ ਦਿੱਤੀ ਗਈ ਸੀ।

ਇਸ ਘਟਨਾ ਦੇ ਕਾਰਨ, ਅੱਯਾਹ ਦੀ ਧੀ ਰਿਜ਼ਪਾਹ ਨੇ ਆਪਣੇ ਲਈ ਮੋਟੇ ਕੱਪੜੇ ਦੀ ਚੱਟਾਨ ਉੱਤੇ ਇੱਕ ਪਨਾਹ ਬਣਾਈ ਅਤੇ ਉਹ ਵਾਢੀ ਦੇ ਸ਼ੁਰੂ ਤੋਂ ਲੈ ਕੇ ਮੀਂਹ ਪੈਣ ਤੱਕ ਉਸ ਵਿੱਚ ਰਹੀ। ਉਸ ਨੇ ਨਾ ਤਾਂ ਦਿਨ ਵੇਲੇ ਪੰਛੀਆਂ ਨੂੰ ਲਾਸ਼ਾਂ ਦੇ ਨੇੜੇ ਆਉਣ ਦਿੱਤਾ ਅਤੇ ਨਾ ਹੀ ਰਾਤ ਨੂੰ ਜੰਗਲੀ ਜਾਨਵਰਾਂ ਨੂੰ। ਜਦੋਂ ਦਾਵੀਦ ਨੂੰ ਸ਼ਾਊਲ ਦੀ ਦਾਸੀ ਅੱਯਾਹ ਦੀ ਧੀ ਰਿਜ਼ਪਾਹ ਦੇ ਇਸ ਕੰਮ ਬਾਰੇ ਪਤਾ ਲੱਗਾ। ਤਦ ਦਾਵੀਦ ਨੇ ਯਾਬੇਸ਼ ਗਿਲਆਦ ਦੇ ਲੋਕਾਂ ਤੋਂ ਸ਼ਾਊਲ ਅਤੇ ਯੋਨਾਥਾਨ ਦੀਆਂ ਹੱਡੀਆਂ ਲੈ ਲਈਆਂ। ਇਹ ਹੱਡੀਆਂ ਯਾਬੇਸ਼-ਗਿਲਆਦੀਆਂ ਦੁਆਰਾ ਬੈਤ-ਸ਼ਾਨ ਦੇ ਕਸਬੇ ਦੇ ਚੌਂਕ ਵਿੱਚੋਂ ਚੋਰੀ ਕੀਤੀਆਂ ਗਈਆਂ ਸਨ। (ਫ਼ਲਿਸਤੀਆਂ ਨੇ ਸ਼ਾਊਲ ਨੂੰ ਮਾਰਨ ਤੋਂ ਬਾਅਦ ਉਸੇ ਦਿਨ ਉੱਥੇ ਹੀ ਟੰਗ ਦਿੱਤਾ ਸੀ।) ਦਾਵੀਦ ਨੇ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਲੈ ਕੇ ਉਨ੍ਹਾਂ ਦੀਆਂ ਹੱਡੀਆਂ ਨੂੰ ਇਕੱਠਾ ਕੀਤਾ ਉਨ੍ਹਾਂ ਸਾਰਿਆਂ ਦੀਆਂ ਹੱਡੀਆਂ ਨੂੰ ਇਕੱਠਾ ਕੀਤਾ ਜੋ ਟੰਗੇ ਗਏ ਸਨ।

ਤਦ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਬਿਨਯਾਮੀਨ ਦੇ ਦੇਸ਼ ਸੇਲਾਹ ਵਿੱਚ ਸ਼ਾਊਲ ਦੇ ਪਿਤਾ ਕੀਸ਼ ਦੀ ਕਬਰ ਵਿੱਚ ਰੱਖ ਦਿੱਤਾ। ਸਭ ਕੁਝ ਰਾਜੇ ਦੇ ਹੁਕਮ ਅਨੁਸਾਰ ਹੁੰਦਾ ਸੀ। ਜਦੋਂ ਇਹ ਸਭ ਹੋ ਗਿਆ ਤਾਂ ਪਰਮੇਸ਼ਵਰ ਨੇ ਦੇਸ਼ ਦੀ ਪੁਕਾਰ ਦਾ ਜਵਾਬ ਦਿੱਤਾ।

ਫ਼ਲਿਸਤੀਨੀਆਂ ਨਾਲ ਜੰਗ

ਫ਼ਲਿਸਤੀਨੀਆਂ ਅਤੇ ਇਸਰਾਏਲੀਆਂ ਵਿਚਕਾਰ ਫਿਰ ਜੰਗ ਛਿੜ ਗਈ। ਦਾਵੀਦ ਆਪਣੀ ਫ਼ੌਜ ਲੈ ਕੇ ਉਨ੍ਹਾਂ ਨਾਲ ਲੜਿਆ। ਦਾਵੀਦ ਲੜ ਕੇ ਥੱਕ ਗਿਆ ਸੀ। ਉਸ ਵੇਲੇ ਦੈਂਤ1 ਦੇ ਪੁੱਤਰਾਂ ਵਿੱਚੋਂ ਇਸ਼ਬੀ ਬੇਨੋਬ ਨੇ ਜਿਸ ਦੇ ਬਰਛੇ ਦਾ ਭਾਰ ਸਾਢੇ ਤਿੰਨ ਕਿੱਲੋ ਸੀ। ਉਸ ਨੇ ਨਵੀਂ ਤਲਵਾਰ ਪਹਿਨੀ ਹੋਈ ਸੀ। ਉਹ ਦਾਵੀਦ ਨੂੰ ਮਾਰਨਾ ਚਾਹੁੰਦਾ ਸੀ। ਪਰ ਜ਼ੇਰੂਇਯਾਹ ਦਾ ਪੁੱਤਰ ਅਬੀਸ਼ਾਈ ਦਾਵੀਦ ਦੀ ਮਦਦ ਲਈ ਆਇਆ। ਉਸ ਨੇ ਫ਼ਲਿਸਤੀ ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਦਾਵੀਦ ਦੇ ਸਿਪਾਹੀਆਂ ਨੇ ਉਸ ਤੋਂ ਸਹੁੰ ਖਾਧੀ ਕਿ ਉਹ ਹੁਣ ਤੋਂ ਜੰਗ ਦੇ ਮੈਦਾਨ ਵਿੱਚ ਨਹੀਂ ਜਾਵੇਗਾ, ਨਹੀਂ ਤਾਂ ਇਸਰਾਏਲ ਦੇ ਖ਼ਾਨਦਾਨ ਦਾ ਦੀਵਾ ਬੁਝ ਜਾਵੇਗਾ।

ਕੁਝ ਸਮੇਂ ਦੇ ਬਾਅਦ ਗੋਬ ਨਾਮ ਦੇ ਸਥਾਨ ਉੱਤੇ ਫ਼ਲਿਸਤੀਆਂ ਨਾਲ ਯੁੱਧ ਹੋਇਆ। ਉਸ ਸਮੇਂ ਹੁਸ਼ਾਥੀ ਸਿਬਕੀ ਨੇ ਸਫਾ ਨੂੰ ਮਾਰ ਦਿੱਤਾ ਜੋ ਦੈਂਤ ਦੇ ਪੁੱਤਰਾਂ ਵਿੱਚੋਂ ਸੀ।

ਇੱਕ ਵਾਰ ਫਿਰ ਫ਼ਲਿਸਤੀਆਂ ਨਾਲ ਗੋਬ ਨਾਮ ਦੇ ਇੱਕ ਸਥਾਨ ਵਿੱਚ ਲੜਾਈ ਹੋਈ ਤਦ ਯਆਰੇ ਓਰਗੀਮ ਦੇ ਪੁੱਤਰ ਅਲਹਾਨਾਨ ਨੇ ਜੋ ਬੈਤਲਹਮ ਦਾ ਸੀ ਗਿੱਤੀ ਗੋਲਿਅਥ ਦੇ ਭਰਾਂ ਨੂੰ ਮਾਰ ਸੁੱਟਿਆ ਜਿਸ ਦੇ ਨੇਜੇ ਦਾ ਡੰਡਾ ਜੁਲਾਹੇ ਦੇ ਸ਼ਤੀਰ ਵਰਗਾ ਸੀ।2

ਉਸ ਤੋਂ ਬਾਅਦ ਇੱਕ ਵਾਰ ਫਿਰ ਗਾਥ ਵਿੱਚ ਲੜਾਈ ਹੋਈ। ਇੱਕ ਬਹੁਤ ਵੱਡੇ ਕੱਦ ਦਾ ਆਦਮੀ ਸੀ, ਜਿਸ ਦੇ ਹੱਥਾਂ ਅਤੇ ਪੈਰਾਂ ਦੀਆਂ ਛੇ-ਛੇ ਉਂਗਲਾਂ ਸਨ; ਅਰਥਾਤ ਚੌਵੀ ਉਂਗਲੀਆਂ ਸਨ। ਉਹ ਦੈਂਤ ਦੇ ਵੰਸ਼ ਵਿੱਚੋਂ ਸੀ। ਜਦੋਂ ਉਸਨੇ ਇਸਰਾਏਲ ਨੂੰ ਲਲਕਾਰਨਾ ਸ਼ੁਰੂ ਕੀਤਾ, ਤਾਂ ਦਾਵੀਦ ਦੇ ਭਰਾ ਸ਼ਿਮੇਆਹ ਦੇ ਪੁੱਤਰ ਯੋਨਾਥਾਨ ਨੇ ਉਸਨੂੰ ਜਾਨੋ ਮਾਰ ਦਿੱਤਾ।

ਇਹ ਚਾਰੇ ਗਾਥ ਵਿੱਚ ਰਫ਼ਾ ਦੀ ਅੰਸ ਵਿੱਚੋਂ ਸਨ ਜੋ ਦਾਵੀਦ ਅਤੇ ਉਸ ਦੇ ਸੇਵਕਾਂ ਦੇ ਹੱਥੋਂ ਮਾਰੇ ਗਏ।

Source notes (2)
  1. Footnote ਦੈਂਤ ਅਰਥਾਤ ਰਾਫ਼ਾ ਦੀ ਵੰਸ਼ ਵਿੱਚੋਂ
  2. Footnote 1 ਇਤਿ 20:5

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.