Skip to content
BibleKenya

Biblica® Open Punjabi Contemporary Version 2025

2 ਕੁਰਿੰਥੀਆਂ 9

ਉਪਰੰਤ ਉਸ ਸੇਵਾ ਦੇ ਵਿਖੇ ਜਿਹੜੀ ਪਰਮੇਸ਼ਵਰ ਦੇ ਲੋਕਾਂ1 ਲਈ ਹੈ, ਮੇਰੇ ਵੱਲੋਂ ਤੁਹਾਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ। ਕਿਉਂ ਜੋ ਮੈਂ ਤੁਹਾਡੀ ਮਦਦ ਕਰਨ ਦੀ ਉਤਸੁਕਤਾ ਨੂੰ ਜਾਣਦਾ ਹਾਂ, ਜਿਸ ਦੇ ਲਈ ਮੈਂ ਮਕਦੂਨਿਯਾ ਪ੍ਰਦੇਸ਼ ਦੇ ਵਸਨੀਕਾ ਦੇ ਅੱਗੇ ਮਾਣ ਵੀ ਕਰਦਾ ਹਾਂ, ਕਿ ਅਖਾਯਾ ਪ੍ਰਦੇਸ਼ ਦੇ ਲੋਕ ਪਿਛਲੇ ਸਾਲ ਤੋਂ ਹੀ ਇਸ ਦੇ ਲਈ ਤਿਆਰ ਹਨ, ਅਤੇ ਤੁਹਾਡੇ ਵੱਡੇ ਉੱਦਮ ਨੇ ਬਹੁਤ ਸਾਰਿਆ ਨੂੰ ਪ੍ਰੇਰਨਾ ਵੀ ਦਿੱਤੀ। ਪਰ ਤੀਤੁਸ ਅਤੇ ਦੋ ਹੋਰ ਭਰਾਵਾਂ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ ਤਾਂ ਕਿ ਸਾਡਾ ਮਾਣ ਜਿਹੜਾ ਅਸੀਂ ਤੁਹਾਡੇ ਵਿਖੇ ਕਰਦੇ ਹਾਂ ਇਸ ਗੱਲ ਵਿੱਚ ਵਿਅਰਥ ਨਾ ਹੋ ਜਾਏ ਜਿਵੇਂ ਮੈਂ ਆਖਿਆ ਸੀ ਤੁਸੀਂ ਤਿਆਰ ਰਹੋ। ਕਿਤੇ ਇਸ ਤਰ੍ਹਾਂ ਨਾ ਹੋਵੇ ਜਦ ਕੋਈ ਮਕਦੂਨਿਯਾ ਦੇ ਵਿਸ਼ਵਾਸੀ ਮੇਰੇ ਨਾਲ ਆਉਣ ਅਤੇ ਤੁਹਾਨੂੰ ਤਿਆਰ ਨਾ ਵੇਖਣ ਤਾਂ ਅਸੀਂ ਉਸ ਪੱਕੇ ਭਰੋਸੇ ਤੋਂ ਉਹਨਾਂ ਅੱਗੇ ਲੱਜਿਆਵਾਨ ਹੋਈਏ। ਇਸ ਕਾਰਨ ਮੈਂ ਭਰਾਵਾਂ ਅੱਗੇ ਇਹ ਬੇਨਤੀ ਕਰਨੀ ਜ਼ਰੂਰੀ ਸਮਝੀ, ਜੋ ਉਹ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਤੁਹਾਡੇ ਉਸ ਦਾਨ ਨੂੰ ਜਿਸ ਦਾ ਪਹਿਲਾਂ ਹੀ ਤੁਸੀਂ ਵਾਅਦਾ ਕੀਤਾ ਸੀ। ਪਹਿਲਾਂ ਹੀ ਤਿਆਰ ਰੱਖਣਾ ਤਾਂ ਜੋ ਉਹ ਖੁੱਲ੍ਹੇ ਦਿਲ ਦੇ ਦਾਨ ਵਰਗਾ ਹੋਵੇ, ਨਾ ਕਿ ਬੰਦਿਸ਼ ਦੇ ਦਾਨ ਵਰਗਾ।

ਦਾਨ ਕਿਵੇਂ ਦੇਈਏ

ਯਾਦ ਰੱਖਣਾ: ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਨਾਲ ਵੱਢੇਗਾ। ਹਰੇਕ ਉਸੇ ਤਰ੍ਹਾਂ ਹੀ ਦੇਵੇ ਜਿਸ ਤਰ੍ਹਾਂ ਉਸ ਨੇ ਆਪਣੇ ਦਿਲ ਵਿੱਚ ਦੇਣ ਲਈ ਧਾਰਿਆ ਹੋਇਆ ਹੈ, ਨਾ ਕਿ ਝਿਜਕਦਿਆ ਹੋਇਆ ਅਤੇ ਨਾ ਮਜ਼ਬੂਰੀ ਨਾਲ, ਕਿਉਂਕਿ ਪਰਮੇਸ਼ਵਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ। ਅਤੇ ਪਰਮੇਸ਼ਵਰ ਤੁਹਾਨੂੰ ਭਰਭੂਰ ਬਰਕਤ ਦੇਣ ਦੀ ਸਮਰੱਥ ਰੱਖਦਾ ਹੈ, ਤਾਂ ਜੋ ਹਰ ਇੱਕ ਵਸਤੂ ਹਰ ਸਮੇਂ ਉਹ ਸਭ ਕੁਝ ਤੁਹਾਡੇ ਕੋਲ ਹੋਵੇ ਜਿਸਦੀ ਤੁਹਾਨੂੰ ਜ਼ਰੂਰਤ ਹੈ, ਤਾਕਿ ਹਰ ਚੰਗੇ ਕੰਮ ਲਈ ਤੁਹਾਡੇ ਕੋਲ ਭਰਪੂਰੀ ਨਾਲ ਹੋਵੇ। ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:

“ਉਹਨਾਂ ਨੇ ਖੁੱਲ੍ਹੇ ਦਿਲ ਨਾਲ ਗਰੀਬਾਂ ਨੂੰ ਦਿੱਤਾ;

ਅਤੇ ਉਹਨਾਂ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ।”2

ਅਤੇ ਜਿਹੜਾ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦਾ ਹੈ ਪਰਮੇਸ਼ਵਰ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ ਅਤੇ ਉਸ ਨੂੰ ਵਧਾਵੇਗਾ ਅਤੇ ਤੁਹਾਡੇ ਧਾਰਮਿਕਤਾ ਦੇ ਫ਼ਲ ਵਿੱਚ ਵਾਧਾ ਕਰੇਗਾ। ਤਾਂ ਜੋ ਤੁਸੀਂ ਸਭਨਾਂ ਗੱਲਾਂ ਵਿੱਚ ਹਰ ਪ੍ਰਕਾਰ ਦੀ ਉਦਾਰਤਾ ਲਈ ਧਨੀ ਹੋ ਜਾਓ, ਜਿਹੜੀ ਸਾਡੇ ਰਾਹੀ ਪਰਮੇਸ਼ਵਰ ਦੇ ਧੰਨਵਾਦ ਲਈ ਗੁਣਕਾਰੀ ਹੈ।

ਕਿਉਂਕਿ ਇਹ ਸੇਵਕਾਈ ਨਾ ਸਿਰਫ ਪਰਮੇਸ਼ਵਰ ਦੇ ਲੋਕਾਂ ਦੀਆ ਜ਼ਰੂਰਤਾਂ3 ਨੂੰ ਪੂਰਾ ਕਰਨਾ ਹੈ, ਸਗੋਂ ਪਰਮੇਸ਼ਵਰ ਦਾ ਧੰਨਵਾਦ ਕਰਨ ਲਈ ਬਹੁਤ ਸਾਰੇ ਪ੍ਰਗਟਾਵਿਆਂ ਵਿੱਚ ਭਰਭੂਰ ਹੈ। ਤੁਹਾਡੀ ਇਸ ਸੇਵਕਾਈ ਦਾ ਪ੍ਰਮਾਣ ਪਾ ਕੇ ਉਹ ਪਰਮੇਸ਼ਵਰ ਦੀ ਮਹਿਮਾ ਕਰਦੇ ਹਨ, ਜੋ ਤੁਸੀਂ ਮਸੀਹ ਦੀ ਖੁਸ਼ਖ਼ਬਰੀ ਦੇ ਵਾਇਦੇ ਵਿੱਚ ਅਧੀਨ ਹੋ ਅਤੇ ਉਹਨਾਂ ਸਭਨਾਂ ਲਈ ਦਾਨ ਉਦਾਰਤਾ (ਖੁੱਲ੍ਹ-ਦਿਲੀ) ਨਾਲ ਦਿੰਦੇ ਹੋ। ਤੁਹਾਡੇ ਉੱਤੇ ਪਰਮੇਸ਼ਵਰ ਦੀ ਵੱਡੀ ਕਿਰਪਾ ਦੇਖ ਕੇ, ਉਹ ਬਹੁਤ ਲਗਨ ਨਾਲ ਤੁਹਾਡੇ ਲਈ ਪ੍ਰਾਰਥਨਾ ਕਰਨਗੇ। ਪਰਮੇਸ਼ਵਰ ਦਾ ਧੰਨਵਾਦ ਉਸ ਦੇ ਦਿੱਤੇ ਹੋਏ ਵਰਦਾਨ ਦੇ ਲਈ!

Source notes (3)
  1. Footnote ਪਰਮੇਸ਼ਵਰ ਦੇ ਲੋਕਾਂ ਇੱਥੇ ਪਰਮੇਸ਼ਵਰ ਦੇ ਲੋਕਾਂ ਦਾ ਮਤਲਬ ਹੈ ਉਹ ਯਹੂਦੀ ਮਸੀਹ ਜਿਹੜੇ ਯੇਰੂਸ਼ਲੇਮ ਵਿੱਚ ਹਨ
  2. Footnote ਜ਼ਬੂ 112:9
  3. Footnote ਪਰਮੇਸ਼ਵਰ ਦੇ ਲੋਕਾਂ ਦੀਆ ਜ਼ਰੂਰਤਾਂ ਯੇਰੂਸ਼ਲੇਮ ਦੇ ਲੋੜਵੰਦ ਵਿਸ਼ਵਾਸੀ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.